ਅਫ਼ਗਾਨਿਸਤਾਨ : ਕਾਬੁਲ 'ਚ ਆਤਮਘਾਤੀ ਬੰਬ ਧਮਾਕੇ ਵਿੱਚ 50 ਦੀ ਮੌਤ

ਕਾਬੁਲ ਬੰਬ ਧਮਾਕਾ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਪਿਛਲੇ ਮਹੀਨੇ ਦੌਰਾਨ ਹੋਏ ਹਮਲਿਆਂ ਤੋਂ ਸਭ ਤੋਂ ਵੱਧ ਖ਼ਤਰਨਾਕ ਮੰਨਿਆ ਜਾ ਰਿਹਾ ਹੈ।

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਧਾਰਮਿਕ ਵਿਦਵਾਨਾਂ ਦੇ ਇਕੱਠ ਉੱਪਰ ਹੋਏ ਇੱਕ ਆਤਮਘਾਤੀ ਹਮਲੇ ਵਿੱਚ ਘੱਟੋ-ਘੱਟ 50 ਮੌਤਾਂ ਹੋਈਆਂ ਹਨ ਅਤੇ ਕਈਆਂ ਦੀ ਹਾਲਤ ਗੰਭੀਰ ਹੈ।

ਇਹ ਇਕੱਠ ਪੈਗੰਬਰ ਮੁਹੰਮਦ ਦੇ ਜਨਮ ਦਿਨ ਨੂੰ ਮਨਾਉਣ ਲਈ ਹੋਇਆ ਸੀ। ਕਾਬੁਲ ਵਿੱਚ ਪਿਛਲੇ ਮਹੀਨਿਆਂ ਵਿੱਚ ਹੋਏ ਜਾਨਲੇਵਾ ਹਮਲਿਆਂ ਵਿੱਚੋਂ ਇਹ ਹਮਲਾ ਇੱਕ ਹੈ।

ਹਾਲੇ ਤੱਕ ਕਿਸੇ ਸੰਗਠਨ ਨੇ ਇਸ ਹਮਲੇ ਦੀ ਜਿੰਮੇਂਵਾਰੀ ਨਹੀਂ ਲਈ ਪਰ ਇਸਲਾਮਿਕ ਸਟੇਟ ਅਤੇ ਤਾਲੀਬਾਨ ਨੇ ਕੁਝ ਸਾਲਾਂ ਦੌਰਾਨ ਕਈ ਹਮਲੇ ਕੀਤੇ ਹਨ।

ਹਾਲਾਂਕਿ ਤਾਲੀਬਾਨ ਨੇ ਇਸ ਹਮਲੇ ਪਿੱਛੇ ਆਪਣਾ ਹੱਥ ਹੋਣ ਤੋਂ ਇਨਕਾਰ ਕਰਦਿਆਂ ਕਾਬੁਲ ਹਮਲੇ ਦੀ ਨਿੰਦਾ ਕੀਤੀ ਹੈ।

ਕਾਬੁਲ ਬੰਬ ਧਮਾਕਾ

ਤਸਵੀਰ ਸਰੋਤ, Reuters

ਹਾਲ ਅੰਦਰ ਕੀ ਹੋਇਆ?

ਕਿਹਾ ਜਾ ਰਿਹਾ ਹੈ ਕਿ ਸਮਾਗਮ ਵੇਲੇ ਹਾਲ ਅੰਦਰ ਤਕਰੀਬਨ 1,000 ਲੋਕ ਮੌਜੂਦ ਸਨ।

ਕਾਬੁਲ ਪੁਲਿਸ ਦੇ ਬੁਲਾਰੇ ਬਸ਼ੀਰ ਮੁਜਾਹਿਦ ਨੇ ਦੱਸਿਆ, “ਈਦ ਮਿਲਾਦ ਉਨ ਨਬੀ ਤਿਉਹਾਰ ਮਨਾਉਣ ਲਈ ਕੁਰਾਨ ਵਿੱਚ ਆਇਤਾਂ ਦੇ ਪਾਠ ਲਈ ਸੈਂਕੜੇ ਇਸਲਾਮਿਕ ਵਿਦਵਾਨ ਅਤੇ ਉਨ੍ਹਾਂ ਦੇ ਵਿਦਿਆਰਥੀ ਇੱਕ ਨਿੱਜੀ ਬੈਂਕੁਏਟ ਹਾਲ ਵਿੱਚ ਜੁੜੇ ਹੋਏ ਸਨ।”

ਹਾਲ ਦੇ ਇੱਕ ਪ੍ਰਬੰਧਕ ਨੇ ਦੱਸਿਆ ਕਿ ਖ਼ੁਦਕੁਸ਼ ਨੇ ਆਪਣੇ ਆਪ ਨੂੰ ਸੰਗਤ ਦੇ ਵਿੱਚਕਾਰ ਜਾ ਕੇ ਉਡਾ ਲਿਆ।

ਕਾਬੁਲ ਬੰਬ ਧਮਾਕਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਬੁਲ ਦੇ ਵਜ਼ੀਰ ਅਕਬਰ ਖ਼ਾਨ ਹਸਪਤਾਲ ਵਿੱਚ ਜੇਰੇ ਇਲਾਜ਼ ਜ਼ਖਮੀ

ਮੌਕੇ 'ਤੇ ਮੌਜੂਦ ਲੈਕਚਰਰ ਮੋਹੰਮਦ ਹਨੀਫ ਨੇ ਦੱਸਿਆ, ''ਧਮਾਕਾ ਕੰਨ ਸੁੰਨ ਕਰ ਦੇਣ ਵਾਲਾ ਸੀ ਅਤੇ ਹਾਲ ਦੇ ਅੰਦਰ ਹਰ ਕੋਈ ਮਦਦ ਲਈ ਚੀਕ ਰਿਹਾ ਸੀ।''

ਮੌਕੇ 'ਤੇ ਮੌਜੂਦ ਤਸਵੀਰਾਂ ਦੇ ਮੁਤਾਬਕ ਖੂਨ ਨਾਲ ਸਣੇ ਕੱਪੜੇ, ਟੁੱਟੇ ਸ਼ੀਸ਼ੇ ਅਤੇ ਫਰਨੀਚਰ ਦੇਖੇ ਜਾ ਸਕਦੇ ਸਨ।

ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਇਹ ਹਮਲਾ ਮਾਫ਼ੀ ਦੇ ਕਾਬਿਲ ਨਹੀਂ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)