ਮਿਆਂਮਾਰ: ਬੋਧੀਆਂ ਅਤੇ ਮੁਲਸਮਾਨਾਂ 'ਚ ਕਿਉਂ ਹੈ ਤਣਾਅ?

ਵੀਡੀਓ ਕੈਪਸ਼ਨ, ਮਿਆਂਮਾਰ ਵਿੱਚ ਬੋਧੀਆਂ ਅਤੇ ਮੁਲਸਮਾਨਾਂ 'ਚ ਕਿਉਂ ਹੈ ਤਣਾਅ?
    • ਲੇਖਕ, ਨਿਤਿਨ ਸ਼੍ਰੀਵਾਸਤਵ
    • ਰੋਲ, ਬੀਬੀਸੀ ਪੱਤਰਕਾਰ

ਪਿੱਪਲ ਵਰਗੇ ਵੱਡੇ ਦਰੱਖ਼ਤ ਦੇ ਥੱਲੇ ਕੁਝ ਪੋਸਟਰ ਲੱਗੇ ਹਨ ਜਿਨ੍ਹਾਂ ਵਿੱਚ ਬੁੱਧ ਭਿਕਸ਼ੂ ਆਲੇ-ਦੁਆਲੇ ਲੱਗੀਆਂ ਡਰਾਂ ਦੇਣ ਵਾਲੀਆਂ ਤਸਵੀਰਾਂ ਨੂੰ ਗੁੱਸੇ ਨਾਲ ਘੂਰ ਰਿਹਾ ਹੈ।

ਤਸਵੀਰਾਂ ਵਿੱਚ 'ਮੁਸਲਮਾਨਾਂ ਦੇ ਹੱਥੋਂ ਸਾੜੇ ਹੋਏ ਅਤੇ ਜ਼ੁਲਮ ਦਾ ਸ਼ਿਕਾਰ' ਦੱਸੇ ਗਏ ਬੁੱਧ ਲੋਕ ਹਨ।

ਸਟੀਲ ਦੇ ਚਮਚਮਾਉਂਦੇ ਬੈਂਚਾਂ 'ਤੇ ਤਿੰਨ ਨੌਜਵਾਨ ਬੁੱਧ ਵਿਦਿਆਰਥੀ ਕੌਮਾਂਤਰੀ ਅਖ਼ਬਾਰ ਅਤੇ ਮੈਗਜ਼ੀਨਾਂ ਵਿੱਚ ਰੋਹਿੰਗਿਆ ਸਕੰਟ ਨਾਲ ਜੁੜੀਆਂ ਖ਼ਬਰਾਂ ਪੜ੍ਹੇ ਰਹੇ ਹਨ।

ਟਾਈਮਜ਼ ਮੈਗਜ਼ੀਨ ਦੇ 'ਫ਼ੇਸ ਆਫ਼ ਬੁੱਧੀਸਟ ਟੇਰਰ'

ਮਿਆਂਮਾਰ ਦੇ ਮਾਂਡਲੇ ਸ਼ਹਿਰ 'ਚ ਇਹ ਕੱਟੜਵਾਦੀ ਬੋਧੀ ਭਿਕਸ਼ੂ ਅਸ਼ਿਨ ਵਿਰਾਥੂ ਦਾ ਮੱਠ ਹੈ।

Buddhist in myanmar

2 ਦਿਨਾਂ 'ਚ ਮੇਰਾ ਇਹ ਸੱਤਵਾਂ ਚੱਕਰ ਹੈ ਪਰ ਉਨ੍ਹਾਂ ਦੇ 'ਸੈਨਾਪਤੀਆਂ' ਨੇ ਨਿਰਾਸ਼ ਹੀ ਕੀਤਾ ਹੈ।

''ਤੁਸੀਂ ਬੀਬੀਸੀ ਤੋਂ ਹੋ ਜਾਂ ਕਿਤੋਂ ਹੋਰ। ਉਹ ਤੁਹਾਡੇ ਨਾਲ ਗੱਲ ਨਹੀਂ ਕਰਨਗੇ'', ਇਹੀ ਜਵਾਬ ਮਿੱਲਦਾ ਰਿਹਾ ਹੈ ਮਹਿੰਗੀ ਸਿਗਰੇਟ ਪੀਣ ਵਾਲੇ ਉਨ੍ਹਾਂ ਦੇ ਸਟਾਫ ਤੋਂ।

ਇਹ ਉਹੀ ਵਿਰਾਥੂ ਹਨ ਜਿਨ੍ਹਾਂ ਨੂੰ ਟਾਈਮਜ਼ ਮੈਗਜ਼ੀਨ ਨੇ 'ਫ਼ੇਸ ਆਫ਼ ਬੁੱਧੀਸਟ ਟੇਰਰ' ਦੱਸਿਆ ਸੀ ਅਤੇ ਮਿਆਂਮਾਰ ਸਰਕਾਰ ਨੇ ਉਨ੍ਹਾਂ ਦੇ ਬੁੱਧ ਸਗੰਠਨ 'ਤੇ ਪਾਬੰਦੀ ਲਗਾ ਦਿੱਤੀ ਸੀ।

ਇਸਦਾ ਕਾਰਨ ਹੈ ਵਿਰਾਥੂ ਦੇ 'ਮਿਆਂਮਾਰ ਵਿੱਚ ਰਹਿਣ ਵਾਲੇ ਮੁਸਲਮਾਨਾਂ ਨੂੰ ਦੇਸ਼ ਨਿਕਾਲਾ ਦੇਣ' ਦੀਆਂ ਧਮਕੀਆਂ।

Buddhist in myanmar

ਅਸ਼ਿਨ ਵਿਰਾਥੂ ਵਰਗਿਆਂ ਦੀਆਂ ਅੱਗ ਉਘਲਦੀਆਂ ਗੱਲਾਂ ਨੇ ਦਾਵ ਚਿਨ ਚੀਨ ਯੀ ਵਰਗਿਆਂ ਨੂੰ ਡਰਾ ਰੱਖਿਆ ਹੈ ਜੋ ਉਨ੍ਹਾਂ ਦੇ ਮੱਠ ਤੋਂ ਜ਼ਿਆਦਾ ਦੂਰ ਨਹੀਂ ਰਹਿੰਦੀ।

ਇਨ੍ਹਾਂ ਦੀਆਂ ਤਿੰਨ ਪੀੜ੍ਹੀਆਂ ਮਾਂਡਲੇ ਵਿੱਚ ਰਹਿਦੀਆਂ ਆਈਆਂ ਹਨ ਅਤੇ ਇੱਕ ਲੇਖਕ ਤੇ ਕਵੀ ਹੋਣ ਦੇ ਇਲਾਵਾ ਇਹ ਘੱਟ ਗਿਣਤੀ ਮੁਸਲਮਾਨ ਵੀ ਹਨ।

ਉਨ੍ਹਾਂ ਨੇ ਕਿਹਾ, ''ਪਹਿਲੇ ਇੱਥੇ ਧਾਰਮਿਕ ਤਾਲਮੇਲ ਸੀ ਪਰ ਹੁਣ ਸਾਰੇ ਇੱਕ ਦੂਜੇ 'ਤੇ ਸ਼ੱਕ ਕਰਨ ਲੱਗੇ ਹਨ। ਵੱਧਦੀ ਦੂਰੀਆਂ ਅਤੇ ਧਰਮ ਦੇ ਅਧਾਰ 'ਤੇ ਵੰਡੇ ਲੋਕਾਂ ਨੂੰ ਦੇਖ਼ ਕੇ ਅਫਸੋਸ ਹੁੰਦਾ ਹੈ।''

ਉਹ ਅੱਗੇ ਕਹਿੰਦੇ ਹਨ, ''ਮੈਨੂੰ ਲੱਗਦਾ ਹੈ ਕਿ ਜ਼ਿਆਦਾਤਰ ਬੋਧੀ ਪ੍ਰਚਾਰਕ ਚੰਗੇ ਹਨ। ਕੁਝ ਬਹੁਤ ਜ਼ਿਆਦਾ ਤਿੱਖੀਆਂ ਗੱਲਾਂ ਕਰਦੇ ਹਨ। ਉਮੀਦ ਕਰਦੇ ਹਾਂ ਇਹ ਸਭ ਇੱਥੇ ਹੀ ਰੁੱਕ ਜਾਵੇ।''

Myanmar

ਸ਼ਹਿਰ ਵਿੱਚ ਸਾਰੇ ਧਰਮ ਸੀ ਮਿਲਦੇ

ਚਾਹੇ ਬਰਮਾ ਵਿੱਚ ਇੱਕ ਸ਼ਾਸਕ ਹੋਵੇ ਜਾਂ ਬ੍ਰਿਟਿਸ਼ ਰਾਜ ਦਾ ਦੌਰ, ਇਸ ਆਲੀਸ਼ਾਨ ਸ਼ਹਿਰ ਵਿੱਚ ਸਾਰੇ ਧਰਮ ਆ ਕੇ ਮਿਲਦੇ ਰਹੇ ਹਨ।

ਹੁਣ ਹਾਲਾਤ ਬਦਲ ਚੁੱਕੇ ਹਨ। ਇਸਦਾ ਕਾਰਨ ਸੀ 2014 ਵਿੱਚ ਹੋਈ ਹਿੰਸਾ ਜਿਸਦਾ ਬੋਧੀ ਅਤੇ ਮੁਸਲਮਾਨ ਦੋਵੇਂ ਸ਼ਿਕਾਰ ਹੋਏ ਸੀ।

ਮਾਂਡਲੇ ਦੇ ਜਾਣਕਾਰ ਦੱਸਦੇ ਹਨ ਕਿ ਹਿੰਸਾ ਭੜਕਣ ਤੋਂ ਬਾਅਦ ਕਥਿਤ ਬੋਧੀ ਨੌਜਵਾਨਾਂ ਨੇ ਮੁਸਲਮਿਲ ਇਲਾਕਿਆਂ 'ਤੇ ਹਮਲਾ ਕੀਤਾ ਸੀ।

Buddhist in myanmar

ਨਤੀਜਾ ਇਹ ਹੋਇਆ ਹੈ ਕਿ ਮੁਸਲਮਾਨ ਭਾਈਚਾਰਾ ਆਪਣੇ ਲੋਕਾਂ ਵਿੱਚ ਸਿਮਟਦਾ ਜਾ ਰਿਹਾ ਹੈ।

ਮੁਸਲਿਮ ਮੋਹੱਲਿਆਂ ਨੇ ਅਪਣੀ ਗਲੀਆਂ ਦੇ ਮੁਹਰੇ ਕੰਡਿਆਲੀ ਤਾਰ ਅਤੇ ਲੋਹੇ ਦੇ ਉੱਚੇ ਗੇਟ ਲਗਵਾ ਦਿੱਤੇ ਹਨ ਜੋ ਰਾਤ ਨੂੰ ਬੰਦ ਰਹਿੰਦੇ ਹਨ।

Mandle

'ਅਸੀਂ ਕੱਟੜਵਾਦੀ ਗੱਲਾਂ ਨਹੀਂ ਕਰਦੇ'

ਇੱਕ ਸ਼ਾਮ ਮੈਂ ਮਾਂਡਲੇ ਦੀ ਸਰਵ ਉੱਚ ਬੋਧੀ ਕਮੇਟੀ ਦੇ ਤਾਕਤਵਾਰ ਭਿਕਸ਼ੂਆਂ ਨੂੰ ਮਿਲਣ ਪੁੱਜਾ।

ਹਾਲ ਹੀ ਵਿੱਚ ਰਖਾਇਨ ਸੂਬੇ ਤੋਂ ਵਾਪਸ ਆਏ ਕਮੇਟੀ ਦੇ ਸੀਨੀਅਰ ਮੈਂਬਰ ਯੂ ਈਡਨ ਦਸਾਕਾ ਮੁਤਾਬਿਕ ਉੱਥੇ 'ਹਾਲਾਤ ਠੀਕ' ਹਨ।

ਉਨ੍ਹਾਂ ਨੇ ਕਿਹਾ,''ਅਸੀਂ ਲੋਕ ਕੱਟੜਵਾਦੀ ਗੱਲਾਂ ਨਹੀਂ ਕਰਦੇ। ਸਾਡੇ ਦੇਸ਼ ਵਿੱਚ ਸਾਰੇ ਧਰਮਾਂ ਨੂੰ ਅਪਣੀ ਗੱਲ ਰੱਖਣ ਦੀ ਅਜ਼ਾਦੀ ਹੈ। ਪਰ ਇਸਲਾਮ ਧਰਮ ਮਿਆਂਮਾਰ ਦੀ ਸਭ ਤੋਂ ਵੱਡੀ ਦਿੱਕਤ ਹੈ। ਇਹ ਅਜਿਹਾ ਧਰਮ ਨਹੀਂ ਹੈ ਜੋ ਦੂਜੇ ਲੋਕਾਂ ਨਾਲ ਮਿਲ-ਜੁਲ ਕੇ ਰਹਿ ਸਕੇ।''

ਕੌਮਾਂਤਰੀ ਭਾਈਚਾਰੇ ਨੇ ਮਿਆਂਮਾਰ ਦੀ ਫੌਜ 'ਤੇ 'ਨਸਲਕੁਸ਼ੀ' ਦਾ ਇਲਜ਼ਾਮ ਲਗਾਇਆ ਹੈ ਅਤੇ ਮੇਰੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਮੈਨੂੰ ਰਖਾਇਨ ਦੇ ਹਿੰਸਾ ਵਾਲੇ ਇਲਾਕਿਆਂ ਵਿੱਚ ਨਹੀਂ ਜਾਣ ਦਿੱਤਾ ਗਿਆ।

Myanmar

ਹਕੀਕਤ ਇਹ ਵੀ ਹੈ ਕਿ ਬੁੱਧ ਧਰਮ ਦਾ ਪਾਲਨ ਕਰਨ ਵਾਲੇ ਦੇਸ਼ ਦੀ ਫੌਜ ਵੀ ਮਾਂਡਲੇ ਵਰਗੇ ਬੁੱਧ ਧਾਰਮਿਕ ਕੇਂਦਰਾਂ ਤੋਂ ਪ੍ਰਭਾਵਿਤ ਰਹੀ ਹੈ।

ਬੁੱਧ ਰਾਸ਼ਟਰਵਾਦ ਵੱਧ ਰਿਹਾ

ਪਿਛਲੇ ਕੁਝ ਸਾਲਾਂ ਦੌਰਾਨ ਬੁੱਧ ਰਾਸ਼ਟਰਵਾਦ ਦੇ ਵਧਦੇ ਕੱਦ ਪਿੱਛੇ ਇਸਲਾਮ ਪ੍ਰਤੀ ਵੱਧਦੇ ਕੱਟੜਵਾਦ ਨੂੰ ਵੀ ਇੱਕ ਕਾਰਨ ਦੱਸਿਆ ਜਾਂਦਾ ਹੈ।

ਵੱਧ ਗਿਣਤੀ ਬੁੱਧ ਧਰਮ ਮੰਨਣ ਵਾਲਿਆਂ ਦੇ ਇਲਾਵਾ ਸਿਆਸੀ ਪਾਰਟੀਆਂ ਵੀ ਇਸ ਗੱਲ ਨੂੰ ਖ਼ਾਰਜ ਕਰਦੀਆਂ ਹਨ।

ਸਭ ਤੋਂ ਜ਼ਿਆਦਾ ਤਣਾਅਪੂਰਨ ਇਲਾਕੇ ਰਖਾਇਨ ਸੂਬੇ ਵਿੱਚ ਅਰਾਕਾਨ ਨੈਸ਼ਨਲ ਪਾਰਟੀ ਸਭ ਤੋਂ ਵੱਧ ਮਜ਼ਬੂਤ ਹੈ ਅਤੇ ਉਸਦੇ ਜਨਰਲ ਸਕੱਤਰ ਅਤੇ ਸਾਬਕਾ ਸਾਂਸਦ ਤੁਨ ਔਂਗ ਚਿਆ ਨੇ ਕਿਹਾ 'ਇਹ ਕੌਮਾਂਤਰੀ ਮੀਡੀਆ ਦੀ ਉਪਜ ਹੈ।'

Myanmar

ਉਨ੍ਹਾਂ ਨੇ ਕਿਹਾ,''ਕੱਟੜ ਰਾਸ਼ਟਰਵਾਦ ਦੀ ਉਪਜ.....ਨਹੀਂ ਸਰ, ਇਹ ਗ਼ਲਤ ਗੱਲ ਹੈ। ਇਸ ਦੇਸ਼ ਵਿੱਚ ਲੋਕ ਆਪੋ-ਆਪਣੇ ਧਰਮਾਂ ਦਾ ਆਪਣੀ ਇੱਛਾ ਨਾਲ ਪਾਲਨ ਕਰਨ ਲਈ ਅਜ਼ਾਦ ਹਨ, ਵੈਸੇ ਬੁੱਧ ਇੱਥੇ ਬਹੁ ਗਿਣਤੀ 'ਚ ਹਨ।

ਉਨ੍ਹਾਂ ਨੇ ਦੱਸਿਆ, ''ਹਾਂ ਰੋਹਿੰਗਿਆਂ ਮੁਸਲਮਾਨਾਂ ਦਾ ਮਕਸਦ ਇੱਕ ਵੱਖਰਾ ਇਸਲਾਮਿਕ ਰਾਸ਼ਟਰ ਸਥਾਪਿਤ ਕਰਨਾ ਹੈ ਅਤੇ ਉਨ੍ਹਾਂ ਨੂੰ ਕੁਝ ਦੇਸ਼ਾਂ ਦਾ ਸਮਰਥਨ ਵੀ ਮਿਲ ਰਿਹਾ ਹੈ।''

ਇੱਕ ਦੁਪਹਿਰ ਮੈਨੂੰ ਮਿਆਂਮਾਰ ਦੇ ਸਭ ਤੋਂ ਵੱਡੇ ਸ਼ਹਿਰ ਯਗੂੰਨ ਵਿੱਚ ਇਸ ਤਰ੍ਹਾਂ ਦੀ ਸੋਚ ਦਾ ਸਮਰਥਨ ਕਰਨ ਵਾਲੇ ਹਜ਼ਾਰਾਂ ਲੋਕ ਸੜਕਾਂ 'ਤੇ ਇੱਕ ਵੱਡੀ ਰੈਲੀ ਕਰਦੇ ਦਿਖੇ।

Buddhist in myanmar

ਇਹ ਲੋਕ ਰਖਾਇਨ ਸੂਬੇ ਵਿੱਚ ਜਾਰੀ ਫੌਜੀ ਕਾਰਵਾਈ ਦੇ ਸਮਰਥਨ ਵਿੱਚ ਉਤਰੇ ਸੀ।

ਮਿਆਂਮਾਰ ਦੇ ਲੋਕਤੰਤਰ ਸਮਰਥਕ ਚੁੱਪ ਹੋਣ ਤੇ ਚਿੰਤਾ

ਮੈਂ ਯਗੂੰਨ ਦੇ ਪੁਰਾਣੇ ਇਲਾਕਿਆਂ ਵਿੱਚ ਵੀ ਗਿਆ ਜਿੱਥੇ ਬਰਮੀ ਮੁਸਲਮਾਨ ਕਈ ਸੌ ਸਾਲਾਂ ਤੋਂ ਰਹਿ ਰਹੇ ਹਨ।

ਇੱਕ ਪੁਰਾਣੀ ਮਸਜਿਦ ਦੀ ਤਸਵੀਰ ਖਿੱਚ ਰਿਹਾ ਸੀ ਕਿ 2 ਗਾਰਡ ਆ ਕੇ ਬੋਲੇ, ''ਅੰਦਰ ਚਲੋ। ਇਮਾਮ ਸਾਹਿਬ ਨਾਲ ਮਿਲਣਾ ਪਵੇਗਾ।''

ਅੰਦਰ ਜਾਣ 'ਤੇ ਇਮਾਮ ਸਾਹਿਬ ਦੇ ਕਮਰੇ ਵਿੱਚ ਤਿੰਨ ਲੋਕ, ਥੋੜਾ ਸਹਿਮੇ ਅਤੇ ਸ਼ੱਕ ਦੀਆਂ ਨਜ਼ਰਾਂ ਨਾਲ ਇਹ ਜਾਨਣ ਲਈ ਖੜ੍ਹੇ ਸੀ ਕਿ ਤਸਵੀਰ ਨਾਲ ਉਨ੍ਹਾਂ ਦੀ ਮਸਜਿਦ ਜਾਂ ਕੌਮ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਵੇਗਾ।''

ਉੱਧਰ ਕੁਝ ਲੋਕ ਇਸ ਗੱਲ ਨੂੰ ਲੈ ਕੇ ਜ਼ਿਆਦਾ ਚਿੰਤਤ ਹਨ ਕਿ 6 ਲੱਖ ਤੋਂ ਵੱਧ ਰੋਹਿੰਗਿਆਂ ਮੁਸਲਮਾਨਾਂ ਦੇ ਮਿਆਂਮਾਰ ਪਲਾਇਨ 'ਤੇ ਮਿਆਂਮਾਰ ਦੇ ਲੋਕਤੰਤਰ ਸਮਰਥਕ ਚੁੱਪ ਕਿਉਂ ਹਨ।

Myanmar

ਖਿਨ ਜ਼ੋ ਵਿਨ ਸਿਆਸੀ ਮਾਮਲਿਆਂ ਦੇ ਜਾਣਕਾਰ ਹਨ ਅਤੇ ਤੰਪਾਦਾ ਥਿੰਕਟੈਂਕ ਦੇ ਨਿਰਦੇਸ਼ਕ ਵੀ।

ਉਨ੍ਹਾਂ ਮੁਤਾਬਿਕ,''ਰਾਸ਼ਟਰਵਾਦ ਜਾਂ ਕੱਟੜ ਰਾਸ਼ਟਰਵਾਦ ਬਹੁਤ ਛੋਟਾ ਸ਼ਬਦ ਲੱਗਦਾ ਹੈ। ਬ੍ਰਿਟਿਸ਼ ਕਾਲ ਵਿੱਚ ਇਸਦੀ ਬਹੁਤ ਅਹਿਮਿਅਤ ਸੀ ਪਰ ਹੁਣ ਇਹ ਇੱਕ ਡਰ ਦਾ ਰੂਪ ਲੈ ਰਿਹਾ ਹੈ।''

ਉਨ੍ਹਾਂ ਮੁਤਾਬਕ ਇੱਕ ਤਰ੍ਹਾਂ ਦੇ ਇਸਲਾਮ ਦਾ ਡਰ ਜੋ ਦਿਨੋਂ ਦਿਨ ਮਜ਼ਬੂਤ ਹੋ ਰਿਹਾ ਹੈ। ਅਫ਼ਸੋਸ ਇਹ ਹੈ ਕਿ ਸਿਆਸੀ ਪਾਰਟੀਆਂ ਅਤੇ ਬਰਮਾ ਦੀ ਫੌਜ ਵੀ ਅਜਿਹੀਆਂ ਤਾਕਤਾਂ ਨੂੰ ਹਵਾ ਦੇ ਰਹੀ ਹੈ।

ਸੱਚਾਈ ਇਹ ਹੈ ਕਿ ਮਿਆਂਮਾਰ ਵਿੱਚ 100 ਤੋਂ ਵੱਧ ਭਾਈਚਾਰੇ ਇਕੱਠੇ ਰਹਿੰਦੇ ਆਏ ਹਨ।

ਹੁਣ ਉਹ ਗੱਲ ਨਹੀਂ ਦਿੱਖਦੀ। ਬੁੱਧ ਧਰਮ ਮੰਨਣ ਵਾਲੇ ਅਤੇ ਘੱਟ ਗਿਣਤੀ ਮੁਸਲਮਾਨਾਂ ਵਿੱਚ ਤਣਾਅ ਵੱਧਦਾ ਜਾ ਰਿਹਾ ਹੈ ਤੇ ਇਸਦਾ ਕਾਰਨ ਹੈ ਰਾਸ਼ਟਰਵਾਦ ਦੀ ਵੱਧਦੀ ਗੁੰਜ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)