ਇਸ ਲਈ ਪਾਕਿਸਤਾਨ ਚੋਣਾਂ 'ਚ ਖੜ੍ਹੇ ਹੁੰਦੇ ਹਨ ਘੋੜੇ: ਬਲਾਗ

ਪਾਕਿਸਤਾਨੀ ਚੋਣਾਂ

ਤਸਵੀਰ ਸਰੋਤ, Getty Images

    • ਲੇਖਕ, ਵੁਸਤੁੱਲਾਹ ਖ਼ਾਨ
    • ਰੋਲ, ਸੀਨੀਅਰ ਪੱਤਰਕਾਰ, ਪਾਕਿਸਤਾਨ ਤੋਂ ਬੀਬੀਸੀ ਪੰਜਾਬੀ ਲਈ

ਪਾਕਿਸਤਾਨ ਵਿੱਚ ਆਮ ਚੋਣਾਂ 25 ਜੁਲਾਈ ਨੂੰ ਹੋਣਗੀਆਂ ਪਰ ਚੋਣਾਂ ਦੀ ਤਰੀਕ ਐਲਾਨੇ ਜਾਣ ਤੋਂ ਪਹਿਲਾਂ ਹੀ ਘੋੜਾ ਮੰਡੀ ਸਜ ਗਈ ਹੈ।

ਜਿੱਥੇ ਘੋੜਿਆਂ ਦੇ ਵੰਸ਼ ਦੀ ਜਾਂਚ ਕੀਤੀ ਜਾ ਰਹੀ ਹੈ, ਭਾਰ ਤੋਲਿਆ ਜਾ ਰਿਹਾ ਹੈ, ਉਨ੍ਹਾਂ ਦੀ ਆਵਾਜ਼ 'ਚ ਗਰਜ ਨਾਪੀ ਜਾ ਰਹੀ ਹੈ ਅਤੇ ਇਹ ਦੇਖਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਕਿੰਨੀਆਂ ਚੋਣਾਵੀਂ ਰੇਸਾਂ 'ਚ ਪਹਿਲੇ, ਦੂਜੇ, ਤੀਜੇ ਨੰਬਰ 'ਤੇ ਆਇਆ ਹੈ।

ਇਸ ਤੋਂ ਬਾਅਦ ਪਾਰਟੀ ਨੇਤਾ ਦੇ ਨਾਲ ਘੋੜੇ ਦੀ ਤਸਵੀਰ ਖਿੱਚੀ ਜਾਂਦੀ ਹੈ ਅਤੇ ਫੇਰ ਰੇਸ ਦੀ ਸੂਚੀ 'ਚ ਨਾਮ ਦਰਜ ਕੀਤਾ ਜਾਂਦਾ ਹੈ।

ਪਾਕਿਸਤਾਨੀ ਚੋਣਾਂ

ਤਸਵੀਰ ਸਰੋਤ, Getty Images

ਕਿਉਂਕਿ ਅਗਲੀ ਰੇਸ ਹਰ ਕੀਮਤ 'ਤੇ ਜਿੱਤਣੀ ਹੈ ਇਸ ਲਈ ਇਹ ਦੇਖਣ ਲਈ ਕਿਸੇ ਪਾਰਟੀ ਦੇ ਕੋਲ ਸਮਾਂ ਨਹੀਂ ਹੈ ਕਿ ਕਿਤੇ ਉਸ ਦੇ ਖੁਰਾਂ ਨਾਲ ਕੋਈ ਬੰਦਾ ਤਾਂ ਨਹੀਂ ਕੁਚਲਿਆ ਗਿਆ, ਕਿਤੇ ਉਸ ਨੂੰ ਜਾਂ ਉਸ ਦੇ ਪੁਰਖਿਆਂ ਨੂੰ ਕਿਸੇ ਨੇ ਗੱਡੀ ਜਾਂ ਟਾਂਗੇ ਨਾਲ ਨਹੀਂ ਜੋਤਿਆ, ਕਦੇ ਇਹ ਘੋੜਾ, ਬਦਮਾਸ਼, ਲੁੱਚਾ ਜਾਂ ਰੇਪਿਸਟ ਨੂੰ ਸਵਾਰੀ ਤਾਂ ਨਹੀਂ ਬਣਾ ਰਿਹਾ, ਮਾਲਕ ਨੂੰ ਕਦੇ ਅੱਧ ਵਿਚਕਾਰ ਸੁੱਟ ਕੇ ਤਾਂ ਨਹੀਂ ਭੱਜ ਗਿਆ।

ਬਸ, ਆਓ ਪਛਾਣ ਕਰਾਓ ਅਤੇ ਚੋਣ ਤਬੇਲੇ 'ਚ ਦਾਖ਼ਲ ਹੋ ਜਾਓ, ਅਜੀਬ ਲੋਕਤੰਤਰ ਹੈ ਜਿਸ ਵਿੱਚ ਵੋਟਰ ਇਨਸਾਨ ਹਨ ਚੋਣਾਂ ਘੋੜੇ ਲੜ ਰਹੇ ਹਨ।

ਚੋਣਾਂ ਦੀ ਦੌੜ ਵਿੱਚ ਹਜ਼ਾਰਾਂ ਘੋੜੇ ਭਾਗ ਲੈਣਗੇ ਪਰ ਕਰੀਬ 1100 ਹੀ ਜਿੱਤ ਦੀ ਸਹੁੰ ਚੁੱਕਣਗੇ ਕਿ ਉਹ ਨਵੇਂ ਮਾਲਕ ਲਈ ਵਫ਼ਾਦਾਰ ਰਹਿਣਗੇ।

ਸਾਈਜ਼ ਕੋਈ ਵੀ ਹੋਵੇ ਇਹ ਜ਼ਿਆਦਾ ਚੂੰ-ਚੈਅ ਨਹੀਂ ਕਰਨਗੇ। ਬੇਸ਼ੱਕ ਮਾਲਕ ਉਨ੍ਹਾਂ ਨੂੰ ਗੱਡੀ 'ਚ ਜੋਤਣ, ਰੇਸ 'ਚ ਭੇਜਣ, ਆਪਣੀ ਸਵਾਰੀ ਲਈ ਰੱਖਣ ਜਾਂ ਕਿਸੇ ਨੂੰ ਕਿਰਾਏ 'ਤੇ ਦੇ ਦੇਣ। ਕਿਸੇ ਗੱਲ 'ਤੇ ਬੁਰਾ ਮੰਨ ਕੇ ਅਗਲੀਆਂ ਦੋਵੇਂ ਲੱਤਾਂ 'ਤੇ ਖੜ੍ਹੇ ਹੋ ਕੇ ਵਿਰੋਧ ਨਹੀਂ ਕਰਨਗੇ।

ਬਦਲੇ 'ਚ ਦੋ ਵੇਲੇ ਤਾਜ਼ਾ ਹਰੀ-ਹਰੀ ਘਾਹ, ਆਲਾ-ਚੋਕਰ ਅਤੇ ਖਲ, ਰੋਜ਼ਾਨਾ ਮਾਲਿਸ਼ ਤੇ ਸਵੇਰੇ-ਸ਼ਾਮ ਦੀ ਸੈਰ। ਜਿਸ ਘੋੜੇ ਨੇ ਟੇਢਾ ਸਵਾਲ ਪੁੱਛਿਆ ਜਾਂ ਇਨਕਾਰ 'ਚ ਗਰਦਨ ਹਿਲਾਈ ਉਸ ਨੂੰ ਕਿਸੇ ਕੋਚਵਾਨ ਦੇ ਹਵਾਲੇ ਕੀਤਾ ਜਾ ਸਕਦਾ ਹੈ। ਫੇਰ ਭਾਵੇਂ ਉਹ ਗੋਲੀ ਮਾਰੇ, ਟਾਂਗੇ 'ਚ ਜੋਤੇ ਤਾਂ ਜੰਗਲ 'ਚ ਛੱਡ ਦੇਵੇ।

ਪਰ ਚੋਣਾਂ 'ਚ ਬਸ ਘੋੜੇ ਨੂੰ ਹੀ ਖੜ੍ਹੇ ਹੋਣ ਦੀ ਇਜ਼ਾਜਤ ਕਿਉਂ ਹੈ?

ਇਸ ਲਈ ਹੈ ਕਿਉਂਕਿ ਘੋੜਾ ਮਾਲਕ ਇਨਸਾਨ ਨਾਲੋਂ ਵਧੇਰੇ ਵਫ਼ਾਦਾਰ ਹੁੰਦਾ ਹੈ।

ਪਰ ਮਾਲਕ ਦਾ ਵਫ਼ਾਦਾਰ ਤਾਂ ਕੁੱਤਾ ਵੀ ਹੁੰਦਾ ਹੈ?

ਹਾਂ, ਹੁੰਦਾ ਹੈ, ਪਰ ਕੁੱਤੇ ਚੋਣਾਂ ਇਸ ਨਹੀਂ ਲੜ ਸਕਦੇ ਕਿਉਂਕਿ ਉਨ੍ਹਾਂ 'ਤੇ ਸਵਾਰੀ ਨਹੀਂ ਕੀਤੀ ਜਾ ਸਕਦੀ।

ਆਮ ਚੋਣਾਂ ਵਿੱਚ ਕੀ ਆਮ ਆਦਮੀ ਵੀ ਖੜ੍ਹਾ ਹੋ ਸਕਦਾ ਹੈ?

ਹਾ, ਬਿਲਕੁਲ ਹੋ ਸਕਦਾ ਹੈ ਜੇ ਉਹ ਆਪਣੇ ਘੋੜੇ ਹੋਣ ਦਾ ਸਰਟੀਫਿਕੇਟ ਲੈ ਆਵੇ।

ਕੋਈ ਹੋਰ ਸਵਾਲ?

ਨਹੀਂ ਜੀ।

ਠੀਕ ਹੈ, ਤਾਂ ਫੇਰ ਜਾਓ ਚੋਣਾਂ ਦੇ ਦਿਨ ਵੋਟ ਦੇਣ ਜ਼ਰੂਰ ਆ ਜਾਣਾ, ਫੇਰ ਪਤਾ ਨਹੀਂ ਕਦੋਂ ਤੁਹਾਨੂੰ ਮੌਕਾ ਮਿਲੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)