ਸਾਊਦੀ ਅਰਬ: ਫ਼ੌਜੀ ਅਫ਼ਸਰਾਂ ਨੂੰ ਕਿਉਂ ਗੁਆਉਣੀ ਪਈ ਕੁਰਸੀ?

ਤਸਵੀਰ ਸਰੋਤ, Getty Images
ਦੇਰ ਰਾਤ ਜਾਰੀ ਕੀਤੇ ਗਏ ਸ਼ਾਹੀ ਫ਼ਰਮਾਨਾਂ ਰਾਹੀਂ ਦੇਸ ਦੇ ਫ਼ੌਜ ਮੁਖੀਆਂ ਸਮੇਤ ਸਾਰੇ ਉੱਚ ਸੈਨਿਕ ਅਫ਼ਸਰਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ।
ਬਰਖ਼ਾਸਤ ਕੀਤੇ ਗਏ ਅਧਿਕਾਰੀਆਂ ਵਿੱਚ ਹਵਾਈ ਤੇ ਥਲ ਸੈਨਾ ਦੇ ਮੁਖੀ ਵੀ ਸ਼ਾਮਲ ਹਨ।
ਦੇਸ ਵਿਚਲੇ ਹਾਲੀਆਂ ਫੇਰਬਦਲਾਂ ਪਿੱਛੇ ਯੁਵਰਾਜ ਮੁਹੰਮਦ ਬਿਨ ਸਲਮਾਨ ਜੋ ਕਿ ਦੇਸ ਦੇ ਰੱਖਿਆ ਮੰਤਰੀ ਵੀ ਹਨ, ਦੀ ਸੋਚ ਮੰਨੀ ਜਾ ਰਹੀ ਹੈ।
ਹਾਲਾਂਕਿ ਸਰਕਾਰੀ ਪ੍ਰੈਸ ਏਜੰਸੀ ਦੀ ਖ਼ਬਰ ਮੁਤਾਬਕ ਇਨ੍ਹਾਂ ਬਰਖ਼ਾਸਤਗੀਆਂ ਦੇ ਕਾਰਨ ਸਪੱਸ਼ਟ ਨਹੀਂ ਕੀਤੇ ਗਏ।
ਪਿਛਲੇ ਸਾਲ ਦਰਜਨਾਂ ਉੱਘੀਆਂ ਸਖਸ਼ੀਅਤਾਂ ਜਿਨ੍ਹਾਂ ਵਿੱਚ ਰਾਜਕੁਮਾਰ, ਮੰਤਰੀ ਅਤੇ ਅਰਬਪਤੀ ਸ਼ਾਮਲ ਸਨ, ਨੂੰ ਰਿਆਦ ਦੇ ਪੰਜ ਤਾਰਾ ਹੋਟਲ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ।
ਮੌਜੂਦਾ ਫ਼ੈਸਲਾ ਉਸ ਸਮੇਂ ਆਇਆ ਹੈ ਜਦੋਂ ਸਾਊਦੀ ਅਰਬ ਦੀ ਅਗਵਾਈ ਵਾਲੇ ਗੱਠਜੋੜ ਦਾ ਯਮਨ ਵਿੱਚ ਬਾਗੀਆਂ ਨਾਲ ਲੜਾਈ ਦਾ ਤੀਜਾ ਸਾਲ ਪੂਰਾ ਹੋਣ ਜਾ ਰਿਹਾ ਹੈ।
ਵੱਡਾ ਫੇਰਬਦਲ
ਸਾਊਦੀ ਪ੍ਰੈਸ ਏਜੰਸੀ ਮੁਤਾਬਕ ਬਰਖ਼ਾਸਤ ਕੀਤੇ ਅਧਿਕਾਰੀਆਂ ਵਿੱਚ ਫ਼ੌਜ ਮੁਖੀ ਜਰਨਲ ਅਬਦੁਲ ਰਹਿਮਾਨ ਬਿਨ ਸਾਲੇਹ ਅਲ-ਬੁਨੀਆਂ ਸ਼ਾਮਲ ਹਨ।

ਤਸਵੀਰ ਸਰੋਤ, Getty Images
ਬਰਖ਼ਾਸਤ ਕੀਤੇ ਅਧਿਕਾਰੀਆਂ ਦੀ ਥਾਂ ਲੈਣ ਲਈ ਕਈ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਕਈ ਨਵੇਂ ਉਪ-ਮੰਤਰੀ ਵੀ ਨਿਯੁਕਤ ਕੀਤੇ ਗਏ ਹਨ।
ਇਨ੍ਹਾਂ ਵਿੱਚ ਯੂਸਫ਼ ਅਲ-ਰਮਾਹ ਨਾਮ ਦੀ ਮਹਿਲਾ ਮੰਤਰੀ ਵੀ ਸ਼ਾਮਲ ਹੈ।
ਸਾਊਦੀ ਵਿੱਚ ਕਿਸੇ ਔਰਤ ਦਾ ਉਪ-ਮੰਤਰੀ ਬਣਨਾ ਕੋਈ ਛੋਟੀ ਗੱਲ ਨਹੀਂ ਹੈ।
ਰਾਜਕੁਮਾਰ ਤੁਰਕੀ ਬਿਨ ਤਲਾਲ ਨੂੰ ਉੱਤਰ-ਪੱਛਮੀ ਅਸੀਰ ਸੂਬੇ ਦਾ ਉਪ-ਗਵਰਨਰ ਲਾਇਆ ਗਿਆ ਹੈ।
ਉਹ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿੱਚ ਫ਼ੜੇ ਗਏ ਅਰਬਪਤੀ ਰਾਜਕੁਮਾਰ ਅਲਵਲੀਦ ਬਿਨ ਤਲਾਲ ਦੇ ਭਰਾ ਹਨ।
ਤਲਾਲ ਨੂੰ ਦੋ ਮਹੀਨੇ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।












