ਟੀ-20 ਵਿਸ਼ਵ ਕੱਪ: ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਸੈਮੀਫਾਈਨਲ ਤੱਕ ਪਹੁੰਚਣ ਦੀ ਰਾਹ ’ਚ ਕਿੱਥੇ ਖੜ੍ਹੇ ਹਨ

    • ਲੇਖਕ, ਰਿਆਨ ਮਸੂਦ
    • ਰੋਲ, ਬੀਬੀਸੀ ਪੱਤਰਕਾਰ

ਦੱਖਣੀ ਅਫਰੀਕਾ ਦਾ ਇੱਕ ਮੈਚ ਮੀਂਹ 'ਚ ਧੋਣ ਦੇ ਬਾਵਜੂਦ ਟੀਮ ਦਾ ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਣਾ ਲਗਭਗ ਤੈਅ ਹੈ।

ਗਰੁੱਪ 2 ਵਿੱਚ ਛੇ ਟੀਮਾਂ ਹਨ: ਦੱਖਣੀ ਅਫਰੀਕਾ, ਭਾਰਤ, ਬੰਗਲਾਦੇਸ਼, ਪਾਕਿਸਤਾਨ, ਜ਼ਿੰਬਾਬਵੇ ਅਤੇ ਨੀਦਰਲੈਂਡ।

ਇਨ੍ਹਾਂ ਛੇ ਟੀਮਾਂ ਵਿੱਚੋਂ ਹੁਣ ਤੱਕ ਦਾ ਸਭ ਤੋਂ ਵਧੀਆ ਖੇਡ ਦੱਖਣੀ ਅਫਰੀਕਾ ਦਾ ਰਿਹਾ ਹੈ, ਜਿਸ ਨੇ ਬੰਗਲਾਦੇਸ਼ ਅਤੇ ਭਾਰਤ ਨੂੰ ਹਰਾਉਣ ਤੋਂ ਬਾਅਦ ਦਬਦਬਾ ਕਾਇਮ ਰੱਖਿਆ ਹੈ।

ਭਾਰਤ ਨੇ ਆਖਰੀ ਓਵਰਾਂ ਵਿੱਚ ਵੀ ਮੈਚ ਜਿੱਤੇ ਹਨ, ਪਰ ਦੱਖਣੀ ਅਫਰੀਕਾ ਨੈੱਟ ਰਨ ਰੇਟ ਦੇ ਮਾਮਲੇ ਵਿੱਚ ਵੀ ਮਜ਼ਬੂਤ ਸਥਿਤੀ ਵਿੱਚ ਹੈ।

ਕ੍ਰਿਕਟ ਕਾਮਨਟੇਟਰ ਹਰਸ਼ਾ ਭੋਗਲੇ ਨੇ ਇੱਕ ਟਵੀਟ ਵਿੱਚ ਲਿਖਿਆ, "ਦੱਖਣੀ ਅਫਰੀਕਾ ਨੂੰ ਦੇਖ ਕੇ ਚੰਗਾ ਲੱਗਿਆ। ਜੇਕਰ ਉਨ੍ਹਾਂ ਦਾ ਟਾਪ ਆਰਡਰ ਥੋੜ੍ਹਾ ਬਿਹਤਰ ਹੁੰਦਾ ਹੈ ਅਤੇ ਉਹ ਇੱਕ ਬੱਲੇਬਾਜ਼ ਦੇ ਤੌਰ 'ਤੇ ਟ੍ਰਿਸਟਨ ਸਟੱਬਸ ਦਾ ਇਸਤੇਮਾਲ ਕਰਦੇ ਹਨ ਤਾਂ ਉਹ ਇਸ ਸਾਲ ਟਰਾਫੀ ਆਪਣੇ ਨਾਲ ਲੈ ਸਕਦੇ ਹਨ।"

ਪਰ ਦੱਖਣੀ ਅਫਰੀਕਾ ਦੇ ਪ੍ਰਦਰਸ਼ਨ ਨੇ ਗਰੁੱਪ 'ਚ ਤਿੰਨ ਗੁਆਂਢੀ ਦੇਸ਼ਾਂ ਲਈ ਮੁਸੀਬਤ ਵਧਾ ਦਿੱਤੀ ਹੈ।

'ਪਾਕਿਸਤਾਨ ਦਾ ਸਫਰ ਲਗਭਗ ਖਤਮ'

ਕ੍ਰਿਕਟ ਅੰਕੜਿਆਂ ਦੇ ਮਾਹਿਰ ਮਜ਼ਹਰ ਅਰਸ਼ਦ ਨੇ ਆਪਣੇ ਵਿਸ਼ਲੇਸ਼ਣ ਵਿੱਚ ਲਿਖਿਆ, "ਸੱਚਾਈ ਇਹ ਹੈ ਕਿ ਪਾਕਿਸਤਾਨ ਦੀ ਸੈਮੀਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਲਗਭਗ ਖਤਮ ਹੋ ਗਈਆਂ ਹਨ।"

ਉਸ ਨੇ ਟਵੀਟ ਕੀਤਾ, "ਹੁਣ ਪਾਕਿਸਤਾਨ ਨੂੰ ਜ਼ਿੰਬਾਬਵੇ, ਬੰਗਲਾਦੇਸ਼ ਅਤੇ ਨੀਦਰਲੈਂਡ ਵਰਗੀਆਂ ਛੋਟੀਆਂ ਟੀਮਾਂ ਤੋਂ ਹੀ ਉਮੀਦ ਹੈ। ਜਾਂ ਤਾਂ ਇਹ ਟੀਮਾਂ ਹਾਰ ਜਾਣ ਜਾਂ ਮੌਸਮ 'ਤੇ ਨਿਰਭਰ ਕੀਤਾ ਜਾਵੇ।"

ਪਾਕਿਸਤਾਨ ਜੇਕਰ ਆਖਰੀ ਦੋ ਮੈਚ ਜਿੱਤ ਵੀ ਲੈਂਦਾ ਹੈ ਤਾਂ ਵੀ ਸੈਮੀਫਾਈਨਲ 'ਚ ਪਹੁੰਚਣ ਦਾ ਉਸ ਦਾ ਰਾਹ ਪੱਕਾ ਨਹੀਂ ਹੈ।

ਪਾਕਿਸਤਾਨ ਦੇ ਅਗਲੇ ਦੋ ਮੈਚ ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਨਾਲ ਹਨ।

ਇਸ ਟੂਰਨਾਮੈਂਟ 'ਚ ਪਾਕਿਸਤਾਨ ਆਖਰੀ ਗੇਂਦ 'ਤੇ ਭਾਰਤ ਤੋਂ ਮੈਚ ਹਾਰ ਗਿਆ।

ਇਸ ਤੋਂ ਬਾਅਦ ਜ਼ਿੰਬਾਬਵੇ ਨਾਲ ਮੈਚ 'ਚ ਵੀ ਪਾਕਿਸਤਾਨ ਆਖਰੀ ਗੇਂਦ 'ਤੇ ਤਿੰਨ ਦੌੜਾਂ ਨਹੀਂ ਬਣਾ ਸਕਿਆ ਅਤੇ ਉਹ ਇਕ ਦੌੜ ਨਾਲ ਹਾਰ ਗਿਆ।

ਹਾਲਾਂਕਿ ਉਸ ਨੇ ਨੀਦਰਲੈਂਡ ਨੂੰ ਵੱਡੇ ਫਰਕ ਨਾਲ ਹਰਾਇਆ।

ਮਾਹਿਰਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਦੀ ਨੈੱਟ ਰਨ ਰੇਟ ਛੋਟੇ ਫਰਕ ਨਾਲ ਹਾਰਨ ਅਤੇ ਵੱਡੀਆਂ ਜਿੱਤਾਂ ਕਾਰਨ ਚੰਗੀ ਸਥਿਤੀ ਵਿਚ ਹੈ, ਪਰ ਟੂਰਨਾਮੈਂਟ ਦੇ ਸੈਮੀਫਾਈਨਲ ਲਈ ਇਹ ਕਾਫੀ ਨਹੀਂ ਹੈ।

ਭਾਰਤ ਦੀ ਹਾਲਤ ਬਿਹਤਰ ਹੈ

ਅੰਕ ਸੂਚੀ ਦੇ ਮੁਤਾਬਕ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਇੰਡੀਆ ਗਰੁੱਪ-2 ਵਿੱਚ ਥੋੜ੍ਹੀ ਬਿਹਤਰ ਸਥਿਤੀ ਵਿੱਚ ਹੈ। ਭਾਰਤ ਦੇ ਅਗਲੇ ਦੋ ਮੈਚ ਬੰਗਲਾਦੇਸ਼ ਅਤੇ ਜ਼ਿੰਬਾਬਵੇ ਦੇ ਖਿਲਾਫ ਵੀ ਖੇਡੇ ਜਾਣੇ ਹਨ।

ਅਜੇ ਵੀ ਭਾਰਤੀ ਟੀਮ ਮਾਹਿਰਾਂ ਦਾ ਭਰੋਸਾ ਨਹੀਂ ਜਿੱਤ ਸਕੀ ਹੈ।

ਭਾਰਤ ਦਾ ਮੈਚ ਦੇਖਣ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੋਏਬ ਅਖਤਰ ਨੇ ਕਿਹਾ, "ਪਾਕਿਸਤਾਨ ਟੀਮ ਇਸ ਹਫਤੇ ਵਾਪਸੀ ਕਰ ਰਹੀ ਹੈ ਅਤੇ ਭਾਰਤੀ ਟੀਮ ਅਗਲੇ ਹਫਤੇ ਵਾਪਸੀ ਕਰੇਗੀ।"

ਸ਼ੋਏਬ ਅਖਤਰ ਨੇ ਕਿਹਾ, "ਪਾਕਿਸਤਾਨ ਅਤੇ ਦੱਖਣੀ ਅਫਰੀਕਾ ਦੇ ਮੈਚਾਂ ਨੂੰ ਛੱਡ ਕੇ ਭਾਰਤ ਦੇ ਸਿਖਰਲੇ ਕ੍ਰਮ ਦੇ ਬੱਲੇਬਾਜ਼ ਨੀਦਰਲੈਂਡ ਦੇ ਖਿਲਾਫ ਮੈਚ ਵਿੱਚ ਵੀ ਵਧੀਆ ਨਹੀਂ ਖੇਡ ਸਕੇ।"

ਟੀਮ 'ਚ ਕੇਐੱਲ ਰਾਹੁਲ ਦੀ ਮੌਜੂਦਗੀ, ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਦੀ ਗੈਰ-ਮੌਜੂਦਗੀ ਅਤੇ ਮੈਦਾਨ 'ਤੇ ਕਮਜ਼ੋਰ ਫੀਲਡਿੰਗ ਨੇ ਭਾਰਤੀ ਟੀਮ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ।

ਕਪਤਾਨ ਰੋਹਿਤ ਸ਼ਰਮਾ ਨੇ ਖੁਦ ਕਿਹਾ, "ਫੀਲਡ 'ਤੇ ਸਾਡਾ ਪ੍ਰਦਰਸ਼ਨ ਚੰਗਾ ਨਹੀਂ ਸੀ। ਸਾਡੇ ਕੋਲ ਇਸ ਦਾ ਕੋਈ ਕਾਰਨ ਨਹੀਂ ਹੈ। ਸਾਨੂੰ ਮੌਕੇ ਮਿਲੇ ਅਤੇ ਅਸੀਂ ਉਨ੍ਹਾਂ ਨੂੰ ਗੁਆ ਦਿੱਤਾ।"

ਹਾਲਾਂਕਿ ਤਿੰਨ ਵਿੱਚੋਂ ਦੋ ਮੈਚ ਜਿੱਤਣ ਵਾਲੀ ਭਾਰਤੀ ਟੀਮ ਅਜੇ ਵੀ ਸੈਮੀਫਾਈਨਲ ਦੀ ਦੌੜ ਵਿੱਚ ਬਰਕਰਾਰ ਹੈ।

ਭਾਰਤੀ ਟੀਮ ਨੂੰ ਹੁਣ ਅਗਲਾ ਗਰੁੱਪ ਮੈਚ 2 ਨਵੰਬਰ ਨੂੰ ਬੰਗਲਾਦੇਸ਼ ਨਾਲ ਅਤੇ ਇਸ ਤੋਂ ਬਾਅਦ 6 ਨਵੰਬਰ ਨੂੰ ਜ਼ਿੰਬਾਬਵੇ ਨਾਲ ਮੈਚ ਖੇਡਣਾ ਹੈ।

ਜੇਕਰ ਭਾਰਤ ਇਨ੍ਹਾਂ 'ਚੋਂ ਇਕ ਮੈਚ ਵੀ ਹਾਰਦਾ ਹੈ ਤਾਂ ਉਸ ਸਥਿਤੀ 'ਚ ਵੀ ਉਹ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਨਹੀਂ ਹੋਵੇਗਾ ਪਰ ਇਸ ਦੇ ਲਈ ਉਸ ਨੂੰ ਹੋਰ ਮੈਚਾਂ 'ਤੇ ਨਿਰਭਰ ਰਹਿਣਾ ਹੋਵੇਗਾ।

ਤਿੰਨ ਵਿੱਚੋਂ ਦੋ ਮੈਚ ਜਿੱਤ ਕੇ ਬੰਗਲਾਦੇਸ਼ ਦੀਆਂ ਉਮੀਦਾਂ ਬਰਕਰਾਰ

ਇਹ ਪਹਿਲਾ ਮੌਕਾ ਹੈ ਜਦੋਂ ਬੰਗਲਾਦੇਸ਼ ਨੇ ਟੀ-20 ਵਿਸ਼ਵ ਕੱਪ ਦੇ ਸੁਪਰ 12 ਦੇ ਦੋ ਮੈਚ ਜਿੱਤੇ ਹਨ।

ਤਿੰਨ ਵਿੱਚੋਂ ਦੋ ਮੈਚ ਜਿੱਤ ਕੇ ਸ਼ਾਕਿਬ ਅਲ-ਹਸਨ ਦੀ ਟੀਮ ਅੰਕ ਸੂਚੀ ਵਿੱਚ ਚਾਰ ਅੰਕਾਂ ਨਾਲ ਸੈਮੀਫਾਈਨਲ ਵਿੱਚ ਪਹੁੰਚਣ ਦੀ ਧੁੰਦਲੀ ਉਮੀਦ ਬਰਕਰਾਰ ਰੱਖ ਰਹੀ ਹੈ।

ਬੰਗਲਾਦੇਸ਼ ਹੁਣ ਤੱਕ ਦੱਖਣੀ ਅਫਰੀਕਾ ਤੋਂ ਮੈਚ ਵੱਡੇ ਫਰਕ ਨਾਲ ਹਾਰ ਚੁੱਕਾ ਹੈ।

ਨੀਦਰਲੈਂਡ ਅਤੇ ਜ਼ਿੰਬਾਬਵੇ 'ਤੇ ਜਿੱਤ ਦਰਜ ਕਰਨ ਤੋਂ ਬਾਅਦ ਬੰਗਲਾਦੇਸ਼ ਨੂੰ ਹੁਣ ਆਪਣੇ ਅਗਲੇ ਦੋ ਮੈਚ ਭਾਰਤ-ਪਾਕਿਸਤਾਨ ਖਿਲਾਫ ਖੇਡਣੇ ਹਨ।

ਪਰ ਜੇਕਰ ਬੰਗਲਾਦੇਸ਼ ਇਨ੍ਹਾਂ ਦੋਵਾਂ 'ਚ ਇਕ ਵੀ ਮੈਚ ਹਾਰਦਾ ਹੈ ਤਾਂ ਉਹ ਕਾਫੀ ਪਿੱਛੇ ਰਹਿ ਜਾਵੇਗਾ।

ਜੇਕਰ ਉਹ ਅੰਕ ਸੂਚੀ ਵਿੱਚ ਸੈਮੀਫਾਈਨਲ ਵਿੱਚ ਪਹੁੰਚਣ ਵਾਲੀਆਂ ਟੀਮਾਂ ਨਾਲ ਮੇਲ ਖਾਂਦਾ ਹੈ ਤਾਂ ਵੀ ਉਸ ਦੀ ਨੈੱਟ ਰਨ ਰੇਟ ਇੱਕ ਵੱਡੀ ਚੁਣੌਤੀ ਹੈ।

ਬੰਗਲਾਦੇਸ਼ ਨੂੰ ਦੱਖਣੀ ਅਫਰੀਕਾ ਨੇ 104 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਜੇਕਰ ਹੁਣ ਵੀ ਬੰਗਲਾਦੇਸ਼ ਮੈਚ ਜਿੱਤ ਜਾਂਦਾ ਹੈ ਤਾਂ ਵੀ ਉਸ ਨੂੰ ਦੱਖਣੀ ਅਫ਼ਰੀਕਾ ਖ਼ਿਲਾਫ਼ ਹਾਰ ਦਾ ਖ਼ਮਿਆਜ਼ਾ ਭੁਗਤਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)