ਫ਼ਰਾਂਸ ਸ਼ੂਟਿੰਗ: ਜਦੋਂ ਕੁੜੀ ਨੂੰ ਬਚਾਉਣ ਲਈ ਇਸ ਅਫ਼ਸਰ ਨੇ ਦਿੱਤੀ ਜਾਨ

ਫ਼ਰਾਂਸ ਦੇ ਰਾਸ਼ਟਰਪਤੀ ਏਮੈਨੁਇਲ ਮੈਕਰੋਨ ਮੁਤਾਬਕ ਸੁਪਰਮਾਰਕਿਟ ਵਿੱਚ ਇੱਕ ਬੰਧਕ ਦੇ ਬਦਲੇ ਖ਼ੁਦ ਨੂੰ ਪੇਸ਼ ਕਰਨ ਵਾਲੇ ਪੁਲਿਸ ਅਫ਼ਸਰ ਦੀ ਮੌਤ ਹੋ ਗਈ ਹੈ।

ਲੈਫਟੀਨੈਟ ਕਰਨਲ ਐਰਨੌਡ ਬੈਲਟਰੈਮ ਨੇ ਬੰਦੂਕਧਾਰੀ ਵੱਲੋਂ ਗੋਲੀਬਾਰੀ ਰੋਕਣ 'ਚ ਮਦਦ ਕੀਤੀ ਸੀ।

ਸ਼ੁੱਕਰਵਾਰ ਨੂੰ ਦੱਖਣੀ ਫਰਾਂਸ ਦੇ ਟੈਰੀਬਜ਼ ਸ਼ਹਿਰ ਵਿੱਚ ਹੋਈ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਬੰਦੂਕਧਾਰੀ ਨੂੰ ਪੁਲਿਸ ਨੇ ਮਾਰ ਦਿੱਤਾ ਸੀ।

25 ਸਾਲਾਂ ਬੰਦੂਕਧਾਰੀ ਰੈਡੂਏਨ ਲੈਕਡਿਮ ਦਾ ਦਾਅਵਾ ਸੀ ਕਿ ਉਸ ਨੇ ਇਸਲਾਮਿਕ ਸਟੇਟ ਗਰੁੱਪ (ਆਈਐੱਸ) ਦੇ ਕਹਿਣ 'ਤੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ।

ਫ਼ਰਾਂਸ ਦੇ ਅੰਦਰੂਣੀ ਮਾਮਲਿਆਂ ਦੇ ਮੰਤਰੀ ਗੇਰਾਰਡ ਕੋਲੰਬ ਅਨੁਸਾਰ ਪੁਲਿਸ ਨੇ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਸੀ ਪਰ ਇੱਕ ਕੁੜੀ ਨੂੰ ਹਮਲਾਵਰ ਨੇ ਬੰਦੀ ਬਣਾਇਆ ਹੋਇਆ ਸੀ।

ਉਨ੍ਹਾਂ ਦੱਸਿਆ ਕਿ ਪੁਲਿਸ ਅਫਸਰ ਨੇ ਖੁਦ ਨੂੰ ਆਪਣੀ ਮਰਜ਼ੀ ਨਾਲ ਹਮਲਾਵਰ ਦੇ ਹਵਾਲੇ ਕਰ ਦਿੱਤਾ।

ਉਸ ਨੇ ਆਪਣੇ ਫੋਨ ਨੂੰ ਡਾਇਲ ਕਰ ਕੇ ਟੇਬਲ ਤੇ ਰੱਖ ਦਿੱਤਾ ਤਾਂ ਜੋ ਪੁਲਿਸ ਨੂੰ ਅਹਿਮ ਜਾਣਕਾਰੀ ਮਿਲ ਸਕੇ।

ਜਦੋਂ ਪੁਲਿਸ ਨੇ ਗੋਲੀ ਦੀ ਆਵਾਜ਼ ਸੁਣੀ ਤਾਂ ਇੱਕ ਟੀਮ ਸੁਪਰਮਾਰਕਿਟ ਵਿੱਚ ਵੜੀ।

ਬੰਦੂਕਧਾਰੀ ਹਮਲਾਵਰ ਮਾਰਿਆ ਗਿਆ ਸੀ ਪਰ ਐਰਨੌਡ ਬੈਲਟਰੈਮ ਬੁਰੇ ਤਰੀਕੇ ਨਾਲ ਜ਼ਖਮੀ ਹੋ ਗਿਆ ਸੀ।

ਰਾਸ਼ਟਰਪਤੀ ਮੈਕਰੌਨ ਨੇ ਐਰਨੌਡ ਬੈਲਟਰੈਮ ਦੀ ਸਿਫਤ ਕਰਦੇ ਹੋਏ ਕਿਹਾ, ''ਉਸ ਨੇ ਜ਼ਿੰਦਗੀਆਂ ਬਚਾਈਆਂ ਹਨ ਅਤੇ ਆਪਣੇ ਸਾਥੀਆਂ ਤੇ ਦੇਸ ਦਾ ਮਾਣ ਰੱਖਿਆ ਹੈ।''

ਹਮਲਾਵਰ ਦਾ ਕਹਿਣਾ ਸੀ ਕਿ ਉਹ 13 ਨਵੰਬਰ 2015 ਨੂੰ ਹੋਏ ਪੈਰਿਸ ਹਮਲੇ ਦੇ ਸ਼ੱਕੀ ਸਾਲਾਹ ਐਬਡੇਸਲਮ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਇਸ ਹਮਲੇ ਵਿੱਚ 130 ਲੋਕਾਂ ਦੀ ਮੌਤ ਹੋ ਗਈ ਸੀ।

ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਨੂੰ ਬੰਦੂਕਧਾਰੀ ਹਲਮਾਵਰ ਨਾਲ ਸਬੰਧਤ ਹੋਣ ਦੇ ਸ਼ੱਕ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਕਿਵੇਂ ਹੋਈ ਹਮਲੇ ਦੀ ਸ਼ੁਰੂਆਤ

ਗੋਲੀਬਾਰੀ ਦੀ ਸ਼ੁਰੂਆਤ ਟ੍ਰੇਬੇਸ ਦੇ ਨੇੜੇ ਕਾਰਕਾਸੋਨ ਤੋਂ ਹੋਈ ਸੀ ਜਿੱਥੇ ਹਮਲਾਵਰ ਨੇ ਇੱਕ ਕਾਰ ਖੋਹੀ ਅਤੇ ਉਸ ਨੇ ਕਾਰ ਵਿੱਚ ਸਵਾਰ ਵਿਅਕਤੀ ਦਾ ਕਤਲ ਕਰ ਦਿੱਤਾ ਤੇ ਡਰਾਈਵਰ ਨੂੰ ਜ਼ਖਮੀ ਕਰ ਦਿੱਤਾ।

ਇਸ ਤੋਂ ਬਾਅਦ ਕਾਰਕਾਸੋਨ ਵਿੱਚ ਉਸ ਨੇ ਸਾਥੀਆਂ ਨਾਲ ਜੌਗਿੰਗ ਕਰ ਰਹੇ ਪੁਲਿਸ ਜਵਾਨ ਨੂੰ ਗੋਲੀ ਨਾਲ ਜ਼ਖਮੀ ਕਰ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)