You’re viewing a text-only version of this website that uses less data. View the main version of the website including all images and videos.
ਟਰੰਪ ਦੇ ਸਾਬਕਾ ਡਾਕਟਰ ਨੇ ਕਿਹਾ 'ਟਰੰਪ ਨੇ ਸਾਰਾ ਪੱਤਰ ਬੋਲ ਕੇ ਲਿਖਵਾਇਆ ਸੀ'
ਅਮਰੀਕੀ ਮੀਡੀਆ ਮੁਤਾਬਕ ਰਾਸ਼ਟਰਪਤੀ ਟਰੰਪ ਦੇ ਸਾਬਕਾ ਡਾਰਟਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਿਹਤ ਦਾ ਪ੍ਰਮਾਣ ਪੱਤਰ ਉਨ੍ਹਾਂ ਨੇ ਨਹੀਂ ਲਿਖਿਆ ਸੀ।
ਸਾਲ 2015 ਵਿੱਚ ਜਦੋਂ ਇਹ ਪੱਤਰ ਲਿਖਿਆ ਗਿਆ ਸੀ ਉਸ ਸਮੇਂ ਟਰੰਪ ਰਾਸ਼ਟਰਪਤੀ ਦੇ ਅਹੁਦੇ ਲਈ ਰਿਪਬਲਿਕਨ ਪਾਰਟੀ ਵੱਲੋਂ ਉਮੀਦਵਾਰ ਸਨ।
ਇਸ ਪੱਤਰ ਵਿੱਚ ਕਿਹਾ ਗਿਆ ਸੀ ਕਿ ਟਰੰਪ ਦੀ ਸਿਹਤ 'ਹੈਰਾਨੀਜਨਕ ਰੂਪ ਵਿੱਚ ਵਧੀਆ' ਹੈ।
ਸੀਐਨਐਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਬੋਰਨਸਟਾਈਨ ਨੇ ਕਿਹਾ ਕਿ, 'ਟਰੰਪ ਨੇ ਸਾਰਾ ਪੱਤਰ ਬੋਲ ਕੇ ਲਿਖਵਾਇਆ ਸੀ।'
ਵਾਈਟ ਹਾਊਸ ਨੇ ਹਾਲੇ ਡਾਕਟਰ ਬੋਰਨਸਟਾਈਨ ਦੇ ਇਸ ਬਿਆਨ ਬਾਰੇ ਕੋਈ ਪ੍ਰਤੀਕਿਰਿਆ ਜਾਰੀ ਨਹੀਂ ਕੀਤੀ ਹੈ।
ਬੋਰਨਸਟਾਈਨ ਨੇ ਇਹ ਵੀ ਕਿਹਾ ਕਿ ਟਰੰਪ ਦੇ ਅੰਗ ਰੱਖਿਅਕਾਂ ਨੇ ਉਨ੍ਹਾਂ ਦੀ ਸਿਹਤ ਨਾਲ ਜੁੜੇ ਰਿਕਾਰਡ ਚੁੱਕਣ ਲਈ ਫਰਵਰੀ 2017 ਵਿੱਚ ਇੱਕ ਛਾਪਾ ਵੀ ਮਾਰਿਆ।
ਇੰਟਰਵਿਊ ਵਿੱਚ ਬੋਰਨਸਟਾਈਨ ਨੇ ਕਿਹਾ ਕਿ 2015 ਦਾ ਉਹ ਪੱਤਰ ਜਿਸ ਵਿੱਚ ਕਿਹਾ ਗਿਆ ਸੀ ਕਿ 'ਟਰੰਪ ਹੁਣ ਤੱਕ ਚੁਣੇ ਗਏ ਸਾਰੇ ਰਾਸ਼ਟਰਪਤੀਆਂ ਤੋਂ ਤੰਦਰੁਸਤ ਵਿਅਕਤੀ ਹੋਣਗੇ' ਉਨ੍ਹਾਂ ਦਾ ਪ੍ਰੋਫੈਸ਼ਨਲ ਮੁਲਾਂਕਣ ਨਹੀਂ ਸੀ।
ਇਹ ਸਪਸ਼ਟ ਨਹੀਂ ਹੋ ਸਕਿਆ ਕਿ ਬੋਰਨਸਟਾਈਨ ਹੁਣ ਇਹ ਇਲਜ਼ਾਮ ਕਿਉਂ ਲਾ ਰਹੇ ਹਨ।
ਕੀ ਸੀ ਇਸ ਪੱਤਰ ਵਿੱਚ?
ਇਸ ਪੱਤਰ ਵਿੱਚ ਟਰੰਪ ਦੀ ਸਰੀਰਕ ਸਿਹਤ ਦੇ ਵੇਰਵੇ ਸਨ ਅਤੇ ਇਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਸਿਹਤ "ਬੇਮਿਸਾਲ" ਹੈ।
ਉਨ੍ਹਾਂ ਦੇ ਬੱਲਡ ਪ੍ਰੈਸ਼ਰ ਅਤੇ ਲੈਬੋਰਟਰੀ ਟੈਸਟਾਂ ਨੂੰ 'ਹੈਰਾਨੀਜਨਕ ਰੂਪ ਵਿੱਚ ਵਧੀਆ' ਕਿਹਾ ਗਿਆ ਸੀ।
ਇਸ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਟਰੰਪ ਵਿੱਚ ਕੈਂਸਰ ਜਾਂ ਜੋੜਾਂ ਦੀ ਸਰਜਰੀ ਦੇ ਕੋਈ ਨਿਸ਼ਾਨ ਨਹੀਂ ਸਨ।
ਇਹ ਪੱਤਰ ਜਾਰੀ ਹੋਣ ਤੋਂ ਕੁਝ ਦਿਨ ਪਹਿਲਾਂ ਟਰੰਪ ਨੇ ਟਵੀਟ ਕੀਤਾ ਸੀ ਕਿ ਨਤੀਜੇ "ਸੰਪੂਰਨਤਾ" ਦਰਸਾਉਣਗੇ।
ਉਨ੍ਹਾਂ ਉਸ ਸਮੇਂ ਫੇਸਬੁੱਕ 'ਤੇ ਲਿਖਿਆ ਸੀ, "ਮੈਂ ਖੁਸ਼ਨਸੀਬ ਹਾਂ ਕਿ ਮੈਨੂੰ ਵਧੀਆ ਜੀਨਸ ਮਿਲੇ ਹਨ।"
ਇਸੇ ਸਾਲ ਜਨਵਰੀ ਵਿੱਚ ਉਨ੍ਹਾਂ ਦੀ ਮਾਨਸਿਕ ਸਿਹਤ ਦੀ ਵੀ ਤਿੰਨ ਘੰਟੇ ਲੰਮੀ ਜਾਂਚ ਕੀਤੀ ਗਈ ਸੀ।
ਵ੍ਹਾਈਟ ਹਾਊਸ ਦੇ ਉਨ੍ਹਾਂ ਦੇ ਡਾਕਟਰ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਦੀ ਮਾਨਸਿਕ ਸਿਹਤ ਬਾਰੇ ਕੋਈ ਸ਼ੱਕ ਨਹੀਂ ਹਨ।
ਬੋਰਨਸਟਾਈਨ ਦੇ ਦਫ਼ਤਰ ਤੇ ਛਾਪੇ ਦੀ ਸਚਾਈ
ਨਿਊਯਾਰਕ ਦੇ ਇਸ ਡਾਕਟਰ ਨੇ ਕਿਹਾ ਹੈ ਕਿ ਵਾਈਟ ਹਾਊਸ ਦੇ ਇੱਕ ਅੰਗ ਰੱਖਿਅਕ ਅਤੇ ਦੋ ਹੋਰ ਕਰਮਚਾਰੀ ਉਨ੍ਹਾਂ ਦੇ ਦਫਤਰ ਆਏ ਸਨ।
ਉਨ੍ਹਾਂ ਕਿਹਾ ਕਿ 20-30 ਮਿੰਟ ਦੇ ਇਸ ਛਾਪੇ ਨਾਲ ਉਨ੍ਹਾਂ ਨੂੰ ਬੁਰਾ ਲੱਗਿਆ ਅਤੇ ਉਹ ਡਰ ਗਏ।
ਉਨ੍ਹਾਂ ਕਿਹਾ ਕਿ ਟਰੰਪ ਦੀ ਸਿਹਤ ਜਾਂਚ ਨਾਲ ਸੰਬੰਧਿਤ ਸਾਰੇ ਅਸਲੀ ਦਸਤਾਵੇਜ਼ ਚੁੱਕ ਲਏ ਗਏ ਨ।
ਇਹ ਛਾਪਾ ਨਿਊਯਾਰਕ ਟਾਈਮਸ ਦੀ ਉਸ ਖ਼ਬਰ ਮਗਰੋਂ ਮਾਰਿਆ ਗਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਡਾਕਟਰ ਨੇ ਟਰੰਪ ਨੂੰ ਗੰਜੇਪਨ ਦੀ ਦਵਾਈ ਦਿੱਤੀ ਹੈ।
ਵ੍ਹਾਈਟ ਹਾਊਸ ਦੀ ਪ੍ਰੈਸ ਸੱਕਤਰ ਸਾਰਾਹ ਸੈਂਡਰਸ ਨੇ ਕਿਹਾ ਸੀ ਕਿ ਇਹ ਕੋਈ ਛਾਪਾ ਨਹੀਂ ਸਗੋਂ ਰਾਸ਼ਟਰਪਤੀ ਦੀ ਸਿਹਤ ਰਿਕਾਰਡ ਨੂੰ ਆਪਣੇ ਕਬਜ਼ੇ ਵਿੱਚ ਲੈਣ ਲਈ ਕੀਤੀ ਗਈ ਸਧਾਰਣ ਪ੍ਰਕਿਰਿਆ ਸੀ।