ਲਾਸ ਵੇਗਾਸ ਗੋਲੀਬਾਰੀ: ਪੁਲਿਸ ਮੁਤਾਬਕ ਸਟੀਫ਼ਨ ਪੈਡਕ ਸੀ ਹਮਲਾਵਾਰ

ਪੁਲਿਸ ਦੇ ਮੁਤਾਬਕ ਅਮਰੀਕਾ ਦੇ ਲਾਸ ਵੇਗਾਸ ਦੇ ਮਿਊਜ਼ਿਕ ਫੈਸਟੀਵਲ ਵਿੱਚ ਗੋਲਬਾਰੀ ਕਰਕੇ 58 ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਸ਼ਖ਼ਸ ਸਟੀਫ਼ਨ ਪੈਡਕ ਸੀ।

ਪੁਲਿਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਿ ਉਹ ਉਸ ਨੂੰ ਫੜਦੇ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ।

ਹਮਲੇ ਵਿੱਚ 500 ਤੋਂ ਵਧ ਲੋਕਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

64 ਸਾਲਾ ਪੈਡਕ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਉਸਨੇ ਨੇਵਾਡਾ ਦੇ ਮੈਸਕਿਟ ਸ਼ਹਿਰ ਵਿੱਚ ਹੋ ਰਹੇ ਇੱਕ ਕੌਂਸਰਟ ਵਿੱਚ ਸੰਗੀਤ ਪ੍ਰੇਮੀਆਂ ਤੇ ਗੋਲੀਆਂ ਦੀ ਬਾਰਿਸ਼ ਕਰ ਦਿੱਤੀ।

ਲੇਖਾਕਾਰ ਸੀ ਪੈਡਕ

ਜਾਂਚਕਰਤਾਵਾਂ ਨੇ ਉਸਦੇ ਦੋ ਕਮਰਿਆਂ ਦੇ ਘਰ ਵਿੱਚ ਛਾਣਬੀਣ ਕੀਤੀ ਜੋ ਇੱਕ ਰਿਟਾਇਰਮੈਂਟ ਕਮਿਊਨਟੀ 'ਚ ਹੈ। ਇਹ ਲਾਸ ਵੇਗਾਸ ਤੋਂ ਇਹ ਇੱਕ ਘੰਟੇ ਦੇ ਸਫ਼ਰ ਦੀ ਦੂਰੀ ਤੇ ਹੈ।

ਮੇਸਕਿਟ ਪੁਲਿਸ ਅਧਿਕਾਰੀ ਕਵਿਨ ਐਵਰਟ ਨੇ ਕਿਹਾ ਘਰ ਬਹੁਤ ਸਾਫ ਸੁਥਰਾ ਸੀ ਅਤੇ ਆਮ ਤੋਂ ਕੁਝ ਵੱਖਰਾ ਨਹੀਂ ਸੀ।

ਉਹ 2013 ਵਿੱਚ ਟੈਕਸਾਸ ਸ਼ਹਿਰ ਤੋਂ ਇੱਥੇ ਆਇਆ ਸੀ।

ਐਵਰਟ ਨੇ ਦੱਸਿਆ ਕਿ ਉਸ ਦੇ ਘਰੋਂ ਕੁਝ ਹਥਿਆਰ ਤੇ ਗੋਲਾ ਬਾਰੂਦ ਮਿਲੇ ਹਨ।

ਅਮਰੀਕੀ ਮੀਡੀਆ ਮੁਤਾਬਿਕ, ਪੈਡਕ ਇੱਕ ਰਿਟਾਇਰਡ ਲੇਖਾਕਾਰ ਸੀ ਜਿਸ ਕੋਲ ਛੋਟੇ ਜਹਾਜ਼ਾਂ ਨੂੰ ਉਡਾਉਣ ਦਾ ਲਾਇਸੈਂਸ ਸੀ ਅਤੇ ਦੋ ਜਹਾਜ਼ਾਂ ਦਾ ਮਾਲਕ ਵੀ ਸੀ।

ਲਾਸ ਵੇਗਾਸ ਦੇ ਸ਼ੈਰਿਫ ਜੋਸਫ ਲੌਮਬਾਰਡੋ ਨੇ ਕਿਹਾ ਕਿ ਹੋਟਲ ਦੇ ਕਮਰੇ ਵਿੱਚ 10 ਤੋਂ ਜ਼ਿਆਦਾ ਰਾਈਫ਼ਲਾਂ ਮਿਲੀਆਂ ਹਨ। ਇਸ ਹੋਟਲ ਦੇ ਕਮਰੇ ਦੀ ਬੁਕਿੰਗ 28 ਸਤੰਬਰ ਨੂੰ ਹੋਈ ਸੀ।

ਸਟੀਫ਼ਨ ਪੈਡਕ ਨੇ ਖ਼ੁਦ ਨੂੰ ਮਾਰੀ ਗੋਲੀ

ਉਨ੍ਹਾਂ ਨੇ ਕਿਹਾ , ''ਸਾਡਾ ਮੰਨਣਾ ਹੈ ਕਿ ਹਮਲਾਵਰ ਨੇ ਇਕੱਲੇ ਹੀ ਹਮਲਾ ਕੀਤਾ । ਹਮਲਾ ਅੱਤਵਾਦ ਨਾਲ ਜੁੜਿਆ ਹੋਇਆ ਨਹੀਂ ਹੈ। ਸ਼ੱਕੀ ਅਸਥਿਰ ਤੇ ਪਰੇਸ਼ਾਨ ਸ਼ਖ਼ਸ ਸੀ। ਉਹ ਅਜਿਹੀ ਘਟਨਾ ਨੂੰ ਅੰਜਾਮ ਦੇਣਾ ਚਾਹੁੰਦਾ ਸੀ। ਪੁਲਿਸ ਪੁੱਜੀ ਤਾਂ ਉਸਨੇ ਖ਼ੁਦ ਨੂੰ ਗੋਲੀ ਮਾਰ ਲਈ।''

ਕੌਂਸਰਟ ਵਿੱਚ ਮਿਲੇ ਇੱਕ ਔਡਿਓ ਤੋਂ ਪਤਾ ਲੱਗਿਆ ਹੈ ਕਿ ਪੈਡਕ ਨੇ ਹਮਲਾ ਕਰਨ ਦੇ ਲਈ ਆਟੋਮੈਟਿਕ ਰਾਈਫ਼ਲ ਦੀ ਵਰਤੋਂ ਕੀਤੀ ਸੀ। ਇਸ ਕੋਸੰਰਟ ਵਿੱਚ 22 ਹਜ਼ਾਰ ਲੋਕ ਪਹੁੰਚੇ ਸੀ।

ਪੈਡਕ ਦੇ ਨਾਲ ਇੱਕ ਮਹਿਲਾ ਦੇ ਹੋਣ ਦੀ ਗੱਲ ਕਹੀ ਜਾ ਰਹੀ ਹੈ। ਉਸ ਔਰਤ ਦਾ ਨਾ ਮਾਰਿਲੋਅ ਡੈਨਲੀ ਹੈ। ਕਿਹਾ ਜਾ ਰਿਹਾ ਹੈ ਕਿ ਡੈਨਲੀ ਪੈਡਕ ਦੀ ਰੂਮਮੇਟ ਸੀ।

ਹਾਲਾਂਕਿ ਜਦੋਂ ਹੋਟਲ ਦੇ ਕਮਰੇ ਦੀ ਬੁਕਿੰਗ ਕੀਤੀ ਗਈ ਤਾਂ ਡੈਨਲੀ ਨਾਮ ਦੀ ਕੋਈ ਔਰਤ ਨਹੀਂ ਸੀ।

ਪੈਡਕ ਦੇ ਭਰਾ ਏਰਿਕ ਪੈਡਕ ਨੇ ਕਿਹਾ ਕਿ ਉਹ ਔਰਤ ਸਟੀਫ਼ਨ ਪੈਡਕ ਦੀ ਪ੍ਰੇਮਿਕਾ ਹੈ। ਏਰਿਕ ਨੇ ਕਿਹਾ ਕਿ ਉਹ ਇਸ ਹਮਲੇ ਤੋਂ ਹੈਰਾਨ ਹੈ।

ਪੁਲਿਸ ਨੇ ਬਾਅਦ ਵਿੱਚ ਦੱਸਿਆ ਕਿ ਅਜੇ ਉਹ ਡੈਨਲੀ ਨੂੰ ਨਹੀਂ ਲਭ ਕਹੇ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)