ਇਰਾਨ ਪਰਮਾਣੂ ਸਮਝੌਤੇ ਤੋਂ ਡੌਨਲਡ ਟਰੰਪ ਦੇ ਪਿੱਛੇ ਹਟਣ ਤੋਂ ਬਾਅਦ ਹੁਣ ਕੀ ਹੋਵੇਗਾ?

- ਲੇਖਕ, ਜੌਨਥਨ ਮਾਰਕਸ
- ਰੋਲ, ਬੀਬੀਸੀ ਪੱਤਰਕਾਰ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਝਟਕੇ ਵਿੱਚ ਹੀ ਇਰਾਨ ਨਾਲ ਪਰਮਾਣੂ ਸਮਝੌਤੇ ਤੋਂ ਹੱਥ ਪਿੱਛੇ ਖਿੱਚ ਲਏ।
ਟਰੰਪ ਨੇ ਸਮਝੌਤੇ ਦੀਆਂ ਕਮੀਆਂ ਬਾਰੇ ਦੱਸਿਆ ਪਰ ਉਸ ਦੀ ਥਾਂ 'ਤੇ ਹੋਰ ਕੋਈ ਨੀਤੀਗਤ ਸੁਝਾਅ ਨਹੀਂ ਦਿੱਤਾ।
ਇਸ ਕਦਮ ਤੋਂ ਬਾਅਦ ਵਾਸ਼ਿੰਗਟਨ ਦੇ ਸਾਥੀ ਹੀ ਉਸ ਨਾਲ ਭਿੜਣ ਨੂੰ ਤਿਆਰ ਹਨ। ਕਈਆਂ ਨੂੰ ਡਰ ਹੈ ਕਿ ਇਸ ਨਾਲ ਮੱਧ-ਪੂਰਬੀ ਦੇਸ਼ਾਂ ਵਿਚਾਲੇ ਜੰਗ ਵੀ ਹੋ ਸਕਦੀ ਹੈ।
ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ 'ਤੇ ਕੱਟੜਪੰਥੀਆਂ ਵੱਲੋਂ ਦਬਾਅ ਹੈ, ਜੋ ਪਰਮਾਣੂ ਅਪਸਾਰ ਸਮਝੌਤੇ ਨੂੰ ਛੱਡਣਾ ਚਾਹੁੰਦੇ ਹਨ।
ਰੂਹਾਨੀ ਇਸ ਸਮਝੌਤੇ ਦੇ ਸਮਰਥਕ ਰਹੇ ਹਨ। ਉਹ ਯੂਰਪੀ ਅਤੇ ਹੋਰਾਂ ਨਾਲ ਇਸਨੂੰ ਜਾਰੀ ਰੱਖਣ ਦੀਆਂ ਸੰਭਾਵਨਾਵਾਂ ਬਾਰੇ ਸੋਚ ਰਹੇ ਹਨ। ਪਰ ਕੱਟੜਪੰਥੀਆਂ ਵੱਲੋਂ ਬੇਹੱਦ ਦਬਾਅ ਹੈ।
ਟਰੰਪ ਦੇ ਤਾਜ਼ਾ ਐਲਾਨ ਨੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿੱਚ ਲਈ ਹੈ।

ਤਸਵੀਰ ਸਰੋਤ, Reuters
ਇਹ ਸਮਝੌਤਾ ਬਿਹਤਰੀਨ ਨਹੀਂ ਸੀ। ਇਰਾਨ ਦਾ ਮਿਜ਼ਾਈਲ ਪ੍ਰੋਗਰਾਮ ਇਸ ਵਿੱਚ ਸ਼ਾਮਲ ਨਹੀਂ ਸੀ।
ਸਮਝੌਤੇ ਵਿੱਚ ਇਰਾਨ ਦੀਆਂ ਪਰਮਾਣੂ ਗਤੀਵਿਧੀਆਂ 'ਤੇ ਪਾਬੰਦੀ ਅਤੇ ਇਰਾਨ 'ਤੇ ਨਜ਼ਰ ਬਣਾਈ ਰੱਖਣ ਇੱਕ ਵੈਰੀਫੀਕੇਸ਼ਨ ਸਿਸਟਮ ਸ਼ਾਮਲ ਸੀ।
ਜੇ ਸਮਝੌਤਾ ਨਹੀਂ ਹੁੰਦਾ ਤਾਂ ਇਰਾਨ ਅਤੇ ਇਜ਼ਰਾਈਲ ਵਿੱਚ ਜੰਗ ਵੀ ਛਿੜ ਸਕਦੀ ਸੀ। ਟਰੰਪ ਲਈ ਕੌੜਾ ਸੱਚ ਇਹ ਹੈ ਕਿ ਇਹ ਸਮਝੌਤਾ ਕੰਮ ਕਰ ਰਿਹਾ ਸੀ।
ਸਮਝੌਤੇ ਵਿੱਚ ਸ਼ਾਮਲ ਹੋਰ ਦੇਸ਼ਾਂ ਮੁਤਾਬਕ ਵੀ ਇਰਾਨ ਆਪਣੇ ਵਾਅਦਿਆਂ 'ਤੇ ਖਰਾ ਉਤਰ ਰਿਹਾ ਸੀ।
ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਅਤੇ ਟਰੰਪ ਪ੍ਰਸ਼ਾਸਨ ਦੇ ਮੈਂਬਰਾਂ ਦੀ ਵੀ ਇਹੀ ਸੋਚ ਸੀ।
ਹੁਣ ਤਹਿਰਾਨ ਵਿੱਚ ਆਪਸੀ ਲੜਾਈ ਜਾਰੀ ਹੋਵੇਗੀ ਅਤੇ ਜਿੱਤਣ ਵਾਲਾ ਤੈਅ ਕਰੇਗਾ ਕਿ ਸਮਝੌਤੇ ਦਾ ਕੀ ਹੋਵੇਗਾ?

ਤਸਵੀਰ ਸਰੋਤ, AFP
ਇਸ ਵਿੱਚ ਯੂਰਪੀ ਦੇਸ਼ਾਂ ਦਾ ਕਿਰਦਾਰ ਅਹਿਮ ਰਹੇਗਾ। ਕਿਉਂਕਿ ਇੱਥੇ ਸਿਰਫ਼ ਇਰਾਨ 'ਤੇ ਅਮਰੀਕੀ ਪਾਬੰਦੀਆਂ ਹੀ ਨਹੀਂ ਬਲਕਿ ਅਮਰੀਕਾ ਤੋਂ ਇਲਾਵਾ ਤਹਿਰਾਨ ਨਾਲ ਵਪਾਰ ਕਰ ਰਹੀਆਂ ਕੰਪਨੀਆਂ 'ਤੇ ਪਾਬੰਦੀਆਂ ਵੀ ਦਾਅ 'ਤੇ ਲੱਗੀਆਂ ਹਨ।
ਯੂਰਪੀ ਦੇਸ਼ਾਂ ਦੀ ਸਮਝੌਤੇ ਨੂੰ ਜਾਰੀ ਰੱਖਣ ਵਿੱਚ ਦਿਲਚਸਪੀ ਹੈ।
ਅਮਰੀਕਾ ਵੱਲੋਂ ਇਰਾਨ 'ਤੇ ਲਗਾਈਆਂ ਗਈਆਂ ਪਾਬੰਦੀਆਂ ਦਾ ਅਸਰ ਯੂਰਪੀ ਦੇਸ਼ਾਂ 'ਤੇ ਵੀ ਪਵੇਗਾ।
ਅਸੀਂ ਇੱਕ ਖਤਰਨਾਕ ਸਥਿਤੀ ਵਿੱਚ ਹਾਂ। ਜੇ ਇਰਾਨ ਸਮਝੌਤਾ ਰੱਦ ਹੋ ਜਾਂਦਾ ਹੈ ਅਤੇ ਉਹ ਆਪਣੀਆਂ ਪਰਮਾਣੂ ਗਤੀਵਿਧੀਆਂ ਵਧਾ ਦਿੰਦਾ ਹੈ ਤਾਂ ਕੀ ਹੋਵੇਗਾ?
ਕੀ ਇਹ ਅਮਰੀਕਾ ਅਤੇ ਯੂਰਪ ਵਿੱਚ ਦਰਾੜ ਪੈਦਾ ਕਰੇਗਾ ਅਤੇ ਮੱਧ-ਪੂਰਬੀ ਦੇਸ਼ ਤਾਂ ਪਹਿਲਾਂ ਹੀ ਜੰਗ ਤੋਂ ਪੀੜਤ ਹਨ।
ਇਰਾਨ ਅਤੇ ਇਜ਼ਰਾਈਲ ਤਾਂ ਪਹਿਲਾਂ ਹੀ ਸੀਰੀਆ ਵਿੱਚ ਲੜ ਰਹੇ ਹਨ ਅਤੇ ਇਸ ਕਦਮ ਤੋਂ ਬਾਅਦ ਜੰਗ ਵੀ ਹੋ ਸਕਦੀ ਹੈ।

ਤਸਵੀਰ ਸਰੋਤ, RONEN ZVULUN/Getty Images
ਇਰਾਨ ਪਹਿਲਾਂ ਹੀ ਆਪਣੇ ਸਾਥੀਆਂ ਅਤੇ ਆਪਣੇ 'ਤੇ ਹੋ ਰਹੇ ਹਮਲਿਆਂ ਤੋਂ ਪ੍ਰੇਸ਼ਾਨ ਹੈ।
ਉਹ ਬਦਲੇ ਦੀ ਅੱਗ ਵਿੱਚ ਜਲ ਰਿਹਾ ਹੈ।
ਇਜ਼ਰਾਈਲ ਦੇ ਪ੍ਰਧਾਨਮੰਤਰੀ ਬੈਂਜਾਮਿਨ ਨੇਤਨਯਾਹੂ ਹੀ ਟਰੰਪ ਨੂੰ ਪਰਮਾਣੂ ਸਮਝੌਤਾ ਰੱਦ ਕਰਨ ਲਈ ਉਕਸਾ ਰਹੇ ਸਨ।
ਕੀ ਕੋਈ ਦੂਜਾ ਪਲਾਨ ਹੈ?
ਪਰਮਾਣੂ ਸਮਝੌਤੇ ਦਾ ਮੁੱਖ ਮਕਸਦ ਸੀ, ਇਰਾਨ ਨੂੰ ਬੰਬ ਬਣਾਉਣ ਤੋਂ ਦੂਰ ਰੱਖਣਾ। ਜੇ ਇਰਾਨ ਪਰਮਾਣੂ ਬੰਬ ਬਣਾ ਲੈਂਦਾ ਹੈ ਤਾਂ ਹੋਰ ਦੇਸ਼ ਵੀ, ਖਾਸ ਕਰ ਕੇ ਸਾਊਦੀ ਅਰਬ ਪਰਮਾਣੂ ਬੰਬ ਰੱਖਣਾ ਚਾਹੁਣਗੇ।
ਸੱਤਾ ਵਿੱਚ ਆਉਣ ਦੇ ਡੇਢ ਸਾਲ ਬਾਅਦ ਹੁਣ ਡੌਨਲਡ ਟਰੰਪ ਦੀ ਅਸਲੀ ਫੌਰਨ ਪਾਲਿਸੀ ਦਾ ਪਤਾ ਲੱਗ ਰਿਹਾ ਹੈ। ਮਾਹਿਰ ਇਨ੍ਹਾਂ ਤੱਥਾਂ ਨੂੰ ਛੱਡ ਕੇ ਸਿਰਫ਼ ਭਾਵਨਾਵਾਂ ਤੇ ਅੰਦਰੂਨੀ ਮਨ ਦੀ ਆਵਾਜ਼ ਤੇ ਆਧਾਰਿਤ ਫੈਸਲਾ ਕਹਿਣਗੇ।
ਜੋ ਲੋਕ ਟਰੰਪ ਨਾਲ ਸਹਿਮਤੀ ਰੱਖਦੇ ਹਨ, ਉਨ੍ਹਾਂ ਨੂੰ ਵੀ ਕੁਝ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਦੂਜਾ ਪਲਾਨ ਕਿੱਥੇ ਹੈ, ਹੁਣ ਇਰਾਨ ਨੂੰ ਕਿਵੇਂ ਸਾਂਭਣਾ ਹੈ ਅਤੇ ਇਸ 'ਤੇ ਕੌਮਾਂਤਰੀ ਸਹਿਮਤੀ ਕਿਵੇਂ ਬਣਾਈ ਜਾਵੇਗੀ?













