ਇੰਡੋਨੇਸ਼ੀਆ ਜਹਾਜ਼ ਹਾਦਸਾ -ਕਿਸੇ ਦਾ ਗੁਆਚ ਗਿਆ ਪਿਆਰ ਤੇ ਕੋਈ ਰੱਬ ਦਾ ਸ਼ੁਕਰਗੁਜ਼ਾਰ

ਤਸਵੀਰ ਸਰੋਤ, AFP
ਇੰਡੋਨੇਸ਼ੀਆ ਵਿੱਚ ਜਕਾਰਤਾ ਤੋਂ ਪੰਗਕਲ ਜਾ ਰਿਹਾ ਲਾਇਨ ਏਅਰ ਦਾ ਇੱਕ ਹਵਾਈ ਜਹਾਜ਼ ਸੋਮਵਾਰ ਨੂੰ ਉਡਾਣ ਭਰਨ ਦੇ 13 ਮਿੰਟਾਂ ਵਿੱਚ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ।
ਹਵਾਈ ਜਹਾਜ਼ ਵਿੱਚ ਚਾਲਕ ਦਲ ਦੇ ਮੈਂਬਰਾਂ ਸਣੇ 189 ਲੋਕ ਸਵਾਰ ਸਨ।
ਏਅਰਲਾਈਂਸ ਦੇ ਤਕਨੀਕੀ ਲੌਗ ਤੋਂ ਜਾਣਕਾਰੀ ਮਿਲੀ ਹੈ ਕਿ ਇੱਕ ਦਿਨ ਪਹਿਲਾਂ ਹੀ ਜਹਾਜ਼ ਵਿੱਚ ਕੁਝ ਖਰਾਬੀ ਆਈ ਸੀ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਜਹਾਜ਼ ਵਿੱਚ ਸਵਾਰ ਲੋਕਾਂ ਵਿੱਚੋਂ ਕਿਸੇ ਦੇ ਵੀ ਜ਼ਿੰਦਾ ਰਹਿਣ ਦੀ ਸੰਭਾਵਨਾ ਬਹੁਤ ਘੱਟ ਹੈ।
ਲਾਇਨ ਏਅਰ ਅਨੁਸਾਰ ਜਹਾਜ਼ ਵਿੱਚ 178 ਬਾਲਗ ਅਤੇ ਤਿੰਨ ਬੱਚੇ ਸਵਾਰ ਸਨ। ਇਸ ਤੋਂ ਇਲਾਵਾ ਦੋ ਪਾਇਲਟ ਅਤੇ ਕਰੂ ਦੇ 6 ਸਹਿਯੋਗੀ ਵੀ ਸਨ।
ਇਹ ਵੀ ਪੜ੍ਹੋ:
ਲਾਇਨ ਏਅਰ ਅਨੁਸਾਰ ਜਹਾਜ਼ ਦੇ ਪਾਇਲਟ ਕੈਪਟਨ ਭਵਿਯ ਸੁਨੇਜਾ ਸਨ, ਜੋ ਭਾਰਤੀ ਮੂਲ ਦੇ ਸਨ। ਜਕਾਰਤਾ ਸਥਿਤ ਭਾਰਤੀ ਸਫ਼ਾਰਤਖਾਨੇ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। 31 ਸਾਲਾ ਸੁਨੇਜਾ ਦਿੱਲੀ ਦੇ ਰਹਿਣ ਵਾਲੇ ਸਨ।
ਤਜ਼ੁਰਬੇਗਾਰ ਪਾਇਲਟ
ਲਿੰਕਡਇਨ ਪ੍ਰੋਫਾਈਲ ਅਨੁਸਾਰ ਉਹ ਸਾਲ 2011 ਤੋਂ ਲਾਇਨ ਨਾਲ ਜੁੜੇ ਹੋਏ ਸਨ। ਉਨ੍ਹਾਂ ਕੋਲ 6 ਹਜ਼ਾਰ ਘੰਟੇ ਤੋਂ ਵੱਧ ਦਾ ਹਵਾਈ ਜਹਾਜ਼ ਉਡਾਣ ਦਾ ਤਜ਼ਰਬਾ ਸੀ।

ਤਸਵੀਰ ਸਰੋਤ, Mini
ਇਸ ਫਲਾਇਟ ਦੇ ਕੋ-ਪਾਇਲਟ ਹਰਵਿਨੋ ਸਨ ਜਿਨ੍ਹਾਂ ਨੂੰ ਪੰਜ ਹਜ਼ਾਰ ਤੋਂ ਵੱਧ ਘੰਟੇ ਜਹਾਜ਼ ਉਡਾਣ ਦਾ ਤਜ਼ਰਬਾ ਸੀ। ਯਾਨੀ ਕਾਕਪਿਟ ਵਿੱਚ ਮੌਜੂਦ ਦੋਵੇਂ ਪਾਇਲਟ ਕਾਫੀ ਤਜ਼ਰਬੇਕਾਰ ਸਨ।
ਕਰੂ ਦੇ ਬਾਕੀ ਮੈਂਬਰਾਂ ਦੇ ਨਾਂ ਸ਼ਿੰਤਿਆ, ਮੇਲਿਨਾ, ਸਿਟਾ ਨੋਇਵਿਤਾ ਐਂਜਲਿਆ, ਅਲਵੀਯਾਨੀ ਹਿਦਇਆਤੁਲ ਸੋਲਿਖਾ, ਦਮਯੰਤੀ ਸਿਮਰਮਾਤਾ, ਮੇਰੀ ਯੁਲਿਆਂਦਾ ਅਤੇ ਡੇਨੇ ਮੌਲਾ ਸੀ।
ਏਅਰਲਾਈਨ ਅਨੁਸਾਰ ਕਰੂ ਦੇ ਮੈਂਬਰਾਂ ਵਿੱਚੋਂ ਇੱਕ ਟੈਕਨੀਸ਼ੀਅਨ ਸਨ। ਤਿੰਨ ਅੰਡਰ ਟਰੇਨਿੰਗ ਫਲਾਈਟ ਅਟੈਂਡੈਂਟ ਸਨ।
ਵਿੱਤ ਮੰਤਰਾਲੇ ਦੇ ਮੁਲਾਜ਼ਮ ਸਨ ਸਵਾਰ
ਜਹਾਜ਼ ਵਿੱਚ ਵਿੱਤ ਮੰਤਰਾਲੇ ਦੇ 20 ਮੁਲਾਜ਼ਮ ਸਵਾਰ ਸਨ। ਵਿੱਤ ਮੰਤਰੀ ਮੁਲਯਾਨੀ ਨੇ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਹਿੰਮਤ ਦਿੱਤੀ।
ਵਿੱਤ ਮੰਤਰਾਲੇ ਨੇ ਬੁਲਾਰੇ ਨੁਫਰਾਂਸਾ ਵੀਰਾ ਸਕਤੀ ਨੇ ਬੀਬੀਸੀ ਨੂੰ ਦੱਸਿਆ ਕਿ ਜਹਾਜ਼ ਵਿੱਚ ਸਵਾਰ ਲੋਕ ਮੰਤਰਾਲੇ ਦੇ ਪੰਗਕਲ ਸਥਿਤ ਦਫ਼ਤਰ ਵਿੱਚ ਕੰਮ ਕਰਦੇ ਸਨ। ਉਹ ਜਕਾਰਤਾ ਵਿੱਚ ਹਫ਼ਤੇ ਦੇ ਆਖ਼ਰੀ ਦੋ ਦਿਨ ਬਿਤਾਉਣ ਤੋਂ ਬਾਅਦ ਵਾਪਸ ਆ ਰਹੇ ਸਨ।

ਤਸਵੀਰ ਸਰੋਤ, Reuters
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਆਮ ਤੌਰ 'ਤੇ ਸਵੇਰੇ ਜਲਦੀ ਜਾਣ ਵਾਲੀ ਉਡਾਣ ਤੋਂ ਜਾਂਦੇ ਸਨ ਤਾਂ ਜੋ ਵਕਤ ਨਾਲ ਦਫ਼ਤਰ ਪਹੁੰਚ ਜਾਣ।
ਮੰਤਰਾਲੇ ਵਿੱਚ ਕੰਮ ਕਰਨ ਵਾਲੇ ਸੋਨੀ ਸੇਤਿਆਵਾਨ ਨੂੰ ਵੀ ਇਸ ਜਹਾਜ਼ ਤੋਂ ਜਾਣਾ ਸੀ ਪਰ ਟ੍ਰੈਫਿਕ ਵਿੱਚ ਫਸਣ ਕਾਰਨ ਉਹ ਜਹਾਜ਼ ਵਿੱਚ ਸਵਾਰ ਨਹੀਂ ਹੋ ਸਕੇ।
ਉਨ੍ਹਾਂ ਨੇ ਖ਼ਬਰ ਏਜੰਸੀ ਏਐੱਫਪੀ ਨੂੰ ਦੱਸਿਆ, "ਮੈਂ ਜਾਣਦਾ ਹਾਂ ਕਿ ਮੇਰੇ ਦੋਸਤ ਜਹਾਜ਼ ਵਿੱਚ ਸਨ। ਜਦੋਂ ਉਹ ਸਵੇਰੇ 9 ਵੱਜ ਕੇ 40 ਮਿੰਟ ਤੇ ਪਨੰਗਲ ਪਹੁੰਚੇ ਤਾਂ ਉਨ੍ਹਾਂ ਨੂੰ ਜਹਾਜ਼ ਹਾਦਸੇ ਬਾਰੇ ਜਾਣਕਾਰੀ ਮਿਲੀ।''
"ਮੇਰਾ ਪਰਿਵਾਰ ਸਦਮੇ ਵਿੱਚ ਸੀ। ਮੇਰੀ ਮਾਂ ਰੋ ਰਹੀ ਸੀ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਸੁਰੱਖਿਅਤ ਹਾਂ। ਮੈਨੂੰ ਸ਼ੁੱਕਰਗੁ਼ਜ਼ਾਰ ਹੋਣਾ ਚਾਹੀਦਾ ਹੈ।''
ਨਹੀਂ ਰਿਹਾ ਪਿਆਰ
ਜਕਾਰਤਾ ਏਅਰਪੋਰਟ 'ਤੇ ਜਹਾਜ਼ ਵਿੱਚ ਸਵਾਰ ਰਹੇ ਕਈ ਲੋਕਾਂ ਦੇ ਪਰਿਵਾਰ ਵਾਲੇ ਉਨ੍ਹਾਂ ਲੋਕਾਂ ਬਾਰੇ ਜਾਣਕਾਰੀ ਹਾਸਿਲ ਕਰਨ ਦਾ ਇੰਤਜ਼ਾਰ ਕਰ ਰਹੇ ਸਨ।

ਮੁਰਤਾਦੋ ਕੁਰਨਿਆਵਾਨ ਦੀ ਪਤਨੀ ਜਹਾਜ਼ ਵਿੱਚ ਸਵਾਰ ਸਨ। ਉਨ੍ਹਾਂ ਦਾ ਕੁਝ ਵਕਤ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਕੰਮ ਦੇ ਸਿਲਸਿਲੇ ਵਿੱਚ ਜਾ ਰਹੀ ਸਨ।
ਮੁਰਤਾਦੋ ਦੀਆਂ ਅੱਖਾਂ ਵਿੱਚ ਹੰਝੂ ਵਹਿ ਰਹੇ ਸਨ। ਉਨ੍ਹਾਂ ਨੇ ਕਿਹਾ, "ਮੈਂ ਉਨ੍ਹਾਂ ਦੇ ਬਿਨਾਂ ਨਹੀਂ ਰਹਿ ਸਕਦਾ। ਮੈਂ ਉਨ੍ਹਾਂ ਨੂੰ ਪਿਆਰ ਕਰਦਾ ਹਾਂ। ਜੋ ਆਖ਼ਰੀ ਗੱਲ ਮੈਂ ਉਨ੍ਹਾਂ ਨੂੰ ਕਹੀ ਸੀ ਉਹ ਸੀ ਕਿ ਆਪਣਾ ਧਿਆਨ ਰੱਖਣਾ।''
"ਜਦੋਂ ਉਹ ਦੂਰ ਜਾਂਦੀ ਸੀ ਉਦੋਂ ਮੈਂ ਉਸ ਨੂੰ ਲੈ ਕੇ ਪ੍ਰੇਸ਼ਾਨ ਰਹਿੰਦਾ ਸੀ। ਜਦੋਂ ਮੈਂ ਟੀਵੀ 'ਤੇ ਦੇਖਿਆ ਕਿ ਜਹਾਜ਼ ਕਰੈਸ਼ ਹੋ ਗਿਆ ਹੈ ਤਾਂ ਮੇਰੇ ਪੂਰਾ ਸਰੀਰ ਠੰਢਾ ਪੈ ਗਿਆ।''
ਇਹ ਵੀ ਪੜ੍ਹੋ:
ਡੈਡ ਵੀ ਏਅਰਪੋਰਟ ਤੇ ਸੂਚਨਾ ਦੇ ਇੰਤਜ਼ਾਰ ਵਿੱਚ ਸਨ। ਉਨ੍ਹਾਂ ਨੇ ਬੀਬੀਸੀ ਨੂੰ ਕਿਹਾ ਕਿ ਉਹ ਆਪਣੀ ਭਤੀਜੀ ਫਿਓਨਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੋਮਵਾਰ ਸਵੇਰੇ ਏਅਰਪੋਰਟ ਛੱਡ ਗਈ ਸੀ। ਉਹ ਆਪਣੇ ਘਰ ਜਾ ਰਹੀ ਸੀ।
ਫਿਓਨਾ ਆਈਵੀਐੱਫ ਦੀ ਮਦਦ ਨਾਲ ਗਰਭਵਤੀ ਹੋਣ ਦੀ ਪ੍ਰਕਿਰਿਆ ਵਿੱਚ ਸਨ। ਉਨ੍ਹਾਂ ਦੇ ਪਰਿਵਾਰ ਦੀ ਰਾਇ ਸੀ ਕਿ ਉਨ੍ਹਾਂ ਦਾ ਜਕਾਰਤਾ ਵਿੱਚ ਕੁਝ ਵਕਤ ਆਰਾਮ ਕਰਨਾ ਠੀਕ ਹੋਵੇਗਾ।

ਡੈਡ ਨੇ ਦੱਸਿਆ, "ਏਅਰਲਾਈਨ ਵੱਲੋਂ ਸਾਨੂੰ ਲਗਾਤਾਰ ਦੱਸਿਆ ਜਾ ਰਿਹਾ ਸੀ ਕਿ ਅਸੀਂ ਖ਼ਬਰ ਦਾ ਇੰਤਜ਼ਾਰ ਕਰੀਏ ਪਰ ਸੋਸ਼ਲ ਮੀਡੀਆ ਅਤੇ ਟੀਵੀ 'ਤੇ ਆ ਰਹੀਆਂ ਤਸਵੀਰਾਂ ਬਹੁਤ ਬੁਰੀਆਂ ਸਨ ਪਰ ਮੇਰੀ ਉਮੀਦ ਅਜੇ ਵੀ ਬਾਕੀ ਹੈ।
ਕੌਣ ਹੈ ਉਹ ਰਹੱਸਮਈ ਜੋੜਾ
ਸਮੁੰਦਰ 'ਚੋਂ ਮਿਲੇ ਮਲਬੇ ਦੀਆਂ ਤਸਵੀਰਾਂ ਜ਼ਰੀਏ ਸਾਹਮਣੇ ਆਇਆ ਹੈ ਕਿ ਜਹਾਜ਼ ਵਿੱਚ ਇੱਕ ਆਈਫੋਨ ਕਵਰ ਦੇ ਪੁੱਲ ਤੇ ਘੁੰਮਦੇ ਇੱਕ ਜੋੜੇ ਦੀ ਤਸਵੀਰ ਸੀ।
ਕੁਝ ਘੰਟੇ ਅੰਦਰ ਇੰਡੋਨੇਸ਼ੀਆ ਵਿੱਚ ਸੋਸ਼ਲ ਮੀਡੀਆ ਤੇ ਲੋਕਾਂ ਨੇ ਇਹ ਜ਼ਾਹਿਰ ਕੀਤਾ ਕਿ ਉਨ੍ਹਾਂ ਨੇ ਤਸਵੀਰ ਨੂੰ ਪਛਾਣ ਲਿਆ ਹੈ ਅਤੇ ਇੱਕ ਯੂਜ਼ਰ ਦੇ ਐਕਾਊਂਟ ਤੇ ਖੁਦ ਨੂੰ ਕੇਂਦਰਿਤ ਕਰ ਦਿੱਤਾ ਹੈ।
ਪਰ ਤਸਵੀਰ ਵਿੱਚ ਦਿਖ ਰਹੇ ਜੋੜੇ ਦੀ ਪਛਾਣ ਨੂੰ ਲੈ ਕੇ ਪੁਸ਼ਟੀ ਨਹੀਂ ਹੋਈ ਹੈ।

ਤਸਵੀਰ ਸਰੋਤ, AFP PHOTO / NATIONAL DISASTER MITIGATION AGENCY
21 ਵਰ੍ਹਿਆਂ ਦੀ ਮਿਸ਼ੇ ਵਰਜਿਨਾ ਬੋਂਗਕਲ ਪੰਗਕਲ ਪਿਨਾ ਜਾ ਰਹੀ ਸੀ। ਉਨ੍ਹਾਂ ਨੇ ਆਪਣੀ ਦਾਦੀ ਦੇ ਅੰਤਮ ਸੰਸਕਾਰ ਵਿੱਚ ਹਿੱਸਾ ਲੈਣਾ ਸੀ। ਉਨ੍ਹਾਂ ਦੇ ਨਾਲ ਉਨ੍ਹਾਂ ਦੇ 13 ਸਾਲ ਦੇ ਭਰਾ ਮੈਥਿਊ ਅਤੇ ਪਿਤਾ ਐਡੋਨਿਆ ਵੀ ਸਨ।
ਉਨ੍ਹਾਂ ਦੀ ਭੈਣ ਵੀਨਾ ਨੇ ਬੀਬੀਸੀ ਨੂੰ ਦੱਸਿਆ ਕਿ ਪਰਿਵਾਰ ਪਹਿਲਾਂ ਦੀ ਦਾਦੀ ਦੇ ਦੇਹਾਂਤ 'ਤੇ ਦੁਖੀ ਸੀ। ਹੁਣ ਜਹਾਜ਼ ਹਾਦਸੇ ਨੇ ਉਨ੍ਹਾਂ ਦੀ ਮੁਸ਼ਕਿਲਾਂ ਵਧਾ ਦਿੱਤੀਆਂ ਹਨ।
ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਲੋਕ ਆਮ ਤੌਰ 'ਤੇ ਦੂਜੀ ਏਅਰਲਾਈਨ ਚੁਣਦੇ ਸਨ ਪਰ ਸਵੇਰੇ ਜਾਣ ਕਾਰਨ ਉਨ੍ਹਾਂ ਨੇ ਬਜਟ ਏਅਰਲਾਈਨ ਨੂੰ ਚੁਣਿਆ।
ਵੀਨਾ ਅਨੁਸਾਰ ਮਿਸ਼ੇਲ ਨੇ ਉਡਾਨ ਭਰਨ ਤੋਂ ਪਹਿਲਾਂ ਸਵੇਰੇ 6 ਵਜੇ ਦੇ ਕਰੀਬ ਆਪਣੀ ਮਾਂ ਨਾਲ ਗੱਲ ਕੀਤੀ ਸੀ। ਥੋੜ੍ਹੀ ਦੇਰ ਬਾਅਦ ਜਹਾਜ਼ ਕਰੈਸ਼ ਹੋਣ ਦੀ ਖ਼ਬਰ ਆ ਗਈ।
ਉਨ੍ਹਾਂ ਨੇ ਦੱਸਿਆ, "7.30 ਵਜੇ ਤੱਕ ਅਸੀਂ ਮਿਸ਼ੇਲ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰਦੇ ਰਹੇ ਪਰ ਸਾਨੂੰ ਕੋਈ ਜਵਾਬ ਨਹੀਂ ਮਿਲਿਆ।''
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












