ਵੈਲੇਨਟਾਈਨਜ਼ ਡੇਅ ਕੀ ਹੈ ਤੇ ਕਿਵੇਂ ਹੋਈ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ

ਹਰ ਸਾਲ 14 ਫਰਵਰੀ ਨੂੰ ਵੈਲੇਨਟਾਈਨਜ਼ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਆਪਣੇ ਚਾਹੁਣ ਵਾਲਿਆਂ ਲਈ ਆਪਣਾ ਪਿਆਰ ਜ਼ਾਹਿਰ ਕਰਦੇ ਹਨ, ਕੋਈ ਤੋਹਫੇ ਦੇਕੇ ਤਾਂ ਕੋਈ ਪਿਆਰ ਦੇ ਸੁਨੇਹੇ ਭੇਜ ਕੇ।

ਪਰ ਜਿਸ ਦੇ ਨਾਂ 'ਤੇ ਇਹ ਦਿਨ ਮਨਾਇਆ ਜਾਂਦਾ ਹੈ, ਉਹ ਸੀ ਕੌਣ?

ਵੈਲੇਨਟਾਈਨ ਡੇਅ ਇੱਕ ਮਸ਼ਹੂਰ ਸੰਤ ਸੇਂਟ ਵੈਲਨਟਾਈਨ ਦੇ ਨਾਂ 'ਤੇ ਰੱਖਿਆ ਗਿਆ ਹੈ।

ਉਹ ਕੌਣ ਸੀ, ਇਸ ਬਾਰੇ ਕਈ ਕਹਾਣੀਆਂ ਪ੍ਰਚਲਿਤ ਹਨ ਪਰ ਸਭ ਤੋਂ ਮਸ਼ਹੂਰ ਮਾਨਤਾ ਇਹੀ ਹੈ ਕਿ ਉਹ ਤੀਜੀ ਸਦੀ ਵਿੱਚ ਰੋਮ ਦੇ ਇੱਕ ਸੰਤ ਸਨ।

ਉਸ ਸਮੇਂ ਦੇ ਰਾਜਾ ਕਲੌਡੀਅਸ-2 ਨੇ ਵਿਆਹ 'ਤੇ ਪਾਬੰਦੀ ਲਗਾ ਦਿੱਤੀ ਸੀ ਕਿਉਂਕਿ ਉਸ ਮੁਤਾਬਕ ਵਿਆਹੇ ਹੋਏ ਮਰਦ ਮਾੜੇ ਫੌਜੀ ਹੁੰਦੇ ਸਨ।

ਵੈਲੇਨਟਾਈਨ ਇਸ ਦੇ ਖਿਲਾਫ ਸੀ ਅਤੇ ਲੁੱਕ ਕੇ ਲੋਕਾਂ ਦੇ ਵਿਆਹ ਕਰਵਾਉਂਦਾ ਸੀ।

ਕਲੌਡੀਅਸ ਨੂੰ ਜਿਵੇਂ ਹੀ ਇਹ ਪਤਾ ਲੱਗਿਆ ਉਸਨੇ ਵੈਲੇਨਟਾਈਨ ਨੂੰ ਜੇਲ੍ਹ ਵਿੱਚ ਪਾ ਦਿੱਤਾ ਅਤੇ ਮੌਤ ਦੀ ਸਜ਼ਾ ਸੁਣਾਈ।

ਉੱਥੇ ਉਸਨੂੰ ਜੇਲ੍ਹਰ ਦੀ ਧੀ ਨਾਲ ਪਿਆਰ ਹੋ ਗਿਆ ਅਤੇ 14 ਫਰਵਰੀ ਨੂੰ ਫਾਂਸੀ ਲੱਗਣ ਤੋਂ ਪਹਿਲਾਂ ਉਸ ਨੇ ਆਪਣੀ ਪ੍ਰੇਮੀਕਾ ਲਈ ਲਵ ਲੈਟਰ ਲਿਖਿਆ। ਲਵ ਲੈਟਰ ਦੇ ਅੰਤ ਵਿੱਚ ਲਿਖਿਆ ਸੀ, ਤੁਹਾਡੇ ਵੈਲਨਟਾਈਨ ਵੱਲੋਂ।

ਵੈਲੇਨਟਾਈਨਜ਼ ਡੇਅ ਦੀ ਸ਼ੁਰੂਆਤ ਕਦੋਂ ਹੋਈ?

ਵੈਲੇਨਟਾਈਨਜ਼ ਡੇਅ ਮਨਾਉਣ ਦੀ ਪਰੰਪਰਾ ਕਾਫੀ ਪੁਰਾਣੀ ਹੈ। ਮੰਨਿਆ ਜਾਂਦਾ ਹੈ ਕਿ ਇਸ ਦੀ ਸ਼ੁਰੂਆਤ ਇੱਕ ਰੋਮਨ ਫੈਸਟੀਵਲ ਤੋਂ ਹੋਈ ਸੀ।

ਫਰਵਰੀ ਦੇ ਮੱਧ ਵਿੱਚ ਰੋਮਨ ਲੋਕਾਂ ਦਾ ਇੱਕ ਫੈਸਟੀਵਲ ਹੁੰਦਾ ਸੀ- ਲੂਪਰਕਾਲੀਆ।

ਇਸ ਮੌਕੇ ਮੁੰਡੇ ਇੱਕ ਡੱਬੇ ਵਿੱਚੋਂ ਕੁੜੀਆਂ ਦੇ ਨਾਂ ਕੱਢਦੇ ਸੀ, ਫੈਸਟੀਵਲ ਦੌਰਾਨ ਦੋਵੇਂ ਬੁਆਏਫਰੈਂਡ-ਗਰਲਫਰੈਂਡ ਰਹਿੰਦੇ ਸਨ ਅਤੇ ਕਦੇ-ਕਦੇ ਉਨ੍ਹਾਂ ਦਾ ਵਿਆਹ ਵੀ ਕਰਾ ਦਿੱਤਾ ਜਾਂਦਾ ਸੀ।

ਬਾਅਦ ਵਿੱਚ ਚਰਚ ਨੇ ਇਸ ਨੂੰ ਧਰਮ ਨਾਲ ਜੁੜਿਆ ਉਤਸਵ ਬਣਾ ਦਿੱਤਾ ਅਤੇ ਇਸੇ ਬਹਾਨੇ ਸੇਂਟ ਵੈਲੇਨਟਾਈਨ ਨੂੰ ਵੀ ਯਾਦ ਕਰਨ ਲੱਗੇ।

ਹੌਲੀ-ਹੌਲੀ ਉਨ੍ਹਾਂ ਦਾ ਨਾਂ ਲੋਕਾਂ ਵੱਲੋਂ ਇਸਤੇਮਾਲ ਕੀਤਾ ਜਾਣ ਲੱਗਾ ਜੋ ਇੱਕ ਦੂਜੇ ਨੂੰ ਆਪਣਾ ਪਿਆਰ ਜ਼ਾਹਿਰ ਕਰਨਾ ਚਾਹੁੰਦੇ ਸਨ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)