ਡਾਇਟ ਲੌਲੀਪੌਪ ਨੇ ਕਿਮ ਕਰਦਾਸ਼ੀਆਂ ਲਈ ਸਹੇੜਿਆ ਵਿਵਾਦ

ਤਸਵੀਰ ਸਰੋਤ, Getty Images
ਕਿਮ ਕਰਦਾਸ਼ੀਆਂ ਨੂੰ ਡਾਇਟਿੰਗ ਲੌਲੀਪੌਪ ਦਾ ਇਸ਼ਤਿਹਾਰ ਕਰਨ ਲਈ 'ਜ਼ਹਿਰੀ ਪ੍ਰਭਾਵ' ਹੇਠ ਆਉਣ ਦਾ ਤਾਅਨਾ ਮਾਰਿਆ ਗਿਆ ਹੈ।
ਅਮਰੀਕੀ ਟੀਵੀ ਰਿਐਲਟੀ ਸਟਾਰ ਨੇ ਲੌਲੀਪੌਪ ਚੂਸਦਿਆਂ ਆਪਣੀ ਇੱਕ ਫੋਟੋ ਸ਼ੇਅਰ ਕੀਤੀ ਹੈ। ਇੰਸਟਾਗ੍ਰਾਮ ਉੱਤੇ ਪਾਈ ਫੋਟੋ ਨਾਲ ਲਿਖਿਆ ਹੈ, ਚਰਬੀ ਘਟਾਉਣ ਵਾਲਾ ਉਤਪਾਦ।
ਐਕਸ ਰੇਡੀਓ 1 ਦੀ ਪੇਸ਼ਕਰਤਾ ਜਮੀਲਾ ਜਮੀਲ ਜਿਹੜੀ ਸਰੀਰਕ ਸਾਕਾਰਾਤਮਕਤਾ ਬਾਰੇ ਮੁਹਿੰਮ ਚਲਾਉਂਦੀ ਹੈ, ਨੇ ਇਸ ਨੂੰ ਨੌਜਵਾਨ ਕੁੜੀਆਂ ਲਈ ਖਤਕਨਾਕ ਤੇ ਜ਼ਹਿਰੀ ਕਰਾਰ ਦਿੱਤਾ ਹੈ।
ਨਿਊਜ਼ਬੀਟ ਨੇ ਇਸ ਮਾਮਲੇ ਉੱਤੇ ਪ੍ਰਤੀਕਰਮ ਲੈਣ ਲਈ ਕਿਮ ਦੇ ਨੁਮਾਇੰਦੇ ਨਾਲ ਸੰਪਰਕ ਕੀਤਾ ਹੈ।

ਤਸਵੀਰ ਸਰੋਤ, kimkardashuan
ਜਮੀਲਾ ਨੇ ਆਪਣੇ ਟਵੀਟਰ ਅਕਾਊਂਟ ਉੱਤੇ ਲਿਖਿਆ ਹੈ, 'ਇਹ ਚਰਬੀ ਘਟਾਉਣ ਵਾਲਾ ਉਤਪਾਦ ਖਾਣ ਦੀ ਲੋੜ ਨਹੀਂ, ਆਪਣੇ ਦਿਲ ਤੇ ਦਿਮਾਗ ਨੂੰ ਊਰਜਾ ਭਰਪੂਰ ਰੱਖਣ ਲਈ ਖੁੱਲ ਕੇ ਖਾਓ ਅਤੇ ਸਫ਼ਲਤਾ ਲਈ ਸਖ਼ਤ ਮਿਹਨਤ ਕਰੋ'।
ਜਮੀਲਾ ਇੱਕ ਅਜਿਹਾ ਸੰਗਠਨ ਚਲਾਉਂਦੀ ਹੈ ਜਿਹੜਾ ਲੋਕਾਂ ਵਿੱਚ ਆਪਣੀ ਦਿੱਖ ਅਤੇ ਭਾਰ ਤੋਂ ਧਿਆਨ ਹਟਾ ਕੇ ਆਪਣੀਆਂ ਪ੍ਰਾਪਤੀਆਂ ਉੱਤੇ ਧਿਆਨ ਦੇਣ ਲਈ ਜਾਗਰੂਕ ਕਰਦਾ ਹੈ।
ਨਿਊਜ਼ਬੀਟ ਨਾਲ ਕੁਝ ਸਮਾਂ ਪਹਿਲਾਂ ਗੱਲਬਾਤ ਵਿੱਚ ਜਾਮੀਲਾ ਨੇ ਆਪਣੇ ਆਪ ਨੂੰ ਸਰੀਰਕ ਸਾਕਾਰਾਤਮਕਤਾ ਦੀ ਯੋਧਾ ਕਿਹਾ ਸੀ।
ਕਿਮ ਨੇ ਜਿਸ ਉਤਪਾਤ ਦੀ ਮਸ਼ਹੂਰੀ ਕੀਤੀ ਹੈ, ਉਹ ਡਾਇਟ ਉਤਪਾਦ ਤਿਆਰ ਕਰਨ ਵਾਲੀ ਕੰਪਨੀ ਦਾ ਹੈ।

ਤਸਵੀਰ ਸਰੋਤ, Jameela jamia/ Twitter
ਕੰਪਨੀ ਦੀ ਵੈੱਬਸਾਇਟ ਉੱਤੇ ਲੌਲੀਪੌਪ ਬਾਰੇ ਲਿਖਿਆ ਗਿਆ ਹੈ ਕਿ ਇਹ ਉਤਪਾਦ ਖਾਣ ਦੇ ਸੌਂਕੀਨਾਂ ਲਈ ਹੈ।
ਭਾਵੇਂ ਕਿ ਕੰਪਨੀ ਨੇ ਇਹ ਵੀ ਸਾਫ਼ ਕੀਤਾ ਹੈ ਕਿ ਇਸ ਉਤਪਾਦ ਨੂੰ ਭੋਜਨ ਤੇ ਦਵਾਈ ਪ੍ਰਸਾਸ਼ਨ ਦੀ ਹਰੀ ਝੰਡੀ ਨਹੀਂ ਦਿੱਤੀ ਗਈ ਹੈ।
ਇਸ ਕੰਪਨੀ ਦੇ ਸੋਸ਼ਲ ਮੀਡੀਆ ਇਸ਼ਤਿਹਾਰਾਂ ਉੱਤੇ ਯੂਕੇ ਵਿੱਚ ਪਾਬੰਦੀ ਵੀ ਹੈ। ਪਿਛਲੇ ਸਾਲ ਸਤੰਬਰ ਵਿੱਚ ਚਾਹ ਨਾਲ ਸਬੰਧਤ ਇਸ਼ਤਿਹਾਰ ਨੂੰ ਸੋਸ਼ਲ ਮੀਡੀਆ ਤੋਂ ਉਤਾਰਨ ਲਈ ਕਿਹਾ ਸੀ।ਇਸ਼ਤਿਹਾਰ ਸਟੈਂਡਰਡ ਏਜੰਸੀ ਨੇ ਇਸਨੂੰ ਮਾਪਦੰਡਾਂ ਉੱਤੇ ਖਰ੍ਹਾ ਨਾ ਉਤਰਨ ਵਾਲਾ ਉਤਪਾਦ ਕਿਹਾ ਸੀ।
ਇਸੇ ਤਰ੍ਹਾਂ ਅਪ੍ਰੈਲ 2017 ਵਿੱਚ ਵੀ ਇਸ ਉਤਪਾਦ ਦਾ ਇਸ਼ਤਿਹਾਰ ਹਟਵਾਇਆ ਗਿਆ ਸੀ।












