ਯੇਰੋਸ਼ਲਮ ਵਿਵਾਦ: ਟਰੰਪ ਨੇ ਕਿਹਾ ਅਮਰੀਕਾ ਖ਼ਿਲਾਫ਼ ਜਾਣ ਵਾਲਿਆਂ ਦੀ ਮਦਦ ਬੰਦ ਕਰਾਂਗੇ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਉਨ੍ਹਾਂ ਦੇਸ਼ਾਂ ਦੀ ਵਿੱਤੀ ਮਦਦ ਬੰਦ ਕਰਨ ਦੀ ਧਮਕੀ ਦਿੱਤੀ ਹੈ ਜੋ ਸੰਯੁਕਤ ਰਾਸ਼ਟਰ ਦੇ 'ਯੇਰੋਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਦਾ ਵਿਰੋਧ ਕਰਨ ਵਾਲੇ ਮਤੇ' ਨੂੰ ਸਮਰਥਨ ਕਰਦੇ ਹਨ।

ਇਸ ਮਹੀਨੇ ਦੇ ਸ਼ੁਰੂ ਵਿੱਚ ਟਰੰਪ ਨੇ ਅੰਤਰਰਾਸ਼ਟਰੀ ਆਲੋਚਨਾ ਦੇ ਬਾਵਜੂਦ ਯੇਰੋਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਦਾ ਐਲਾਨ ਕੀਤਾ ਸੀ।

ਵਾਈਟ ਹਾਊਸ ਵਿਚ ਪੱਤਰਕਾਰਾਂ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, "ਉਹ ਅਰਬਾਂ ਡਾਲਰ ਵੀ ਲੈਂਦੇ ਹਨ ਅਤੇ ਫਿਰ ਉਹ ਸਾਡੇ ਵਿਰੁੱਧ ਵੋਟ ਵੀ ਕਰਦੇ ਹਨ।"

ਉਨ੍ਹਾਂ ਕਿਹਾ, "ਉਨ੍ਹਾਂ ਨੂੰ ਸਾਡੇ ਵਿਰੁੱਧ ਵੋਟ ਪਾਉਣ ਦੇਵੋ, ਅਸੀਂ ਬਹੁਤ ਪੈਸੇ ਬਚਾਵਾਂਗੇ। ਸਾਨੂੰ ਕੋਈ ਪ੍ਰਵਾਹ ਨਹੀਂ।"

ਉਨ੍ਹਾਂ ਦੀ ਇਹ ਟਿੱਪਣੀ ਯੂਐੱਨ ਜਨਰਲ ਅਸੈਂਬਲੀ ਦੀ ਮਤੇ ਦੇ ਵੋਟ ਤੋਂ ਪਹਿਲਾਂ ਆਈ।

ਪ੍ਰਸਤਾਵ ਵਿੱਚ ਅਮਰੀਕਾ ਦਾ ਜ਼ਿਕਰ ਨਹੀਂ ਹੈ, ਪਰ ਇਹ ਕਹਿੰਦਾ ਹੈ ਕਿ ਯੇਰੋਸ਼ਲਮ ਦੇ ਕਿਸੇ ਵੀ ਫ਼ੈਸਲੇ ਨੂੰ ਰੱਦ ਕਰਨਾ ਚਾਹੀਦਾ ਹੈ।

ਕੀ ਹੈ ਮਾਮਲਾ?

ਇਸ ਮਹੀਨੇ ਦੇ ਪਹਿਲੇ ਹਫ਼ਤੇ ਅਮਰੀਕਾ ਨੇ ਯੇਰੋਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਵਜੋਂ ਮਾਨਤਾ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਕਾਫ਼ੀ ਲੰਮੇ ਸਮੇਂ ਤੋਂ ਇਸ ਦੀ ਲੋੜ ਸੀ। ਹਾਲਾਂਕਿ ਇਸ ਕਦਮ ਨੂੰ ਫਲਿਸਤੀਨ ਨੇ 'ਕਿਸ ਆਫ਼ ਡੈੱਥ' ਕਿਹਾ ਹੈ।

ਟੰਰਪ ਨੇ ਐਲਾਨ ਕੀਤਾ ਕਿ ਅਮਰੀਕਾ ਦੀ ਅੰਬੈਸੀ ਹੁਣ ਤਲ ਅਵੀਵ ਤੋਂ ਯੇਰੋਸ਼ਲਮ 'ਚ ਸਥਾਪਤ ਹੋਵੇਗੀ।

ਇਜ਼ਰਾਇਲ ਨੇ ਫ਼ੈਸਲੇ ਦਾ ਸਵਾਗਤ ਕੀਤਾ ਹੈ ਪਰ ਫਲਿਸਤੀਨ ਅਤੇ ਅਰਬ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਇਹ ਮਿਡਲ-ਈਸਟ ਦੀ ਸ਼ਾਂਤੀ ਪ੍ਰਕਿਰਿਆ ਵਿੱਚ ਵਿਘਨ ਪਾਉਣਾ ਹੋਵੇਗਾ।

ਅਮਰੀਕਾ ਨੇ ਕੀਤਾ ਵੀਟੋ

ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ ਯੇਰੋਸ਼ਲਮ ਨੂੰ ਲੈ ਕੇ ਕੀਤੇ ਗਏ ਫ਼ੈਸਲੇ ਨੂੰ ਰੱਦ ਕਰਨ ਦੇ ਪ੍ਰਸਤਾਵ ਨੂੰ ਅਮਰੀਕਾ ਨੇ ਵੀਟੋ ਕਰ ਦਿੱਤਾ ਸੀ। ਫਲਿਸਤੀਨ ਨੇ ਸਾਰੇ ਦੇਸ਼ਾਂ ਨੂੰ ਪਵਿੱਤਰ ਸ਼ਹਿਰ ਯੇਰੋਸ਼ਲਮ ਵਿੱਚ ਦੂਤਾਵਾਸ ਸਥਾਪਤ ਨਾ ਕਰਨ ਦੀ ਅਪੀਲ ਕੀਤੀ ਹੈ।

ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ ਸਾਰੇ ਚੌਦਾਂ ਮੈਂਬਰ ਦੇਸ਼ਾਂ ਨੇ ਪ੍ਰਸਤਾਵ ਦੇ ਸਮਰਥਨ ਵਿੱਚ ਹੀ ਮਤਦਾਨ ਕੀਤਾ ਸੀ ਪਰ ਅਮਰੀਕੀ ਰਾਜਦੂਤ ਨਿਕੀ ਹੇਲੀ ਨੇ ਇਸ ਨੂੰ ਅਮਰੀਕਾ ਦੀ ਬੇਇੱਜ਼ਤੀ ਕਰਾਰ ਦਿੱਤਾ ਸੀ।

ਇਸ ਵਿੱਚ ਨਿਕੀ ਹੇਲੀ ਨੇ ਵੀ ਰਾਸ਼ਟਰਪਤੀ ਟਰੰਪ ਦੀ ਧਮਕੀ ਨੂੰ ਟਵਿਟਰ ਉੱਤੇ ਦੁਹਰਾਇਆ ਹੈ।

ਉੱਥੇ ਹੀ ਫਲਿਸਤੀਨ ਦੇ ਵਿਦੇਸ਼ ਮੰਤਰੀ ਰਿਆਦ ਅਲ ਮਲੀਕੀ ਅਤੇ ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵਾਸੋਗਲੂ ਨੇ ਅਮਰੀਕਾ ਉੱਤੇ ਹੋਰ ਦੇਸ਼ਾਂ ਨੂੰ ਧਮਕਾਉਣ ਦੇ ਇਲਜ਼ਾਮ ਲਾਏ ਹਨ।

ਅੰਕਾਰਾ ਵਿੱਚ ਇੱਕ ਸਾਂਝੀ ਪ੍ਰੈੱਸ ਗੱਲਬਾਤ ਵਿੱਚ ਕਾਵਾਸੋਗਲੂ ਨੇ ਕਿਹਾ, "ਅਸੀ ਵੇਖ ਰਹੇ ਹਾਂ ਕਿ ਇਕੱਲਾ ਪੈ ਗਿਆ ਅਮਰੀਕਾ ਹੁਣ ਧਮਕੀਆਂ ਦੇ ਰਿਹਾ ਹੈ। ਕੋਈ ਵੀ ਇੱਜ਼ਤ ਵਾਲਾ ਦੇਸ ਇਨ੍ਹਾਂ ਧਮਕੀਆਂ ਅੱਗੇ ਨਹੀਂ ਝੁਕੇਗਾ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)