ਗੂਗਲ ਤੇ ਐਪਲ ਨੇ ਕਿਉਂ ਹਟਾਇਆ ਇਹ ਮੈਸੇਜ਼ਿੰਗ ਐਪ?

ਕੈਟਰੀਨਾ ਕੌਲਿਨਸ

ਤਸਵੀਰ ਸਰੋਤ, Katrina Collins

ਤਸਵੀਰ ਕੈਪਸ਼ਨ, ਕੈਟਰੀਨਾ ਕੌਲਿਨਸ ਨੇ ਸਾਰਾਹਾਅ ਮੈਸੇਜਿੰਗ ਖ਼ਿਲਾਫ਼ ਪਾਈ ਸੀ ਆਨਲਾਈਨ ਪਟੀਸ਼ਨ
    • ਲੇਖਕ, ਐਲੀਜ਼ਾਬੇਥ ਕਾਸਿਨ
    • ਰੋਲ, ਬੀਬੀਸੀ ਟ੍ਰੈਂਡਿੰਗ

'ਅਨੋਨੀਮਸ ਮੈਸੇਜਿੰਗ ਐਪ ਸਾਰਾਹਾਅ' ਨੂੰ ਗੂਗਲ ਅਤੇ ਐਪਲ ਨੇ ਹਟਾ ਦਿੱਤਾ ਹੈ। ਇਸ ਰਾਹੀਂ ਆਪਣੀ ਪਛਾਣ ਲੁਕਾ ਕੇ ਲੋਕ ਧਮਕੀਆਂ ਵੀ ਦੇਣ ਲੱਗੇ ਸੀ। ਹਾਲਾਂਕਿ ਕੰਪਨੀ ਦੇ ਚੀਫ਼ ਐਗਜ਼ੀਕਿਊਟਿਵ ਨੇ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਇਸ ਐਪ ਦੀ ਨੌਜਵਾਨਾਂ ਵੱਲੋਂ ਵਰਤੋਂ ਨਹੀਂ ਕੀਤੀ ਜਾ ਰਹੀ ਸੀ।

ਆਸਟਰੇਲੀਆ ਵਿੱਚ ਰਹਿਣ ਵਾਲੀ ਕੈਟਰੀਨਾ ਕੌਲਿਨਸ ਵੀ ਇਸ ਐਪ ਰਾਹੀਂ ਆਪਣੀ 13 ਸਾਲਾਂ ਦੀ ਬੇਟੀ ਨੂੰ ਮਿਲ ਰਹੇ ਅਣਜਾਣ ਸੰਦੇਸ਼ਾਂ ਤੋਂ ਡਰੇ ਹੋਏ ਸਨ।

ਇੱਕ ਸੰਦੇਸ਼ ਵਿੱਚ ਲਿਖਿਆ ਹੋਇਆ ਸੀ ਕਿ ਉਨ੍ਹਾਂ ਨੂੰ ਆਸ ਹੈ ਕਿ ਉਸ ਦੀ ਬੇਟੀ ਖ਼ੁਦ ਨੂੰ ਮਾਰ ਲਵੇਗੀ।

ਉੱਥੇ ਹੀ ਦੂਜਿਆਂ ਨੇ ਬੇਹੱਦ ਖਰਾਬ ਅਤੇ ਅਪਮਾਨਜਨਕ ਭਾਸ਼ਾ ਦਾ ਇਸਤੇਮਾਲ ਕੀਤਾ ਸੀ।

ਕੈਟਰੀਨਾ ਕੌਲਿਨਸ ਦੀ ਪਟੀਸ਼ਨ

ਤਸਵੀਰ ਸਰੋਤ, change.org

ਸਾਰਾਹਾਅ ਐਪ ਨੂੰ ਆਪਣੇ ਸਹਿਯੋਗੀਆਂ ਅਤੇ ਦੋਸਤਾਂ ਕੋਲੋਂ "ਸਹੀ ਫੀਡਬੈਕ" ਹਾਸਿਲ ਕਰਨ ਲਈ ਬਣਾਇਆ ਗਿਆ ਸੀ।

ਹਾਲਾਂਕਿ, ਕੌਲਿਨਸ ਦੀ ਬੇਟੀ ਇਹ ਐੱਪ ਨਹੀਂ ਵਰਤ ਰਹੀ ਸੀ। ਉਸ ਦੇ ਇੱਕ ਦੋਸਤ ਨੇ ਇਹ ਐਪ ਡਾਊਨਲੋਡ ਕਰਕੇ ਇਹ ਸੰਦੇਸ਼ ਉਸ ਨੂੰ ਦਿਖਾਏ।

ਕੌਲਿਨਸ ਨੇ ਸਾਰਾਹਾਅ ਐਪ ਨੂੰ ਗੂਗਲ ਅਤੇ ਐਪਲ ਪਲੇਅ ਸਟੋਰ 'ਚੋਂ ਹਟਾਉਣ ਲਈ Change.org ਦੀ ਸਾਈਟ 'ਤੇ ਆਨਲਾਈਨ ਪਟੀਸ਼ਨ ਪਾਈ ਸੀ।

ਪਟੀਸ਼ਨ ਵਿੱਚ ਸਾਰਾਹਾਅ 'ਤੇ "ਧਮਕੀ ਦੇਣ", "ਖੁਦ ਨੂੰ ਨੁਕਸਾਨ ਪਹੁੰਚਾਉਣ" ਵਰਗੇ ਇਲਜ਼ਾਮ ਲਗਾਏ ਗਏ ਸਨ ਅਤੇ ਜਲਦ ਹੀ ਇਸ ਪਟੀਸ਼ਨ ਦੇ ਹੱਕ ਵਿੱਚ 4 ਲੱਖ 70 ਹਜ਼ਾਰ ਸਮਰਥਕ ਹੋ ਗਏ ਸਨ।

ਜਿਸ ਤੋਂ ਬਾਅਦ ਇਸ ਨੂੰ ਗੂਗਲ ਅਤੇ ਐਪ ਪਲੇਅ ਸਟੋਰ ਤੋਂ ਹਟਾ ਲਈ ਗਈ।

ਹਾਲਾਂਕਿ ਗੂਗਲ ਦੇ ਬੁਲਾਰੇ ਨੇ ਕਿਹਾ, "ਅਸੀਂ ਕਿਸੇ ਵਿਸ਼ੇਸ਼ ਐਪ 'ਤੇ ਕੁਝ ਨਹੀਂ ਕਹਿ ਸਕਦੇ।"

ਐਪਲ ਨੇ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

ਸਾਰਾਹਾਅ ਦੇ ਸੀਈਓ ਜ਼ੈਨ ਅਲਾਬਦੀਨ ਤਾਫੀਕ ਦੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ, "ਗੂਗਲ ਅਤੇ ਐਪਲ ਵੱਲੋਂ ਇਸ ਐਪ ਨੂੰ ਹਟਾਏ ਜਾਣਾ ਮੰਦਭਾਗਾ ਹੈ ਪਰ ਆਸ ਹੈ ਕਿ ਉਨ੍ਹਾਂ ਨਾਲ ਇਸ ਸਬੰਧੀ ਜਲਦ ਕੋਈ ਅਨੁਕੂਲ ਰਾਇ ਬਣ ਸਕਦੀ ਹੈ।"

ਸਾਰਾਹਾਅ ਮੈਸੇਜ਼ਿੰਗ ਐਪ

ਤਸਵੀਰ ਸਰੋਤ, Sarahah.com

ਸਾਰਾਹਾਅ ਮੈਸੇਜਿੰਗ ਐਪ

ਅਨੋਨਿਮਸ ਮੈਸੇਜਿੰਗ ਐਪ ਇੱਕ ਸਾਲ ਪਹਿਲਾਂ ਲਾਂਚ ਹੋਈ ਸੀ ਅਤੇ ਇਸ ਨੇ ਛੇਤੀ ਹੀ ਵਿਸ਼ਵ ਪੱਧਰ 'ਤੇ ਪ੍ਰਸਿੱਧੀ ਹਾਸਿਲ ਕਰ ਲਈ ਸੀ। ਕਰੋੜਾਂ ਲੋਕਾਂ ਨੇ ਇਸ 'ਤੇ ਅਕਾਊਂਟ ਬਣਾਏ ਸਨ।

ਸਾਰਾਹਾਅ ਸਾਊਦੀ ਅਰਬ ਵੱਲੋਂ ਬਣਾਈ ਗਈ ਮੈਸੇਜਿੰਗ ਐਪ ਸੀ।

ਜੁਲਾਈ 2017 ਵਿੱਚ 30 ਤੋਂ ਵੱਧ ਦੇਸਾਂ ਵਿੱਚ ਐਪਲ ਸਟੋਰ 'ਤੇ ਟੌਪ ਦੀ ਐਪ ਬਣ ਗਈ ਸੀ।

ਸਾਰਾਹਾਅ ਦਾ ਸ਼ਬਦ ਅਰਬੀ ਦਾ ਹੈ, ਜਿਸ ਦਾ ਅਰਥ ਹੈ "ਇਮਾਨਦਾਰੀ" ਅਤੇ ਇਸ ਦਾ ਉਦੇਸ਼ ਸਹੀ ਫੀਡਬੈਕ ਹਾਸਿਲ ਕਰਨਾ ਦੱਸਿਆ ਜਾ ਰਿਹਾ ਹੈ।

ਪਰ ਕੌਲਿਨਸ ਦਾ ਕਹਿਣਾ ਹੈ ਇਹ ਐਪ "ਸਾਈਬਰਬੁਲਿੰਗ" (ਸਾਈਬਰ ਧਮਕੀ) ਕਰ ਰਹੀ ਹੈ।

ਕੌਲਿਨਸ ਨੇ ਬੀਬੀਸੀ ਨੂੰ ਦੱਸਿਆ, "ਜੇਕਰ ਇਹ ਮੇਰੀ ਬੇਟੀ ਨਾਲ ਹੋ ਸਕਦਾ ਹੈ ਤਾਂ ਕਿਸੇ ਹੋਰ ਬੱਚੇ ਨਾਲ ਵੀ ਹੋ ਸਕਦਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)