ਮਰਦਾਂ ਲਈ ਗਰਭ ਨਿਰੋਧਕ ਪਿਲ ਹਾਲੇ ਵੀ ਕਿਉਂ ਨਹੀਂ ਬਣੀ

    • ਲੇਖਕ, ਮਿਸ਼ੈਲ ਰੋਬਰਟਸ
    • ਰੋਲ, ਪੱਤਰਕਾਰ, ਬੀਬੀਸੀ

ਮਰਦਾਂ ਲਈ ਤਿਆਰ ਇੱਕ 'ਬਰਥ ਕੰਟਰੋਲ ਪਿਲ' (ਗਰਭ ਨਿਰੋਧਕ) ਨੇ ਮੁੱਢਲੇ ਸੁਰੱਖਿਆ ਟੈਸਟ ਪਾਸ ਕਰ ਲਏ ਹਨ। ਮਾਹਿਰਾਂ ਨੇ ਇੱਕ ਮੈਡੀਕਲ ਕਾਨਫਰੰਸ ਦੌਰਾਨ ਦਾਅਵਾ ਕੀਤਾ ਹੈ।

ਜੇ ਇਹ ਪਿਲ ਕਾਮਯਾਬ ਹੋ ਜਾਂਦੀ ਹੈ ਤਾਂ ਕੰਡੋਮ ਅਤੇ ਨਸਬੰਦੀ ਤੋਂ ਇਲਾਵਾ ਇਹ ਇੱਕ ਹੋਰ ਬਦਲ ਉਪਲਬਧ ਹੋਏਗਾ।

ਐਂਡੋਕਰਾਈਨ ਸੋਸਾਇਟੀ ਦੀ ਸਾਲਾਨਾ ਮੀਟਿੰਗ ਵਿੱਚ ਡਾਕਟਰਾਂ ਨੇ ਕਿਹਾ ਹਾਲੇ ਇਸ ਨੂੰ ਬਜ਼ਾਰਾਂ ਵਿੱਚ ਆਉਣ ਵਿੱਚ ਇੱਕ ਦਹਾਕਾ ਲਗ ਸਕਦਾ ਹੈ।

ਕਾਮਭਾਵਨਾ ਕਿੰਨੀ ਪ੍ਰਭਾਵਿਤ

ਯੂਕੇ ਵਿੱਚ 50 ਸਾਲ ਪਹਿਲਾਂ ਮਹਿਲਾ ਗਰਭ ਨਿਰੋਧਕ ਦਵਾਈ ਲਾਂਚ ਹੋਈ ਪਰ ਮਰਦ ਪਿਲ ਲਿਆਉਣੀ ਕਿਉਂ ਔਖੀ ਹੋ ਰਹੀ ਹੈ?

ਹਾਲਾਂਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਮਰਦਾਂ ਲਈ ਪਿਲ ਲਿਆਉਣ ਲਈ ਸਮਾਜਿਕ ਅਤੇ ਕਮਰਸ਼ੀਅਲ ਤੌਰ 'ਤੇ ਇੱਛਾ ਸ਼ਕਤੀ ਘੱਟ ਹੀ ਹੈ ਪਰ ਓਪੀਨੀਅਨ ਪੋਲਜ਼ ਮੁਤਾਬਕ ਵਧੇਰੇ ਮਰਦਾਂ ਨੇ ਦਾਅਵਾ ਕੀਤਾ ਹੈ ਕਿ ਜੇ ਪਿਲ ਬਜ਼ਾਰ ਵਿੱਚ ਮਿਲੇਗੀ ਤਾਂ ਉਹ ਉਸ ਨੂੰ ਲੈਣਾ ਚਾਹੁਣਗੇ।

ਕੀ ਔਰਤਾਂ ਗਰਭ ਨਿਰੋਧਕ ਪਿਲ ਲੈਣ ਵਾਲੇ ਮਰਦਾਂ ਉੱਤੇ ਯਕੀਨ ਕਰਨਗੀਆਂ ਜਾਂ ਨਹੀਂ ਇਹ ਵੱਖਰੀ ਗੱਲ ਹੈ।

ਇਹ ਵੀ ਪੜ੍ਹੋ:

ਯੂਕੇ ਦੀ ਐਂਜਲੀਆ ਰਸਕਿਨ ਯੂਨੀਵਰਸਿਟੀ ਵੱਲੋਂ 2011 ਵਿੱਚ ਕੀਤੇ ਸਰਵੇਖਣ ਮੁਤਾਬਕ 134 ਵਿੱਚੋਂ 70 ਔਰਤਾਂ ਨੂੰ ਚਿੰਤਾ ਸੀ ਕਿ ਉਨ੍ਹਾਂ ਦੇ ਪਤੀ ਪਿਲ ਲੈਣਾ ਭੁੱਲ ਜਾਣਗੇ।

ਜੀਵ-ਵਿਗਿਆਨੀਆਂ ਲਈ ਮਰਦਾਂ ਲਈ ਇੱਕ ਹਾਰਮੋਨ-ਆਧਾਰਿਤ ਟੈਬਲੇਟ ਬਣਾਉਣਾ ਇਸ ਲਈ ਚੁਣੌਤੀ ਹੈ ਕਿਉਂਕਿ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਸੈਕਸੁਅਲ ਪਰਵਿਰਤੀ ਨਾ ਘਟੇ।

ਸ਼ੁਕਰਾਣੂਆਂ ਉੱਤੇ ਅਸਰ

ਫਰਟਾਈਲ ਮਰਦਾਂ ਵਿੱਚ ਨਵੇਂ ਸ਼ੁਕਰਾਣੂ ਸੈੱਲ ਲਗਾਤਾਰ ਅੰਡਕੋਸ਼ ਵਿੱਚ ਬਣਾਏ ਜਾਂਦੇ ਹਨ, ਜੋ ਹਾਰਮੋਨ ਦੁਆਰਾ ਸ਼ੁਰੂ ਹੁੰਦੇ ਹਨ।

ਹਾਰਮੋਨ ਦੇ ਪੱਧਰ ਨੂੰ ਘਟਾਏ ਬਿਨਾਂ ਅਸਥਾਈ ਤੌਰ 'ਤੇ ਇਸ ਨੂੰ ਬਲਾਕ ਕਰਨ ਕਾਰਨ ਸਾਈਡ-ਇਫੈਕਟ ਹੋਣ ਦੀ ਸੰਭਾਵਨਾ ਹੁੰਦੀ ਹੈ।

ਮਰਦਾਂ ਲਈ ਨਵੀਂ ਪਿਲ ਨੂੰ ਐਲਏ ਬਾਓਮੈਡ ਅਤੇ ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਦੇ ਰਿਸਰਚਰ ਟੈਸਟ ਕਰ ਰਹੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਇਸ ਵਾਰੀ ਉਹ ਟੀਚੇ ਵਿੱਚ ਕਾਮਯਾਬ ਹੋ ਜਾਣਗੇ।

ਨਿਊ ਓਰਲੀਨਜ਼ ਵਿੱਚ ਓਂਡੋਕਰਾਈਨ 2019 ਦੀ ਮੀਟਿੰਗ ਦੌਰਾਨ ਉਨ੍ਹਾਂ ਨੇ ਕਿਹਾ ਕਿ 40 ਮਰਦਾਂ ਉੱਤੇ ਮੁੱਢਲੇ ਤੌਰ 'ਤੇ ਕੀਤੇ ਗਏ ਟੈਸਟ ਸਹੀ ਰਹੇ ਹਨ।

ਸਰਵੇਖਣ ਦੇ 28 ਦਿਨਾਂ ਵਿੱਚ:

·10 ਮਰਦਾਂ ਨੂੰ ਪਲੈਸੇਬੋ ਜਾਂ ਡਮੀ ਪਿਲ ਦਿੱਤੀ ਗਈ

·30 ਮਰਦਾਂ ਨੂੰ ਨਵੀਂ ਪਿਲ ਦਿੱਤੀ ਗਈ, 11-ਬੀਟਾ-ਐਮਐਨਟੀਡੀਸੀ

ਇਸ ਤੋਂ ਬਾਅਦ ਸਾਹਮਣੇ ਆਇਆ ਕਿ ਜਿਨ੍ਹਾਂ ਮਰਦਾਂ ਨੇ ਨਵੀਂ ਪਿਲ ਲਈ ਸੀ ਉਨ੍ਹਾਂ ਦੇ ਸ਼ੁਕਰਾਣੂਆਂ ਲਈ ਲੋੜੀਂਦੇ ਹਾਰਮੋਨਜ਼ ਦਾ ਪੱਧਰ ਪਲੈਸੇਬੋ ਦੇ ਮੁਕਾਬਲੇ ਵੱਡੇ ਪੱਧਰ ਉੱਤੇ ਹੇਠਾਂ ਆ ਗਿਆ।

ਪਿਲ ਕਾਰਨ ਸਾਈਡ-ਇਫ਼ੈਕਟ

ਇਸ ਵਿਚਾਲੇ ਕੁਝ ਛੋਟੇ-ਮੋਟੇ ਸਾਈਡ-ਇਫ਼ੈਕਟ ਵੀ ਦੇਖਣ ਨੂੰ ਮਿਲੇ।

ਪਿਲ ਲੈਣ ਵਾਲੇ ਪੰਜ ਮਰਦਾਂ ਨੇ ਕਿਹਾ ਕਿ ਉਨ੍ਹਾਂ ਦੀ ਸੈਕਸ ਦੀ ਰਫ਼ਤਾਰ ਥੋੜ੍ਹੀ ਹੌਲੀ ਹੋ ਗਈ ਪਰ ਸੈਕਸੁਅਲ ਐਕਟਿਵਿਟੀ ਨਹੀਂ ਘਟੀ। ਕਿਸੇ ਵੀ ਮਰਦ ਨੇ ਸਾਈਡ-ਇਫੈਕਟ ਦੇ ਡਰੋਂ ਇਹ ਪਿਲ ਲੈਣ ਤੋਂ ਇਨਕਾਰ ਨਹੀਂ ਕੀਤਾ।

ਰਿਸਰਚ ਕਰਨ ਵਾਲੀ ਪ੍ਰੋ. ਕ੍ਰਿਸਟੀਨਾ ਵੈਂਗ ਦਾ ਕਹਿਣਾ ਹੈ, "ਸਾਡੇ ਨਤੀਜੇ ਦੱਸਦੇ ਹਨ ਕਿ ਇਹ ਪਿਲ ਜਿਸ ਵਿੱਚ ਦੋ ਹਾਰਮੋਨਲ ਕਿਰਿਆਵਾਂ ਹੁੰਦੀਆਂ ਹਨ, ਉਸ ਨਾਲ ਸ਼ੁਕਰਾਣੂਆਂ ਦੀ ਪੈਦਾਵਾਰ ਘਟੇਗੀ ਪਰ ਕਾਮਭਾਵਨਾ ਬਰਕਾਰ ਰਹੇਗੀ।"

ਪਰ ਇਸ 'ਤੇ ਹਾਲੇ ਲੰਮੇ ਤਜ਼ੁਰਬੇ ਕਰਨ ਦੀ ਲੋੜ ਹੈ।

ਪਿਲ ਤੋਂ ਇਲਾਵਾ ਹੋਰ ਵੀ ਬਦਲ

ਪਰ ਪ੍ਰੋ. ਕ੍ਰਿਸਟੀਨਾ ਸਿਰਫ਼ ਇਸੇ ਗਰਭ ਨਿਰੋਧਕ ਗੋਲੀ 'ਤੇ ਟੈਸਟ ਨਹੀਂ ਕਰ ਰਹੀ। ਉਹ ਅਤੇ ਉਨ੍ਹਾਂ ਦੇ ਕੁਝ ਸਾਥੀ 'ਬਾਡੀ ਜੈੱਲ' ਲੈ ਕੇ ਆਏ ਹਨ ਅਤੇ ਇਹ ਟੈਸਟ ਯੂਕੇ ਦੇ ਮਰਦਾਂ ਉੱਤੇ ਕੀਤਾ ਜਾਵੇਗਾ।

ਇਸ ਨੂੰ ਮਰਦ ਪਿੱਠ ਅਤੇ ਮੋਢਿਆਂ 'ਤੇ ਲਾਉਣਗੇ ਜਿਸ ਨੂੰ ਚਮੜੀ ਸੌਖਿਆਂ ਹੀ ਸੋਖ ਲੈਂਦੀ ਹੈ।

ਇਸ ਤੋਂ ਇਲਾਵਾ ਡੀਐਮਏਯੂ ਨਾਮ ਦੀ ਗਰਭ ਨਿਰੋਧਕ 'ਤੇ ਟੈਸਟ ਕੀਤਾ ਜਾ ਰਿਹਾ ਜਿਸ ਨੂੰ ਮਰਦ ਲੈ ਸਕਣਗੇ।

'ਮੂਡ ਡਿਸਆਡਰ'

ਕੁਝ ਹੋਰ ਵਿਗਿਆਨੀ ਕੋਸ਼ਿਸ਼ ਕਰ ਰਹੇ ਹਨ ਕਿ ਲੰਮੇ ਸਮੇਂ ਤੱਕ ਕੰਮ ਕਰਨ ਵਾਲੀਆਂ ਗਰਭ ਨਿਰੋਧਕ ਪਿਲਜ਼ ਹੋਣ ਜੋ ਕਿ ਹਰ ਮਹੀਨੇ ਦਿੱਤੀ ਜਾਵੇ।

ਪਰ ਇੰਜੈਕਸ਼ਨ ਦੇ ਅਸਰ ਅਤੇ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਨੇ ਇਸ ਸਰਵੇਖਣ ਦੇ ਦੂਜੇ ਪੜਾਅ ਨੂੰ ਰੋਕ ਦਿੱਤਾ ਕਿਉਂਕਿ ਕੁਝ ਵੋਲੰਟੀਅਰਾਂ ਨੇ ਸਾਈਡ-ਇਫ਼ੈਕਟ ਹੋਣ ਕਾਰਨ 'ਮੂਡ ਡਿਸਆਡਰ' ਅਤੇ ਡਿਪਰੈਸ਼ਨ ਦੀ ਸ਼ਿਕਾਇਤ ਕੀਤੀ ਸੀ।

ਜਿਹੜੇ ਲੋਕ ਹਾਰਮੋਨਜ਼ ਲੈਣਾ ਪਸੰਦ ਨਹੀਂ ਕਰਦੇ ਉਨ੍ਹਾਂ ਲਈ ਖੋਜਕਰਤਾ ਸ਼ੁਕਰਾਣੂ ਦੇ ਪਰਵਾਹ ਨੂੰ ਰੋਕਣ ਦੇ ਤਰੀਕੇ ਲੱਭ ਰਹੇ ਹਨ। ਇਹ ਤਰੀਕੇ ਗ਼ੈਰ-ਆਪ੍ਰੇਸ਼ਨ ਤੇ ਨਸਬੰਦੀ ਬਿਨਾਂ ਹੋਣਗੇ।

ਵਸਲਜੈਲ - ਇੱਕ ਪੋਲੀਮਰ ਸਮੱਗਰੀ ਵਿਕਸਿਤ ਕੀਤੀ ਜਾ ਰਹੀ ਹੈ। ਇਸ ਦਾ ਟੀਕਾ ਦੋ ਨਲੀਆਂ ਵਿੱਚ ਲਾਇਆ ਜਾਂਦਾ ਹੈ।

ਹਾਲੇ ਤੱਕ ਇਸ ਦਾ ਟੈਸਟ ਪਸ਼ੂਆਂ ਵਿੱਚ ਕੀਤਾ ਜਾ ਗਿਆ ਹੈ ਪਰ ਹੁਣ ਰਿਸਰਚਰਾਂ ਨੇ ਮਨੁੱਖਾਂ ਉੱਤੇ ਟੈਸਟ ਕਰਨ ਲਈ ਵੀ ਫੰਡ ਹਾਸਿਲ ਕਰ ਲਏ ਹਨ।

ਮਰਦਾਂ ਲਈ ਗਰਭ ਨਿਰੋਧਕ ਦੀ ਮੰਗ

ਯੂਨੀਵਰਸਿਟੀ ਆਫ਼ ਈਡਨਬੁਰ ਦੀ ਪ੍ਰੋ. ਰਿਚਰਡ ਐਂਡਰਸਨ ਇੱਕ ਗਰਭ ਨਿਰੋਧਕ ਜੈਲ ਉੱਤੇ ਰਿਸਰਚ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਫਾਰਮਾ ਸਨਅਤ ਮਰਦਾਂ ਲਈ ਗਰਭ ਨਿਰੋਧਕ ਟੈਬਲੇਟ ਲਿਆਉਣ ਤੋਂ ਗੁਰੇਜ਼ ਕਰਦੀ ਹੈ ਹਾਲਾਂਕਿ ਉਨ੍ਹਾਂ ਨੂੰ ਇਸ ਦੇ ਸਬੂਤ ਵੀ ਦੇ ਦਿੱਤੇ ਗਏ ਹਨ ਕਿ ਮਰਦ ਅਤੇ ਔਰਤ ਦੋਵੇਂ ਇੱਕ ਹੋਰ ਬਦਲ ਲਈ ਤਿਆਰ ਹਨ।

"ਮੈਨੂੰ ਲਗਦਾ ਹੈ ਕਿ ਸਨਅਤ ਨੂੰ ਇਸ ਦੀ ਮਾਰਕਿਟ ਉੱਤੇ ਭਰੋਸਾ ਨਹੀਂ ਹੈ। ਇਹ ਵਾਕਈ ਲੰਮੀ ਕਹਾਣੀ ਹੈ-ਇਸ ਦਾ ਇੱਕ ਕਾਰਨ ਨਿਵੇਸ਼ ਵੀ ਹੈ।"

ਪਹਿਲਾਂ ਵੀ ਹੋਈ ਖੋਜ

ਉਨ੍ਹਾਂ ਕਿਹਾ ਕਿ ਸਨਅਤਕਾਰਾਂ ਦੀ ਘੱਟ ਸ਼ਮੂਲੀਅਤ ਕਾਰਨ ਉਨ੍ਹਾਂ ਨੂੰ ਚੈਰੀਟੀ ਤੇ ਅਕਾਦਮਿਕ ਫੰਡਾਂ ਉੱਤੇ ਨਿਰਭਰ ਹੋਣਾ ਪਿਆ ਜਿਸ ਕਾਰਨ ਕਾਫ਼ੀ ਸਮਾਂ ਲਗਿਆ।

ਸ਼ੈਫੀਲਡ ਯੂਨੀਵਰਸਿਟੀ ਦੀ ਵਿਗਿਆਨੀ ਪ੍ਰੋਫੈਸਰ ਐਲਨ ਪੈਸੀ ਦਾ ਕਹਿਣਾ ਹੈ, "ਮਰਦਾਂ ਲਈ ਗਰਭ ਨਿਰੋਧਕ ਦਵਾਈ ਜਾਂ ਇੰਜੈਕਸ਼ਨ ਬਣਾਉਣ ਦਾ ਇਤਿਹਾਸ ਜ਼ਿਆਦਾ ਸਫ਼ਲਤਾ ਵਾਲਾ ਨਹੀਂ ਰਿਹਾ। ਇਸ ਲਈ ਇਹ ਦੇਖਣਾ ਚੰਗਾ ਹੈ ਕਿ ਨਵੀਂਆਂ ਖੋਜਾਂ ਕਿਸ ਤਰ੍ਹਾਂ ਹੋ ਰਹੀਆਂ ਹਨ।

ਇਹ ਵੀ ਪੜ੍ਹੋ:

"ਇਸ ਲਈ ਚੰਗਾ ਹੋਵੇਗਾ ਕਿ ਜੇ ਕੋਈ ਦਵਾਈਆਂ ਦੀ ਕੰਪਨੀ ਇਸ ਪ੍ਰੋਡਕਟ ਨੂੰ ਬਾਜ਼ਾਰ ਵਿੱਚ ਲਿਆਉਣ ਲਈ ਦਿਲਚਸਪੀ ਦਿਖਾਉਣ ਅਤੇ ਦੇਖੇ ਕਿ, ਕੀ ਉਨ੍ਹਾਂ ਦੇ ਤਜੁਰਬੇ ਕਾਮਯਾਬ ਹੁੰਦੇ ਹਨ।"

"ਪਰ ਬਦਕਿਸਮਤੀ ਇਹ ਹੈ ਕਿ ਮਰਦਾਂ ਲਈ ਗਰਭ ਨਿਰੋਧਕ ਪਿਲ ਲਿਆਉਣ ਲਈ ਕਿਸੇ ਵੀ ਕੰਪਨੀ ਦੀ ਵਧੇਰੇ ਦਿਲਚਸਪੀ ਨਹੀਂ ਹੈ। ਇਸ ਦੇ ਕਾਰਨ ਮੈਨੂੰ ਵਧੇਰੇ ਸਮਝ ਨਹੀਂ ਆਉਂਦਾ ਪਰ ਮੈਨੂੰ ਲਗਦਾ ਹੈ ਕਿ ਵਿਗਿਆਨ ਦੇ ਮੁਕਾਬਲੇ ਵਪਾਰ ਵੱਡਾ ਕਾਰਨ ਹੈ।"

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)