You’re viewing a text-only version of this website that uses less data. View the main version of the website including all images and videos.
ਪਾਕਿਸਤਾਨ ਛੱਡਣ ਤੇ 'ਰਣਬੀਰ ਕਪੂਰ' ਉੱਤੇ ਕੀ ਬੋਲੀ ਮਾਹਿਰਾ ਖ਼ਾਨ?
ਪਾਕਿਸਤਾਨ ਦੀ ਉੱਘੀ ਅਦਾਕਾਰਾ ਮਾਹਿਰਾ ਖ਼ਾਨ ਨੇ ਬੀਬੀਸੀ ਨੂੰ ਦਿੱਤੇ ਆਪਣੇ ਇੱਕ ਖ਼ਾਸ ਇੰਟਰਵਿਊ ਵਿੱਚ ਆਪਣੇ ਨਾਲ ਵਾਬਸਤਾ ਮੁੱਦਿਆਂ 'ਤੇ ਬੇਬਾਕੀ ਨਾਲ ਵਿਚਾਰ ਰੱਖੇ ਹਨ।
ਕੁਝ ਸਮਾਂ ਪਹਿਲਾਂ ਮਾਹਿਰਾ ਅਤੇ ਰਣਬੀਰ ਕਪੂਰ ਦੀ ਇਕੱਠਿਆਂ ਸਿਗਰਟ ਪੀਂਦਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਸਨ।
'ਰਣਵੀਰ ਨਾਲ ਸਿਗਰਟ ਵਾਲੀ ਤਸਵੀਰ'
ਬੀਬੀਸੀ ਦੇ ਹਾਰਡਟਾਕ ਪ੍ਰੋਗਰਾਮ ਨੂੰ ਦਿੱਤੇ ਇੰਟਰਵਿਊ ਵਿੱਚ ਅਦਾਕਾਰਾ ਨੇ ਕਿਹਾ ਕਿ ਉਸ ਤਸਵੀਰ ਕਾਰਨ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਪਹਿਲੀ ਵਾਰੀ ਕਿਸੇ ਵਿਵਾਦ ਦਾ ਸਾਹਮਣਾ ਕਰਨਾ ਪਿਆ।
''ਇਹ ਬਹੁਤ ਅਜੀਬ ਸੀ ਕਿਉਂਕਿ ਇਸ ਦੇ ਕਈ ਪੱਖ ਸਨ। ਇੱਕ ਤਾਂ ਤੁਹਾਨੂੰ ਬੁਰੀ ਤਰ੍ਹਾਂ ਠੇਸ ਪਹੁੰਚਦੀ ਹੈ, ਕਿਉਂਕਿ ਤੁਸੀਂ ਆਪਣੇ ਨਿੱਜੀ ਅੰਦਾਜ਼ ਵਿੱਚ ਛੁੱਟੀਆਂ ਮਨਾ ਰਹੇ ਹੋਵੋਂ ਤੇ ਕੋਈ ਤੁਹਾਡੀ ਫੋਟੋ ਖਿੱਚ ਲਵੇ।''
''ਦੂਜਾ ਪੱਖ ਇਹ ਸੀ ਕਿ ਉਸ ਸਮੇਂ ਹੋ ਹੱਲਾ ਹੋ ਰਿਹਾ ਸੀ। ਇੱਕ ਪਾਸੇ ਮੈਂ ਉਹ ਸ਼ਖਸ਼ੀਅਤ ਸੀ ਜਿਸ ਨੂੰ ਪਾਕਿਸਤਾਨ ਵਿੱਚ ਬੇਹੱਦ ਪਿਆਰ ਕੀਤਾ ਜਾਂਦਾ ਸੀ ਤੇ ਦੂਸਰੇ ਪਾਸੇ ਉਨ੍ਹਾਂ ਨੂੰ ਮੇਰੇ ਕੁਝ ਕਰਦੇ ਦੇਖਣਾ ਪਸੰਦ ਨਹੀਂ ਸੀ।''
''ਉਸ ਮੌਕੇ ਇਹ ਸੱਚੀਂ ਪ੍ਰੇਸ਼ਾਨ ਕਰਨ ਵਾਲਾ ਸੀ। ਇਹ ਕਈ ਦਿਨ ਚਲਦਾ ਰਿਹਾ। ਕੌਮੀ ਬਹਿਸ ਦਾ ਹਿੱਸਾ ਬਣ ਗਿਆ। ਸਾਰੇ ਟੈਲੀਵਿਜ਼ਨ ਚੈਨਲਾਂ 'ਤੇ ਇਹੀ ਮਸਲਾ ਛਾਇਆ ਹੋਇਆ ਸੀ।''
ਕੀ ਕਦੇ ਮਾਹਿਰਾ ਪਾਕਿਸਤਾਨ ਛੱਡ ਸਕਦੀ ਹੈ?
ਪਿਛਲੇ ਸਾਲ ਨਵੰਬਰ ਵਿੱਚ ਮਾਹਿਰਾ ਨੇ ਆਪਣੀ ਫ਼ਿਲਮ ਨਾਲ ਸੰਬੰਧਿਤ ਇੱਕ ਡਿਸਕਲੇਮਰ ਟਵੀਟ ਕੀਤਾ ਸੀ।
ਉਨ੍ਹਾਂ ਕਿਹਾ ਸੀ, "ਇਸ ਫ਼ਿਲਮ ਵਿੱਚ ਸਭ ਕੁਝ ਕਾਲਪਨਿਕ ਹੈ। ਇਹ ਕਾਲਪਨਿਕ ਇਸ ਲਈ ਹੈ ਕਿਉਂਕਿ ਸੱਚਾਈ ਦੱਸਣ ਜਾਂ ਦਿਖਾਉਣ ਦੇ ਲਿਹਾਜ ਨਾਲ ਬਹੁਤ ਕੌੜੀ ਹੈ।''
''ਇਸ ਫ਼ਿਲਮ ਵਿੱਚ ਦਿਖਾਈਆਂ ਘਟਨਾਵਾਂ ਸਾਡੇ ਵਰਗੇ ਦੇਸਾਂ ਵਿੱਚ ਵਾਪਰ ਰਹੀਆਂ ਘਟਨਾਵਾਂ ਦੇ ਮੁਕਾਬਲੇ ਮਜ਼ਾਕ ਵਰਗੀਆਂ ਹਨ।"
ਇਸ ਮਗਰੋਂ ਸੋਸ਼ਲ ਮੀਡੀਆ 'ਤੇ ਮਾਹਿਰਾ ਨੂੰ ਮਜ਼ਾਕ ਦਾ ਪਾਤਰ ਬਣਾਇਆ ਗਿਆ।
ਟਵਿੱਟਰ ਤੇ ਉਨ੍ਹਾਂ ਨੂੰ ਇੱਥੋਂ ਤੱਕ ਕਿਹਾ ਗਿਆ ਕਿ ਜੇ ਉਨ੍ਹਾਂ ਨੂੰ ਪਾਕਿਸਤਾਨ ਤੋਂ ਐਨੀ ਹੀ ਦਿੱਕਤ ਹੈ ਤਾਂ ਇਹ ਭਾਰਤ ਚਲੇ ਜਾਣ।
ਮਾਹਿਰਾ ਨੇ ਦੇਸ ਛੱਡਣ ਬਾਰੇ ਕਿਹਾ, "ਮੈਂ ਮੁਲਕ ਕਦੇ ਛੱਡਣ ਬਾਰੇ ਨਹੀਂ ਸੋਚਿਆ। ਮੈਂ ਛੱਡ ਨਹੀਂ ਸਕਦੀ। ਇਹ ਮੇਰਾ ਘਰ ਹੈ। ਮੈਨੂੰ ਨਹੀਂ ਲਗਦਾ ਕਿ ਮੈਂ ਕੋਈ ਉਹ ਕਹਾਣੀ ਵਧੀਆ ਤਰੀਕੇ ਨਾਲ ਨਹੀਂ ਸੁਣਾ ਸਕਦੀ ਜੋ ਪਾਕਿਸਤਾਨ ਜਾਂ ਮੇਰੇ ਦੇਸਵਾਸੀਆਂ ਬਾਰੇ ਨਾ ਹੋਵੇ।''
''ਕੌਣ ਇਹ ਕਹਾਣੀਆਂ ਸੁਣਾਏਗਾ? ਮੈਂ 'ਵਰਨਾ' ਫ਼ਿਲਮ ਵਰਗੀਆਂ ਕਹਾਣੀਆਂ ਸੁਣਾਉਣਾ ਚਾਹੁੰਦੀ ਹਾਂ ਤੇ ਆਧੁਨਿਕ ਪੀੜ੍ਹੀ ਦੀ ਹੁਮਨ ਜਹਾਂ ਵਰਗੀਆਂ ਕਹਾਣੀਆਂ ਸੁਣਾਉਣਾ ਚਾਹੁੰਦੀ ਹਾਂ।"
ਮਾਹਿਰਾ ਖ਼ਾਨ ਆਪਣੀ ਫ਼ਿਲਮ ਵਰਨਾ ਵਿੱਚ ਸਾਰਾ ਨਾਮ ਦੀ ਔਰਤ ਦਾ ਕਿਰਦਾਰ ਨਿਭਾ ਰਹੇ ਹਨ ਜੋ ਕਿ ਇੱਕ ਰੇਪ ਪੀੜਤਾ ਹੈ। ਪਾਕਿਸਤਾਨ ਵਿੱਚ ਜਦੋਂ ਇਹ ਫ਼ਿਲਮ ਸਿਨੇਮਾ ਘਰਾਂ ਵਿੱਚ ਆਈ ਸੀ ਤਾਂ ਬਹੁਤ ਵਿਵਾਦ ਹੋਇਆ ਸੀ।
ਬਾਲੀਵੁੱਡ ਕਦੇ ਸੁਫ਼ਨਾ ਨਹੀਂ ਸੀ
ਮਾਹਿਰਾ ਖ਼ਾਨ ਨੇ ਬਾਲੀਵੁੱਡ ਵਿੱਚ ਆਪਣੇ ਸਫ਼ਰ ਬਾਰੇ ਕਿਹਾ, "ਬਾਲੀਵੁੱਡ ਕਦੇ ਵੀ ਮੇਰਾ ਸੁਫ਼ਨਾ ਨਹੀਂ ਰਿਹਾ। ਮੈਂ ਉੱਥੇ ਕੁਝ ਹੋਰ ਫ਼ਿਲਮਾਂ ਕਰ ਸਕਦੀ ਸੀ ਪਰ 'ਰਈਸ' ਤੋਂ ਤੁਰੰਤ ਮਗਰੋਂ ਮੈਂ 'ਵਰਨਾ' ਦਾ ਫਿਲਮਾਂਕਣ ਸ਼ੁਰੂ ਕਰ ਦਿੱਤਾ ਸੀ। ਮੇਰਾ ਫੋਕਸ ਹਮੇਸ਼ਾ ਪਾਕਿਸਤਾਨ ਸੀ।"