ਅਮਰੀਕਾ: 17 ਲੋਕਾਂ ਨੂੰ ਗੋਲੀ ਮਾਰਨ ਤੋਂ ਬਾਅਦ ਹਮਲਾਵਰ ਨੇ ਹੋਰ ਕੀ ਕੀਤਾ?

'ਉਸ ਨੇ 17 ਲੋਕਾਂ ਦੀ ਜਾਨ ਲਈ। ਕਈ ਹੋਰ ਲੋਕਾਂ ਨੂੰ ਆਪਣੀ ਅਸਾਲਟ ਨਾਲ ਜ਼ਖ਼ਮੀ ਕੀਤਾ ਅਤੇ ਫੇਰ ਕੁਝ ਖਾਣ ਲਈ ਮੈੱਕਡੋਨਲਡ ਚਲਾ ਗਿਆ।'

ਇਹ ਫਲੋਰਿਡਾ ਪੁਲਿਸ ਦੇ ਉਸ ਬਿਆਨ ਦਾ ਹਿੱਸਾ ਹੈ, ਜੋ ਉਨ੍ਹਾਂ ਨੇ ਪਾਰਕਲੈਂਡ ਇਲਾਕੇ ਦੇ ਸਟੋਨਮੈਨ ਡਗਲਸ ਹਾਈ ਸਕੂਲ 'ਚ ਗੋਲੀਬਾਰੀ ਕਰਨ ਵਾਲੇ ਨਿਕੋਲਸ ਕਰੂਜ਼ ਨੂੰ ਲੈ ਕੇ ਜਾਰੀ ਕੀਤਾ ਹੈ।

ਪੁਲਿਸ ਮੁਤਾਬਕ ਮੁਲਜ਼ਮ 17 ਲੋਕਾਂ ਦੇ ਕਤਲ ਦੇ ਮੁਲਜ਼ਮ ਮੁੰਡੇ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।

ਅਦਾਲਤ ਵਿੱਚ ਦਾਖਲ ਕੀਤੇ ਗਏ ਕਾਗਜ਼ਾਤਾਂ ਮੁਤਾਬਕ 19 ਸਾਲਾ ਨਿਕੋਲਸ ਕਰੂਜ਼ ਨੇ ਕੈਂਪਸ ਵਿੱਚ ਦਾਖ਼ਲ ਹੋ ਕੇ ਵਿਦਿਆਰਥੀਆਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਪੁਲਿਸ ਦੇ ਬਿਆਨ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਇੱਕ ਯੋਜਨਾਬੱਧ ਢੰਗ ਨਾਲ ਕੀਤਾ ਗਿਆ ਅਪਰਾਧ ਹੈ। ਨਿਕੋਲਸ ਕਰੂਜ਼ ਨੇ ਬੇਹੱਦ ਘਿਨਾਉਣੇ ਤਰੀਕੇ ਨਾਲ ਇਸ ਨੂੰ ਅੰਜ਼ਾਮ ਦਿੱਤਾ ਹੈ।

ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਦੇ ਇਤਿਹਾਸ ਵਿੱਚ ਕਿਸੇ ਵੀ ਸਿਖਿਆ ਸੰਸਥਾ 'ਚ ਹੋਈਆਂ ਹੁਣ ਤੱਕ ਦੀਆਂ ਭਿਆਨਕ ਘਟਨਾਵਾਂ 'ਚੋਂ ਇਹ ਇੱਕ ਵੱਡੀ ਘਟਨਾ ਹੈ।

ਗੋਲੀਆਂ ਨਾਲ ਭਰਿਆ ਹੋਇਆ ਸੀ ਬੈਗ

ਪੁਲਿਸ ਨੇ ਕਿਹਾ ਕਿ ਨਿਕੋਲਸ ਨੇ ਸਕੂਲ ਤੱਕ ਪਹੁੰਚਣ ਲਈ ਇੱਕ ਉਬਰ ਕੈਬ ਬੁੱਕ ਕੀਤੀ ਸੀ, ਜਿਸ ਦੇ ਡਰਾਈਵਰ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਅੱਗੇ ਕੀ ਹੋਣ ਵਾਲਾ ਹੈ।

ਨਿਕੋਲਸ ਨੇ ਇੱਕ ਕਾਲਾ ਬੈਗ ਟੰਗਿਆ ਹੋਇਆ ਸੀ, ਜੋ ਗੋਲੀਆਂ ਨਾਲ ਭਰਿਆ ਹੋਇਆ ਸੀ। ਸਕੂਲ ਪਹੁੰਚ ਕੇ ਉਸ ਨੇ ਏਆਰ-15 ਰਾਈਫਲ ਆਪਣੇ ਹੱਥ 'ਚ ਲੈ ਲਈ।

ਉਸ ਨੇ ਕਈ ਕਲਾਸਾਂ ਵਿੱਚ ਜਾ ਕੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਅਤੇ ਜਦੋਂ ਸਕੂਲ ਵਿੱਚ ਹਫੜਾ-ਦਫੜੀ ਵਾਲਾ ਮਾਹੌਲ ਹੋ ਗਿਆ ਤਾਂ ਉਹ ਬੈਗ ਅਤੇ ਰਾਈਫਲ ਨੂੰ ਗੈਲਰੀ 'ਚ ਛੱਡ ਕੇ ਫਰਾਰ ਗਿਆ।

ਨਿਕੋਲਸ ਦੀ ਯੋਜਨਾ ਸੀ ਕਿ ਗੋਲੀਬਾਰੀ ਕਰਨ ਤੋਂ ਬਾਅਦ ਉਹ ਸਕੂਲ ਵਿੱਚ ਹਫੜਾ-ਦਫੜੀ ਵਾਲੇ ਮਾਹੌਲ ਵਿੱਚ ਸਕੂਲ ਵਿੱਚ ਟੈਨਿਸ ਕੋਰਟ ਵੱਲ ਉਨ੍ਹਾਂ ਵਿਦਿਆਰਥੀਆਂ ਨਾਲ ਭੱਜੇਗਾ ਜੋ ਫਾਇਰ ਅਲਾਰਮ ਵੱਜਣ ਤੋਂ ਬਾਅਦ ਬਾਹਰ ਵੱਲ ਨੂੰ ਦੌੜਨਗੇ।

ਕਤਲ ਤੋਂ ਬਾਅਦ ਖਾਣਾ

ਨਿਕੋਲਸ ਸਕੂਲ ਦੀ ਇਮਾਰਤ ਤੋਂ ਪੱਛਮ ਦਿਸ਼ਾ ਵੱਲ ਭੱਜਣ 'ਚ ਸਫ਼ਲ ਰਿਹਾ। ਬ੍ਰੋਵਾਰਡ ਕਾਊਂਟੀ ਦੀ ਪੁਲਿਸ ਦਾ ਕਹਿਣਾ ਹੈ ਕਿ ਭੀੜ ਵਿੱਚ ਉਸ ਦੀ ਪਛਾਣ ਕਰਨੀ ਮੁਸ਼ਕਲ ਸੀ।

ਪਰ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਲੋਕਾਂ ਦੇ ਕਤਲ ਦੇ ਤੁਰੰਤ ਬਾਅਦ ਨਿਕੋਲਸ ਇੱਕ ਸੁਪਰ ਬਾਜ਼ਾਰ ਵਿੱਚ ਗਿਆ।

ਉੱਥੇ ਉਸ ਨੇ ਇੱਕ ਡਰਿੰਕ ਖਰੀਦੀ ਅਤੇ ਉਸ ਨੂੰ ਪੀਂਦੇ ਹੋਇਆ ਉਹ ਮੈੱਕ ਡੌਨਲਡ ਵਿੱਚ ਦਾਖ਼ਲ ਹੋਇਆ।

ਮੈੱਕ ਡੌਨਲਡ 'ਚ ਉਸ ਨੇ ਹੈਮਬਰਗਰ ਆਰਡਰ ਕੀਤਾ। ਉੱਥੇ ਕੁਝ ਦੇਰ ਬੈਠਾ ਰਿਹਾ ਅਤੇ ਫੇਰ ਪੈਦਲ ਨਿਕਲ ਗਿਆ।

ਉਹ ਆਪਣਾ ਬਰਗਰ ਵੀ ਅੱਧਾ ਛੱਡ ਆਇਆ ਸੀ। ਪੁਲਿਸ ਦਾ ਦਾਅਵਾ ਹੈ ਕਿ ਮੈੱਕ ਡੌਨਲਡ ਤੋਂ ਕੁਝ ਦੂਰ ਜਾਣ ਤੋਂ ਬਾਅਦ ਜਦੋਂ ਨਿਕੋਲਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਨੇ ਇਸ ਦਾ ਬਿਲਕੁਲ ਵੀ ਵਿਰੋਧ ਨਹੀਂ ਕੀਤਾ।

ਐੱਫਬੀਆਈ ਨੇ ਵੀ ਕੀਤਾ ਸੀ ਅਲਰਟ

ਨਿਕੋਲਸ ਨੂੰ ਇੰਸਟਾਗ੍ਰਾਮ 'ਤੇ ਬੰਦੂਕਾਂ ਅਤੇ ਚਾਕੂਆਂ ਨਾਲ ਤਸਵੀਰਾਂ ਲਗਾਉਣਾ ਪਸੰਦ ਸੀ, ਪੁਲਿਸ ਨੇ ਉਸ ਦੇ ਦੋਵੇਂ ਅਕਾਊਂਟ ਡਿਲੀਟ ਕਰ ਦਿੱਤੇ ਹਨ।

ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਐੱਫਬੀਆਈ ਅਤੇ ਸਕੂਲ ਅਧਿਆਪਕਾਂ ਨੇ ਵੀ ਨਿਕੋਲਸ ਕਰੂਜ਼ ਕਰਕੇ ਅਲਰਟ ਕੀਤਾ ਸੀ ਅਤੇ ਕਿਹਾ ਸੀ ਕਿ ਉਸ ਦੀਆਂ ਗਤੀਵਿਧੀਆਂ ਸ਼ੱਕੀ ਹਨ।

ਸਕੂਲ ਵਿੱਚ ਨਿਕੋਲਸ ਦੇ ਸਹਿਪਾਠੀ ਰਹੇ ਜੋਸ਼ੁਆ ਚਾਰੋ ਨੇ ਦੱਸਿਆ ਕਿ ਕਰੂਜ਼ ਦੇ ਬੈਗ ਵਿੱਚ ਇੱਕ ਵਾਰ ਕਈ ਗੋਲੀਆਂ ਮਿਲੀਆਂ ਸਨ। ਇਸੇ ਕਾਰਨ ਉਸ ਨੂੰ ਸਕੂਲ 'ਚੋਂ ਕੱਢਿਆ ਗਿਆ ਸੀ।

ਪੁਲਿਸ ਨੇ ਕੀਤੀ ਹੋਰ ਚੀਜ਼ਾਂ ਦੀ ਪੁਸ਼ਟੀ

  • ਨਿਕੋਲਸ ਦਾ ਸਾਥ ਕਿਸੇ ਪਰਿਵਾਰਕ ਮੈਂਬਰ ਜਾਂ ਕਿਸੇ ਦੋਸਤ ਨੇ ਨਹੀਂ ਦਿੱਤਾ। ਇਹ ਉਸ ਦਾ ਆਪਣਾ ਪਲਾਨ ਸੀ।
  • ਹਮਲੇ 'ਚ ਇਸਤੇਮਾਲ ਹੋਈ ਏਆਰ-15 ਰਾਈਫਲ ਨਿਕੋਲਸ ਕਰੂਜ਼ ਨੇ ਇੱਕ ਸਾਲ ਪਹਿਲਾਂ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਖਰੀਦੀ ਸੀ।
  • ਨਿਕੋਲਸ ਨੂੰ ਜਿਸ ਅਮਰੀਕੀ ਜੋੜੇ ਨੇ ਗੋਦ ਲਿਆ ਸੀ, ਉਹ ਹੁਣ ਇਸ ਦੁਨੀਆਂ ਵਿੱਚ ਨਹੀਂ ਅਤੇ ਉਹ ਦੂਜੇ ਪਰਿਵਾਰ ਨਾਲ ਰਹਿੰਦਾ ਸੀ।
  • ਪੁਲਿਸ ਖ਼ਾਸ ਤੌਰ 'ਤੇ ਇਸ ਗੱਲ ਦੀ ਜਾਂਚ ਕਰ ਰਹੀ ਹੈ ਨਿਕੋਲਸ ਗੋਲੀਬਾਰੀ ਲਈ ਕੁਝ ਚੋਣਵੀਆਂ ਕਲਾਸਾਂ ਵਿੱਚ ਹੀ ਕਿਉਂ ਗਿਆ।
  • ਪੁਲਿਸ ਨੂੰ ਇਹ ਸੂਚਨਾ ਮਿਲੀ ਕਿ ਨਿਕੋਲਸ ਇੱਕ ਅਜਿਹੇ ਸਮੂਹ ਨਾਲ ਸਰਗਰਮ ਸੀ, ਜੋ ਗੋਰੇ ਲੋਕਾਂ ਨੂੰ ਮੋਹਰੀ ਸਮਝਦੇ ਹਨ। ਪੁਲਿਸ ਇਸ ਦੀ ਵੀ ਜਾਂਚ ਕਰ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)