ਫਿਲੀਪੀਨਜ਼ ਵਿੱਚ ਤੂਫ਼ਾਨ ਨੇ ਮਚਾਈ ਤਬਾਹੀ, ਹੁਣ ਚੀਨ ਵੱਲ ਰਵਾਨਗੀ

ਉੱਤਰੀ ਫਿਲੀਪੀਨਜ਼ ਵਿੱਚ ਆਏ ਭਿਆਨਕ ਤੂਫ਼ਾਨ ਨੇ ਹੁਣ ਤੱਕ 50 ਲੋਕਾਂ ਦੀ ਜਾਨ ਲੈ ਲਈ ਹੈ। ਰਾਸ਼ਟਰਪਤੀ ਦੇ ਸਲਾਹਕਾਰ ਨੇ ਇਹ ਜਾਣਕਾਰੀ ਦਿੱਤੀ ਹੈ।

ਟਾਈਫੂਨ ਮੈਂਗਕੂਟ ਫਿਲੀਪੀਨਜ਼ ਦੇ ਮੁੱਖ ਆਈਲੈਂਡ( ਟਾਪੂ) ਲੁਜ਼ੋਨ ਵਿੱਚ ਤਬਾਹੀ ਮਚਾਉਂਦਾ ਹੋਇਆ ਪੱਛਮੀ ਚੀਨ ਵੱਲ ਵਧ ਰਿਹਾ ਹੈ।

ਸਰਕਾਰੀ ਅਧਿਕਾਰੀਆਂ ਮੁਤਾਬਕ ਟੁਗੂਏਗਰਾਓ ਸ਼ਹਿਰ ਦੀਆਂ ਲਗਭਗ ਸਾਰੀਆਂ ਇਮਾਰਤਾਂ ਨੂੰ ਤੂਫ਼ਾਨ ਕਰਕੇ ਨੁਕਸਾਨ ਪਹੁੰਚਿਆ ਹੈ।

ਇਹ ਵੀ ਪੜ੍ਹੋ:

ਇਸ ਤੂਫ਼ਾਨ ਦੇ ਕਾਰਨ ਹੁਣ ਹਵਾ 185 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਵਧ ਰਹੀ ਹੈ। ਜਿਸ ਇਲਾਕੇ ਵਿੱਚ ਤੂਫ਼ਾਨ ਆਇਆ ਹੈ ਉੱਥੇ ਲਗਭਗ 40 ਲੱਖ ਲੋਕ ਇਸ ਨਾਲ ਪ੍ਰਭਾਵਿਤ ਦੱਸੇ ਜਾ ਰਹੇ ਹਨ।

ਤੂਫ਼ਾਨ ਕਾਰਨ 20 ਫੁੱਟ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ ਇਸ ਕਾਰਨ ਸੁਰੱਖਿਆ ਦੇ ਲਿਹਾਜ਼ ਨਾਲ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।

ਰਾਸ਼ਟਰਪਤੀ ਰੋਡਰਿਗੋ ਡੁਟੇਰਟੇ ਦੇ ਸਲਾਹਕਾਰ ਫਰਾਂਸੀਸ ਟੋਲਨਟੀਨੋ ਦਾ ਕਹਿਣਾ ਹੈ ਕਿ ਇਸ ਤੂਫ਼ਾਨ ਵਿੱਚ 14 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।

ਲੋਕਾਂ ਦੀ ਮਦਦ ਕਰ ਰਹੇ ਦੋ ਬਚਾਅ ਮੁਲਾਜ਼ਮਾਂ ਦੀ ਵੀ ਇਸ ਵਿੱਚ ਮੌਤ ਹੋ ਗਈ। ਕੁਝ ਰਿਪੋਰਟਾਂ ਮੁਤਾਬਕ ਮਾਰੀਕੀਨਾ ਨਦੀ ਤੋਂ ਇੱਕ ਨੌਜਵਾਨ ਕੁੜੀ ਦੀ ਲਾਸ਼ ਮਿਲੀ ਹੈ ਜਿਹੜੀ ਕਿ ਮਨੀਲਾ ਤੋਂ ਵਹਿੰਦੀ ਹੋਈ ਆਈ ਸੀ।

ਫਿਲੀਪੀਨਜ਼ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਖ਼ਤਰਨਾਕ ਤੂਫ਼ਾਨ ਸਾਲ 2013 ਵਿੱਚ ਆਇਆ ਸੀ, ਜਿਸ ਵਿੱਚ 7 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ।

ਹੁਣ ਕੀ ਹਾਲਾਤ ਹਨ?

ਸਭ ਤੋਂ ਪਹਿਲਾਂ ਇਸ ਤੂਫ਼ਾਨ ਨੇ ਫਿਲੀਪੀਨਜ਼ ਦੇ ਉੱਤਰ ਪੂਰਬੀ ਇਲਾਕੇ ਬਾਗਾਓ ਵਿੱਚ ਸ਼ਨੀਵਾਰ ਦੇਰ ਰਾਤ ਸਥਾਨਕ ਸਮੇਂ ਅਨੁਸਾਰ 1.40 ਮਿੰਟ 'ਤੇ ਦਸਤਕ ਦਿੱਤੀ।

ਹਾਲਾਂਕਿ ਆਪਦਾ ਪ੍ਰਬੰਧਣ ਏਜੰਸੀ ਦੇ ਮੁਖੀ ਰਿਕਾਰਡੋ ਜਾਲਾਦ ਦਾ ਕਹਿਣਾ ਹੈ ਕਿ ਬਾਗਾਓ ਵਿੱਚ ਕਿਸੇ ਵੀ ਮੌਤ ਦਾ ਅਧਿਕਾਰਕ ਅੰਕੜਾ ਨਹੀਂ ਹੈ।

ਵਿਸ਼ਵ ਮੌਸਮ ਸੰਗਠਨ ਨੇ ਇਸ ਤੂਫ਼ਾਨ ਨੂੰ ਇਸ ਸਾਲ ਹੁਣ ਦੁਨੀਆਂ ਭਰ ਵਿੱਚ ਆਏ ਤੂਫ਼ਾਨਾਂ ਵਿੱਚੋਂ ਸਭ ਤੋਂ ਖ਼ਤਰਨਾਕ ਦੱਸਿਆ ਹੈ।

ਫਿਲੀਪੀਨਜ਼ ਦੀ ਰੈੱਡ ਕਰਾਸ ਸੰਸਥਾ ਵੱਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਹੜ੍ਹ ਦੇ ਪਾਣੀ ਦਾ ਲਗਾਤਾਰ ਵਧਣਾ ਦੇਖਿਆ ਜਾ ਸਕਦਾ ਹੈ।

ਕਿੰਨਾ ਤਿਆਰ ਸੀ ਫਿਲੀਪੀਨਜ਼?

ਫਿਲੀਪੀਨਜ਼ ਪ੍ਰਸ਼ਾਸਨ ਅਨੁਸਾਰ ਉਹ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਤੂਫ਼ਾਨ ਦਾ ਸਾਹਮਣਾ ਕਰਨ ਲਈ ਤਿਆਰ ਸਨ।

ਦਰਜਨਾਂ ਸੂਬਿਆਂ ਵਿੱਚ ਤੁਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਜਾ ਚੁੱਕੀ ਸੀ। ਇਸ ਤੋਂ ਇਲਾਵਾ ਸਮੁੰਦਰੀ ਅਤੇ ਹਵਾਈ ਮਾਰਗਾਂ ਜ਼ਰੀਏ ਹੋਣ ਵਾਲੀ ਆਵਾਜਾਈ 'ਤੇ ਵੀ ਰੋਕ ਲਗਾ ਦਿੱਤੀ ਗਈ ਸੀ। ਕਈਆਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਸਨ।

ਸਕੂਲ ਬੰਦ ਕਰ ਦਿੱਤੇ ਗਏ ਸੀ ਅਤੇ ਫੌਜ ਨੂੰ ਤਿਆਰ ਕਰ ਲਿਆ ਗਿਆ ਸੀ।

ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਹੀ ਅਪੀਲ ਕੀਤੀ ਹੈ। ਉੱਥੇ ਹੀ ਮੌਸਮ ਵਿਗਿਆਨੀਆਂ ਅਨੁਸਾਰ ਇਹ ਤੂਫ਼ਾਨ ਇਸ ਇਲਾਕੇ ਵਿੱਚ ਆਉਣ ਵਾਲੇ ਪਿਛਲੇ ਕਈ ਦਹਾਕਿਆਂ ਨਾਲੋਂ ਵੱਧ ਖ਼ਤਰਨਾਕ ਹੋ ਸਕਦਾ ਹੈ।

ਇਹ ਤੂਫ਼ਾਨ ਦੱਖਣੀ ਚੀਨ ਵੱਲ ਵੱਧ ਰਿਹਾ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਮੁੜ ਤੋਂ ਤਾਕਤਵਰ ਹੋ ਜਾਵੇਗਾ। ਹਾਂਗ ਕਾਂਗ ਦੇ ਵਸਨੀਕਾਂ ਨੇ ਵੀ ਤੂਫ਼ਾਨ ਨਾਲ ਨਜਿੱਠਣ ਦੀ ਤਿਆਰੀ ਕਰ ਲਈ ਹੈ।

ਉਨ੍ਹਾਂ ਨੇ ਆਪਣੀਆਂ ਦੁਕਾਨਾਂ ਤੇ ਘਰਾਂ ਅੱਗੇ ਰੇਤ ਦੀਆਂ ਬੋਰੀਆਂ ਰੱਖ ਦਿੱਤੀਆਂ ਹਨ ਅਤੇ ਹੋਰ ਇੰਤਜ਼ਾਮ ਵੀ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਹਨ।

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)