ਬਟਾਲਾ: ਘੰਟਿਆਂ ਦੀ ਫਾਇਰਿੰਗ ਤੋਂ ਬਾਅਦ ਗੈਂਗਸਟਰ ਗ੍ਰਿਫ਼ਤਾਰ, ਸਹਿਮੇ ਪਿੰਡ ਵਾਲਿਆਂ ਨੇ ਕੀ ਦੱਸਿਆ

ਬਟਾਲਾ ਨੇੜੇ ਪੁਲਿਸ ਅਤੇ ਇੱਕ ਗੈਂਗਸਟਰ ਵਿਚਾਲੇ ਕਈ ਘੰਟਿਆਂ ਤੱਕ ਚੱਲੇ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਗੈਂਗਸਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਮੁਤਾਬਕ ਰਣਜੋਧ ਸਿੰਘ ਉਰਫ਼ ਬਬਲੂ ਨਾਮੀ ਇਸ ਗੈਂਗਸਟਰ ਨੂੰ ਜ਼ਖਮੀ ਹੋਣ ਕਾਰਨ ਪਹਿਲਾਂ ਹਸਪਤਾਲ ਲਿਜਾਇਆ ਗਿਆ ਹੈ ਅਤੇ ਬਾਅਦ ਵਿੱਚ ਜਾਂਚ ਕੀਤੀ ਜਾਵੇਗੀ।

ਸਵੇਰੇ ਕਰੀਬ 8 ਵਜੇ ਪੁਲਿਸ ਬਬਲੂ ਨੂੰ ਅੰਮ੍ਰਿਤਸਰ ਵਿਖੇ ਉਸ ਦੇ ਪਿੰਡ ਸੈਦਪੁਰ ਵਿੱਚ ਕਿਸੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਲਈ ਪਹੁੰਚੀ ਸੀ। ਉਸ ਦੌਰਾਨ ਬਬਲੂ ਉੱਥੋਂ ਫਰਾਰ ਹੋ ਗਿਆ ਅਤੇ ਗੁਰਦਾਸਪੁਰ ਵਿਚਲੇ ਪਿੰਡ ਕੋਟਲਾ ਬੱਝਾ ਪਹੁੰਚ ਗਿਆ।

ਪੁਲਿਸ ਵੀ ਪਿੱਛਾ ਕਰਦੀ ਰਹੀ ਹੈ ਅਤੇ ਪੁਲਿਸ ਤੇ ਬਬਲੂ ਦਰਮਿਆਨ ਫਾਇਰਿੰਗ ਹੁੰਦੀ ਰਹੀ।

ਪੁਲਿਸ ਦਾ ਦਾਅਵਾ ਹੈ ਕਿ ਬਬਲੂ ਦੇ ਪੰਜਾਬ ਦੇ ਵੱਡੇ ਗੈਂਗਸਟਰ ਨਾਲ ਸੰਬੰਧ ਹਨ ਅਤੇ ਬਬਲੂ ਵੱਲੋਂ ਪੁਲਿਸ ’ਤੇ 20 -25 ਰਾਉਂਡ ਫਾਇਰ ਕੀਤੇ ਗਏ ਸਨ।

ਬਟਾਲਾ ਦੇ ਐੱਸਐੱਸਪੀ ਸਤਿੰਦਰ ਸਿੰਘ ਦਾ ਕਹਿਣਾ ਹੈ ਕਿ ਬਬਲੂ ਉੱਤੇ ਕਰੀਬ 11 ਕੇਸ ਦਰਜ ਹਨ।

ਐੱਸਐੱਸਪੀ ਨੇ ਅੱਗੇ ਦੱਸਿਆ, ''ਇਸ ਗੈਂਗਸਟਰ ਉੱਪਰ ਅੰਮ੍ਰਿਤਸਰ ਦਿਹਾਤੀ ਥਾਣੇ ਵਿੱਚ 7-8 ਕੇਸ ਦਰਜ ਹਨ ਅਤੇ ਪਿਛਲੇ 15 ਦਿਨਾਂ ਵਿੱਚ ਹੀ ਦੋ ਹੋਰ ਮਾਮਲੇ ਦਰਜ ਕੀਤੇ ਗਏ ਹਨ। ਇਹ ਕੇਸ ਆਈਪੀਸੀ ਦੀ ਧਾਰਾ 307 (ਮਾਰਨ ਦੀ ਕੋਸ਼ਿਸ਼ ਕਰਨਾ) ਤਹਿਤ ਦਰਜ ਕੀਤੇ ਗਏ ਸਨ।''

  • ਕਈ ਘੰਟਿਆਂ ਦੇ ਮੁਕਾਬਲੇ ਤੋਂ ਬਾਅਦ ਬਟਾਲਾ ਨੇੜੇ ਇੱਕ ਗੈਂਗਸਟਰ ਗ੍ਰਿਫ਼ਤਾਰ
  • ਰਣਜੋ ਸਿੰਘ ਉਰਫ਼ ਬਬਲੂ ਨਾਮੀ ਗੈਂਗਸਟਰ ਉੱਪਰ ਕਰੀਬ ਇੱਕ ਦਰਜਨ ਕੇਸ ਦਰਜ
  • ਬਬਲੂ ਨੂੰ ਜ਼ਖਮੀ ਹੋਣ ਕਾਰਨ ਹਸਪਤਾਲ ਲਿਜਾਇਆ ਗਿਆ
  • ਪੁਲਿਸ ਅਤੇ ਗੈਂਗਸਟਰ ਵਿਚਕਾਰ ਹੋਈ ਸੀ ਗੋਲੀਬਾਰੀ
  • ਐੱਸਐੱਸਪੀ ਮੁਤਾਬਕ ਬਬਲੂ ਕੋਲੋਂ 2 ਪਿਸਟਲ ਵੀ ਮਿਲੇ ਹਨ

ਐੱਸਐੱਸਪੀ ਸਤਿੰਦਰ ਸਿੰਘ ਨੇ ਕਿਹਾ, "ਇਹ ਗੈਂਗਸਟਰ ਆਪਣੇ ਘਰੇ ਭੱਜ ਗਿਆ ਸੀ ਅਤੇ ਪੁਲਿਸ ਇਸ ਦਾ ਪਿੱਛਾ ਕਰ ਰਹੀ ਸੀ।"

"ਇਹ ਮੋਟਰਸਾਈਕਲ ਸੁੱਟ ਕੇ ਗੰਨੇ ਦੇ ਖੇਤਾਂ ਵਿੱਚ ਜਾ ਵੜਿਆ ਜਿਸ ਤੋਂ ਬਾਅਦ ਉਸ ਨੇ ਗੋਲੀਆਂ ਚਲਾਈਆ। ਪੁਲਿਸ ਵੱਲੋਂ ਵੀ ਗੋਲੀਆਂ ਚਲਾਈਆਂ ਗਈਆ ਜਿਸ ਦੌਰਾਨ ਉਹ ਜ਼ਖਮੀ ਹੋ ਗਿਆ ਸੀ।"

ਐੱਸਐੱਸਪੀ ਮੁਤਾਬਕ ਇਸ ਕੋਲੋ 2 ਪਿਸਟਲ ਵੀ ਮਿਲੇ ਹਨ ਅਤੇ ਬਬਲੂ ਨੂੰ ਸਰੰਡਰ ਕਰਨ ਦੀ ਵੀ ਗੁਜ਼ਾਰਿਸ਼ ਕੀਤੀ ਗਈ ਸੀ।

ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਸੈਦਪੁਰ ਦਾ ਰਹਿਣ ਵਾਲਾ ਗੈਂਗਸਟਰ ਬਬਲੂ ਬਟਾਲਾ ਦੇ ਨੇੜਲੇ ਪਿੰਡ ਕੋਟਲਾ ਬੱਝਾ ਸਿੰਘ ਵਿਖੇ ਕਮਾਦਾਂ 'ਚ ਲੁੱਕਿਆ ਸੀ। ਪੁਲਿਸ ਨੇ ਪਿੰਡ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾਇਆ ਹੋਇਆ ਸੀ। ਪਿੰਡ ਵਾਲਿਆਂ ਨੂੰ ਘਰਾਂ ਵਿੱਚ ਰਹਿਣ ਲਈ ਕਿਹਾ ਗਿਆ ਸੀ।

ਪਿੰਡ ਵਾਸੀ ਕੀ ਕਹਿੰਦੇ

ਜਿਹੜੇ ਕਮਾਦ ਦੇ ਖ਼ੇਤਾਂ ਵਿੱਚ ਬਬਲੂ ਅਤੇ ਪੁਲਿਸ ਵਿਚਾਲੇ ਫਾਇਰਿੰਗ ਚੱਲਦੀ ਰਹੀ ਉਹ ਸੈਦਪੁਰ ਪਿੰਡ ਦੇ ਖ਼ੇਤ ਹਨ ਅਤੇ ਕਈ ਘਰ ਵੀ ਇਸ ਦੇ ਨੇੜੇ ਹਨ। ਪੁਲਿਸ ਨੇ ਫਾਇਰਿੰਗ ਦੌਰਾਨ ਪਿੰਡ ਵਾਸੀਆਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਵੀ ਅਪੀਲ ਕੀਤੀ ਸੀ।

ਪਿੰਡ ਦੇ ਹੀ ਵਾਸੀ ਗੁਰਮੇਲ ਸਿੰਘ ਪੂਰੀ ਘਟਨਾ ਬਾਰੇ ਦੱਸਦੇ ਹਨ ਕਿ ਉਹ ਆਪਣੇ ਕੰਮਾਂ ਨੂੰ ਗਏ ਹੋਏ ਸਨ ਅਤੇ ਜਦੋਂ ਪਿੰਡ ਵਿੱਚ ਗੋਲੀਬਾਰੀ ਦੀ ਆਵਾਜ਼ ਆਈ ਤਾਂ ਸਾਰੇ ਪਿੰਡ ਵਾਲੇ ਇਕੱਠੇ ਹੋ ਗਏ ਅਤੇ ਬਬਲੂ ਭੱਜ ਰਿਹਾ ਸੀ।

ਗੁਰਮੇਲ ਨੇ ਅੱਗੇ ਕਿਹਾ, ''ਬਬਲੂ ਨੇ ਕਾਲੇ ਰੰਗ ਦੀ ਨਿੱਕਰ ਤੇ ਟੀ-ਸ਼ਰਟ ਪਹਿਨੀ ਹੋਈ ਸੀ ਅਤੇ ਨਾਲ ਹੀ ਇੱਕ ਬੈਗ ਟੰਗਿਆ ਹੋਇਆ ਸੀ। ਸਾਨੂੰ ਨਹੀਂ ਪਤਾ ਕਿ ਬੈਗ ਵਿੱਚ ਕੀ ਸੀ ਪਰ ਕਿਹਾ ਜਾ ਰਿਹਾ ਸੀ ਕਿ ਉਸ ਕੋਲ ਦੋ ਪਿਸਟਲ ਸਨ।''

''ਜਦੋਂ ਬਬਲੂ ਪੱਠਿਆਂ ਵਿੱਚ ਵੜ ਗਿਆ ਤਾਂ ਪਿੰਡ ਵਾਲੇ ਸਾਵਧਾਨ ਹੋ ਗਏ। ਲੋਕ ਆਪਣੀ ਰੱਖਿਆ ਬਾਰੇ ਸੋਚਣ ਲੱਗ ਗਏ ਅਤੇ ਘਰਾਂ ਅੰਦਰ ਹੋ ਗਏ।''

ਇਸ ਤੋਂ ਇਲਾਵਾ ਕੁਝ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਸਾਰੇ ਇਸ ਘਟਨਾ ਨਾਲ ਸਹਿਮ ਗਏ ਸਨ।

ਪਹਿਲਾਂ ਕਿਹੜੇ ਮੁਕਾਬਲੇ ਹੋਏ

ਇਸੇ ਸਾਲ ਜੁਲਾਈ ਮਹੀਨੇ ਵਿੱਚ ਪੰਜਾਬ ਪੁਲਿਸ ਨੇ ਚਾਰ ਘੰਟਿਆਂ ਦੇ ਮੁਕਾਬਲੇ ਤੋਂ ਬਾਅਦ ਦੋ ਸ਼ੱਕੀ ਗੈਂਗਸਟਰਾਂ ਨੂੰ ਮਾਰਿਆ ਸੀ।

ਇਨ੍ਹਾਂ ਦੀ ਪਛਾਣ ਮਨੂੰ ਕੁੱਸਾ ਤੇ ਦੂਜਾ ਜਗਰੂਪ ਰੂਪਾ ਦੱਸੀ ਗਈ ਸੀ।

ਇਹ ਮੁਕਾਬਲਾ ਅੰਮ੍ਰਿਤਸਰ ਦੇ ਅਟਾਰੀ ਨੇੜਲੇ ਪਿੰਡ ਭਕਨਾ ਕਲਾਂ ਵਿੱਚ ਹੋਇਆ ਸੀ।

ਪੁਲਿਸ ਮੁਤਾਬਕ, ਇਹ ਦੋਨੋਂ ਪੰਜਾਬ ਦੇ ਕੌਮਾਂਤਰੀ ਪੱਧਰ ਦੇ ਪੌਪ ਸਟਾਰ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਸ਼ੱਕੀ ਸਨ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)