ਅਫ਼ਗਾਨਿਸਤਾਨ: ਕਾਬੁਲ ਵਿੱਚ ਹੋਏ ਬੰਬ ਧਮਾਕਿਆਂ ਦੌਰਾਨ ਦੋ ਪੁਲਿਸ ਅਫ਼ਸਰਾਂ ਦਾ ਮੌਤ

ਤਸਵੀਰ ਸਰੋਤ, Getty Images
ਲੜੀਵਾਰ ਬੰਬ ਧਮਾਕਿਆਂ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਨੂੰ ਹਿਲਾ ਕੇ ਰੱਖ ਦਿੱਤਾ।ਕਾਬੁਲ ਵਿੱਚ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਅਣ-ਪਛਾਤੇ ਅੱਤਵਾਦੀਆਂ ਨੇ ਦੋ ਵੱਖ-ਵੱਖ ਥਾਵਾਂ ਉੱਤੇ ਹਮਲੇ ਕੀਤੇ।
ਪਹਿਲਾ ਹਮਲਾ ਸ਼ਹਿਰ ਦੇ ਪੱਛਮੀ ਹਿੱਸੇ ਵਿੱਚ ਆਤਮਘਾਤੀ ਬੰਬ ਧਮਾਕੇ ਨਾਲ ਕੀਤਾ ਗਿਆ ਅਤੇ ਫਿਰ ਹਥਿਆਰਬੰਦ ਬੰਦੇ ਥਾਣੇ ਦੇ ਅੰਦਰ ਦਾਖਲ ਹੋਏ ਤੇ ਫਾਇਰਿੰਗ ਕਰਨ ਲੱਗੇ। ਇਸ ਵਾਰਦਾਤ ਦੌਰਾਨ ਦੋ ਪੁਲਿਸ ਅਫ਼ਸਰਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ।
ਦੂਜੇ ਹਮਲੇ ਵਿੱਚ ਵਪਾਰਕ ਗਤੀਵਿਧੀਆਂ ਦੇ ਗੜ੍ਹ ਇਲਾਕੇ ਨੂੰ ਨਿਸ਼ਾਨਾਂ ਬਣਾਇਆ ਗਿਆ। ਪੁਲਿਸ ਮੁਤਾਬਕ ਤੋਂ ਆਤਮਘਾਤੀਆਂ ਨੇ ਆਪਣੇ ਆਪ ਨੂੰ ਥਾਣੇ ਅੱਗੇ ਬੰਬ ਨਾਲ ਉਡਾ ਲਿਆ।
ਹੋਰ ਜਾਨੀ ਤੇ ਮਾਲੀ ਨੁਕਸਾਨ ਦੀਆਂ ਅਜੇ ਤੱਕ ਅਪੁਸ਼ਟ ਖ਼ਬਰਾਂ ਹੀ ਮਿਲ ਰਹੀਆਂ ਹਨ।
ਪਿਛਲੇ ਕੁਝ ਹਫ਼ਤਿਆਂ ਦੌਰਾਨ ਹੋਏ ਬੰਬ ਧਮਾਕਿਆਂ ਵਿੱਚ ਕਾਬੁਲ ਵਿੱਚ ਦਰਜਨਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ।ਇਸ ਵਿੱਚ 30 ਅਪ੍ਰੈਲ ਨੂੰ ਹੋਏ ਜੋੜੇ ਬੰਬ ਧਮਾਕੇ ਵੀ ਸ਼ਾਮਲ ਹਨ,ਜਿੰਨ੍ਹਾਂ ਵਿੱਚ 9 ਪੱਤਰਕਾਰਾਂ ਸਣੇ 26 ਵਿਅਕਤੀ ਮਾਰੇ ਗਏ ਸਨ।
25 ਅਪ੍ਰੈਲ ਨੂੰ ਤਾਲਿਬਾਨ ਦੇ ਹਮਲੇ ਤੇਜ਼ ਕਰਨ ਦੇ ਐਲਾਨ ਤੋਂ ਬਾਅਦ ਕਾਬੁਲ ਵਿੱਚ ਬੰਬ ਧਮਾਕੇ ਅਤੇ ਸੁਰੱਖਿਆ ਬਲਾਂ ਉੱਤੇ ਹਮਲੇ ਵਧ ਗਏ ਹਨ।








