What3words : ਜੇ ਤੁਸੀਂ ਗੁਆਚ ਜਾਓ ਤਾਂ ਆਪਣੀ ਸਟੀਕ ਥਾਂ ਇਸ ਤਰ੍ਹਾਂ ਜਾਣੋ

ਬਰਤਾਨੀਆ ਦੀ ਪੁਲਿਸ ਨਾਗਰਿਕਾਂ ਨੂੰ ਇੱਕ ਐਪਲੀਕੇਸ਼ਨ ਆਪਣੇ ਮੋਬਾਈਲਾਂ ਵਿੱਚ ਪਾਉਣ ਲਈ ਕਹਿ ਰਹੀ ਹੈ। ਇਸ ਐਪਲੀਕੇਸ਼ਨ ਜ਼ਰੀਏ ਹੁਣ ਤੱਕ ਕਈ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ।

ਆਓ ਜਾਣੀਏ ਇਹ ਐਪਲੀਕੇਸ਼ਨ ਕਿਵੇਂ ਕੰਮ ਕਰਦੀ ਹੈ।

Kicked. Converged. Soccer.

ਜੈਸ ਟਿਨਸਲੀ ਅਤੇ ਉਨ੍ਹਾਂ ਦਾ ਸਾਥੀ ਇੱਕ ਰਾਤ ਸੰਘਣੇ ਤੇ ਸਲ੍ਹਾਬੇ ਜੰਗਲ ਵਿੱਚ ਫਸ ਗਏ ਸਨ।

ਉਨ੍ਹਾਂ ਨੇ ਐਤਵਾਰ ਦੀ ਸ਼ਾਮ ਨੂੰ 49,000 ਏਕੜ ਦੇ ਹੈਮਸਟਰਲੀ ਜੰਗਲ ਵਿੱਚ ਘੁੰਮਣ ਦੀ ਯੋਜਨਾ ਬਣਾਈ ਪਰ ਤਿੰਨ ਘੰਟਿਆਂ ਵਿੱਚ ਹੀ ਉਹ ਗੁਆਚ ਗਏ ਅਤੇ ਬੇਉਮੀਦ ਹੋ ਗਏ।

24 ਸਾਲਾ ਨਿਊਟਨ ਐਕਲਿਫ਼ ਇੱਕ ਕੇਅਰ ਵਰਕਰ ਹਨ। ਉਨ੍ਹਾਂ ਨੇ ਦੱਸਿਆ, "ਅਸੀਂ ਇੱਕ ਮੈਦਾਨ ਵਿੱਚ ਸੀ ਤੇ ਸਾਨੂੰ ਕੁਝ ਪਤਾ ਨਹੀਂ ਸੀ ਕਿ ਅਸੀਂ ਕਿੱਥੇ ਸੀ।"

"ਉਹ ਡਰਾਉਣਾ ਸੀ ਤੇ ਮੈਂ ਹੱਸ ਰਹੀ ਸੀ। ਮੈਂ ਜਾਣਦੀ ਸੀ ਕਿ ਜੇ ਮੈਂ ਨਾ ਹੱਸੀ ਤਾਂ ਮੈਂ ਰੋਣ ਲੱਗ ਜਾਵਾਂਗੀ।"

ਬਰਤਾਨਵੀਂ ਸਮੇਂ ਮੁਤਾਬਕ ਰਾਤੀਂ ਸਾਢੇ ਦਸ ਵਜੇ ਉਹ ਇੱਕ ਥਾਂ ’ਤੇ ਪਹੁੰਚੇ ਜਿੱਥੇ ਉਨ੍ਹਾਂ ਦੇ ਮੋਬਾਈਲ ਨੇ ਸਿਗਨਲ ਫੜਿਆ ਤੇ ਉਨ੍ਹਾਂ ਨੇ ਹੈਲਪ ਲਾਈਨ (999) 'ਤੇ ਫੋਨ ਮਿਲਾਇਆ।

ਨਿਊਟਨ ਨੇ ਅੱਗੇ ਦੱਸਿਆ, "ਫੋਨ ਚੁੱਕਣ ਵਾਲੇ ਨੇ ਜਿਹੜੀ ਪਹਿਲੀ ਗੱਲ ਸਾਨੂੰ ਕਹੀ ਉਹ ਸੀ ਕਿ ਵਟਸ-3-ਵਰਡ ਐਪਲੀਕੇਸ਼ਨ ਡਾਊਨਲੋਡ ਕਰੀਏ।"

"ਮੈਂ ਇਸ ਬਾਰੇ ਕਦੇ ਨਹੀਂ ਸੀ ਸੁਣਿਆ ਸੀ।"

ਡਾਉਨਲੋਡ ਹੋਣ ਦੇ ਇੱਕ ਮਿੰਟ ਦੇ ਅੰਦਰ ਹੀ ਪੁਲਿਸ ਵਾਲਿਆਂ ਨੇ ਦੱਸਿਆ ਕਿ ਉਹ ਸਮਝ ਗਏ ਹਨ ਕਿ ਸਾਡਾ ਗਰੁੱਪ ਕਿੱਥੇ ਹੈ। ਇਸ ਤੋਂ ਬਾਅਦ ਜਲਦੀ ਹੀ ਬਚਾਅ ਦਲ ਨੇ ਉਨ੍ਹਾਂ ਨੂੰ ਉੱਥੋਂ ਸੁਰੱਖਿਅਤ ਕੱਢ ਲਿਆ।

"ਆਪਣੀ ਜਾਣ-ਪਛਾਣ ਵਿੱਚ ਸਾਰਿਆਂ ਨੂੰ ਇਹ ਐਪਲੀਕੇਸ਼ਨ ਡਾਉਨਲੋਡ ਕਰਨ ਲਈ ਕਿਹਾ ਹੈ।"

"ਕੀ ਪਤਾ ਤੁਸੀਂ ਕਦੋਂ ਗੁਆਚ ਜਾਓ ਤੇ ਤੁਹਾਨੂੰ ਇਸ ਦੀ ਲੋੜ ਪੈ ਜਾਵੇ।"

What3words ਵਾਕਈ ਬਿਲਕੁਲ ਸਟੀਕ ਥਾਂ ਦੱਸਦੀ ਹੈ।

ਐਪਲੀਕੇਸ਼ਨ ਬਣਾਉਣ ਵਾਲਿਆਂ ਨੇ ਦੁਨੀਆਂ ਨੂੰ 57 ਟਰਿਲੀਅਨ (57 ਲੱਖ ਕਰੋੜ) ਵਰਗਾਂ ਵਿੱਚ ਵੰਡਿਆ ਹੈ। ਇਹ ਵਰਗ 3x 3 ਮੀਟਰ (10x 10 ਫੁੱਟ) ਆਕਾਰ ਦੇ ਹਨ। ਹਰੇਕ ਵਰਗ ਦਾ ਤਿੰਨ ਸ਼ਬਦਾਂ ਦਾ ਇੱਕ ਪਤਾ ਦਿੱਤਾ ਗਿਆ ਹੈ। ਇਹ ਤਿੰਨ ਸ਼ਬਦ ਰੈਂਡਮ ਤਰੀਕੇ ਨਾਲ ਚੁਣੇ ਗਏ ਹਨ।

ਮਿਸਾਲ ਵਜੋਂ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਗੁਰਦੁਆਰਾ ਲਾਚੀ ਬੇਰ ਦਾ ਪਤਾ ਹੈ tiles.mystified.pills ਹੈ ਅਤੇ ਮੀਰੀ-ਪੀਰੀ ਨਿਸ਼ਾਨ ਸਾਹਿਬ ਵਾਲੀ ਥਾਂ ਦਾ ਪਤਾ emulated.gossip.brings ਹੈ।

ਇਸੇ ਤਰ੍ਹਾਂ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਦੀ 10 ਡਾਊਨਿੰਗ ਸਟਰੀਟ ਦੀ ਰਿਹਾਇਸ਼ ਦੇ ਗੇਟ ਦਾ ਪਤਾ slurs.this.shark ਅਤੇ ਸੜਕ ਦੇ ਦੂਸਰੇ ਪਾਸੇ ਜਿੱਥੇ ਪ੍ਰੈੱਸ ਦੇ ਇੱਕਠੇ ਹੋਣ ਦੀ ਥਾਂ ਹੈ ਉਸ ਦਾ ਪਤਾ stage.pushy.nuns ਹੈ।

ਇਸ ਐਪਲੀਕੇਸ਼ਨ ਦਾ ਵਿਚਾਰ ਇਸ ਦੇ ਮੋਢੀ ਕਰਿਸ ਸ਼ੈਲਡਰਿਕ ਦੇ ਦਿਮਾਗ ਵਿੱਚ ਆਪਣੀਆਂ ਡਾਕ ਦੀਆਂ ਦਿੱਕਤਾਂ ਕਾਰਨ ਆਇਆ ਸੀ। ਉਹ ਇੰਗਲੈਂਡ ਦੇ ਪੇਂਡੂ ਇਲਾਕੇ ਹਰਟਫੋਰਡ ਸ਼ਾਇਰ ਵਿੱਚ ਰਹਿੰਦੇ ਹਨ।

"ਸਾਡਾ ਪਿੰਨ ਕੋਡ ਸਾਡਾ ਘਰ ਨਹੀਂ ਦੱਸਦਾ"

"ਸਾਡੇ ਕੋਲ ਦੂਸਰਿਆਂ ਦੀਆਂ ਚਿੱਠੀਆਂ ਆਉਂਦੀਆਂ ਰਹਿੰਦੀਆਂ ਸਨ ਜਾਂ ਸਾਨੂੰ ਝੰਡਾ ਲੈ ਕੇ ਡਾਕ ਦੀਆਂ ਗੱਡੀਆਂ ਦੇ ਰਸਤੇ ਵਿੱਚ ਖੜ੍ਹੇ ਹੋਣਾ ਪੈਂਦਾ ਸੀ।"

ਸੰਗੀਤ ਇੰਡਸਟਰੀ ਵਿੱਚ ਆਪਣੇ 10 ਸਾਲ ਦੇ ਕੰਮ ਦੌਰਾਨ ਉਨ੍ਹਾਂ ਨੂੰ ਬੈਂਡ ਪਾਰਟੀਆਂ ਕਿਸੇ ਸਮਾਗਮ ਵਾਲੀ ਥਾਂ ਦੇ ਖ਼ਾਸ ਗੇਟ ਤੱਕ ਪਹੁੰਚਾਉਣ ਵਿੱਚ ਆਉਂਦੀ ਦਿੱਕਤ ਵਿੱਚੋਂ ਵੀ ਇਸ ਐਪਲੀਕੇਸ਼ ਦੀ ਲੋੜ ਪੈਦਾ ਹੋਈ।

ਉਨ੍ਹਾਂ ਅੱਗੇ ਦੱਸਿਆ,"ਮੈਂ ਲੋਕਾਂ ਨੂੰ ਲੰਬਕਾਰ ਤੇ ਵਿੱਥਕਾਰ( ਲੌਂਗੀਟਿਊਡ ਤੇ ਲੈਟੀਟਿਊਡ) ਵਰਤਣ ਨੂੰ ਕਹਿੰਦਾ ਸੀ ਪਰ ਇਸ ਨਾਲ ਕੰਮ ਨਹੀਂ ਬਣਿਆ।"

ਇਹ ਗੱਲ ਮੇਰੇ ਦਿਮਾਗ ਵਿੱਚ ਘਰ ਕਰ ਗਈ ਕਿ ਅਸੀਂ ਕਿਵੇਂ ਇੱਕ ਸੋਲਾਂ ਅੰਕਾਂ ਦੀ ਸੰਖਿਆ ਨੂੰ ਕਿਸੇ ਅਜਿਹੇ ਰੂਪ ਵਿੱਚ ਢਾਲ ਸਕੀਏ ਜਿਸ ਦੀ ਅਸਾਨੀ ਨਾਲ ਵਰਤੋਂ ਕੀਤੀ ਜਾ ਸਕੇ?

ਇੱਕ ਮੈਥਮੈਟੀਸ਼ੀਅਨ ਨਾਲ ਗੱਲ ਕਰਦਿਆਂ ਉਨ੍ਹਾਂ ਦੇਖਿਆ ਕਿ ਤਿੰਨ ਸ਼ਬਦਾਂ ਦੀ ਅਜਿਹੇ ਕਾਫ਼ੀ ਜੋੜੇ ਹਨ ਜਿਨ੍ਹਾਂ ਸਦਕਾ ਧਰਤੀ ਦੇ ਹਰੇਕ ਖੂੰਜੇ ਨੂੰ ਨਾਮ ਦਿੱਤਾ ਜਾ ਸਕਦਾ ਸੀ।

"ਇਸ ਕੰਮ ਲਈ ਤਾਂ 4000 ਸ਼ਬਦ ਹੀ ਕਾਫ਼ੀ ਸਨ।"

ਉਨ੍ਹਾਂ ਨੇ ਆਪਣੀ ਕੰਪਨੀ 2013 ਵਿੱਚ ਸ਼ੁਰੂ ਕੀਤੀ। ਕੰਪਨੀ ਦਾ ਮੁੱਖ ਦਫ਼ਤਰ ਪੱਛਮੀ ਲੰਡਨ ਵਿੱਚ ਹੈ, ਜਿਸ ਵਿੱਚ 100 ਮੁਲਾਜ਼ਮ ਕੰਮ ਕਰਦੇ ਹਨ।

ਮੰਗੋਲੀਆ ਨੇ what3words ਨੂੰ ਆਪਣੀ ਡਾਕ ਸੇਵਾ ਲਈ ਅਪਣਾ ਲਿਆ ਹੈ।

ਮਰਸਡੀਜ਼ ਬੈਂਜ਼ ਨੇ ਵੀ ਇਸ ਨੂੰ ਆਪਣੀਆਂ ਕਾਰਾਂ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਦੀ 35 ਭਾਸ਼ਾਵਾਂ ਵਿੱਚ ਵਰਤੋਂ ਕੀਤੀ ਜਾ ਸਕਦੀ ਹੈ।

ਇੰਗਲਿਸ਼ ਤੇ ਵੇਲਜ਼ ਦੀਆਂ 35 ਵਿੱਚੋਂ 1 ਐਮਰਜੈਂਸੀ ਸੇਵਾ ਨੇ ਇਸ ਦੀ ਵਰਤੋਂ ਲਈ ਸਹਿਮਤੀ ਦਿੱਤੀ ਹੈ।

ਲੀ ਵਿਲਕਸ ਕੌਰਨਵੈਲ ਫਾਇਰ ਐਂਡ ਰੈਸਕਿਊ ਸਰਵਸਿਸ ਦੇ ਕ੍ਰਿਊ ਮੈਨੇਜਰ ਹਨ। ਉਨ੍ਹਾਂ ਦੀ ਸਰਵਿਸ ਨੇ ਵੀ ਉਪਰੋਕਤ ਸਹਿਮਤੀ ਦਿੱਤੀ ਹੈ।

ਵਿਲਕਸ ਨੇ ਦੱਸਿਆ, "ਇਹ ਕਿਹਣ ਦੀ ਥਾਂ ਕਿ ਤੁਸੀਂ ਫਲਾਣੇ ਦਰਵਾਜੇ ਤੇ ਪਹੁੰਚ ਕੇ ਉੱਥੋਂ ਰਾਹ ਪੁੱਛ ਲਓ ਅਸੀਂ ਆਪਣੇ ਕ੍ਰਿਊ ਨੂੰ ਪੂਰੀ ਸਟੀਕਤਾ ਨਾਲ ਦੱਸ ਸਕਦੇ ਹਾਂ ਕਿ ਉਨ੍ਹਾਂ ਨੇ ਕਿੱਥੇ ਪਹੁੰਚਣਾ ਹੈ।"

"ਇਸ ਸਾਡੀ ਸਰਵਿਸ ਨੂੰ ਹੋਰ ਕਾਰਗਰ ਬਣਾ ਦੇਵੇਗਾ ਤੇ ਅਸੀਂ ਇਸ ਬਾਰੇ ਰੋਮਾਂਚਿਤ ਹਾਂ।"

ਉਨ੍ਹਾਂ ਕਿਹਾ ਕਿ ਜੇ ਇਹ ਕਿਹਾ ਜਾਵੇ ਕਿ ਜਲਦੀ ਹੀ ਇਸ ਦੀ ਆਮ ਵਰਤੋਂ ਸ਼ੁਰੂ ਹੋ ਜਾਵੇਗੀ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।

ਉਨ੍ਹਾਂ ਕਿਹਾ, "ਇਸ ਦਾ ਕੋਈ ਨੁਕਸਾਨ ਨਹੀਂ ਲਗਦਾ।"

ਇਸ ਐਪਲੀਕੇਸ਼ਨ ਨੂੰ ਕਿਸੇ ਦੀ ਸਟੀਕ ਥਾਂ ਦਾ ਪਤਾ ਦੱਸਣ ਲਈ ਮੋਬਾਈਲ ਸਿਗਨਲ ਦੀ ਲੋੜ ਨਹੀਂ ਹੈ।

ਫਰਜ਼ ਕਰੋ ਪਰਬਤਾ ਰੋਹੀਆਂ ਦਾ ਇੱਕ ਸਮੂਹ ਕਿਸੇ ਚੋਟੀ ਤੇ ਫਸ ਗਿਆ ਜਿਨ੍ਹਾਂ ਵਿੱਚੋਂ ਇੱਕ ਮੈਂਬਰ ਜ਼ਖ਼ਮੀ ਹੈ।

ਉਨ੍ਹਾਂ ਨੂੰ ਮੋਬਾਈਲ ਦਾ ਸਿਗਨਲ ਨਹੀਂ ਮਿਲ ਰਿਹਾ। ਉਹ ਕਿਸੇ ਨੂੰ ਮਦਦ ਲਈ ਫੋਨ ਨਹੀਂ ਕਰ ਸਕਦੇ। ਫਿਰ ਵੀ ਉਹ ਆਪਣੀ ਥਾਂ ਦਾ ਪਤਾ ਲਗਾ ਸਕਦੇ ਹਨ।

"ਉਨ੍ਹਾਂ ਵਿੱਚੋਂ ਕੋਈ ਜਣਾ ਉਹ ਤਿੰਨ ਸ਼ਬਦਾਂ ਦਾ ਪਤਾ ਥੱਲੇ ਆ ਕੇ ਐਮਰਜੈਂਸੀ ਸੇਵਾਵਾਂ ਵਾਲਿਆਂ ਨੂੰ ਦੱਸ ਸਕਦਾ ਹੈ। ਇਸ ਤੋਂ ਉਨ੍ਹਾਂ ਲੋਕਾਂ ਨੂੰ ਜ਼ਖਮੀ ਵਿਅਕਤੀ ਦੀ ਬਿਲਕੁਲ ਸਟੀਕ ਥਾਂ ਦਾ ਪਤਾ ਲੱਗ ਸਕੇਗਾ।"

ਬਰਤਾਨੀਆਂ ਦੀਆਂ ਐਮਰਜੈਂਸੀ ਸੇਵਾਵਾਂ ਲੋਕਾਂ ਨੂੰ ਇਹ ਐਪਲੀਕੇਸ਼ਨ ਡਾਊਨਲੋਡ ਕਰਨ ਦੀ ਅਪੀਲ ਕਰ ਰਹੀਆਂ ਹਨ।

ਨਾਰਥ ਯੌਰਕਸ਼ਾਇਰ ਪੁਲਿਸ ਨੇ ਇੱਕ 56 ਸਾਲਾ ਬਜ਼ੁਰਗ ਨੂੰ ਤਲਾਸ਼ਣ ਲਈ ਇਸ ਐਪਲੀਕੇਸ਼ਨ ਦੀ ਵਰਤੋਂ ਕੀਤੀ।

ਉੱਥੋਂ ਦੇ ਹੀ ਫਾਇਰ ਐਂਡ ਰੈਸਕਿਊ ਸਰਵਿਸ ਨੇ ਇੱਕ ਔਰਤ ਨੂੰ ਬਚਾਇਆ ਜਿਸ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਸੀ ਪਰ ਉਹ ਆਪਣੀ ਸਥਿਤੀ ਬਾਰੇ ਸਪਸ਼ਟ ਨਹੀਂ ਸੀ।

ਜਦੋਂ ਕੁਝ ਬੰਦੀਆਂ ਨੇ ਇਮਰਾਤ ਵਿੱਚੋਂ ਆਪਣੀ ਸਟੀਕ ਥਾਂ ਦੱਸੀ ਤਾਂ ਹੰਬਰਸਾਈਡ ਪੁਲਿਸ ਨੇ ਨੂੰ ਬਿਨਾਂ ਦੇਰੀ ਦੇ ਛੁਡਾਅ ਲਿਆ।

ਹੰਬਰਸਾਈਡ ਪੁਲਿਸ ਨੇ ਹੀ ਸ਼ਿਪਿੰਗ ਕੰਟੇਨਰ ਵਿੱਚ ਫਸੇ ਕੁਝ ਵਿਦੇਸ਼ੀ ਨਾਗਰਿਕਾਂ ਨੂੰ ਬਚਾਇਆ ਜਿਨ੍ਹਾਂ ਵਿੱਚ ਇੱਕ ਗਰਭਵਤੀ ਔਰਤ ਵੀ ਸ਼ਾਮਲ ਸੀ।

ਕੰਟਰੋਲ ਰੂਮ ਦੇ ਸੁਪਰਵਾਈਜ਼ਰ ਪੌਲ ਰੈਡਸ਼ਾਅ ਨੇ ਦੱਸਿਆ, "ਉਸ ਬੰਦਰਗਾਹ ਤੇ 20,000 ਕੰਟੇਨਰ ਸਨ ਅਤੇ ਉਨ੍ਹਾਂ ਤੱਕ ਛੇਤੀ ਤੋਂ ਛੇਤੀ ਪਹੁੰਚਣ ਲਈ ਸਾਡੇ ਲਈ ਉਨ੍ਹਾਂ ਲੋਕਾਂ ਦੀ ਸਟੀਕ ਸਥਿਤੀ ਜਾਣਨਾ ਜ਼ਰੂਰੀ ਸੀ।"

ਉਨ੍ਹਾਂ ਲੋਕਾਂ ਨੂੰ ਐਪਲੀਕੇਸ਼ਨ ਡਾਉਨਲੋਡ ਕਰਨ ਲਈ ਕਿਹਾ ਗਿਆ ਤੇ ਜਲਦੀ ਹੀ ਲੱਭ ਲਿਆ ਗਿਆ।

ਰੈਡਸ਼ਾਅ ਨੇ ਅੱਗੇ ਦੱਸਿਆ," ਮੈਨੂੰ ਕੋਈ ਸ਼ੱਕ ਨਹੀਂ ਕਿ ਜੇ what3words ਐਪਲੀਕੇਸ਼ਨ ਨਾ ਹੁੰਦੀ ਤਾਂ ਅਜਿਹੀਆਂ ਘਟਨਾਵਾਂ ਦੇ ਬਹੁਤ ਭਿਆਨਕ ਨਤੀਜੇ ਨਿਕਲ ਸਕਦੇ ਹਨ।"

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)