ਅਮ੍ਰਿਤਪਾਲ ਸਿੰਘ : ਖਾਲਿਸਤਾਨ, ਗ੍ਰਿਫ਼ਤਾਰੀਆਂ ਤੇ ਦੀਪ ਸਿੱਧੂ ਦੇ ਪਰਿਵਾਰ ਨਾਲ ਮਤਭੇਦਾਂ ਸਣੇ ਹੋਰ ਇਲਜ਼ਾਮਾਂ ਦੇ ਖੁੱਲ੍ਹ ਕੇ ਦਿੱਤੇ ਜਵਾਬ

ਵੀਡੀਓ ਕੈਪਸ਼ਨ, ਗ੍ਰਿਫ਼ਤਾਰੀਆਂ, ਮਤਭੇਦਾਂ ਅਤੇ ਖਾਲਿਸਤਾਨ ਬਾਰੇ ਅਮ੍ਰਿਤਪਾਲ ਦਾ ਜਵਾਬ
    • ਲੇਖਕ, ਸੁਰਿੰਦਰ ਮਾਨ
    • ਰੋਲ, ਬੁੱਧਸਿੰਘ ਵਾਲਾ (ਮੋਗਾ) ਤੋਂ ਬੀਬੀਸੀ ਪੰਜਾਬੀ ਲਈ

ਅਮ੍ਰਿਤਪਾਲ ਸਿੰਘ ਨੇ ਇੱਕ ਵਾਰ ਫੇਰ ਪੰਜਾਬ ਪੁਲਿਸ ਨੂੰ ਕਿਹਾ ਹੈ, ''ਸਭ ਨੂੰ ਪਤਾ ਹੈ ਕਿ ਮੈਂ ਕਿੱਥੇ ਖੜ੍ਹਾ ਹਾਂ। ਜਿਸ ਨੇ ਮੈਨੂੰ ਗ੍ਰਿਫ਼ਤਾਰ ਕਰਨਾ ਹੈ, ਕਰ ਸਕਦਾ ਹੈ। ਜਾਂ ਸਾਨੂੰ ਦੱਸ ਦਿੱਤਾ ਜਾਵੇ, ਅਸੀਂ ਜਥੇ ਨਾਲ ਉੱਥੇ ਪਹੁੰਚ ਜਾਵਾਂਗੇ।''

ਅਮ੍ਰਿਤਪਾਲ ਸਿੰਘ ਮਰਹੂਮ ਅਦਾਕਾਰ ਦੀਪ ਸਿੱਧੂ ਦੀ ਜਥੇਬੰਦੀ 'ਵਾਰਿਸ ਪੰਜਾਬ ਦੇ' ਦੇ ਮੌਜੂਦਾ ਮੁਖੀ ਹਨ। ਉਹ ਐਤਵਾਰ ਨੂੰ ਮੋਗਾ ਦੇ ਪਿੰਡ ਬੁੱਧਸਿੰਘਵਾਲਾ ਵਿੱਚ ਦੀਪ ਸਿੱਧੂ ਦੇ ਪਹਿਲੇ ਬਰਸੀ ਸਮਾਗਮ ਵਿੱਚ ਪਹੁੰਚੇ ਸਨ।

ਸ਼ਨੀਵਾਰ ਨੂੰ ਪੰਜਾਬ ਪੁਲਿਸ ਨੇ ਇੱਕ ਸਿੱਖ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ ਵਿੱਚ ਅਮ੍ਰਿਤਪਾਲ ਦੇ ਸਾਥੀ ਲਵਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ।

ਅਮ੍ਰਿਤਪਾਲ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਦੋ ਸਾਥੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਉਨ੍ਹਾਂ ਨੇ ਪੁਲਿਸ ਵੱਲੋਂ ਦਰਜ ਮਾਮਲੇ ਨੂੰ ਵੀ ਝੂਠਾ ਪਰਚਾ ਕਹਿ ਕੇ ਇਲਜ਼ਾਮਾਂ ਨੂੰ ਰੱਦ ਕਰ ਕਰ ਦਿੱਤਾ ਸੀ।।

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Surinder Mann/ BBC

ਸਾਥੀਆਂ ਦੀਆਂ ਗ੍ਰਿਫ਼ਤਾਰੀ ਤੋਂ ਬਾਅਦ ਅਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲ਼ਈ ਛਾਪੇਮਾਰੀ ਕੀਤੇ ਜਾਣ ਦੀਆਂ ਖ਼ਬਰਾਂ ਆ ਰਹੀਆਂ ਸਨ।

ਪਰ ਉਹ ਆਪਣੇ ਪਿੰਡ ਜੱਲੂਪੁਰ ਵਿੱਚ ਹੀ ਸਨ ਅਤੇ ਉਨ੍ਹਾਂ ਸੋਸ਼ਲ ਮੀਡੀਆ ਉੱਤੇ ਵੀਡੀਓ ਪਾ ਕੇ ਪੁਲਿਸ ਨੂੰ ਚੁਣੌਤੀ ਦਿੱਤੀ ਸੀ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ।

ਉਨ੍ਹਾਂ ਐਲਾਨ ਕੀਤਾ ਸੀ ਕਿ ਉਹ ਐਤਵਾਰ ਦੇ ਦੀਪ ਸਿੱਧੂ ਦੀ ਬਰਸੀ ਸਮਾਗਮ ਮੌਕੇ ਪਹੁੰਚ ਕੇ ਆਪਣੇ ਗ੍ਰਿਫ਼ਤਾਰ ਸਾਥੀਆਂ ਦੀ ਰਿਹਾਈ ਲ਼ਈ ਅਗਲੀ ਰਣਨੀਤੀ ਜਾ ਐਲਾਨ ਕਰਨਗੇ।

ਅਮ੍ਰਿਤਪਾਲ ਦੇ ਭਾਸ਼ਣ ਦੇ ਅਹਿਮ ਬਿੰਦੂ :

  • ਮੇਰੀ ਬੇਨਤੀ ਹੈ ਨੌਜਵਾਨਾਂ ਨੂੰ ਕਿ ਸ਼ਹਾਦਤ ਤੋਂ ਬਿਨਾਂ ਕੋਈ ਰਾਹ ਨਹੀਂ। ਮੈਂ ਇਹ ਨਹੀਂ ਕਹਿੰਦਾ ਕਿ ਹਿੰਸਾ ਕਰੋ, ਕਿਸੇ ਨੂੰ ਡਾਂਗ ਮਾਰੋ, ਮੈਂ ਨਹੀਂ ਕਹਿੰਦਾ ਕਿ ਹਥਿਆਰ ਚੁੱਕ ਕੇ ਕਿਸੇ ਨਿਰਦੋਸ਼ ਨੂੰ ਤੰਗ ਕਰੋ, ਪਰ ਮੈਂ ਇਹ ਵੀ ਕਹਿੰਦਾ ਹਾਂ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ ਆਪਾ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋਣ ਦੇ ਨਾਤੇ ਜੇ ਕਿਸੇ ਨੂੰ ਤੰਗ ਨਹੀਂ ਕਰਦੇ, ਜੇ ਕਿਸੇ ਨੂੰ ਮਾਰਦੇ ਨਹੀਂ, ਤੇ ਕਿਸੇ ਕੋਲ਼ੋ ਮਾਰ ਖਾਣੀ, ਇਹ ਸਾਡੇ ਜੀਵਨ ਉੱਤੇ ਧ੍ਰਿਗ ਲਾਹਣਤ ਹੈ।
  • ਮੈਂ ਪੰਥ ਲਈ ਕਿਸੇ ਨਾਲ ਵੀ ਤੁਰਨ ਲਈ ਤਿਆਰ ਹਾਂ। ਮੇਰਾ ਕਿਸੇ ਲਈ ਮਤਭੇਦ ਨਹੀਂ। ਮੈਂ ਕੋਈ ਜਾਇਦਾਦ ਇਕੱਠੀ ਨਹੀਂ ਕਰਨੀ ਹੈ, ਜੋ ਹੈ, ਉਹ ਵੀ ਪੰਥ ਦੇ ਲੇਖੇ ਲਾਵਾਂਗਾ। ਨਵੰਬਰ 2021 ਵਿੱਚ ਦੀਪ ਸਿੱਧੂ ਨਾਲ ਵਿਚਾਰ ਕਰਨ ਤੋਂ ਬਾਅਦ ਮੈਂ ਸਿੱਖੀ ਸਰੂਪ ਅਖਤਿਆਰ ਕਰ ਕੀਤਾ ਸੀ। ਜਦੋਂ ਮੈਂ ਆਇਆ ਸੀ ਏਅਰਪੋਰਟ ਉੱਤੇ ਹੀ ਨਵੀਆਂ ਪੁਰਾਣੀਆਂ ਏਜੰਸੀਆਂ ਨੇ ਲੰਬੀ ਪੁੱਛਗਿੱਛ ਕੀਤੀ ਕਿ ਕਿਉਂ ਆਏ ਹੋ।
  • ਦੀਪ ਸਿੱਧੂ ਦੇ ਪਰਿਵਾਰ ਨਾਲ ਮਤਭੇਦਾਂ ਬਾਰੇ, ਮੈਂ ਕਦੇ ਕਿਸੇ ਖ਼ਿਲਾਫ਼ ਕੋਈ ਸ਼ਬਦ ਨਹੀਂ ਕਿਹਾ, ਅੱਜ ਉਹ ਆਏ ਹਨ, ਮਤਭੇਦ ਇਕੱਠੇ ਨਾ ਬੈਠਣ ਨਾਲ ਪੈਦਾ ਹੁੰਦੇ ਹਨ। ਮੈਂ ਕਹਿੰਦਾ ਹਾਂ ਕਿ ਤੁਸੀਂ ''ਸ਼ਹੀਦ'' ਦਾ ਪਰਿਵਾਰ ਹੋ, ''ਸ਼ਹੀਦ'' ਦਾ ਪਰਿਵਾਰ ਅੱਧੀ ਜ਼ੁਬਾਨ ਨਾਲ ਜੋ ਹੁਕਮ ਲਾਵੇ ਸਾਨੂੰ ਪਰਵਾਨ ਹੋਵੇਗਾ।
ਦੀਪ ਸਿੱਧੂ

ਤਸਵੀਰ ਸਰੋਤ, Surinder mann/BBC

  • ਜੇਕਰ ਗਿਣਤੀ ਦੇ ਪੰਥਕ ਬੰਦਿਆਂ ਨੇ ਆਪਸ ਵਿੱਚ ਹੀ ਲੜਨਾ ਹੈ, ਤਾਂ ਇੱਕੋ ਦਿਨ ਮੈਦਾਨ ਚੁਣ ਲਓ। ਪਰ ਜੇਕਰ ਦਿੱਲੀ ਹਕੂਮਤ ਖ਼ਿਲਾਫ਼ ਲੜਨਾ ਹੈ ਤਾਂ ਸਾਰੇ ਇਕੱਠੇ ਹੋ ਕੇ ਲੜੀਏ, ਜਿਹੜੇ ਸਾਥ ਨਹੀਂ ਦੇਣਾ ਚਾਹੁੰਦੇ ਉਹ ਦੂਰ ਖੜ੍ਹ ਕੇ ਤਮਾਸ਼ਾ ਦੇਖਣ ਪਰ ਸਾਡੀਆਂ ਲੱਤਾਂ ਨਾਲ ਖਿੱਚਣ, ਮੈਂ ਸਤਿਗੁਰੂ ਦੀ ਹਜ਼ੂਰੀ ਵਿੱਚ ਖੜ੍ਹ ਕੇ ਕਹਿੰਦਾ ਹਾਂ ਕਿ ਮੈਂ ਕਿਸੇ ਨਾਲ ਮਤਭੇਦ ਨਹੀਂ ਰੱਖਾਂਗਾ।
  • ਦਮਦਮੀ ਟਕਸਾਲ ਦੇ ਸਾਬਕਾ ਮੁਖੀ ਠਾਕੁਰ ਸਿੰਘ ਖ਼ਿਲਾਫ਼ ਬਿਆਨ ਦੇਣ ਦੇ ਇਲਜ਼ਾਮਾਂ ਬਾਰੇ ਮੈਂ ਕਹਿੰਦਾ ਹਾਂ ਕਿ ਮੈਂ ਸੁਪਨੇ ਵਿੱਚ ਵੀ ਅਜਿਹਾ ਨਹੀਂ ਸੋਚ ਸਕਦਾ। ਟਕਸਾਲ ਨੇ ਉਨ੍ਹਾਂ ਦੀ ਅਗਵਾਈ ਤੱਕ ਹੀ ਕੰਮ ਕੀਤਾ ਹੈ, ਉਸ ਤੋਂ ਬਾਅਦ ਕਿਹੜਾ ਪ੍ਰਚਾਰ ਹੋਇਆ, ਕੀ ਇਸ ਦਾ ਪਤਾ ਨਹੀਂ ਹੈ। ਸਾਡੇ ਘਰ ਵਿੱਚ ਵੀ ਸਿੱਖੀ ਦਾ ਜਾਗ ਉਨ੍ਹਾਂ ਹੀ ਲਾਇਆ ਸੀ, ਮੇਰੇ ਦਾਦਾ-ਦਾਦੀ ਨੂੰ ਉਨ੍ਹਾਂ ਤੋਂ ਹੀ ਅੰਮ੍ਰਿਤ ਛਕਿਆ ਸੀ।
ਦੀਪ ਸਿੱਧੂ

ਤਸਵੀਰ ਸਰੋਤ, Surinder Mann /BBC

  • ਮੈਂ ਕਹਿਣਾ ਚਾਹੁੰਦਾ ਕਿ ਕੱਲ ਸਾਡੇ ਦੋ ਸਾਥੀ ਗ੍ਰਿਫ਼ਤਾਰ ਕੀਤੇ ਗਏ ਹਨ, ਪ੍ਰਸਾਸ਼ਨ ਵੱਲੋਂ ਵੀ ਸੁਨੇਹਾ ਮਿਲਿਆ ਹੈ ਕਿ ਉਹ ਪਰਚੇ ਬਾਰੇ ਸੋਚ ਰਹੇ ਹਨ, ਮੈਂ ਪੰਥ ਨੂੰ ਬੇਲੋੜੇ ਸੰਘਰਸ਼ਾਂ ਵਿੱਚ ਨਹੀਂ ਪਾਉਣਾ ਚਾਹੁੰਦਾ, ਪਰ ਪ੍ਰਸਾਸ਼ਨ ਵੀ ਸਾਨੂੰ ਮਜਬੂਰ ਨਾਲ ਕਰੇ। ਮੈਂ ਨਹੀਂ ਚਾਹੁੰਦਾ ਕਿ ਅਸੀਂ ਥਾਣਿਆਂ ਦੇ ਘੇਰਾਓ ਕਰੀਏ, ਅਸੀਂ ਅਗਲੇ ਬੁੱਧਵਾਰ ਨੂੰ ਬੈਠ ਕੇ ਗੁਰਮਤਾ ਕਰਾਂਗੇ ਕਿ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਬਾਰੇ ਕੀ ਕਰਨਾ ਹੈ।
  • ਕੋਈ ਵੀ ਦੁਨੀਆਂ ਦੀ ਤਾਕਤ ਸਿੱਖਾਂ ਨੂੰ ਅਜ਼ਾਦ ਸਿੱਖ ਰਾਜ ਪ੍ਰਾਪਤ ਕਰਨ ਤੋਂ, ਖਾਲਿਸਤਾਨ ਪ੍ਰਾਪਤ ਕਰਨ ਤੋਂ ਨਹੀਂ ਰੋਕ ਸਕਦੀ। ਸਾਡੀਆਂ ਨਸਲਾਂ ਦਰ ਨਸਲਾਂ ਲੜਨਗੀਆਂ, ਅਸੀਂ ਲੜਦੇ ਰਹਾਂਗੇ, ਅਸੀਂ ਸ਼ਹੀਦੀਆਂ ਦਿੰਦੇ ਰਹਾਂਗੇ। ਅਸੀਂ ਮਰ ਗਏ ਮਿਟ ਗਏ, ਖਾਲਸਾ ਫੇਰ ਕੱਖਾਂ ਵਿੱਚੋਂ ਪੈਦਾ ਹੋਵੇਗਾ। ਅਸੀਂ ਰਾਜ ਲਈ ਲੜਦੇ ਰਹਾਂਗੇ।

ਦੀਪ ਸਿੱਧੂ ਦੀ ਪਹਿਲੀ ਬਰਸੀ

ਮੋਗਾ ਦਾ ਪਿੰਡ ਬੁੱਧਸਿੰਘ ਵਾਲਾ ਖਾਲਿਸਤਾਨ ਲਹਿਰ ਦੇ ਮਰਹੂਮ ਆਗੂ ਗੁਰਜੰਟ ਸਿੰਘ ਬੁੱਧਸਿੰਘ ਵਾਲਾ ਦਾ ਪਿੰਡ ਹੈ।

ਜਿੱਥੇ ਸਾਬਕਾ ਅਦਾਕਾਰ ਅਤੇ ਮਰਹੂਮ ਨੌਜਵਾਨ ਕਾਰਕੁਨ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਦੀ ਪਹਿਲੀ ਬਰਸੀ ਮੌਕੇ ਵੱਡਾ ਸਮਾਗਮ ਕੀਤਾ ਗਿਆ ਹੈ।

ਦੀਪ ਸਿੱਧੂ

ਤਸਵੀਰ ਸਰੋਤ, Surinder mann/BBC

ਐਤਵਾਰ ਨੂੰ ਅਮ੍ਰਿਤਪਾਲ ਸਿੰਘ ਆਪਣੇ ਸਾਥੀਆਂ ਨਾਲ ਇੱਥੇ ਪਹੁੰਚੇ ਸਨ ਅਤੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਸਰਕਾਰ ਉਨ੍ਹਾਂ ਵੱਲੋਂ ਚਲਾਏ ਜਾ ਰਹੇ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਤੋਂ ਘਬਰਾਈ ਹੋਈ ਹੈ।

ਅਮ੍ਰਿਤਪਾਲ ਨੇ ਦਾਅਵਾ ਕੀਤਾ ਸੀ, ''ਭਾਈ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਨੇ ਹਕਮੂਤ ਨਾਲ ਮੱਥਾ ਲਾਇਆ ਸੀ, ਇਸ ਲਈ ਉਨ੍ਹਾਂ ਨੂੰ ਇੱਕ ਸਾਜ਼ਿਸ਼ ਤਹਿਤ ਹਾਦਸੇ ਦੌਰਾਨ ਸ਼ਹੀਦ ਕਰ ਦਿੱਤਾ ਗਿਆ। ਜਿਨ੍ਹਾਂ ਦਾ ਪਹਿਲਾ ਬਰਸੀ ਸਮਾਗਮ ਕਰਵਾਇਆ ਜਾ ਰਿਹਾ ਹੈ।''

''ਇਸ ਮੌਕੇ ਅਮ੍ਰਿਤ ਸੰਚਾਰ ਹੋ ਰਿਹਾ ਹੈ ਅਤੇ ਦੀਪ ਸਿੱਧੂ ਤੇ ਹੋਰ ਸ਼ਹੀਦਾਂ ਦੀ ਯਾਦ ਵਿੱਚ ਬਣੇ ਯਾਦਗਾਰੀ ਗੇਟ ਸਮਾਰਕ ਦਾ ਉਦਘਾਟਨ ਵੀ ਕੀਤਾ ਗਿਆ।''

ਅਮ੍ਰਿਤਪਾਲ ਨੇ ਹੋਰ ਕੀ ਕਿਹਾ

ਅਮ੍ਰਿਤਪਾਲ ਦਾ ਕਹਿਣਾ ਸੀ ਕਿ ਸਰਕਾਰਾਂ ਨੌਜਵਾਨਾਂ ਦੇ ਨਸ਼ੇ ਛੱਡ ਕੇ ਅੰਮ੍ਰਿਤ ਪਾਨ ਕਰਨ ਅਤੇ ਸਸ਼ਤਰਧਾਰੀ ਹੋਣ ਤੋਂ ਡਰ ਰਹੀਆਂ ਹਨ।

ਅਮ੍ਰਿਤਪਾਲ ਨੇ ਕਿਹਾ ਸੀ, ''ਉਹ ਨੌਜਵਾਨਾਂ ਵਿੱਚ ਆ ਰਹੇ ਬਦਲਾਅ ਤੋਂ ਘਬਰਾਉਂਦੇ ਹਨ, ਮੇਰੇ ਤੋਂ ਨਹੀਂ, ਮੈਂ ਤਾਂ ਹੱਡ-ਮਾਸ ਦਾ ਹੀ, ਉਨ੍ਹਾਂ ਵਰਗਾ ਨੌਜਵਾਨ ਹਾਂ।''

ਦੀਪ ਸਿੱਧੂ

ਤਸਵੀਰ ਸਰੋਤ, Surinder Mann/BBC

ਸਰਕਾਰਾਂ ਨੇ ਸਾਡੇ ਰਾਹ ਰੋਕਣੇ ਹੀ ਹੁੰਦੇ ਹਨ, ਇੰਦਰਾ ਗਾਂਧੀ ਨੇ ਵੀ ਇੰਝ ਹੀ ਕੀਤਾ ਸੀ। ਉਸ ਤੋਂ ਬਾਅਦ ਨੌਜਵਾਨਾਂ ਨੇ ਜਾਗਰੂਕ ਹੋ ਕੇ ਕਿਵੇਂ ਜਵਾਬ ਦਿੱਤਾ ਸੀ, ਇਹ ਵੀ ਸਭ ਦੇ ਸਾਹਮਣੇ ਹੈ।

''ਜੇਕਰ ਸਰਕਾਰ ਨੇ ਸਾਨੂੰ ਗ੍ਰਿਫ਼ਤਾਰ ਕਰਨਾ ਹੈ ਤਾਂ ਦੱਸੇ ਅਸੀਂ ਆਪ ਅੱਗੇ ਜਾਵਾਂਗੇ। ਜੇਕਰ ਜੇਲ੍ਹ ਵਿੱਚ ਅੰਮ੍ਰਿਤ ਸੰਚਾਰ ਦੀ ਲੋੜ ਹੈ ਤਾਂ ਅਸੀਂ ਉੱਥੇ ਜਾ ਕੇ ਵੀ ਕਰਵਾਂਗੇ।''

ਦੀਪ ਸਿੱਧੂ ਦੇ ਭਰਾ ਨੇ ਕੀ ਕਿਹਾ ?

ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਸੀ ਕਿ ਸਿੱਖ ਕੌਮ ਨੂੰ ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਅਤੇ ਸਿੱਖਾਂ ਨੂੰ ਜੇਲ੍ਹਾਂ 'ਚ ਬੰਦ ਰੱਖਣ ਵਾਲੇ ਦੁਸ਼ਮਣਾਂ ਦੀ ਪਛਾਣ ਕਰਨ ਦੀ ਲੋੜ ਹੈ।

ਮਨਦੀਪ ਸਿੰਘ ਨੇ ਕਿਹਾ ਸੀ ਕਿ ਸਿੱਖਾਂ ਨੂੰ ਅੱਜ ਆਪਣੇ ਨਿੱਜੀ ਗਿਲੇ ਸ਼ਿਕਵੇ ਦੂਰ ਕਰਕੇ ਕੌਮ ਅਤੇ ਪੰਥਕ ਹਿੱਤਾਂ ਲਈ ਲੜਨਾ ਪਵੇਗਾ।

ਦੀਪ ਸਿੱਧੂ ਬਰਸੀ ਸਮਗਾਮ ਦੀਆਂ ਕੁਝ ਤਸਵੀਰਾਂ

ਦੀਪ ਸਿੱਧੂ

ਤਸਵੀਰ ਸਰੋਤ, Surinder mann/BBC

ਇਸ ਮੌਕੇ ਪਿੰਡ ਬੁੱਧ ਸਿੰਘ ਵਾਲਾ ਵਿਖੇ ਬਠਿੰਡਾ-ਅੰਮ੍ਰਿਤਸਰ ਸਟੇਟ ਹਾਈਵੇਅ ਉੱਪਰ ਇਕ ਗੇਟ ਦਾ ਉਦਘਾਟਨ 'ਵਾਰਿਸ ਪੰਜਾਬ ਦੇ' ਜਥੇਬੰਦੀ ਪ੍ਰਧਾਨ ਅਮ੍ਰਿਤਪਾਲ ਸਿੰਘ ਨੇ ਕੀਤਾ।

ਇਸ ਗੇਟ ਉੱਪਰ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਇਲਾਵਾ ਦੀਪ ਸਿੱਧੂ ਸਮੇਤ ਕਈ ਮਰਹੂਮ ਸਿੱਖ ਆਗੂਆਂ ਦੀਆਂ ਤਸਵੀਰਾਂ ਲਾਈਆਂ ਗਈਆਂ ਹਨ।

ਇਸ ਮੌਕੇ ਸਿੱਖੀ ਇਤਿਹਾਸ, ਸਿਆਸੀ ਲਹਿਰਾਂ ਅਤੇ ਹੋਰ ਸਬੰਧਤ ਸਾਹਿਤ ਦੀਆਂ ਸਟਾਲਾਂ ਲਗਾਈਆ ਗਈਆਂ ਸਨ ਅਤੇ ਸਿੱਖ ਲਹਿਰ ਨਾਲ ਜੁੜੇ ਰਹੇ ਲੋਕਾਂ ਦੀਆਂ ਤਸਵੀਰਾਂ ਵੀ ਵੇਚੀਆਂ ਜਾ ਰਹੀਆਂ ਸਨ।

ਇਹ ਬਰਸੀ ਸਮਾਗਮ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਰਹੇ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਪਿੰਡ ਵਿਚ ਰੱਖਿਆ ਗਿਆ ਸੀ

Banner

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)