ਪਾਕਿਸਤਾਨ: 'ਚਾਈਲਡ ਪੋਰਨੋਗ੍ਰਾਫੀ' 'ਚ ਸ਼ਾਮਲ ਸੀ ਜ਼ੈਨਬ ਦਾ 'ਕਾਤਲ'?

ਪਾਕਿਸਤਾਨ ਦੇ ਜ਼ੈਨਬ ਰੇਪ ਅਤੇ ਕਤਲ ਮਾਮਲੇ ਵਿੱਚ ਐਤਵਾਰ ਨੂੰ ਸੁਪਰੀਮ ਕੋਰਟ ਦੀ ਲਾਹੌਰ ਰਜਿਸਟ੍ਰੀ 'ਚ ਸੁਣਵਾਈ ਹੋਈ। ਚੀਫ ਜਸਟਿਸ ਸਾਕਿਬ ਨਿਸਾਰ ਦੀ ਬੈਂਚ ਨੇ ਇਸ ਮਾਮਲੇ ਨੂੰ ਸੁਣਿਆ।
ਮਾਮਲੇ ਦੇ ਕੇਂਦਰ ਬਿੰਦੂ ਮੀਡੀਆ ਦੇ ਲੋਕ ਸੀ। ਜਿਸ ਕਰਕੇ ਵੱਡੇ ਚੈਨਲਾਂ ਦੇ ਮਾਲਕ ਅਤੇ ਐਂਕਰ ਇਸ ਸੁਣਵਾਈ 'ਚ ਪਹੁੰਚੇ।
ਬੀਬੀਸੀ ਉਰਦੂ ਦੀ ਪੱਤਰਕਾਰ ਹਿਨਾ ਸਈਦ ਨੇ ਦੱਸਿਆ, ''ਸਭ ਤੋਂ ਪਹਿਲਾਂ ਡਾਕਟਰ ਸ਼ਾਹਿਦ ਮਸੂਦ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਗਿਆ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜ਼ੈਨਬ ਦੇ ਕਾਤਲ ਦੇ 37 ਬੈਂਕ ਅਕਾਉਂਟਸ ਹਨ, ਇੱਕ ਕੌਮਾਂਤਰੀ ਗਿਰੋਹ ਨਾਲ ਸਬੰਧ ਹਨ ਅਤੇ ਸਰਕਾਰ ਦੇ ਇੱਕ ਮੰਤਰੀ ਦੇ ਸ਼ਾਮਲ ਹੋਣ ਵਰਗੇ ਆਰੋਪਾਂ ਨੂੰ ਉਹ ਕਿਵੇਂ ਸਾਬਤ ਕਰਨਗੇ?''

ਤਸਵੀਰ ਸਰੋਤ, Twitter
ਸੀਨੀਅਰ ਪੱਤਰਕਾਰ ਸ਼ਾਹਿਦ ਮਸੂਦ ਨੇ ਆਪਣੇ ਆਰੋਪਾਂ ਨੂੰ ਲੈ ਕੇ ਤਰਕ ਰੱਖੇ ਪਰ ਉਨ੍ਹਾਂ ਕੋਈ ਪੁਖਤਾ ਸਬੂਤ ਪੇਸ਼ ਨਹੀਂ ਕੀਤਾ।
ਜਿਸ ਤੋਂ ਬਾਅਦ ਕੋਰਟ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਆਪਣੇ ਸਬੂਤ ਕਿਉਂ ਨਹੀਂ ਪੇਸ਼ ਕਰ ਰਹੇ?
ਬਣਾਈ ਗਈ ਇੱਕ ਨਵੀਂ ਜੇਆਈਟੀ
ਕੋਰਟ ਨੇ ਪੱਤਰਕਾਰ ਮਸੂਦ ਨੂੰ ਮਾਮਲੇ ਦੀ ਜਾਂਚ ਲਈ ਬਣਾਈ ਗਈ ਜੇਆਈਟੀ ਨੂੰ ਸਬੂਤ ਪੇਸ਼ ਕਰਨ ਲਈ ਕਿਹਾ।
ਸਈਦ ਮੁਤਾਬਕ ਇਸ ਤੋਂ ਬਾਅਦ ਮਸੂਦ ਨੇ ਕਿਹਾ ਕਿ ਉਨ੍ਹਾਂ ਨੂੰ ਜੇਆਈਟੀ 'ਤੇ ਭਰੋਸਾ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਮੈਂਬਰ ਭਰੋਸੇਯੋਗ ਨਹੀਂ ਹਨ।
ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਮਸੂਦ ਦੇ ਆਰੋਪਾਂ ਦੀ ਜਾਂਚ ਲਈ ਬਸ਼ੀਰ ਮੇਮਨ ਥੱਲੇ ਇੱਕ ਹੋਰ ਜੇਆਈਟੀ ਬਣਾਈ।

ਤਸਵੀਰ ਸਰੋਤ, AFP
ਕੋਰਟ ਨੇ ਕਿਹਾ ਜੇ ਸ਼ਾਹਿਦ ਮਸੂਦ ਦੇ ਆਰੋਪ ਸਹੀ ਸਾਬਤ ਹੁੰਦੇ ਹਨ ਤਾਂ ਉਨ੍ਹਾਂ ਦੀ ਸਿਫਤ ਹੋਏਗੀ ਪਰ ਜੇ ਗਲਤ ਸਾਬਤ ਹੋਏ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਹੋਏਗੀ।
ਕੋਰਟ 'ਚ ਸ਼ਾਹਿਦ ਮਸੂਦ ਦੇ ਪ੍ਰੋਗਰਾਮ ਦੀ ਕਲਿੱਪ ਵੀ ਚਲਾਈ ਗਈ।
ਪੱਤਰਕਾਰ ਹਿਨਾ ਸਈਦ ਮੁਤਾਬਕ, ਕੋਰਟ 'ਚ ਸੀਨੀਅਰ ਐਂਕਰਾਂ ਅਤੇ ਪੱਤਰਕਾਰਾਂ ਵੱਲੋਂ ਗਲਤ ਖਬਰ ਦਿੱਤੇ ਜਾਣ ਅਤੇ ਪੱਤਰਕਾਰਿਤਾ ਦੇ ਸਿੱਧਾਂਤਾਂ 'ਤੇ ਵੀ ਗੱਲ ਕੀਤੀ ਗਈ।
ਮੁਆਫੀ ਤੋਂ ਮਸੂਦ ਨੇ ਕੀਤਾ ਇਨਕਾਰ
ਕੋਰਟ ਨੇ ਕਿਹਾ ਕਿ ਅਜਿਹੀ ਹਾਲਤ ਵਿੱਚ ਕੀ ਕੀਤਾ ਜਾਣਾ ਚਾਹੀਦਾ ਹੈ?
ਇਸ 'ਤੇ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਮਾਮਲੇ ਵਿੱਚ ਦਹਿਸ਼ਤਗਰਦੀ ਦਾ ਕੇਸ ਵੀ ਬਣਦਾ ਹੈ ਅਤੇ ਅਦਾਲਤ ਦੀ ਨਾਫਰਮਾਨੀ ਦਾ ਮਾਮਲਾ ਵੀ ਹੋ ਸਕਦਾ ਹੈ।
ਐਂਕਰ ਹਾਮਿਦ ਮੀਰ ਨੇ ਕੋਰਟ ਨੂੰ ਕਿਹਾ, ''ਤੁਸੀਂ ਡਾਕਟਰ ਸ਼ਾਹਿਦ ਮਸੂਦ ਨੂੰ ਮੁਆਫੀ ਦਾ ਮੌਕਾ ਦਿਓ।''

ਤਸਵੀਰ ਸਰੋਤ, PFSA
ਹਾਲਾਂਕਿ ਮਸੂਦ ਨੇ ਕੋਰਟ ਤੋਂ ਮੁਆਫੀ ਮੰਗਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਆਪਣੇ ਆਰੋਪਾਂ 'ਤੇ ਕਾਇਮ ਹਨ।
ਉਨ੍ਹਾਂ ਕਿਹਾ ਕਿ ਇਹ ਇੱਕ ਡਵੈਲਪਿੰਗ ਕਹਾਣੀ ਹੈ ਅਤੇ ਉਨ੍ਹਾਂ ਜੋ ਕਿਹਾ, ਉਹ ਉਸ 'ਤੇ ਕਾਇਮ ਹਨ।
ਦਰਅਸਲ ਪੱਤਰਕਾਰ ਸ਼ਾਹਿਦ ਮਸੂਦ ਨੇ ਆਪਣੇ ਪ੍ਰੋਗਰਾਮ ਵਿੱਚ ਇਹ ਦਾਅਵਾ ਕੀਤਾ ਸੀ ਕਿ ਮੁਲਜ਼ਮ ਇਮਰਾਨ ਅਲੀ ਦੇ ਪਾਕਿਸਤਾਨ ਵਿੱਚ 37 ਤੋਂ ਵੱਧ ਬੈਂਕ ਖਾਤੇ ਹਨ ਅਤੇ ਜ਼ੈਨਬ ਕਤਲ ਕੇਸ ਪਿੱਛੇ ਇੱਕ ਕੌਮਾਂਤਰੀ ਚਾਈਲਡ ਪੌਰਨੋਗ੍ਰਾਫੀ ਗਿਰੋਹ ਹੈ ਜਿਸ ਨੂੰ ਇੱਕ ਮੰਤਰੀ ਦਾ ਮਸਰਥਨ ਹੈ।
ਸਟੇਟ ਬੈਂਕ ਵੱਲੋਂ ਮੁਲਜ਼ਮ ਦੇ ਖਾਤਿਆਂ ਦੀ ਜਾਣਕਾਰੀ ਤੋਂ ਬਾਅਦ ਸੁਪਰੀਮ ਕੋਰਟ ਨੇ ਪੱਤਰਕਾਰ ਸ਼ਾਹਿਦ ਮਸੂਦ ਦੇ ਆਰੋਪਾਂ ਲਈ ਇੱਕ ਜਾਂਚ ਟੀਮ ਬਣਾਈ ਸੀ।
ਜ਼ੈਨਬ ਕਤਲ ਦੇ ਮੁਲਜ਼ਮ ਇਮਰਾਨ ਤੋਂ ਪੁੱਛ ਗਿੱਛ ਚੱਲ ਰਹੀ ਹੈ। ਉਸ ਦਾ ਡੀਐਨਏ ਪੰਜ ਬੱਚੀਆਂ ਨਾਲ ਮਿਲ ਚੁੱਕਿਆ ਹੈ ਅਤੇ ਇਸ ਦੀ ਫੌਰੇਂਸਿਕ ਰਿਪੋਰਟ ਪੇਸ਼ ਕੀਤੀ ਗਈ ਹੈ।
ਜ਼ੈਨਬ ਦੇ ਪਿਤਾ 'ਤੇ ਰੋਕ
ਕੇਸ ਦੀ ਜਾਂਚ ਕਰ ਰਹੀ ਜੇਆਈਟੀ ਤੋਂ ਪੁੱਛਿਆ ਗਿਆ ਕਿ ਪੁਲਿਸ ਕਿੰਨੇ ਦਿਨਾਂ ਵਿੱਚ ਮਾਮਲੇ ਦੀ ਚਾਰਜਸ਼ੀਟ ਦਾਖਲ ਕਰ ਸਕਦੀ ਹੈ।
ਜਿਸ ਦੇ ਜਵਾਬ ਵਿੱਚ ਉਨ੍ਹਾਂ 90 ਦਿਨਾਂ ਦਾ ਸਮਾਂ ਮੰਗਿਆ ਪਰ ਕੋਰਟ ਨੇ ਉਸ ਤੋਂ ਵੀ ਛੇਤੀ ਚਾਰਜਸ਼ੀਟ ਦਾਖਲ ਕਰਨ ਨੂੰ ਕਿਹਾ ਹੈ।
ਸੁਪਰੀਮ ਕੋਰਟ ਨੇ ਜ਼ੈਨਬ ਦੇ ਪਿਤਾ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਕਰਨ ਤੋਂ ਰੋਕ ਦਿੱਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਜੋ ਵੀ ਸ਼ਿਕਾਇਤ ਹੋਵੇ ਉਹ ਅਦਾਲਤ ਨੂੰ ਦੱਸਣ।












