ਸੋਸ਼ਲ ਮੀਡੀਆ 'ਤੇ ਮਸ਼ਹੂਰ ਹਾਥੀ ਨੇ ਕਈ ਜਾਨਾਂ ਲਈਆਂ ਹਨ, ਫਿਰ ਵੀ ਲੋਕ ਇੰਨਾ ਪਿਆਰ ਕਿਉਂ ਕਰਦੇ ਹਨ

ਰਾਮਚੰਦਰਨ

ਤਸਵੀਰ ਸਰੋਤ, FB/Thechikottukaavu.Ramachandran

    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਬੀਬੀਸੀ ਲਈ

ਦੱਖਣੀ ਭਾਰਤੀ ਸੂਬੇ ਕੇਰਲ ਵਿੱਚ ਵਿਵਾਦਾਂ ਵਿੱਚ ਰਹਿਣ ਵਾਲਾ ਇੱਕ ਹਾਥੀ ਮੁੜ ਸੁਰਖੀਆਂ ਵਿੱਚ ਹੈ। ਇਹ ਹਾਥੀ ਇੱਕ ਸਥਾਨਕ ਮੰਦਰ ਵੱਲੋਂ ਆਪਣੇ ਸਾਲਾਨਾ ਤਿਉਹਾਰ ਵਿੱਚ ਹਿੱਸਾ ਲੈਣ ਲਈ ਰਿਕਾਰਡ ਰਕਮ ਦੀ ਬੋਲੀ ਲਗਾਉਣ ਤੋਂ ਬਾਅਦ ਮੁੜ ਚਰਚਾ ਵਿੱਚ ਹੈ।

ਆਖ਼ਰ 57 ਸਾਲਾ ਇਹ ਜਾਨਵਰ ਪ੍ਰਸ਼ੰਸਾ, ਡਰ ਅਤੇ ਹਮਦਰਦੀ ਕਿਉਂ ਲੈ ਕੇ ਆਉਂਦਾ ਹੈ।

ਥੇਚੀਕੋਟੁਕਾਵੂ ਰਾਮਚੰਦਰਨ ਨਾਮ ਦੇ ਇਸ ਹਾਥੀ ਨੂੰ ਅਕਸਰ ਭਾਰਤ ਵਿੱਚ ਸਭ ਤੋਂ ਲੰਬਾ ਬੰਦੀ ਹਾਥੀ ਕਿਹਾ ਜਾਂਦਾ ਹੈ। ਇਹ ਇੱਕ ਅਜਿਹਾ ਦਾਅਵਾ ਹੈ, ਜਿਸ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਕਰਨਾ ਔਖਾ ਹੈ।

Banner

ਰਾਮਚੰਦਰਨ ਹਾਥੀ ਦੇ ਚਰਚੇ

  • ਕੇਰਲ ਵਿੱਚ 57 ਸਾਲਾ ਹਾਥੀ ਰਾਮਚੰਦਰਨ ਦਾ ਕੱਦ 10 ਫੁੱਟ ਤੋਂ ਉੱਤੇ ਹੈ
  • ਸੋਸ਼ਲ ਮੀਡੀਆ ਉੱਤੇ ਬਕਾਇਦਾ ਫੈਨ ਪੇਜ ਤੇ ਲੱਖਾਂ ਫੋਲੋਅਰਜ਼ ਹਨ
  • ਮੰਦਰ ਦੇ ਤਿਉਹਾਰਾਂ 'ਚ ਸ਼ਾਮਲ ਕਰਨ ਲਈ ਲਗਦੀ ਹੈ ਲੱਖਾਂ ਰੁਪਏ ਦੀ ਬੋਲੀ
  • ਆਲੋਚਕਾਂ ਮੁਤਾਬਕ ਚਾਰ ਦਹਾਕਿਆਂ ਵਿੱਚ ਘੱਟੋ ਘੱਟ 13 ਲੋਕਾਂ ਅਤੇ ਦੋ ਹਾਥੀਆਂ ਨੂੰ ਮਾਰਿਆ
  • ਰਾਮਚੰਦਰਨ ਆਪਣੀ ਖੱਬੀ ਅੱਖ ਤੋਂ ਅੰਨ੍ਹਾ ਹੈ
  • ਥੇਚੀਕੋਟੁਕਾਵੂ ਟਰੱਸਟ ਮੁਤਾਬਕ ਰਾਮਚੰਦਰਨ ਹੁੰਦਾ ਹੈ ਤਾਂ ਜ਼ਿਆਦਾ ਲੋਕ ਮੰਦਰਾਂ ਵਿੱਚ ਆਉਂਦੇ ਹਨ
Banner

ਸੋਸ਼ਲ ਮੀਡੀਆ ਉੱਤੇ ਲੱਖਾਂ ਫੋਲੋਅਰਜ਼

ਸ਼ੱਕ ਤੋਂ ਪਰੇ ਗੱਲ ਇਹ ਹੈ ਕਿ ਇਹ ਹਾਥੀ 10.53 ਫੁੱਟ ਲੰਬਾ ਹੈ। ਰਾਮਚੰਦਰਨ ਦੀ ਕਮਾਲ ਤੇ ਸ਼ਾਨਦਾਰ ਮੌਜੂਦਗੀ ਉਸ ਦੇ ਸਾਥੀ ਹਾਥੀਆਂ ਤੋਂ ਉੱਤੇ ਹੈ।

ਰਾਮਚੰਦਰਨ, ਤ੍ਰਿਸ਼ੂਰ ਜ਼ਿਲ੍ਹੇ ਦੇ ਥੇਚੀਕੋਟੁਕਾਵੂ ਮੰਦਰ ਟਰੱਸਟ ਦੀ ਮਲਕੀਅਤ ਹੈ। ਇਹ ਕੇਰਲ ਦੇ ਸੈਂਕੜੇ ਬੰਧਕ ਹਾਥੀਆਂ ਵਿੱਚੋਂ ਇੱਕ ਹੈ, ਜੋ ਮੰਦਰ ਦੇ ਤਿਉਹਾਰਾਂ ਅਤੇ ਹੋਰ ਪ੍ਰੋਗਰਾਮਾਂ ਲਈ ਕਿਰਾਏ 'ਤੇ ਦਿੱਤੇ ਜਾਂਦੇ ਹਨ।

ਰਾਮਚੰਦਰਨ

ਤਸਵੀਰ ਸਰੋਤ, FB/Thechikottukaavu.Ramachandran

ਰਾਮਚੰਦਰਨ ਦੇ ਹਜ਼ਾਰਾਂ ਪ੍ਰਸ਼ੰਸਕ ਹਨ, ਉਸ ਦੇ ਫੇਸਬੁੱਕ ਉੱਤੇ ਬਣੇ ਫੈਨ ਪੇਜ ਉੱਤੇ ਇੱਕ ਲੱਖ 22 ਹਜ਼ਾਰ ਫੋਲੋਅਰਜ਼ ਹਨ। ਇਸ ਪੇਜ ਉੱਤੇ ਤਸਵੀਰਾਂ ਅਤੇ ਅਪਡੇਟਸ ਅਕਸਰ ਪਾਈਆਂ ਜਾਂਦੀਆਂ ਹਨ ਅਤੇ ਇਸ ਨਾਲ ਪ੍ਰੋਗਰਾਮਾਂ ਵਿੱਚ ਵੱਡੀ ਭੀੜ ਵੀ ਜੁੜਦੀ ਹੈ।

ਪਰ ਰਾਮਚੰਦਰਨ ਹਿੰਸਾ ਭਰੇ ਪ੍ਰਦਰਸ਼ਨਾਂ ਲਈ ਵੀ ਬਦਨਾਮ ਹੈ। ਆਲੋਚਕਾਂ ਦਾ ਇਲਜ਼ਾਮ ਹੈ ਕਿ ਉਸ ਨੇ ਪਿਛਲੇ ਚਾਰ ਦਹਾਕਿਆਂ ਵਿੱਚ ਘੱਟੋ ਘੱਟ 13 ਲੋਕਾਂ ਅਤੇ ਦੋ ਹਾਥੀਆਂ ਨੂੰ ਮਾਰਿਆ ਹੈ।

ਦੂਜੇ ਪਾਸੇ ਥੇਚੀਕੋਟੁਕਾਵੂ ਮੰਦਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਮਚੰਦਰਨ ਇਨ੍ਹਾਂ ਮੌਤਾਂ ਦਾ ਸਿੱਧਾ ਕਾਰਨ ਨਹੀਂ ਸੀ।

ਇਹ ਮੌਤਾਂ ਜ਼ਿਆਦਾਤਰ ਭਗਦੜ ਦੇ ਕਾਰਨ ਵਾਪਰੀਆਂ ਸੀ ਕਿਉਂਕਿ ਸਮਾਗਮਾਂ ਵਿੱਚ ਉੱਚੀ ਆਵਾਜ਼ ਅਤੇ ਹੋਰ ਭੜਕਾਹਟ ਕਾਰਨ ਰਾਮਚੰਦਰਨ ਭੜਕ ਉੱਠਿਆ ਸੀ।

ਸਭ ਤੋਂ ਲੰਬਾ ਹਾਥੀ ਪਰ ਇੱਕ ਅੱਖ ਤੋਂ ਅੰਨ੍ਹਾ

ਰਾਮਚੰਦਰਨ ਆਪਣੀ ਖੱਬੀ ਅੱਖ ਤੋਂ ਅੰਨ੍ਹਾ ਹੈ। ਜਾਨਵਰਾਂ ਦੇ ਅਧਿਕਾਰ ਬਾਰੇ ਕਾਰਕੁਨਾਂ ਦਾ ਕਹਿਣਾ ਹੈ ਕਿ ਉਸ ਨੂੰ ਜਨਤਕ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ।

ਲੋਕ ਭਲਾਈ ਸੰਸਥਾ ਪੀਪਲ ਫਾਰ ਐਨੀਮਲਜ਼ ਨਾਲ ਕੰਮ ਕਰਨ ਵਾਲੇ ਸ਼੍ਰੀਦੇਵੀ ਐਸ ਕਾਰਥਾ ਕਹਿੰਦੇ ਹਨ, "ਉਹ ਹਾਥੀਆਂ ਵਿੱਚੋਂ ਸਭ ਤੋਂ ਲੰਬਾ ਅਤੇ ਸਭ ਤੋਂ ਖੂਬਸੂਰਤ ਹੈ। ਉਸ ਨੂੰ ਨੇੜਿਓਂ ਦੇਖਣਾ ਅਦਭੁਤ ਹੈ। ਪਰ ਉਸ ਦੀ ਸ਼ਾਨਦਾਰ ਦਿੱਖ ਵੀ ਇੱਕ ਸਰਾਪ ਬਣ ਗਈ ਹੈ।"

ਰਾਮਚੰਦਰਨ

ਤਸਵੀਰ ਸਰੋਤ, FB/Thechikottukaavu.Ramachandran

ਪਿਛਲੇ ਹਫਤੇ 35 ਮੰਦਰਾਂ ਦੀਆਂ ਕਮੇਟੀਆਂ ਨੇ ਆਪਣੇ ਤਿਉਹਾਰਾਂ 'ਤੇ ਰਾਮਚੰਦਰਨ ਦੀ ਮੌਜੂਦਗੀ ਲਈ ਬੋਲੀ ਲਗਾਉਣ ਲਈ ਇੱਕ ਨਿਲਾਮੀ ਵਿੱਚ ਹਿੱਸਾ ਲਿਆ। ਇਸ ਨਿਲਾਮੀ ਵਿੱਚ ਬਾਜ਼ੀ ਤ੍ਰਿਸੂਰ ਦੇ ਸ਼੍ਰੀ ਵਿਸ਼ਵਨਾਥ ਮੰਦਰ ਨੇ 675,000 ਰੁਪਏ ਵਿੱਚ ਮਾਰੀ।

ਥੇਚੀਕੋਟੁਕਾਵੂ ਟਰੱਸਟ ਦੇ ਪ੍ਰਧਾਨ ਬਿਨੋਏ ਪੀਬੀ ਕਹਿੰਦੇ ਹਨ ਕਿ ਕੋਵਿਡ ਕਾਰਨ ਤਿਉਹਾਰਾਂ ਵਿੱਚ ਕਮੀ ਆਉਣ ਤੋਂ ਬਾਅਦ ਜੋਸ਼ ਕਾਫ਼ੀ ਵੱਧ ਗਿਆ ਹੈ।

ਉਹ ਕਹਿੰਦੇ ਹਨ, "ਜਦੋਂ ਰਾਮਚੰਦਰਨ ਮੌਜੂਦ ਹੁੰਦਾ ਹੈ ਤਾਂ ਜ਼ਿਆਦਾ ਲੋਕ ਮੰਦਰਾਂ ਵਿੱਚ ਆਉਂਦੇ ਹਨ। ਇਸ ਲਈ ਉਸ ਦੀ ਬਹੁਤ ਜ਼ਿਆਦਾ ਮੰਗ ਹੈ।"

ਪ੍ਰਸ਼ਾਸਨ ਨੇ ਲਗਾਈ ਸੀ ਪਾਬੰਦੀ ਪਰ ਫ਼ਿਰ ਹਟਾਉਣੀ ਪਈ

ਹਾਥੀ

ਤਸਵੀਰ ਸਰੋਤ, Thechikkottukavu Ramachandran

2019 ਵਿੱਚ ਜਦੋਂ ਤ੍ਰਿਸੂਰ ਦੇ ਮਸ਼ਹੂਰ ਗੁਰੂਵਾਯੂਰ ਮੰਦਰ ਨੇੜੇ ਇੱਕ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਰਾਮਚੰਦਰਨ ਦੇ ਨੇੜੇ ਪਟਾਕੇ ਚਲਾਏ ਗਏ ਤਾਂ ਮੰਦਰ ਦੇ ਅਧਿਕਾਰੀ ਉਸ ਸਮੇਂ ਮੁਸੀਬਤ ਵਿੱਚ ਆ ਗਏ ਕਿਉਂਕਿ ਮਚੀ ਭਗਦੜ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ।

ਜ਼ਿਲ੍ਹਾ ਪ੍ਰਸ਼ਾਸਨ ਨੇ ਉਸ ਵੇਲੇ ਰਾਮਚੰਦਰਨ ਉੱਤੇ ਪ੍ਰਸਿੱਧ ਤ੍ਰਿਸੂਰ ਪੂਰਮ ਮੰਦਰ ਦੇ ਤਿਉਹਾਰ ਵਿੱਚ ਹਿੱਸਾ ਲੈਣ ਦੀ ਪਾਬੰਦੀ ਲਗਾ ਦਿੱਤੀ।

ਪਰ ਤਿਉਹਾਰ ਦੇ ਪ੍ਰਬੰਧਕਾਂ, ਹਾਥੀ ਮਾਲਕਾਂ ਅਤੇ ਰਾਮਚੰਦਰਨ ਦੇ ਪ੍ਰਸ਼ੰਸਕਾਂ ਦੇ ਵਿਰੋਧ ਨੇ ਪ੍ਰਸ਼ਾਸਨ ਨੂੰ ਪਾਬੰਦੀ ਹਟਾਉਣ ਲਈ ਮਜਬੂਰ ਕੀਤਾ। ਕੇਰਲ ਦੇ ਹਾਥੀ ਮਾਲਕਾਂ ਦੀ ਫੈਡਰੇਸ਼ਨ ਨੇ ਕਿਹਾ ਕਿ ਉਹ ਮੰਦਰ ਦੇ ਤਿਉਹਾਰਾਂ ਲਈ ਕੋਈ ਜਾਨਵਰ ਮੁਹੱਈਆ ਨਹੀਂ ਕਰਨਗੇ ਜਦੋਂ ਤੱਕ ਰਾਮਚੰਦਰਨ ਨੂੰ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।

ਹਾਥੀ ਰਾਮਚੰਦਰਨ ਦੀ ਸਿਹਤ ਦੀ ਸਥਿਤੀ ਨਿਯਮਿਤ ਤੌਰ 'ਤੇ ਸੁਰਖੀਆਂ ਬਣਾਉਂਦੀ ਹੈ। ਪਿਛਲੇ ਸਾਲ ਸਤੰਬਰ ਵਿੱਚ ਕੇਰਲ ਹਾਈ ਕੋਰਟ ਨੇ ਰਾਮਚੰਦਰਨ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਤੋਂ ਉਦੋਂ ਤੱਕ ਪਾਬੰਦੀ ਲਗਾ ਦਿੱਤੀ ਜਦੋਂ ਤੱਕ ਇੱਕ ਕਮੇਟੀ ਉਸ ਦੀ ਜਾਂਚ ਨਹੀਂ ਕਰਦੀ।

ਬੇਰਹਿਮੀ ਦੇ ਆਧਾਰ ਉੱਤੇ ਜਾਨਵਰਾਂ ਦੇ ਹੱਕਾਂ ਬਾਰੇ ਕਾਰਕੁਨ ਐਮਐਨ ਜੈਚੰਦਰਨ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ।

ਰਾਮਚੰਦਰਨ

ਤਸਵੀਰ ਸਰੋਤ, FB/Thechikottukaavu.Ramachandran

ਉਹ ਕਹਿੰਦੇ ਹਨ, ''ਕਮੇਟੀ ਦਾ ਗਠਨ ਕੀਤਾ ਗਿਆ ਸੀ ਅਤੇ ਰਾਮਚੰਦਰਨ ਦੀ ਮਹੀਨੇ ਵਿੱਚ ਦੋ ਵਾਰ ਪਰੇਡ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਸ ਤੋਂ ਬਾਅਦ ਇੱਕ ਸਰਕਾਰੀ ਆਰਡਰ ਨੇ ਹਾਥੀ ਨੂੰ ਹਫ਼ਤੇ ਵਿੱਚ ਦੋ ਵਾਰ ਪਰੇਡ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ।"

ਉਨ੍ਹਾਂ ਦਾ ਕਹਿਣਾ ਹੈ ਕਿ ਅਦਾਲਤ ਨੇ ਹਾਥੀ ਦੇ ਆਲੇ-ਦੁਆਲੇ ਚਾਰ ਮਹਾਉਤਾਂ ਨੂੰ ਤਾਇਨਾਤ ਕਰਨ ਦਾ ਹੁਕਮ ਵੀ ਦਿੱਤਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਭੀੜ ਦੇ ਸੰਪਰਕ ਵਿੱਚ ਨਾ ਆਵੇ।

ਜੈਚੰਦਰਨ ਨੇ ਦਲੀਲ ਦਿੱਤੀ ਕਿ ਰਾਮਚੰਦਰਨ ਨਾ ਸਿਰਫ਼ ਇੱਕ ਅੱਖ ਤੋਂ ਅੰਨ੍ਹਾ ਹੈ, ਸਗੋਂ ਉਹ ਵੱਡੀ ਉਮਰ ਦੇ ਨਾਲ ਦੂਜੀ ਅੱਖ ਵਿੱਚ ਵੀ ਨਜ਼ਰ ਗੁਆ ਰਿਹਾ ਹੈ।

ਪਰ ਹਾਥੀ ਦੇ ਚੈਂਪੀਅਨਾਂ ਦਾ ਦਾਅਵਾ ਹੈ ਕਿ ਉਹ ਸਿਹਤਮੰਦ ਹੈ।

ਕੋਈ ਕਹਿੰਦਾ ਹਾਥੀ ਨੇ ਨੁਕਸਾਨ ਨਹੀਂ ਪਹੁੰਚਾਇਆ, ਕੋਈ ਕਹਿੰਦਾ ਉਸ ਨੂੰ ਤਸੀਹੇ ਦਿੱਤੇ ਜਾਂਦੇ ਹਨ

ਹਾਥੀ

ਤਸਵੀਰ ਸਰੋਤ, Thechikkottukavu Ramachandran

ਰਾਮਚੰਦਰਨ ਦੇ ਪਸ਼ੂਆਂ ਦੇ ਡਾਕਟਰ ਅਤੇ ਸੂਬੇ ਦੇ ਪਸ਼ੂ ਭਲਾਈ ਬੋਰਡ ਦੇ ਮੈਂਬਰ ਡਾ. ਗਿਰੀਦਾਸ ਪੀਬੀ ਕਹਿੰਦੇ ਹਨ, "ਹੁਣ ਦੂਜੀ ਅੱਖ ਨਾਲ ਕੋਈ ਸਮੱਸਿਆ ਨਹੀਂ ਹੈ। ਸਰਕਾਰੀ ਨਿਯਮਾਂ ਅਨੁਸਾਰ ਹਾਥੀਆਂ ਲਈ ਸੇਵਾਮੁਕਤੀ ਦੀ ਉਮਰ 65 ਸਾਲ ਹੈ ਅਤੇ ਰਾਮਚੰਦਰਨ ਦੀ ਉਮਰ ਸਿਰਫ਼ 57 ਸਾਲ ਹੈ।"

ਉਹ ਇਹ ਵੀ ਜ਼ੋਰ ਦਿੰਦੇ ਹਨ ਕਿ ਰਾਮਚੰਦਰਨ ਨੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਹੈ।

ਉਹ ਕਹਿੰਦੇ ਹਨ, "ਜਦੋਂ ਲੋਕ ਪਟਾਕੇ ਚਲਾਉਂਦੇ ਹਨ ਜਾਂ ਰੌਲਾ ਪਾਉਂਦੇ ਹਨ ਤਾਂ ਹਾਥੀ ਪਰੇਸ਼ਾਨ ਹੋ ਜਾਂਦਾ ਹੈ।"

ਮੰਦਰ ਦੇ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਰਾਮਚੰਦਰਨ ਦੀ ਆਮਦਨ ਤੋਂ ਬਹੁਤ ਜ਼ਿਆਦਾ ਕਮਾਈ ਕੀਤੀ ਜਾ ਰਹੀ ਹੈ ਅਤੇ ਇਸ ਵਿੱਚੋਂ ਇੱਕ ਅਹਿਮ ਰਕਮ ਉਸ ਦੇ ਰੱਖ-ਰਖਾਅ 'ਤੇ ਖਰਚ ਕੀਤੀ ਜਾਂਦੀ ਹੈ। ਇਸ ਵਿੱਚ ਭੋਜਨ ਅਤੇ ਉਸ ਦੇ ਦੇਖਭਾਲ ਕਰਨ ਵਾਲਿਆਂ ਦੀਆਂ ਤਨਖਾਹਾਂ ਸ਼ਾਮਲ ਹਨ।

ਥੇਚੀਕੋਟੁਕਾਵੂ ਟਰੱਸਟ ਤੋਂ ਬਿਨੋਏ ਕਹਿੰਦੇ ਹਨ, "ਪਿਛਲੇ ਤਿੰਨ ਸਾਲਾਂ ਵਿੱਚ, ਅਸੀਂ ਉਸਦੀ ਦੇਖਭਾਲ 'ਤੇ ਲਗਭਗ 20 ਲੱਖ ਰੁਪਏ ਖਰਚ ਕੀਤੇ ਹਨ, ਜਦੋਂ ਅਸੀਂ ਕੋਵਿਡ -19 ਕਾਰਨ ਮੰਦਰ ਦੇ ਤਿਉਹਾਰਾਂ ਤੋਂ ਵੀ ਕਮਾਈ ਨਹੀਂ ਕਰ ਸਕੇ।"

ਪਰ ਕੁਝ ਲੋਕ ਦਲੀਲ ਦਿੰਦੇ ਹਨ ਕਿ ਹਾਥੀ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।

ਸੇਵਾਮੁਕਤ ਪਸ਼ੂਆਂ ਦੇ ਡਾਕਟਰ ਜੈਕਬ ਚੀਰਾਨ ਕਹਿੰਦੇ ਹਨ, ''(ਹਾਥੀਆਂ ਦੀ ਪਰੇਡ) ਦੇਵਤੇ ਨੂੰ ਭੇਟ ਕਰਨ ਦੀ ਆੜ ਵਿੱਚ ਜਾਨਵਰਾਂ ਨੂੰ ਤਸੀਹੇ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ ਹੈ।"

Banner

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)