ਯੇਰੋਸ਼ਲਮ ’ਚ ਅਮਰੀਕੀ ਸਫ਼ਾਰਤਖਾਨਾ ਸ਼ਾਂਤੀ ਵੱਲ ਕਦਮ ਕਿਉਂ ਨਹੀਂ ਹੈ ?

    • ਲੇਖਕ, ਬਾਰਬਾਰਾ ਪਲੈਟ ਉਸ਼ਰ
    • ਰੋਲ, ਬੀਬੀਸੀ ਸਟੇਟ ਡਿਪਾਰਟਮੈਂਟ ਪੱਤਰਕਾਰ, ਵਾਸ਼ਿੰਗਟਨ

"ਸਾਨੂੰ ਸਭ ਤੋਂ ਵੱਧ ਉਮੀਦ ਸ਼ਾਂਤੀ ਦੀ ਹੈ।'' ਇਹ ਸ਼ਬਦ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਯੇਰੋਸ਼ਲਮ ਵਿੱਚ ਅਮਰੀਕੀ ਸਫ਼ਾਰਤਖਾਨੇ ਦੇ ਉਦਘਾਟਨ ਸਮਾਗਮ ਲਈ ਭੇਜੇ ਸੰਦੇਸ਼ ਵਿੱਚ ਕਹੇ ਸਨ।

ਪਰ ਸੰਦੇਸ਼ ਵਿੱਚ ਸਭ ਤੋਂ ਪਹਿਲਾਂ ਤਰਜੀਹ ਇਸ ਵਾਕ ਨੂੰ ਦਿੱਤੀ ਗਈ, "ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣਾ ਵਾਅਦਾ ਪੂਰਾ ਕੀਤਾ।''

ਡੌਨਲਡ ਟਰੰਪ ਨੇ ਅਮਰੀਕੀ ਸਫ਼ਾਰਤਖਾਨੇ ਨੂੰ ਤੇਲ ਅਵੀਵ ਤੋਂ ਯੋਰੇਸ਼ਲਮ ਵਿੱਚ ਭੇਜੇ ਜਾਣ ਦਾ ਫੈਸਲਾ ਇਸ ਲਈ ਲਿਆ ਕਿਉਂਕਿ ਉਨ੍ਹਾਂ ਨੂੰ ਆਪਣੇ ਚੋਣ ਪ੍ਰਚਾਰ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਚੰਗਾ ਲੱਗਦਾ ਹੈ।

ਟਰੰਪ ਨੂੰ ਅਜਿਹੇ ਇਤਿਹਾਸਕ ਫੈਸਲੇ ਲੈਣੇ ਪਸੰਦ ਹਨ ਜਿਨ੍ਹਾਂ ਨੂੰ ਖ਼ਾਸਕਰ ਉਨ੍ਹਾਂ ਤੋਂ ਪਹਿਲਾਂ ਦੇ ਰਾਸ਼ਟਰਪਤੀ ਨਹੀਂ ਕਰ ਸਕੇ।

ਇਸ ਮਾਮਲੇ ਵਿੱਚ ਵੀ ਟਰੰਪ ਵੱਲੋਂ ਅੰਦਰੂਨੀ ਤੌਰ 'ਤੇ ਕਾਫੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਨੇ ਸੱਜੇ-ਪੱਖੀ ਯਹੂਦੀਆਂ ਅਤੇ ਕੱਟੜਪੰਥੀ ਯਹੂਦੀਆਂ ਨੂੰ ਇੱਕਜੁੱਟ ਕੀਤਾ ਅਤੇ ਈਸਾਈਆਂ ਦੇ ਧੜਿਆਂ ਨੂੰ ਵੀ ਨੇੜੇ ਲਿਆਂਦਾ।

ਇਸਰਾਇਲ ਦੇ ਪੱਖ ਦੀ ਹਮਾਇਤ ਕਰਨ ਵਾਲੇ ਅਤੇ ਉਦਘਾਟਨ ਸਮਾਗਮ ਵਿੱਚ ਪ੍ਰਾਰਥਨਾ ਕਰਨ ਵਾਲੇ ਡਲਾਸ ਨੇ ਬਾਈਬਲ ਤੋਂ ਇਤਿਹਾਸਕ ਹਵਾਲਾ ਦਿੰਦਿਆਂ ਕਿਹਾ, "ਅੱਜ ਤੋਂ 3,000 ਸਾਲ ਪਹਿਲਾਂ ਹੀ ਕਿੰਗ ਡੇਵਿਡ ਵੇਲੇ ਪਰਮਾਤਮਾ ਨੇ ਯੇਰੋਸ਼ਲਮ ਨੂੰ ਇਸਰਾਇਲ ਦੀ ਰਾਜਧਾਨੀ ਬਣਾਉਣ ਬਾਰੇ ਫੈਸਲਾ ਲੈ ਲਿਆ ਸੀ।''

ਸ਼ਾਂਤੀ ਦੀਆਂ ਕੋਸ਼ਿਸ਼ਾਂ ਦਾ ਕੀ ਬਣਿਆ?

ਆਪਣੇ ਸੰਦੇਸ਼ ਵਿੱਚ ਟਰੰਪ ਨੇ ਕਿਹਾ, "ਸ਼ਾਂਤੀ ਸਮਝੌਤੇ ਲਈ ਅਮਰੀਕਾ ਪੂਰੇ ਤਰੀਕੇ ਨਾਲ ਵਚਨਬੱਧ ਹੈ।''

ਟਰੰਪ ਵੱਲੋਂ ਇਸ 'ਸਭ ਤੋਂ ਮੁਸ਼ਕਿਲ ਡੀਲ' ਨੂੰ ਨੇਪਰੇ ਚਾੜ੍ਹਨ ਵਿੱਚ ਦਿਲਚਸਪੀ ਦਿਖਾਈ ਗਈ ਹੈ।

ਯੇਰੋਸ਼ਲਮ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਬਾਵਜੂਦ ਅਮਰੀਕਾ ਯੇਰੋਸ਼ਲਮ ਨਾਲ ਜੁੜੇ ਆਪਣੇ ਪਲਾਨ ਨੂੰ ਪੂਰਾ ਕਰਨ ਦਾ ਇਰਾਦਾ ਰੱਖਦਾ ਹੈ ਅਤੇ ਅਮਰੀਕਾ ਨੂੰ ਲੱਗਦਾ ਹੈ ਕਿ ਉਸਦੀ ਯੋਜਨਾ ਕਾਮਯਾਬ ਹੋ ਸਕਦੀ ਹੈ।

ਪੱਛਮੀ ਏਸ਼ੀਆ ਦੇ ਮਸਲਿਆਂ ਵਿੱਚ ਕਈ ਵਾਰ ਵਾਰਤਾਕਾਰ ਵਜੋਂ ਭੂਮਿਕਾ ਨਿਭਾ ਚੁੱਕੇ ਐਰਨ ਡੇਵਿਡ ਮਿਲਰ ਅਨੁਸਾਰ ਅਮਰੀਕਾ ਦੀ ਯੋਜਨਾ ਦੇ ਸੂਤਰਧਾਰ, ਟਰੰਪ ਦੇ ਜਵਾਈ, ਜੇਰਡ ਕੁਸ਼ਨਰ ਅਤੇ ਉਨ੍ਹਾਂ ਦੇ ਵਕੀਲ ਜੇਸਨ ਗਰੀਨਬਲਾਟ ਦਾ ਮੰਨਣਾ ਹੈ ਕਿ ਮੌਜੂਦਾ ਹਾਲਾਤ ਨੂੰ ਬਦਲਣ ਨਾਲ ਫਲਸਤੀਨੀਆਂ ਨੂੰ ਸੱਚਾਈ ਦੀ ਡੋਜ਼ ਦਿੱਤੀ ਜਾ ਸਕਦੀ ਹੈ।

ਨਿਊ ਯੌਰਕ ਟਾਈਮਜ਼ ਅਨੁਸਾਰ ਫਲਸਤੀਨੀ ਲੋਕ ਸ਼ੁਰੂਆਤੀ ਗੁੱਸੇ ਅਤੇ ਰੋਸ ਤੋਂ ਬਾਅਦ ਮੁੜ ਤੋਂ ਸੰਪਰਕ ਬਹਾਲ ਕਰਨਗੇ। ਉਂਜ ਇਹ ਅਜੇ ਤੱਕ ਨਹੀਂ ਹੋਇਆ ਹੈ।

ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਪਹਿਲਾਂ ਤੋਂ ਹੀ ਤੈਅ ਹੈ ਕਿ ਯੇਰੋਸ਼ਲਮ ਇਸਰਾਇਲ ਦੀ ਰਾਜਧਾਨੀ ਹੈ ਅਤੇ ਉਨ੍ਹਾਂ ਵੱਲੋਂ ਇਸ ਨੂੰ ਸਿਰਫ਼ ਮਾਨਤਾ ਹੀ ਦਿੱਤੀ ਜਾ ਰਹੀ ਹੈ।

ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਸ਼ਹਿਰ ਦੀਆਂ ਸਰਹੱਦਾਂ ਤਾਂ ਗੱਲਬਾਤ ਵਿੱਚ ਤੈਅ ਕੀਤੀਆਂ ਜਾ ਸਕਦੀਆਂ ਹਨ।

ਪਰ ਡੌਨਲਡ ਟਰੰਪ ਇੱਕ ਪਾਸੇ ਤਾਂ ਕਹਿੰਦੇ ਹਨ ਕਿ ਉਹ ਇਸ ਮੁੱਦੇ ਤੋਂ ਪਾਸਾ ਵੱਟ ਰਹੇ ਹਨ ਤੇ ਦੂਜੇ ਪਾਸੇ ਉਹ ਪੂਰਬੀ ਯੇਰੋਸ਼ਲਮ 'ਤੇ ਫਲਸਤੀਨ ਦੇ ਦਾਅਵੇ ਬਾਰੇ ਕੁਝ ਨਹੀਂ ਕਹਿੰਦੇ।

ਖੈਰ ਡੌਨਲਡ ਟਰੰਪ ਦਾ ਇਰਾਦਾ ਕੁਝ ਵੀ ਹੋਵੇ, ਟਰੰਪ ਨੇ ਸ਼ਾਂਤੀ ਪ੍ਰਕਿਰਿਆ ਦੌਰਾਨ ਹਰ ਭਖਵੇਂ ਮੁੱਦੇ 'ਤੇ ਇਸਰਾਇਲ ਦਾ ਹੀ ਪੱਖ ਪੂਰਿਆ ਹੈ ਅਤੇ ਉਨ੍ਹਾਂ ਦੇ ਨਤੀਜਿਆਂ ਵੇਲੇ ਵੀ ਉਹ ਇਸਰਾਇਲ ਦੇ ਨਾਲ ਖੜ੍ਹੇ ਨਜ਼ਰ ਆਏ ਹਨ।

ਕੀ ਇਸ ਦਾ ਮਤਲਬ ਇਹ 'ਧਮਾਕਾ' ਹੈ?

ਇਸਰਾਇਲ ਵੱਲੋਂ ਗਾਜ਼ਾ ਸਰਹੱਦ 'ਤੇ ਦਿੱਤੇ ਹਿੰਸਕ ਜਵਾਬ ਦੀ ਵੀ ਟਰੰਪ ਪ੍ਰਸ਼ਾਸਨ ਵੱਲੋਂ ਹਮਾਇਤ ਕੀਤੀ ਗਈ।

ਅਮਰੀਕਾ ਵੱਲੋਂ ਹਮਾਸ ਦੇ ਨੇਤਾਵਾਂ 'ਤੇ ਇਸਰਾਇਲ ਨੂੰ ਜਾਣਬੁੱਝ ਕੇ ਭੜਕਾਉਣ ਅਤੇ ਉਨ੍ਹਾਂ ਦੇ ਖਿਲਾਫ਼ ਕੂੜ੍ਹ ਪ੍ਰਚਾਰ ਕਰਨ ਦੇ ਇਲਜ਼ਾਮ ਲਾਏ ਪਰ ਯੂਰਪੀਅਨ ਦੇਸਾਂ ਵਾਂਗ ਇਸਰਾਇਲੀ ਫੌਜ ਨੂੰ ਸੰਜਮ ਰੱਖਣ ਦੀ ਅਪੀਲ ਨਹੀਂ ਕੀਤੀ ਗਈ।

ਹਮਾਸ ਫਲਸਤੀਨੀਆਂ ਵੱਲੋਂ ਕਈ ਹਫ਼ਤਿਆਂ ਤੋਂ ਜਾਰੀ ਮੁਜ਼ਾਹਰਿਆਂ ਦੀ ਅਗਵਾਈ ਕਰ ਰਿਹਾ ਹੈ। ਇਹ ਮੁਜ਼ਾਹਰੇ ਇਸਰਾਇਲ ਵੱਲੋਂ ਗਾਜ਼ਾ ਦੀ ਆਰਥਿਕ ਨਾਕਾਬੰਦੀ ਦੇ ਖਿਲਾਫ਼ ਹੋ ਰਹੇ ਹਨ।

ਮਾਹਿਰਾਂ ਅਨੁਸਾਰ ਇਸਲਾਮੀ ਅੱਤਵਾਦੀ ਮੁਹਿੰਮ ਕੋਲ ਆਪਣੀ ਨਾਕਾਮਯਾਬੀ ਲੁਕਾਉਣ ਦਾ ਇਹ ਚੰਗਾ ਮੌਕਾ ਹੈ।

ਸਵਾਲ ਇਹ ਹੈ, ਕੀ ਹਾਲ ਹੀ ਵਿੱਚ ਹੋਈਆਂ ਦਰਜਨਾਂ ਮੌਤਾਂ ਬਗਾਵਤ ਲਿਆਉਣ ਵਿੱਚ ਕਾਮਯਾਬ ਹੋਣਗੀਆਂ।

ਸਿਰਫ਼ ਯੇਰੋਸ਼ਲਮ ਬਾਰੇ ਹੋਇਆ ਫੈਸਲਾ ਹੀ ਅਜਿਹੀ ਬਗਾਵਤ ਨਹੀਂ ਪੈਦਾ ਕਰ ਸਕਦਾ ਅਤੇ ਇਸਦੇ ਪਿੱਛੇ ਕਈ ਕਾਰਨ ਹਨ।

ਇਨ੍ਹਾਂ ਕਾਰਨਾਂ ਵਿੱਚ ਫਲਸਤੀਨੀ ਲੀਡਰਸ਼ਿਪ ਦਾ ਵੰਡਿਆ ਹੋਣਾ ਵੀ ਹੈ। ਇਸਦੇ ਨਾਲ ਹੀ ਮੁੜ ਤੋਂ ਕਿਸੇ ਵਿਵਾਦ ਦੀ ਸ਼ੁਰੂਆਤ ਦੀ ਫਲਸਤੀਨੀਆਂ ਨੂੰ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ।

ਪਰ ਅਜੇ ਹਾਲਾਤ ਬੇਹੱਦ ਨਾਜ਼ੁਕ ਹਨ ਅਤੇ ਉਹ ਵਿਗੜ ਵੀ ਸਕਦੇ ਹਨ।

ਕਈ ਸਮਝੌਤੇ ਅਜੇ ਵੀ ਬਰਕਰਾਰ

ਮੇਰੇ ਅਨੁਸਾਰ ਇਸ ਵੇਲੇ ਹੌਲੀ-ਹੌਲੀ ਪੂਰੀ ਸ਼ਾਂਤੀ ਪ੍ਰਕਿਰਿਆ ਦੀਆਂ ਗੁੰਝਲਾਂ ਨੂੰ ਖੋਲ੍ਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਸ ਸ਼ਾਂਤੀ ਪ੍ਰਕਿਰਿਆ ਨੇ ਬੀਤੇ 25 ਸਾਲਾਂ ਵਿੱਚ ਨਾਂ ਤਾ ਪੂਰੇ ਤਰੀਕੇ ਨਾਲ ਸ਼ਾਂਤੀ ਸਥਾਪਿਤ ਕੀਤੀ ਹੈ ਅਤੇ ਨਾ ਹੀ ਇਹ ਪੂਰੇ ਤਰੀਕੇ ਨਾਲ ਲੜਾਈ ਦਾ ਕਾਰਨ ਬਣੀ ਹੈ।

ਲੰਬੇ ਵਿਵਾਦ ਦੇ ਬਾਵਜੂਦ ਕਈ ਸਿਧਾਂਤ ਸਥਾਪਿਤ ਰਹੇ ਹਨ।

ਇਸਰਾਇਲ ਨੇ ਪੱਛਮੀ ਕਿਨਾਰੇ 'ਤੇ ਹਮਲਾ ਨਹੀਂ ਕੀਤਾ ਹੈ। ਫਲਸਤੀਨੀ ਪ੍ਰਸ਼ਾਸਨ ਸੁਰੱਖਿਆ ਵਿੱਚ ਮਦਦ ਵੀ ਕਰਦਾ ਹੈ ਤਾਂ ਜੋ ਇਸਰਾਇਲ ਆਪਣੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕੇ।

ਇੱਕ ਅਮਰੀਕੀ ਵੱਲੋਂ ਤਿਆਰ ਕੀਤੇ ਇਸ ਢਾਂਚੇ ਨੂੰ ਨਿਰਪੱਖ ਨਾ ਸਹੀ ਪਰ ਭਰੋਸੇਯੋਗ ਮੰਨਿਆ ਜਾ ਰਿਹਾ ਹੈ।

ਅਰਬ ਦੇਸਾਂ ਦੀ ਮਜਬੂਰੀ

ਡੇਵਿਡ ਮਿਲਰ ਅਨੁਸਾਰ ਪਿਛਲੇ ਹਰ ਅਮਰੀਕੀ ਪ੍ਰਸ਼ਾਸਨ ਨੇ ਇਸਰਾਇਲ ਹਮਾਇਤੀ ਰੁਖ਼ ਅਪਣਾਇਆ ਹੈ ਪਰ ਹਮੇਸ਼ਾ ਫਲਸਤੀਨੀਆਂ ਦੇ ਪੱਖ ਨੂੰ ਵੀ ਸੁਣਿਆ ਤੇ ਸਮਝਿਆ ਹੈ।

ਉਨ੍ਹਾਂ ਅਨੁਸਾਰ ਇਸਰਾਇਲੀ ਕਹਾਣੀ ਵਿੱਚ ਹਾਲ ਵਿੱਚ ਵਾਪਰਿਆ ਘਟਨਾਕ੍ਰਮ ਡੂੰਘੀ ਛਾਪ ਛੱਡ ਗਿਆ ਹੈ ਜਾਂ ਕਹਿ ਸਕਦੇ ਹੋ ਕਿ ਖ਼ਤਰੇ ਦਾ ਨਿਸ਼ਾਨ ਪਾਰ ਕਰ ਗਿਆ ਹੈ।

ਇਨ੍ਹਾਂ ਹਲਾਤਾਂ ਵਿੱਚ ਪੂਰੇ ਢਾਂਚੇ ਨੂੰ ਅੱਗੇ ਵਧਾਉਣਾ ਮੁਸ਼ਕਿਲ ਹੋਵੇਗਾ ਕਿਉਂਕਿ ਨਤੀਜਿਆਂ ਬਾਰੇ ਅੰਦਾਜ਼ਾ ਲਾਉਣਾ ਵੀ ਮੁਮਕਿਨ ਨਹੀਂ ਹੈ।

ਇਹ ਵੀ ਹਕੀਕਤ ਹੈ ਕਿ ਅਰਬ ਦੇਸ ਫਲਸਤੀਨ ਦਾ ਘੱਟ ਪੱਖ ਪੂਰਦੇ ਸਮਝੌਤੇ ਦੀ ਹਮਾਇਤ ਕਰਨ ਨੂੰ ਤਿਆਰ ਹਨ ਕਿਉਂਕਿ ਉਹ ਈਰਾਨ ਖਿਲਾਫ਼ ਇਸਰਾਇਲ ਨੂੰ ਸਾਥੀ ਵਜੋਂ ਦੇਖਦੇ ਹਨ।

ਪਰ ਮੁਸਲਮਾਨਾਂ ਲਈ ਪਵਿੱਤਰ ਸ਼ਹਿਰ ਯੇਰੋਸ਼ਲਮ ਬਾਰੇ ਟਰੰਪ ਦੇ ਫੈਸਲੇ ਨੇ ਅਰਬ ਦੇਸਾਂ ਵੱਲੋਂ ਕਿਸੇ ਵੀ ਤਰੀਕੇ ਦੀ ਪੈਂਤਰੇਬਾਜ਼ੀ ਕਰਨ ਦੀ ਸੰਭਾਵਨਾ ਨੂੰ ਨਾ ਦੇ ਬਰਾਬਰ ਕਰ ਦਿੱਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)