'ਟਰੰਪ, ਤੁਸੀਂ ਬਹੁਤ ਵੱਡੀ ਗਲਤੀ ਕੀਤੀ ਹੈ'

ਤਸਵੀਰ ਸਰੋਤ, AFP
ਇਰਾਨ ਦੇ ਪ੍ਰਮੁੱਖ ਨੇਤਾ ਅਯਾਤੁੱਲਾ ਅਲੀ ਖ਼ਾਮੇਨੇਈ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਉੱਤੇ ਬਹੁਤ ਹੀ ਸਖ਼ਤ ਸ਼ਬਦਾਂ ਵਿੱਚ ਮੋੜਵਾਂ ਵਾਰ ਕੀਤਾ ਹੈ।
ਇਰਾਨ ਦੇ ਨਾਲ ਪ੍ਰਮਾਣੂ ਸਮਝੌਤੇ ਤੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਪਿੱਛੇ ਹਟਣ ਦੇ ਐਲਾਨ ਤੋਂ ਬਾਅਦ ਖ਼ਾਮੇਨੇਈ ਨੇ ਕਿਹਾ, "ਟਰੰਪ, ਤੁਸੀਂ ਬਹੁਤ ਵੱਡੀ ਗਲਤੀ ਕੀਤੀ ਹੈ।"
ਇਰਾਨ ਦੇ ਸਰਬਉੱਚ ਨੇਤਾ ਖ਼ਾਮੇਨੇਈ ਨੇ ਕਿਹਾ ਟਰੰਪ ਦਾ ਐਲਾਨ ਗਿਰਿਆ ਹੋਇਆ ਕਦਮ ਹੈ, ਜਿਸਦਾ ਕੋਈ ਮਹੱਤਵ ਨਹੀਂ ਹੈ।
ਇਰਾਨ ਦੀ ਸੰਸਦ ਵਿੱਚ ਪਰਮਾਣੂ ਸਮਝੌਤੇ ਦੀ ਇੱਕ ਕਾਪੀ ਵੀ ਸਾੜੀ ਗਈ। ਇਰਾਨੀ ਸੰਸਦ ਮੈਂਬਰਾਂ ਨੇ ਬੈਨਰ ਫੜੇ ਹੋਏ ਸਨ ਅਤੇ ਉਹ 'ਅਮਰੀਕਾ ਮੁਰਦਾਬਾਦ' ਦੇ ਨਾਅਰੇ ਲਾ ਰਹੇ ਸਨ।
ਇਸ ਤੋਂ ਪਹਿਲਾਂ, ਇਰਾਨੀ ਰਾਸ਼ਟਰਪਤੀ ਹਸਨ ਰੂਹਾਨੀ ਨੇ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਦਾ ਦੇਸ਼ ਬਹੁ-ਕੌਮੀ ਪਰਮਾਣੂ ਸਮਝੌਤੇ 'ਤੇ ਡਟਿਆ ਰਹੇਗਾ।

ਤਸਵੀਰ ਸਰੋਤ, EPA
ਇਰਾਨੀ ਰਾਸ਼ਟਰਪਤੀ ਨੇ ਸ਼ਿਕਾਇਤ ਭਰੇ ਲਹਿਜ਼ੇ ਵਿੱਚ ਕਿਹਾ ਅਮਰੀਕਾ ਕੌਮਾਂਤਰੀ ਸਮਝੌਤੇ ਪ੍ਰਤੀ ਵਫ਼ਾਦਾਰ ਨਹੀਂ ਰਿਹਾ ।
ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ, "ਅਮਰੀਕਾ ਨੇ ਦੱਸ ਦਿੱਤਾ ਕਿ ਉਹ ਆਪਣੇ ਬਚਨ ਦਾ ਸਤਿਕਾਰ ਨਹੀਂ ਕਰਦਾ। ਮੈਂ ਇਰਾਨ ਦੇ ਪਰਮਾਣੂ ਊਰਜਾ ਸੰਗਠਨ ਨੂੰ ਉਦਯੋਗਿਕ ਪੱਧਰ 'ਤੇ ਯੂਰੇਨੀਅਮ ਵਿਕਸਤ ਕਰਨ ਲਈ ਤਿਆਰ ਹੋਣ ਦਾ ਹੁਕਮ ਦਿੱਤਾ ਹੈ। "
ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਸਹਿਯੋਗੀਆਂ ਅਤੇ ਪ੍ਰਮਾਣੂ ਸਮਝੌਤੇ ਵਿੱਚ ਸ਼ਾਮਲ ਹੋਰ ਦੇਸਾਂ ਨਾਲ ਗੱਲਬਾਤ ਕਰਨ ਲਈ ਕੁਝ ਹਫ਼ਤੇ ਹੀ ਉਡੀਕ ਕਰਨਗੇ।
ਡੌਨਲਡ ਟਰੰਪ ਨੇ ਕੀ ਕਿਹਾ ਸੀ?
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਓਬਾਮਾ ਪ੍ਰਸਾਸ਼ਨ ਦੇ ਫ਼ੈਸਲੇ ਨੂੰ ਪਲਟਦਿਆਂ ਇਰਾਨ ਪਰਮਾਣੂ ਸਮਝੌਤੇ ਤੋਂ ਪੈਰ ਪਿੱਛੇ ਖਿੱਚ ਲਿਆ ਹੈ। ਟਰੰਪ ਨੇ ਕਿਹਾ ਹੈ, 'ਮੈਂ ਪੂਰੀ ਤਰ੍ਹਾਂ ਸਪੱਸ਼ਟ ਹਾਂ ਕਿ ਗਲੇ-ਸੜੇ ਸਮਝੌਤੇ ਨਾਲ ਅਸੀਂ ਇਰਾਨ ਦੇ ਪਰਮਾਣੂ ਬੰਬ ਨਹੀਂ ਰੋਕ ਸਕਦੇ।'
ਟਰੰਪ ਦਾ ਕਹਿਣਾ ਸੀ ਕਿ ਇਰਾਨ ਸਮਝੌਤੇ ਦਾ ਮੂਲ ਹੀ ਨੁਕਸਦਾਰ ਹੈ, ਜੇਕਰ ਅਸੀਂ ਕੁਝ ਨਹੀਂ ਕਰਦੇ ਤਾਂ ਅਸੀਂ ਜਾਣਦੇ ਹਾਂ ਕਿ ਇਸ ਦਾ ਸਿੱਟਾ ਕੀ ਹੋਵੇਗਾ।

ਤਸਵੀਰ ਸਰੋਤ, Getty Images
ਟਰੰਪ ਨੇ ਅੱਗੇ ਕਿਹਾ, "ਇਸ ਲਈ ਮੈਂ ਅੱਜ ਐਲਾਨ ਕਰ ਰਿਹਾ ਹਾਂ ਕਿ ਅਮਰੀਕਾ ਇਰਾਨ ਪ੍ਰਮਾਣੂ ਸਮਝੌਤਾ ਵਾਪਸ ਲੈ ਲਵੇਗਾ।"
ਟਰੰਪ ਨੇ ਕਿਹਾ, "ਅਸੀ ਸਖ਼ਤ ਆਰਥਿਕ ਪਾਬੰਦੀਆਂ ਦੀ ਸ਼ੁਰੂਆਤ ਕਰਾਂਗੇ, ਕੋਈ ਵੀ ਰਾਸ਼ਟਰ ਜੋ ਇਰਾਨ ਨੂੰ ਪਰਮਾਣੂ ਹਥਿਆਰ ਜੁਟਾਉਣ ਵਿਚ ਮਦਦ ਕਰਦਾ ਹੈ, ਨੂੰ ਵੀ ਅਮਰੀਕਾ ਦੀਆਂ ਆਰਥਿਕ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ।
ਇਰਾਨ ਪਰਮਾਣੂ ਸਮਝੌਤੇ ਦੀ ਪਿੱਠਭੂਮੀ
2015 ਵਿੱਚ ਇਰਾਨ ਨੇ ਦੁਨੀਆਂ ਦੀਆਂ ਮਹਾਂਸ਼ਕਤੀਆਂ ਸਮਝੇ ਜਾਂਦੇ ਮੁਲਕਾਂ ਦੇ P5+1 ਗਰੁੱਪ ਨਾਲ ਇੱਕ ਸਮਝੌਤੇ ਉੱਤੇ ਸਹੀ ਪਾਈ। ਇਸ ਸਮਝੌਤੇ ਵਿੱਚ ਅਮਰੀਕਾ, ਯੂਕੇ, ਫਰਾਂਸ, ਚੀਨ,ਰੂਸ ਤੇ ਜਰਮਨੀ ਸ਼ਾਮਲ ਸਨ।
ਇਰਾਨ ਵਲੋਂ ਪਰਮਾਣੂ ਹਥਿਆਰ ਵਿਕਸਤ ਕਰਨ ਦੀਆਂ ਕਥਿਤ ਕੋਸ਼ਿਸ਼ਾਂ ਖ਼ਿਲਾਫ਼ ਕਈ ਸਾਲਾਂ ਦੀ ਖਿੱਚੋਤਾਣ ਤੋਂ ਬਾਅਦ ਇਹ ਸਮਝੌਤਾ ਸਿਰੇ ਚੜ੍ਹਿਆ ਸੀ।

ਤਸਵੀਰ ਸਰੋਤ, AFP
ਜਿਵੇਂ ਕਿ ਇਰਾਨ ਇਹ ਕਹਿੰਦਾ ਰਿਹਾ ਕਿ ਉਸ ਦਾ ਪਰਮਾਣੂ ਪ੍ਰੋਗਰਾਮ ਸ਼ਾਂਤੀ ਤੇ ਵਿਕਾਸ ਕਾਰਜਾਂ ਉੱਤੇ ਆਧਾਰਿਤ ਸੀ ਪਰ ਦੁਨੀਆਂ ਨੇ ਇਸ ਉੱਤੇ ਭਰੋਸਾ ਨਹੀਂ ਕੀਤਾ ਸੀ।
ਕਈ ਸਾਲਾਂ ਦੀ ਜ਼ਿੱਦ ਉੱਤੇ ਅੜੇ ਰਹਿਣ ਤੋਂ ਬਾਅਦ ਇਰਾਨ ਜਰਮਨੀ ਨਾਲ ਗੱਲਬਾਤ ਕਰਨ ਲਈ ਤਿਆਰ ਹੋਇਆ।
ਅਮਰੀਕਾ, ਯੂ.ਕੇ., ਫਰਾਂਸ, ਰੂਸ ਅਤੇ ਚੀਨ ਸਣੇ 6 ਮੁਲਕਾਂ ਨਾਲ ਕੀਤੇ ਸਮਝੌਤੇ ਤਹਿਤ ਇਰਾਨ ਨੇ ਆਪਣਾ ਪ੍ਰਮਾਣੂ ਪ੍ਰੋਗਰਾਮ ਬੰਦ ਕਰ ਦਿੱਤਾ ਸੀ, ਜਿਸ ਬਦਲੇ ਇਰਾਨ ਉੱਤੇ ਲਗਾਈਆਂ ਆਰਥਿਕ ਪਾਬੰਦੀਆਂ ਵਿੱਚ ਢਿੱਲ ਦਿੱਤੀ ਗਈ ਸੀ।
ਸਾਂਝੇ ਸਮੂਹਿਕ ਐਕਸ਼ਨ ਪਲਾਨ (JCPOA) ਤਹਿਤ ਇਰਾਨ ਨੇ ਆਪਣਾ ਪਰਮਾਣੂ ਪ੍ਰੋਗਰਾਮ ਸੀਮਤ ਕਰਨ ਅਤੇ ਕੌਮਾਂਤਰੀ ਨਿਗਰਾਨਾਂ ਤੋਂ ਜਾਂਚ ਕਰਵਾਉਣਾ ਸਵੀਕਾਰ ਕਰ ਲਿਆ।
ਕੌਮਾਂਤਰੀ ਭਾਈਚਾਰੇ ਦੀ ਪ੍ਰਤੀਕਿਰਿਆ
ਇਰਾਨ ਵਿੱਚ ਹੋਏ ਪ੍ਰਦਰਸ਼ਨਾਂ ਦੇ ਮੁੱਦੇ 'ਤੇ ਸੰਯੁਕਤ ਰਾਸ਼ਟਰ ਪ੍ਰੀਸ਼ਦ ਦੀ ਐਮਰਜੈਂਸੀ ਬੈਠਕ ਸੱਦਣ 'ਤੇ ਰੂਸ ਨੇ ਅਮਰੀਕਾ ਦੀ ਕਰੜੀ ਆਲੋਚਨਾ ਕੀਤੀ ਹੈ।
ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਦੂਤ ਵਾਸਿਲੀ ਨੇਬੈਨਜ਼ਿਆ ਨੇ ਕਿਹਾ ਹੈ ਕਿ ਇਰਾਨ ਨੂੰ ਆਪਣੀਆਂ ਸਮੱਸਿਆਵਾਂ ਖੁਦ ਸੁਲਝਾਉਣ ਦਿੱਤੀਆਂ ਜਾਣ ਅਤੇ ਕਿਸੇ ਦੇਸ ਦੇ ਅੰਦੂਰਨੀ ਮਾਮਲੇ ਵਿੱਚ ਦਖਲ ਦੇਣਾ ਗਲਤ ਹੈ।

ਤਸਵੀਰ ਸਰੋਤ, AFP
ਉਨ੍ਹਾਂ ਕਿਹਾ ਕਿ ਅਜਿਹਾ ਦਖਲ ਸੰਯੁਕਤ ਰਾਸ਼ਟਰ ਵਰਗੀ ਵੱਡੀ ਸੰਸਥਾ ਦੇ ਕਦ ਨੂੰ ਛੋਟਾ ਕਰਦਾ ਹੈ।
ਸੁਰੱਖਿਆ ਪਰਿਸ਼ਦ ਦੀ ਮੀਟਿੰਗ ਵਿੱਚ ਫਰਾਂਸ ਨੇ ਕਿਹਾ ਕਿ ਇਰਾਨ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੇ ਦਖਲ ਦੇ ਨਤੀਜੇ ਨਕਾਰਾਤਮਕ ਹੋਣਗੇ।
ਫਰਾਂਸ ਨੇ ਇਹ ਵੀ ਕਿਹਾ ਕਿ ਇਰਾਨ ਵਿੱਚ ਹੋਏ ਪ੍ਰਦਰਸ਼ਨ ਚਿੰਤਾ ਦਾ ਵਿਸ਼ਾ ਤਾਂ ਹਨ ਪਰ ਉਨ੍ਹਾਂ ਨਾਲ ਕੌਮਾਂਤਰੀ ਸ਼ਾਂਤੀ ਨੂੰ ਕੋਈ ਖ਼ਤਰਾ ਨਹੀਂ ਹੈ।












