You’re viewing a text-only version of this website that uses less data. View the main version of the website including all images and videos.
ਪੋਪ ਨੇ ਬੱਚਿਆਂ ਦੇ ਜਿਣਸੀ ਸੋਸ਼ਣ ਦੀ ਤੁਲਨਾ ਨਰਬਲੀ ਨਾਲ ਕੀਤੀ
ਪੋਪ ਫਰਾਂਸਿਸ ਨੇ ਰੋਮ ਵਿੱਚ, ਬਾਲ ਜਿਣਸੀ ਸ਼ੋਸ਼ਣ ਬਾਰੇ ਜਾਰੀ ਸੰਮੇਲਨ ਵਿੱਚ ਇਸ ਬਾਰੇ ਠੋਸ ਕਦਮ ਚੁੱਕਣ ਦਾ ਵਾਅਦਾ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਦੋਸ਼ੀ ਪਾਦਰੀ ਸ਼ੈਤਾਨ ਦੇ ਕਰਿੰਦੇ ਹਨ ਅਤੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਬੱਚਿਆਂ ਦੇ ਜਿਣਸੀ ਸ਼ੋਸ਼ਣ ਨੇ ਉਨ੍ਹਾਂ ਨੂੰ ਪੁਰਾਤਨ ਪੈਜਨ ਰਵਾਇਤਾਂ ਵਿੱਚ ਬੱਚਿਆਂ ਦੀ ਬਲੀ ਦੀ ਰਵਾਇਤ ਦੀ ਯਾਦ ਦਿਵਾਈ ਹੈ।
ਇਹ ਵੀ ਪੜ੍ਹੋ:
(ਇਹ) "ਮੈਨੂੰ ਕੁਝ ਪੁਰਾਤਨ ਸੱਭਿਆਚਾਰਾਂ ਵਿੱਚ ਪ੍ਰਚਲਿਤ ਕਰੂਰ ਧਾਰਿਮਕ ਰਵਾਇਤ ਦੀ ਯਾਦ ਦਿਵਾਉਂਦੀ ਹੈ।"
ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਕਾਨਫਰੰਸ ਤੋਂ ਬਾਅਦ ਚਰਚ ਕੈਥੋਲਿਕ ਪਾਦਰੀਆਂ ਵੱਲੋਂ ਬੱਚਿਆਂ ਦੇ ਜਿਣਸੀ ਸ਼ੋਸ਼ਣ ਨੂੰ ਨੱਥ ਪਾਉਣ ਲਈ ਕੋਈ ਠੋਸ ਨੀਤੀ ਘੜੇਗਾ।
ਪੋਪ ਨੇ ਹੋਰ ਕੀ ਕਿਹਾ?
ਉਨ੍ਹਾਂ ਕਿਹਾ ਕਿ ਹੁਣ ਪੀੜਤਾਂ ਦੀ ਸਾਰ ਪਹਿਲ ਦੇ ਅਧਾਰ ਲਈ ਜਾਵੇਗੀ ਅਤੇ ਪਾਦਰੀਆਂ ਨੂੰ ਨਵੇਂ ਤੇ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ। ਜਿਸ ਨਾਲ ਉਨ੍ਹਾਂ 'ਤੇ ਕਾਰਵਾਈ ਲਈ ਦਬਾਅ ਪਵੇਗਾ।
ਪੋਪ ਨੇ ਇਹ ਵੀ ਕਿਹਾ ਕਿ ਮਾਮਲਿਆਂ ਨੂੰ ਰਫ਼-ਦਫ਼ਾ ਨਹੀਂ ਕੀਤਾ ਜਾਵੇਗਾ ਸਗੋਂ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਜਾਵੇਗੀ।
"ਬੱਚਿਆਂ ਸਮੇਤ ਕਿਸੇ ਦਾ ਵੀ ਸ਼ੋਸ਼ਣ ਕਰਨ ਵਾਲਿਆਂ ਦੀ ਕੋਈ ਵਿਆਖਿਆ ਭਰਪਾਈ ਨਹੀਂ ਕਰ ਸਕਦੀ।"
"ਉਨ੍ਹਾਂ ਬੱਚਿਆਂ ਦੀਆਂ ਖ਼ਾਮੋਸ਼ ਚੀਕਾਂ, ਜਿਨ੍ਹਾਂ ਨੂੰ ਉਨ੍ਹਾਂ (ਪਾਦਰੀਆਂ) ਵਿੱਚ ਪਿਤਾ ਅਤੇ ਅਧਿਆਤਮਿਕ ਆਗੂ ਦੀ ਥਾਂ ਸ਼ੋਸ਼ਕ ਮਿਲੇ।"
ਉਨ੍ਹਾਂ ਕਿਹਾ, "ਇਹ ਸਾਡਾ ਫਰਜ਼ ਹੈ ਕਿ ਇਸ ਚੁੱਪ ਤੇ ਦਬਾਅ ਦਿੱਤੀ ਗਈ ਚੀਖ਼ ਵੱਲ ਧਿਆਨ ਦਿੱਤਾ ਜਾਵੇ।"
ਪੋਪ ਕਿੰਨੇ ਕੁ ਦਬਾਅ ਹੇਠ ਹਨ?
ਸਾਲ 2013 ਵਿੱਚ ਪੋਪ ਬਣਨ ਤੋਂ ਬਾਅਦ ਮੌਜੂਦਾ ਪੋਪ ਨੇ "ਫੈਸਲਾਕੁਨ ਕਾਰਵਾਈ" ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਦੇ ਆਲੋਚਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਇਸ ਦਿਸ਼ਾ ਵਿੱਚ ਬਹਤਾ ਕੰਮ ਨਹੀਂ ਕੀਤਾ ਹੈ।
ਮੰਨਿਆ ਜਾ ਰਿਹਾ ਹੈ ਕਿ ਪਾਦਰੀਆਂ ਵੱਲੋਂ ਪਿਛਲੇ ਦਹਾਕਿਆਂ ਦੌਰਾਨ ਹਜ਼ਾਰਾਂ ਲੋਕਾਂ ਦਾ ਸ਼ੋਸ਼ਣ ਹੋਇਆ। ਚਰਚ 'ਤੇ ਇਨ੍ਹਾਂ ਮਾਮਲਿਆਂ ਨੂੰ ਰਫ਼ਾ-ਦਫ਼ਾ ਕਰਨ ਦੇ ਇਲਜ਼ਾਮ ਲੱਗਦੇ ਰਹੇ ਹਨ।
ਪੀੜਤਾਂ ਦੀ ਮੰਗ ਹੈ ਕਿ ਇਸ ਬਾਰੇ ਸਪੱਸ਼ਟ ਦਿਸ਼ਾ ਨਿਰਦੇਸ਼ ਜਾਰੀ ਹੋਣੇ ਚਾਹੀਦੇ ਹਨ।
ਬੱਚਿਆਂ ਦੀ ਚਰਚ ਵਿੱਚ ਸੁਰੱਖਿਆ ਬਾਰੇ ਹੋ ਰਹੀ ਇਸ ਪਲੇਠੀ ਕਾਨਫਰੰਸ ਵਿੱਚ 130 ਤੋਂ ਵਧੇਰੇ ਦੇਸਾਂ ਦੇ ਕੌਮੀ ਪਾਦਰੀਆਂ ਨੇ ਹਿੱਸਾ ਲਿਆ।
ਆਧੁਨਿਕ ਚਰਚ ਦੇ ਸਭ ਤੋਂ ਵੱਡੇ ਸੰਕਟ ਦਾ ਅਮਲੀ ਹੱਲ ਕਰਨ ਲਈ ਪੋਪ ਉੱਪਰ ਬਹੁਤ ਜ਼ਿਆਦਾ ਦਬਾਅ ਹੈ।
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: