ਲੇਬਨਾਨ 'ਚ ਬ੍ਰਿਟਿਸ਼ ਅੰਬੈਸੀ ਦੀ ਮੁਲਾਜ਼ਮ ਦਾ ਕਤਲ

ਲੇਬਨਾਨ ਦੀ ਪੁਲਿਸ ਮੁਤਾਬਕ ਬੇਰੂਤ ਸਥਿਤ ਬ੍ਰਿਟਿਸ਼ ਅੰਬੈਸੀ ਵਿੱਚ ਕੰਮ ਚੁਕੀ ਇੱਕ ਮੁਲਾਜ਼ਮ ਦਾ ਕਤਲ ਹੋ ਗਿਆ ਹੈ।

ਰੇਬੇਕਾ ਡਾਇਕਸ ਦੀ ਲਾਸ਼ ਸ਼ਨੀਵਾਰ ਨੂੰ ਸੜਕ ਦੇ ਕੰਢੇ ਮਿਲੀ।ਬੀਬੀਸੀ ਨੂੰ ਪੁਲਿਸ ਸੂਤਰਾਂ ਨੇ ਦੱਸਿਆ ਕਿ ਉਸਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ ਸੀ।

ਰੇਬੇਕਾ ਦੇ ਪਰਿਵਾਰ ਨੇ ਕਿਹਾ, ''ਅਸੀਂ ਆਪਣੀ ਅਜੀਜ਼ ਰੇਬੇਕਾ ਨੂੰ ਗੁਆ ਕੇ ਬਰਬਾਦ ਹੋ ਗਏ ਹਾਂ। ਅਸੀਂ ਇਹ ਜਾਨਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਖ਼ਿਰ ਹੋਇਆ ਕੀ ਸੀ। ਅਸੀਂ ਬੇਨਤੀ ਕਰਦੇ ਹਾਂ ਕਿ ਮੀਡੀਆ ਸਾਡੀ ਨਿੱਜਤਾ ਦਾ ਖ਼ਿਆਲ ਰੱਖੇ।''

ਰੇਬੇਕਾ ਡਾਇਕਸ ਬੇਰੂਤ ਵਿੱਚ ਜਨਵਰੀ 2017 ਤੋਂ ਕੌਮਾਂਤਰੀ ਵਿਕਾਸ ਮਹਿਕਮੇ ਵਿੱਚ ਪ੍ਰੋਗਰਾਮ ਤੇ ਪਾਲਿਸੀ ਮੈਨੇਜਰ ਵਜੋਂ ਕੰਮ ਕਰ ਰਹੀ ਸੀ।

ਸਥਾਨਕ ਪੁਲਿਸ ਮੁਤਾਬਕ ਜਾਂਚ ਜਾਰੀ ਹੈ। ਬ੍ਰਿਟੇਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਲੇਬਨਾਨ ਨਾਲ ਪੂਰੇ ਮਾਮਲੇ ਸਬੰਧੀ ਸੰਪਰਕ ਸਥਾਪਿਤ ਕੀਤਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)