ਅਮਰੀਕਾ ਤੇ ਚੀਨ ਦੀ 'ਟਰੇਡ ਵਾਰ' ਦਾ ਕੀ ਅਸਰ ਪਵੇਗਾ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਚੀਨ 'ਤੇ ਹੋਰ 200 ਬਿਲੀਅਨ ਡਾਲਰ ਦੇ ਵਪਾਰ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ।

ਟਰੰਪ ਨੇ ਕਿਹਾ ਹੈ ਕਿ ਜੇਕਰ ਚੀਨ ਨੇ "ਆਪਣੀਆਂ ਨੀਤੀਆਂ ਵਿੱਚ ਬਦਲਾਅ ਨਹੀਂ ਕੀਤਾ" ਤਾਂ ਇਹ ਟੈਰਿਫ਼ 10 ਫੀਸਦੀ ਦੇ ਹਿਸਾਬ ਨਾਲ ਲਾਗੂ ਹੋ ਜਾਵੇਗਾ।

ਇਸ ਨਾਲ ਦੋਵਾਂ ਮੁਲਕਾਂ ਵਿਚਾਲੇ ਵਿਵਾਦ ਹੋਰ ਵਧ ਸਕਦਾ ਹੈ ਤੇ ਜਿਸ ਨਾਲ ਟਰੇਡ ਵਾਰ ਸ਼ੁਰੂ ਹੋਣ ਦਾ ਖਦਸ਼ਾ ਹੈ।

ਟਰੰਪ ਨੇ ਜ਼ੋਰ ਦਿੰਦਿਆ ਕਿਹਾ ਕਿ ਚੀਨ ਅਮਰੀਕਾ ਨਾਲ ਕਈ ਸਾਲਾਂ ਤੋਂ ਅਸੰਤੁਲਿਤ ਵਪਾਰ ਕਰਕੇ ਨਾਜਾਇਜ਼ ਲਾਹਾ ਲੈ ਰਿਹਾ ਹੈ।

ਚੀਨ ਨੇ ਵੀ ਜਵਾਬ ਦਿੰਦਿਆਂ ਕਿਹਾ ਹੈ ਕਿ ਟਰੰਪ ਦੇ ਐਲਾਨ ਦਾ ਜਵਾਬ ਦਿੱਤਾ ਜਾਵੇਗਾ।

ਇਸ ਐਲਾਨ ਨਾਲ ਏਸ਼ੀਆ ਸਣੇ ਦੁਨੀਆਂ ਦੇ ਸਟਾਕ ਐਕਸਚੇਂਜ ਪ੍ਰਭਾਵਿਤ ਹੋ ਗਏ।

ਪਿਛਲੇ ਹਫ਼ਤੇ ਉਨ੍ਹਾਂ ਨੇ ਐਲਾਨ ਕੀਤਾ ਕਿ ਅਮਰੀਕਾ 50 ਬਿਲੀਅਨ ਡਾਲਰ ਦੇ ਮੁੱਲ ਵਾਲੇ ਚੀਨੀ ਉਤਪਾਦਾਂ 'ਤੇ 25 ਫੀਸਦ ਟੈਰਿਫ ਲਗਾਏਗਾ।

ਇਸ ਦੇ ਜਵਾਬ ਵਜੋਂ ਬੀਜ਼ਿੰਗ ਨੇ ਕਿਹਾ ਸੀ ਕਿ ਉਹ ਇਸੇ ਤਰ੍ਹਾਂ ਦੇ ਹੀ ਟੈਕਸ ਲਾ ਕੇ ਖੇਤੀਬਾੜੀ, ਕਾਰ ਤੇ ਸਮੁੰਦਰੀ ਉਤਪਾਦਾਂ ਸਣੇ 50 ਬਿਲੀਅਨ ਡਾਲਰ ਦੇ ਮੁੱਲ ਵਾਲੇ 659 ਅਮਰੀਕੀ ਉਤਪਾਦਾਂ ਨੂੰ ਪ੍ਰਭਾਵਿਤ ਕਰੇਗਾ।

ਟਰੰਪ ਨੇ ਕਿਹਾ ਸੀ ਕਿ ਅਜਿਹਾ ਕਰਕੇ ਚੀਨ "ਅਮਰੀਕੀ ਕੰਪਨੀਆਂ, ਵਰਕਰਾਂ ਅਤੇ ਕਿਸਾਨਾਂ ਨੂੰ ਧਮਕੀ ਦੇ ਰਿਹਾ ਹੈ, ਜਿਨ੍ਹਾਂ ਨੇ ਕੁਝ ਵੀ ਨਹੀਂ ਕੀਤਾ।"

ਅਮਰੀਕਾ ਦੇ ਰਾਸ਼ਟਰਪਤੀ ਨੇ ਸੋਮਵਾਰ ਦੀ ਰਾਤ ਨੂੰ ਇੱਕ ਬਿਆਨ ਜਾਰੀ ਕਰਕੇ ਆਪਣੇ ਵਪਾਰਕ ਸਲਾਹਕਾਰਾਂ ਨੂੰ ਕਿਹਾ ਕਿ ਚੀਨੀ ਉਤਪਾਦਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ ਜਿਨ੍ਹਾਂ ਉੱਤੇ ਨਵੇਂ ਟੈਰਿਫ ਲਗਾਏ ਜਾ ਸਕਣ।

ਉਨ੍ਹਾਂ ਨੇ ਕਿਹਾ, "ਜੇਕਰ ਚੀਨ ਆਪਣੀਆਂ ਨੀਤੀਆਂ ਨਹੀਂ ਬਦਲਦਾ ਅਤੇ ਹਾਲ ਹੀ ਵਿੱਚ ਐਲਾਨੇ ਗਏ ਨਵੇਂ ਟੈਰਿਫ ਉੱਤੇ ਬਜਿੱਦ ਰਹੇਗਾ ਤਾਂ ਇਹ ਟੈਰਿਫ ਲਾਗੂ ਹੋ ਜਾਣਗੇ।"

"ਜੇਕਰ ਚੀਨ ਹੁਣ ਦੁਬਾਰਾ ਟੈਕਸ ਵਿੱਚ ਵਾਧਾ ਕਰਦਾ ਹੈ ਤਾਂ ਅਸੀਂ ਦੂਜੇ 200 ਬਿਲੀਅਨ ਡਾਲਰ ਦੀ ਖਪਤ ਵਾਲੇ ਉਤਪਾਦਾਂ 'ਤੇ ਵਧੇਰੇ ਟੈਰਿਫ ਲਗਾ ਕੇ ਉਸ ਦੀ ਬਰਾਬਰੀ ਕਰ ਸਕਦੇ ਹਾਂ। ਅਮਰੀਕਾ ਅਤੇ ਚੀਨ ਵਿਚਾਲੇ ਵਪਾਰ ਸਾਂਝ ਨਿਰਪੱਖ ਹੋਣੀ ਚਾਹੀਦੀ ਹੈ।"

ਅਮਰੀਕਾ ਵੱਲੋਂ ਇਸ ਤੋਂ ਪਹਿਲਾਂ ਸਲਾਨਾ 50 ਬਿਲੀਅਨ ਡਾਲਰ ਦੇ ਵਪਾਰ ਉੱਤੇ 25 ਫੀਸਦ ਟੈਰਿਫ ਲਾਉਣ ਦਾ ਜੋ ਐਲਾਨ ਕੀਤਾ ਗਿਆ ਸੀ ਉਨ੍ਹਾਂ ਵਿੱਚੋਂ 34 ਬਿਲੀਅਨ ਡਾਲਰ ਵਾਲੇ 800 ਤੋਂ ਵੱਧ ਚੀਨੀ ਉਤਪਾਦਾਂ 'ਤੇ ਟੈਰਿਫ 6 ਜੁਲਾਈ ਤੋਂ ਲਾਗੂ ਹੋ ਜਾਵੇਗਾ।

ਵ੍ਹਾਈਟ ਹਾਊਸ ਨੇ ਕਿਹਾ ਕਿ ਬਾਕੀ ਬਚੇ 16 ਬਿਲੀਅਨ ਡਾਲਰ ਦੇ ਉਤਪਾਦਾਂ 'ਤੇ ਸਲਾਹ ਮਗਰੋਂ ਟੈਰਿਫ ਲਾਗੂ ਕੀਤਾ ਜਾਵੇਗਾ।

ਟੈਰਿਫ ਨਾਲ ਦਰਾਮਦ ਹੋਣ ਵਾਲੇ ਕਿਹੜੇ ਅਮਰੀਕੀ-ਚੀਨੀ ਉਤਪਾਦ ਪ੍ਰਭਾਵਿਤ ਹੋਏ

2017 ਵਿੱਚ ਅਮਰੀਕਾ ਵੱਲੋਂ ਚੀਨ ਵਿੱਚ ਭੇਜੇ ਗਏ ਉਤਪਾਦਾਂ ਜਿਵੇਂ ਜਾਨਵਰਾਂ ਸੰਬੰਧੀ ਉਤਪਾਦ, ਖਾਣਾ-ਪੀਣ ਵਾਲੇ ਪਦਾਰਥ, ਤੰਬਾਕੂ, ਕੱਪੜਾ, ਕੈਮੀਕਲ ਅਤੇ ਸਬਜ਼ੀਆਂ ਆਦਿ ਸਨ। ਇਸ ਨਾਲ ਕੁੱਲ 49.8 ਬਿਲੀਅਨ ਡਾਲਰ ਦਾ ਵਪਾਰ ਪ੍ਰਭਾਵਿਤ ਹੋਇਆ।

ਇਸੇ ਤਰ੍ਹਾਂ ਚੀਨ ਨੇ ਜੋ 2017 ਵਿੱਚ ਅਮਰੀਕਾ ਨੂੰ ਉਤਪਾਦ ਭੇਜੇ ਜਿਵੇਂ ਪਲਾਸਟਿਕ, ਰਬੜ, ਵਾਹਨ, ਬਿਜਲੀ ਉਪਕਰਨਾਂ ਸਣੇ ਕਈ ਹੋਰ ਉਤਪਾਦਾਂ 'ਤੇ ਕੁੱਲ 46.2 ਬਿਲੀਅਨ ਡਾਲਰ ਦੇ ਵਪਾਰ ਦਾ ਅਸਰ ਪਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)