ਚੀਨ: ਦੁਨੀਆਂ ਦਾ ਸਭ ਤੋਂ ਵੱਡਾ ਪਾਣੀ ਤੇ ਹਵਾ 'ਚ ਚੱਲਣ ਵਾਲਾ ਜਹਾਜ਼

ਤਸਵੀਰ ਸਰੋਤ, AFP/Getty Images
ਦੁਨੀਆਂ ਦੇ ਸਭ ਤੋਂ ਵੱਡੇ ਪਾਣੀ ਤੇ ਹਵਾ 'ਚ ਚੱਲਣ ਵਾਲੇ ਚੀਨ ਦੇ ਏਜੀ 600 ਜਹਾਜ਼ ਨੇ ਇੱਕ ਘੰਟੇ ਦੀ ਪਹਿਲੀ ਸਫਲ ਉਡਾਣ ਲਈ ਹੈ।
ਇਹ ਜਹਾਜ਼, ਲਗਭਗ ਬੋਇੰਗ 737 ਦੇ ਆਕਾਰ ਦਾ ਹੈ। ਇਸ ਵਿੱਚ ਚਾਰ ਟਰਬੋਪਰੋਪ ਇੰਜਨ ਹਨ।
ਏਜੀ 600 ਗੂਆਂਗਡੋਂਗ ਦੇ ਦੱਖਣੀ ਸੂਬੇ ਦੇ ਜ਼ੁਹਾਈ ਹਵਾਈ ਅੱਡੇ ਤੋਂ ਉੱਡਿਆ।
ਅੱਗ ਬੁਝਾਉਣ, ਫ਼ੌਜੀ ਕਾਰਵਾਈ ਲਈ ਹੋ ਸਕਦਾ ਇਸਤਮਾਲ
ਇਸ ਜਹਾਜ਼ ਵਿੱਚ 50 ਲੋਕ ਬੈਠ ਸਕਦੇ ਹਨ ਅਤੇ ਇਹ 12 ਘੰਟਿਆਂ ਤੱਕ ਹਵਾ ਵਿੱਚ ਰਹਿ ਸਕਦਾ ਹੈ।
ਇਸ ਵਿੱਚ ਅੱਗ ਬੁਝਾਉਣ ਅਤੇ ਸਮੁੰਦਰੀ ਬਚਾਅ ਅਤੇ ਫ਼ੌਜੀ ਕਾਰਵਾਈਆਂ ਕਰਨ ਦੀ ਸਮਰੱਥਾ ਹੈ। ਇਸ ਨੂੰ ਵਿਵਾਦਿਤ ਦੱਖਣੀ ਚੀਨ ਸਮੁੰਦਰੀ ਖੇਤਰ ਵਿੱਚ ਵਰਤਿਆ ਜਾ ਸਕਦਾ ਹੈ।
ਏਜੀ 600, ਜਿਸ ਦਾ ਕੋਡ ਨਾਮ ਕਿਨਲਾਂਗ ਹੈ, ਚੀਨ ਦੇ ਦਾਅਵੇ ਵਾਲੇ ਦੱਖਣੀ ਖੇਤਰਾਂ ਤੱਕ ਪਹੁੰਚ ਸਕਦਾ ਹੈ।
ਚੀਨ ਦੇ ਸਰਕਾਰੀ ਮੀਡੀਆ ਜ਼ੀਨਹੁਆ ਨੇ ਇਸ ਹਵਾਈ ਜਹਾਜ਼ ਦਾ ਵਰਣਨ "ਸਮੁੰਦਰ ਅਤੇ ਟਾਪੂਆਂ ਦੀ ਰੱਖਿਆ-ਕਰਤਾ ਦੇ ਤੋਰ 'ਤੇ ਕੀਤਾ ਹੈ।

ਤਸਵੀਰ ਸਰੋਤ, EPA
ਜਹਾਜ਼ ਬਣਨ 'ਚ 8 ਸਾਲ ਲੱਗੇ
ਇਸ ਦੀ ਉਡਾਣ ਨੂੰ ਸਰਕਾਰੀ ਟੈਲੀਵਿਜ਼ਨ 'ਤੇ ਸਿੱਧਾ ਪ੍ਰਸਾਰਿਤ ਕੀਤਾ ਗਿਆ ਅਤੇ ਝੰਡਾ ਲਹਿਰਾਉਂਦੀ ਭੀੜ ਅਤੇ ਫ਼ੌਜੀ ਸੰਗੀਤ ਵੱਲੋਂ ਇਸ ਦੀ ਵਾਪਸੀ ਦਾ ਸਵਾਗਤ ਕੀਤਾ ਗਿਆ।
ਇਸ ਜਹਾਜ਼ ਨੂੰ ਬਣਾਉਣ ਦਾ ਕੰਮ ਅੱਠ ਸਾਲਾਂ ਵਿੱਚ ਪੂਰਾ ਕੀਤਾ ਗਿਆ।
ਜਹਾਜ਼ ਵਿੱਚ 53.5 ਟਨ ਭਾਰ ਚੁੱਕਣ ਦੀ ਸਮਰੱਥਾ ਹੈ ਅਤੇ ਇਸ ਦੇ ਖੰਭ 38.8 ਮੀਟਰ (127 ਫੁੱਟ) ਚੌੜੇ ਹਨ।
ਦੱਖਣੀ ਚੀਨ ਸਾਗਰ 'ਤੇ ਚੀਨ ਦੀ ਨੀਤੀ ਬਹੁਤੇ ਗੁਆਂਢੀ ਮੁਲਕਾਂ ਨਾਲ ਝਗੜੇ ਵਾਲੀ ਹੈ।
ਪਿਛਲੇ ਸਾਲ ਸੰਯੁਕਤ ਰਾਸ਼ਟਰ ਤੋਂ ਮਾਨਤਾ-ਪ੍ਰਾਪਤ ਇੱਕ ਟ੍ਰਿਬਿਊਨਲ ਨੇ ਇਨ੍ਹਾਂ ਖੇਤਰਾਂ ਵਿੱਚ ਬੀਜਿੰਗ ਦੇ ਦਾਅਵਿਆਂ ਨੂੰ ਖ਼ਾਰਜ ਕੀਤਾ ਸੀ।
ਏਜੀ 600 ਨੂੰ ਇਸ ਵੇਲੇ ਇੱਕ ਰਿਕਾਰਡ ਤੋੜਕ ਕਿਹਾ ਜਾ ਸਕਦਾ ਹੈ ਪਰ ਅਰਬਪਤੀ ਹਾਵਰਡ ਹਿਊਜਜ਼ ਦੀ ਮਸ਼ਹੂਰ ਉਡਾਣ ਵਾਲੀ ਕਿਸ਼ਤੀ ਤੋਂ ਥੱਲੇ ਹੈ।












