ਬਿਹਾਰੀ ਡਾਕਟਰ ਜੋ ਰੂਸ 'ਚ ਬਣਿਆ ਵਲਾਦੀਮਿਰ ਪੁਤਿਨ ਦਾ ਵਿਧਾਇਕ

    • ਲੇਖਕ, ਨਿਤਿਨ ਸ੍ਰੀਵਾਸਤਵ
    • ਰੋਲ, ਬੀਬੀਸੀ ਪੱਤਰਕਾਰ, ਮਾਸਕੋ ਤੋਂ

ਕੀ ਤੁਸੀਂ ਜਾਣਦੇ ਹੋ ਕਿ ਭਾਰਤੀ ਮੂਲ ਦੇ ਇੱਕ ਸ਼ਖਸ ਨੇ ਪਿਛਲੀਆਂ ਰੂਸੀ ਚੋਣਾਂ ਦੌਰਾਨ ਜਿੱਤ ਹਾਸਿਲ ਕੀਤੀ ਹੈ?

ਬਿਹਾਰ ਦੀ ਰਾਜਧਾਨੀ ਪਟਨਾ ਦੇ ਰਹਿਣ ਵਾਲੇ ਅਭੇ ਕੁਮਾਰ ਸਿੰਘ ਰੂਸੀ ਸੂਬੇ ਕੁਸਰਕ ਦੀ ਸਰਕਾਰ ਵਿੱਚ ਡੇਪਿਊਤਾਤ ਹਨ।

ਜਿਵੇਂ ਭਾਰਤ ਵਿੱਚ ਵਿਧਾਇਕ ਜਾਂ ਐਮਐਲਏ ਹੁੰਦੇ ਹਨ, ਓਵੇਂ ਹੀ ਰੂਸੀ ਵਿੱਚ ਡੈਪਿਊਤਾਤ ਹੁੰਦੇ ਹਨ।

ਭਾਰਤੀ ਮੀਡੀਆ ਵਿੱਚ ਪਹਿਲੀ ਵਾਰ

ਖਾਸ ਗੱਲ ਇਹ ਹੈ ਕਿ ਅਭੇ ਕੁਮਾਰ ਸਿੰਘ ਨੇ ਵਲਾਦੀਮੀਰ ਪੁਤਿਨ ਦੀ ਪਾਰਟੀ 'ਯੁਨਾਈਟੇਡ ਰਸ਼ਾ' ਦੀ ਟਿਕਟ 'ਤੇ ਚੋਣ ਜਿੱਤੀ ਹੈ।

ਅਭੇ ਸਿੰਘ ਨੇ ਦੱਸਿਆ, ''ਮੈਂ ਰਾਸ਼ਟਰਪਤੀ ਪੁਤਿਨ ਤੋਂ ਬੇਹੱਦ ਪ੍ਰਭਾਵਿਤ ਸੀ, ਇਸਲਈ ਰਾਜਨੀਤੀ ਵਿੱਚ ਜਾਣ ਦਾ ਫੈਸਲਾ ਲਿਆ।''

ਉਨ੍ਹਾਂ ਕਿਹਾ, ''ਭਾਰਤੀ ਜਾਂ ਕੌਮਾਂਤਰੀ ਮੀਡੀਆ ਨਾਲ ਇਹ ਮੇਰਾ ਪਹਿਲਾ ਇੰਟਰਵਿਊ ਹੈ ਅਤੇ ਖੁਸ਼ੀ ਹੈ ਕਿ ਗੱਲਬਾਤ ਬੀਬੀਸੀ ਨਾਲ ਹੋਈ।''

'ਯੁਨਾਈਟੇਡ ਰਸ਼ਾ' ਰੂਸ ਦੀ ਸੱਤਾਧਾਰੀ ਪਾਰਟੀ ਹੈ ਜਿਸਨੇ ਹਾਲ ਹੀ 'ਚ ਹੋਏ ਆਮ ਚੋਣਾਂ ਵਿੱਚ ਦੇਸ਼ ਦੀ ਸੰਸਦ ਨੂੰ 75 ਫੀਸਦ ਸਾਂਸਦ ਦਿੱਤੇ। ਪੁਤਿਨ ਪਿੱਛਲੇ 18 ਸਾਲਾਂ ਤੋਂ ਸੱਤਾ ਵਿੱਚ ਹਨ।

ਇਨ੍ਹਾਂ ਚੋਣਾਂ ਤੋਂ ਕੁਝ ਹੀ ਮਹੀਨੇ ਪਹਿਲਾਂ ਅਕਤੂਬਰ, 2017 ਵਿੱਚ ਅਭੇ ਵਲਾਦੀਮੀਰ ਪੁਤਿਨ ਦੀ ਪਾਰਟੀ ਦੇ ਉਮੀਦਵਾਰ ਬਣੇ ਸਨ ਅਤੇ ਕਸਰਕ ਵਿਧਾਨਸਭਾ ਚੋਣ ਜਿੱਤੀ ਸੀ।

ਬਿਹਾਰ ਨਾਲ ਰਿਸ਼ਤਾ ਬਰਕਰਾਰ

ਉਨ੍ਹਾਂ ਦੱਸਿਆ, ''ਮੈਂ ਪਟਨਾ ਵਿੱਚ ਪੈਦਾ ਹੋਇਆ ਸੀ ਅਤੇ ਲਾਯੋਲਾ ਸਕੂਲ ਵਿੱਚ ਪੜ੍ਹਿਆ। 1991 ਵਿੱਚ ਮੈਡੀਕਲ ਦੀ ਪੜ੍ਹਾਈ ਲਈ ਮੈਂ ਕੁਝ ਦੋਸਤਾਂ ਨਾਲ ਰੂਸ ਆਇਆ ਸੀ।''

ਅਭੇ ਮੁਤਾਬਕ ਕਾਫੀ ਮਿਹਨਤ ਤੋਂ ਬਾਅਦ ਉਹ ਪੜ੍ਹਾਈ ਪੂਰੀ ਕਰਕੇ ਪਟਨਾ ਪਰਤੇ ਅਤੇ ਪ੍ਰੈਕਟਿਸ ਕਰਨ ਲਈ ਰੈਜਿਸਟ੍ਰੇਸ਼ਨ ਵੀ ਕਰਾ ਲਈ ਸੀ।

ਉਨ੍ਹਾਂ ਅੱਗੇ ਦੱਸਿਆ, ''ਪਰ ਲੱਗਦਾ ਹੈ ਕਿ ਰੱਬ ਨੇ ਰੂਸ ਵਿੱਚ ਹੀ ਮੇਰਾ ਕਰੀਅਰ ਲਿਖਿਆ ਸੀ। ਮੈਂ ਭਾਰਤ ਤੋਂ ਵਾਪਸ ਰੂਸ ਆ ਗਿਆ ਅਤੇ ਕੁਝ ਲੋਕਾਂ ਨਾਲ ਮਿਲਕੇ ਦਵਾਈ ਦਾ ਬਿਜ਼ਨਸ ਸ਼ੁਰੂ ਕੀਤਾ।''

ਉਹ ਆਪਣੇ ਨਿਜੀ ਜਾਂ ਪਰਿਵਾਰਕ ਜੀਵਨ ਬਾਰੇ ਕੁਝ ਦੱਸਣਾ ਨਹੀਂ ਚਾਹੁੰਦੇ।

ਇੰਨਾ ਹੀ ਕਹਿੰਦੇ ਹਨ ਕਿ ਬਿਹਾਰ ਨਾਲ ਉਨ੍ਹਾਂ ਦਾ ਰਿਸ਼ਤਾ ਅਜੇ ਵੀ ਕਾਇਮ ਹੈ।

ਉਨ੍ਹਾਂ ਦੱਸਿਆ, ''ਸ਼ੁਰੂਆਤ ਵਿੱਚ ਬਿਜ਼ਨਸ ਕਰਨ ਵਿੱਚ ਕਾਫੀ ਦਿੱਕਤ ਹੁੰਦੀ ਸੀ ਕਿਉਂਕਿ ਮੈਂ ਗੋਰਾ ਨਹੀਂ ਸੀ, ਪਰ ਅਸੀਂ ਵੀ ਤੈਅ ਕੀਤਾ ਹੋਇਆ ਸੀ ਕਿ ਅੜੇ ਰਹਾਂਗੇ।''

ਖੁਦ 'ਤੇ ਮਾਣ

ਹੌਲੀ ਹੌਲੀ ਅਭੇ ਨੇ ਰੂਸ ਵਿੱਚ ਪੈਰ ਜਮਾ ਲਏ। ਫਾਰਮਾ ਤੋਂ ਬਾਅਦ ਅਭੇ ਨੇ ਰਿਅਲ ਅਸਟੇਟ ਦਾ ਕਾਰੋਬਾਰ ਕੀਤਾ ਅਤੇ ਉਨ੍ਹਾਂ ਮੁਤਾਬਕ, ਅੱਜ ਉਨ੍ਹਾਂ ਕੋਲ੍ਹ ਕੁੱਝ ਸ਼ਾਪਿੰਗ ਮਾਲ ਵੀ ਹਨ।

ਅਭੇ ਨੂੰ ਇਸ ਗੱਲ 'ਤੇ ਮਾਣ ਹੈ ਕਿ ਭਾਰਤੀ ਹੋਣ ਦੇ ਬਾਵਜੂਦ ਉਹ ਰੂਸ ਵਿੱਚ ਚੋਣ ਜਿੱਤੇ।

ਉਨ੍ਹਾਂ ਦੱਸਿਆ ਕਿ ਸਮਾਂ ਮਿਲਣ 'ਤੇ ਉਹ ਅੱਜ ਵੀ ਬਿਹਾਰ ਜਾਣ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਸਾਰੇ ਦੋਸਤ ਅਤੇ ਰਿਸ਼ਤੇਦਾਰ ਤਾਂ ਪਟਨਾ ਵਿੱਚ ਹੀ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)