You’re viewing a text-only version of this website that uses less data. View the main version of the website including all images and videos.
ਦਮ ਹੈ, ਤਾਂ ਚਮਚਾਗਿਰੀ ਛੱਡ ਬਾਗ਼ੀ ਹੋ ਜਾਓ
ਜੀ-ਹਜ਼ੂਰੀ ਬੜੇ ਕੰਮ ਦੀ ਚੀਜ਼ ਹੈ। ਨੌਕਰੀ ਹੋਵੇ ਜਾਂ ਆਮ ਜ਼ਿੰਦਗੀ, ਜੀ-ਹਜ਼ੂਰੀ ਕਰਕੇ ਤੁਸੀਂ ਬੜੇ ਕੰਮ ਕੱਢ ਸਕਦੇ ਹੋ, ਤਰੱਕੀ ਹਾਸਲ ਕਰ ਸਕਦੇ ਹੋ, ਪੈਸੇ ਕਮਾ ਸਕਦੇ ਹੋ ਤੇ ਹੋਰ ਵੀ ਕਈ ਕੁਝ।
ਦਫ਼ਤਰਾਂ ਵਿੱਚ ਵਧੇਰੇ ਲੋਕ ਇਸੇ ਨੁਸਖ਼ੇ 'ਤੇ ਹੀ ਅਮਲ ਕਰਦੇ ਹਨ। ਬੌਸ ਜਾਂ ਸੀਨੀਅਰ ਦੀ ਗੱਲ ਵਿੱਚ ਫੌਰਨ ਹਾਮੀ ਭਰ ਕੇ ਮੁਕਾਬਲੇ ਵਿੱਚ ਅੱਗੇ ਨਿਕਲ ਜਾਂਦੇ ਹਨ।
ਹਾਂ ਵਿੱਚ ਹਾਂ ਮਿਲਾਉਣ ਵਾਲਿਆਂ ਦੇ ਮੁਕਾਬਲੇ ਉਹ ਲੋਕ ਜੋ ਬਾਗ਼ੀ ਕਹਾਉਂਦੇ ਹਨ, ਜੋ ਹਰੇਕ ਗੱਲ 'ਤੇ ਹਾਮੀ ਨਹੀਂ ਭਰਦੇ। ਬੌਸ ਦੀ ਰਾਇ ਨਾਲ ਹਮੇਸ਼ਾ ਇਤਫਾਕ ਨਹੀਂ ਰੱਖਦੇ, ਉਹ ਦਫ਼ਤਰ ਵਿੱਚ ਅਕਸਰ ਹਾਸ਼ੀਏ 'ਤੇ ਪਏ ਰਹਿੰਦੇ ਹਨ।
ਇਹ ਵੀ ਪੜ੍ਹੋ
ਬਾਗ਼ੀ ਹੋਣ ਦੇ ਆਪਣੇ ਲਾਭ
ਹਾਰਵਰਡ ਬਿਜ਼ਨਸ ਸਕੂਲ ਦੀ ਪ੍ਰੋਫੈਸਰ ਫ੍ਰਾਂਸੈਸਕਾ ਗਿਨੋ ਇੱਕ ਨਵਾਂ ਫਾਰਮੂਲਾ ਲੈ ਕੇ ਆਈ ਹੈ। ਉਨ੍ਹਾਂ ਨੇ ਇੱਕ ਕਿਤਾਬ ਲਿਖੀ ਹੈ ਰੀਬਲ ਟੈਲੇਂਟ (Rebel Talent)। ਇਸ ਕਿਤਾਬ ਵਿੱਚ ਫ੍ਰਾਂਸੈਸਕਾ ਨੇ ਤਰਕ ਦਿੱਤਾ ਹੈ ਕਿ ਬਾਗ਼ੀ ਹੋਣ ਦੇ ਆਪਣੇ ਲਾਭ ਹੁੰਦੇ ਹਨ।
ਪੇਸ਼ੇਵਰ ਜ਼ਿੰਦਗੀ ਵਿੱਚ ਕਈ ਵਾਰ ਤੁਹਾਡੇ ਲਈ ਹਾਮੀ ਭਰਨ ਵਾਲੇ ਗਰੁੱਪ ਤੋਂ ਵੱਖ ਦਿਖਣਾ ਬੜੇ ਕੰਮ ਦੀ ਚੀਜ਼ ਹੋ ਸਕਦੀ ਹੈ।
ਫ੍ਰਾਂਸੈਸਕਾ ਦਾ ਕਹਿਣਾ ਹੈ ਕਿ ਜਦੋਂ ਅਸੀਂ ਹਰ ਗੱਲ 'ਤੇ ਹਾਮੀ ਭਰਦੇ ਹਾਂ ਤਾਂ ਸੱਤਾਧਾਰੀ ਜਮਾਤ ਦਾ ਹਿੱਸਾ ਬਣ ਜਾਂਦੇ ਹਾਂ। ਅਜਿਹਾ ਲੱਗਦਾ ਹੈ ਕਿ ਸਾਡੀ ਹਸਤੀ ਨੂੰ ਮਨਜ਼ੂਰੀ ਮਿਲ ਗਈ ਹੈ। ਇਸ ਨਾਲ ਚੰਗਾ ਮਹਿਸੂਸ ਹੁੰਦਾ ਹੈ।
ਇਸ ਦਾ ਦੂਜਾ ਪਹਿਲੂ ਇਹ ਵੀ ਹੈ ਕਿ ਇਸ ਨਾਲ ਬਹੁਤ ਛੇਤੀ ਬੋਰੀਅਤ ਵੀ ਹੋ ਜਾਂਦੀ ਹੈ। ਤੁਸੀਂ ਹੌਲੀ-ਹੌਲੀ ਕੱਟਿਆ ਹੋਇਆ ਜਿਹਾ ਮਹਿਸੂਸ ਕਰਦੇ ਹੋ। ਵਗਦੀ ਹਵਾ ਦੇ ਨਾਲ ਆਪਣਾ ਰੁਖ਼ ਮੋੜਨਾ ਸੌਖਾ ਹੈ। ਪਰ ਇਸ ਨਾਲ ਤੁਹਾਨੂੰ ਸਾਰਾ ਬਨਾਵਟੀ ਲੱਗਣ ਲਗਦਾ ਹੈ।
ਜਮਾਤ ਨਾਲ ਵੱਖ ਹੋ ਕੇ ਕੁਝ ਕਰੋ
ਜੇਕਰ ਤੁਸੀਂ ਇਹ ਸਮਝਦੇ ਹੋ ਕਿ ਤੁਹਾਡੇ ਅੰਦਰ ਹੁਨਰ ਹੈ ਤਾਂ ਬਾਗ਼ੀ ਹੋ ਜਾਓ। ਜੀ-ਹਜ਼ੂਰੀ ਕਰਨ ਵਾਲਿਆਂ ਦੀ ਜਮਾਤ ਤੋਂ ਵੱਖ ਹੋ ਕੇ ਕੁਝ ਕਰੀਏ।
ਫ੍ਰਾਂਸੈਸਕਾ ਸੈਲੇਬ੍ਰਿਟੀ ਨੇ ਸ਼ੇਹ ਮਾਸਿਮੋ ਬੋਤੁਰਾ ਦੀ ਮਿਸਾਲ ਦਿੱਤੀ ਹੈ। ਉਹ ਕਹਿੰਦੀ ਹੈ ਕਿ ਮਾਸਿਮੋ ਜਦੋਂ ਕੰਮ ਕਰਨ ਲਈ ਰੈਸਟੋਰੈਂਟ ਪਹੁੰਚਦੇ ਹਨ ਤਾਂ ਸ਼ੈਫ਼ ਦਾ ਲਿਬਾਸ ਪਹਿਨਣ ਤੋਂ ਬਾਅਦ ਝਾੜੂ ਚੁੱਕਦੇ ਹਨ। ਉਹ ਬਾਹਰ ਨਿਕਲ ਕੇ ਝਾੜੂ ਫੇਰਨ ਲੱਗਦੇ ਹਨ। ਦੇਖਣ ਵਾਲਿਆਂ 'ਤੇ ਇਸ ਦਾ ਡੂੰਘਾ ਮਨੋਵਿਗਿਆਨਕ ਅਸਰ ਪੈਂਦਾ ਹੈ।
ਜੋ ਲੋਕ ਸ਼ੈੱਫ਼ ਬੇਤੁਰਾ ਨੂੰ ਝਾੜੂ ਲਗਉਂਦੇ ਦੇਖਦੇ ਹਨ, ਉਨ੍ਹਾਂ ਦੇ ਜ਼ਿਹਨ ਵਿੱਚ ਦੋ ਸਵਾਲ ਉਠਦੇ ਹਨ। ਪਹਿਲਾ ਤਾਂ ਇਹ ਕਿ ਆਖ਼ਿਰ ਸ਼ੈੱਫ਼ ਛਾੜੂ ਕਿਉਂ ਮਾਰ ਰਹੇ ਹਨ?
ਦੂਜਾ ਸਵਾਲ ਦੇਖਣ ਵਾਲੇ ਖ਼ੁਦ ਨੂੰ ਕਰਦੇ ਹਨ ਕਿ ਜੇਕਰ ਸ਼ੈੱਫ਼ ਸਾਫ-ਸਫਾਈ ਕਰ ਸਕਦਾ ਹੈ ਤਾਂ ਹੋਰ ਕਿਉਂ ਨਹੀਂ ਕਰ ਰਹੇ ਇਹ ਕੰਮ?
ਲੀਹ ਤੋਂ ਹਟ ਕੇ ਤੁਰਨ ਦੇ ਕੁਝ ਲਾਭ ਅਜਿਹੇ ਵੀ ਹਨ
ਫ੍ਰਾਂਸੈਸਕਾ ਕਹਿੰਦੀ ਹੈ ਕਿ ਸ਼ੈਫ਼ ਬੋਤੁਰਾ ਇੱਕ ਬਾਗ਼ੀ ਹੈ। ਬੋਤੁਰਾ ਉਹ ਕੰਮ ਕਰਦੇ ਹਨ, ਜਿਸ ਦੀ ਉਨ੍ਹਾਂ ਕੋਲੋਂ ਆਸ ਨਹੀਂ ਕੀਤੀ ਜਾਂਦੀ। ਉਹ ਇੱਕ ਨਵੇਂ ਹੀ ਰੋਲ ਮਾਡਲ ਬਣ ਕੇ ਆਉਂਦੇ ਹਨ। ਬਹੁਤ ਸਾਰੇ ਲੋਕ ਉਨ੍ਹਾਂ ਦਾ ਸਨਮਾਨ ਕਰਨ ਲੱਗਦੇ ਹਨ।
ਪਈਆਂ ਲੀਹਾਂ 'ਤੇ ਤੁਰਨ ਦੀ ਬਜਾਇ ਸ਼ੈਫ਼ ਦਾ ਝਾੜੂ ਚੁੱਕਣਾ ਇੱਕ ਬਗ਼ਾਵਤ ਹੀ ਹੈ। ਲੀਹ ਤੋਂ ਹਟ ਕੇ ਤੁਰਨ ਦੇ ਅਜਿਹੇ ਕਈ ਲਾਭ ਹਨ।
ਫ੍ਰਾਂਸੈਸਕਾ ਕਹਿੰਦੇ ਹਨ ਕਿ ਅਜਿਹੇ ਬਾਗ਼ੀ ਲੋਕ ਸਭ ਤੋਂ ਵੱਧ ਆਪਣੇ ਅੰਦਰ ਦੇ ਸਵਾਲਾਂ ਨੂੰ, ਉਤਸੁਕਤਾ ਨੂੰ ਤਰਜ਼ੀਹ ਦਿੰਦੇ ਹਨ।
ਉਹ ਜਾਦੂਗਰ ਹੈਰੀ ਹੋਦਿਨੀ ਦੀ ਮਿਸਾਲ ਦਿੰਦੀ ਹੈ। ਬਚਪਨ ਤੋਂ ਜਾਦੂਗਰਾਂ ਦੇ ਕਰਤੱਬ ਦੇਖਣ ਵਾਲੇ ਹੈਰੀ, ਖ਼ੁਦ ਵੀ ਵੱਡੇ ਹੋ ਕੇ ਜਾਦੂਗਰ ਹੀ ਬਣਨਾ ਚਾਹੁੰਦੇ ਸਨ। ਪਰ ਉਹ ਕੁਝ ਵੱਖਰਾ ਕਰਨਾ ਚਾਹੁੰਦੇ ਸਨ।
ਉਨ੍ਹਾਂ ਦੇ ਮਨ ਵਿੱਚ ਬਸ ਇੱਕ ਹੀ ਗੱਲ ਸੀ ਕਿ ਦੇਖਣ ਵਾਲਿਆਂ ਨੂੰ ਆਪਣੇ ਮਾਇਆ ਜਾਲ ਵਿੱਚ ਫਸਾ ਕੇ ਰੱਖਣਾ। ਆਪਣੀ ਵੱਖਰਾ ਕਰਨ ਦੀ ਚਾਹਤ ਦੇ ਕਾਰਨ ਹੀ ਹੈਰੀ ਦੁਨੀਆਂ ਦੇ ਪ੍ਰਸਿੱਧ ਜਾਦੂਗਰ ਬਣੇ।
ਵੱਖਰਾ ਕਰਨ ਬਾਰੇ ਸੋਚੋ
ਜੇਕਰ ਤੁਹਾਡੇ ਅੰਦਰ ਇੱਕ ਬਾਗ਼ੀ ਵਸਦਾ ਹੈ ਤਾਂ ਤੁਸੀਂ ਉਸ ਦੀ ਮਦਦ ਨਾਲ ਹਮੇਸ਼ਾ ਇੱਕ ਨਵਾਂ ਨਜ਼ਰੀਆ ਬਣਾਉਣ ਦੀ ਕੋਸ਼ਿਸ਼ ਕਰੋ। ਲੀਹ 'ਤੇ ਤੁਰਨ ਵਾਲਿਆਂ ਦੀ ਬਜਾਇ ਵੱਖਰਾ ਕਰਨ ਬਾਰੇ ਸੋਚੋ।
ਫ੍ਰਾਂਸੈਸਕਾ ਇਸ ਦੀ ਮਿਸਾਲ ਵਜੋਂ ਕੈਪਟਨ ਸਲੀ ਸਲੈਨਬਰਗ ਦਾ ਨਾਮ ਲੈਂਦੀ ਹੈ। ਸਲੈਨਬਰਗ ਨਿਊਯਾਰਕ ਦੀ ਹਡਸਨ ਨਦੀ ਵਿੱਚ ਜਹਾਜ਼ ਉਤਾਰ ਕੇ ਚਰਚਾ ਵਿੱਚ ਆਏ ਸਨ।
ਜਦੋਂ ਜਹਾਜ਼ ਦਾ ਇੰਜਨ ਫੇਲ੍ਹ ਹੋ ਗਿਆ ਅਤੇ ਹਾਲਾਤ ਬੇਕਾਬੂ ਹੋ ਗਏ ਤਾਂ ਸਲੈਨਬਰਗ ਨੇ ਲੀਹ ਤੋਂ ਹਟ ਕੇ ਕੀਤਾ ਤੇ ਜਹਾਜ਼ ਨੂੰ ਪਾਣੀ ਵਿੱਚ ਉਤਾਰ ਦਿੱਤਾ।
ਚਿੰਤਾ ਅਤੇ ਤਣਾਅ ਦੇ ਮਾਹੌਲ ਵਿੱਚ ਵੀ ਕੈਪਟਨ ਸਲੈਨਬਰਗ ਨੇ ਆਪਣੇ ਅੰਦਰ ਦੇ ਬਾਗ਼ੀ ਕੋਲੋਂ ਕੰਮ ਲਿਆ ਅਤੇ ਉਹ ਕੀਤਾ ਜੋ ਆਮ ਤੌਰ 'ਤੇ ਕੋਈ ਪਾਇਲਟ ਨਹੀਂ ਕਰਦਾ ਅਤੇ ਵੱਖਰਾ ਕਰਨ ਕਰਕੇ ਹੀ ਕੈਪਟਨ ਸਲੈਨਬਰਗ ਜਹਾਜ਼ ਵਿੱਚ ਬੈਠੇ 155 ਮੁਸਾਫ਼ਿਰਾਂ ਦੀ ਜਾਨ ਬਚਾਉਣ ਵਿੱਚ ਸਫ਼ਲ ਰਹੇ।
ਬਾਗ਼ੀਆਂ ਬਾਰੇ ਅਕਸਰ ਇਹ ਸੋਚ ਰਹਿੰਦੀ ਹੈ ਕਿ ਉਹ ਦਫ਼ਤਰ ਦੇ ਕੰਮ-ਕਾਜ਼ ਅਤੇ ਮਾਹੌਲ ਲਈ ਠੀਕ ਨਹੀਂ ਹੈ। ਪਰ ਫ੍ਰਾਂਸੈਸਕਾ ਕਹਿੰਦੀ ਹੈ ਕਿ ਬਾਗ਼ੀਆਂ ਦੀ ਮੌਜੂਦਗੀ ਦਫ਼ਤਰ ਨੂੰ ਜ਼ਿੰਦਾਦਿਲ ਬਣਾਉਂਦੀ ਹੈ। ਉਨ੍ਹਾਂ ਦੀ ਬੇਬਾਕੀ ਦੂਜਿਆਂ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਵਿੱਚ ਉਤਸ਼ਾਹ ਭਰਦੀ ਹੈ।
ਤਾਂ, ਦਫ਼ਤਰ ਵਿੱਚ ਜੇਕਰ ਤੁਸੀਂ ਵੀ ਹੁਣ ਤੱਕ ਜੀ-ਹਜ਼ੂਰੀ ਗੈਂਗ ਵਿੱਚ ਰਹੇ ਹੋ ਤਾਂ ਸ਼ਾਇਦ ਇਹ ਬਿਲਕੁਲ ਸਹੀ ਵੇਲਾ ਹੈ ਖ਼ੁਦ ਨੂੰ ਬਾਗ਼ੀ ਬਣਾ ਕੇ ਭੀੜ 'ਚੋਂ ਵੱਖਰੇ ਹੋਣ ਦਾ।