'ਅਸੀਂ ਆਪਣੀ ਮਾਂ ਨੂੰ ਕਿੰਨ੍ਹੀ ਚੰਗੀ ਤਰ੍ਹਾਂ ਨਾਲ ਜਾਣਦੇ ਹਾਂ?'

ਮਾਂ

ਤਸਵੀਰ ਸਰੋਤ, Praveenkumar Palanichamy

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
    • ਲੇਖਕ, ਨਤਾਸ਼ਾ ਬਧਵਾਰ
    • ਰੋਲ, ਬੀਬੀਸੀ ਲਈ

ਮੈਨੂੰ ਅਕਸਰ ਹੀ ਇੰਝ ਮਹਿਸੂਸ ਹੁੰਦਾ ਹੈ ਕਿ ਮੇਰੀ ਮਾਂ ਸੁਧਾ ਹਰ ਕਿਸੇ ਦੀਆਂ ਜ਼ਰੂਰਤਾਂ ਅਤੇ ਗੱਲਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ ਪਰ ਉਹ ਸਾਨੂੰ ਆਪਣੇ ਨਿੱਜੀ ਮਾਮਲਿਆਂ ਨੂੰ ਸਹੀ ਢੰਗ ਨਾਲ ਸਮਝਾਉਣ ਤੋਂ ਅਸਮਰੱਥ ਹਨ।

ਸ਼ਾਇਦ ਅਸਲ ਗੱਲ ਇਹ ਹੈ ਕਿ ਅਸੀਂ ਹੀ ਮਾਂ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਹਾਂ।

ਮੇਰੀ ਮਾਂ ਮੇਰੇ ਦੋਸਤਾਂ 'ਚ ਬਹੁਤ ਮਸ਼ਹੂਰ ਹਨ। ਮੇਰੇ ਦੋਸਤ ਉਨ੍ਹਾਂ ਨਾਲ ਗੱਲਾਂ ਕਰਨਾ ਪਸੰਦ ਕਰਦੇ ਹਨ ਅਤੇ ਜਦੋਂ ਕਦੇ ਵੀ ਉਹ ਮੈਨੂੰ ਮਿਲਣ ਲਈ ਆਉਂਦੇ ਹਨ ਤਾਂ ਉਹ ਮੇਰੀ ਮਾਂ ਨੂੰ ਮਿਲਣ ਲਈ ਵਿਸ਼ੇਸ਼ ਯਤਨ ਕਰਦੇ ਹਨ। ਉਹ ਇੱਕਠੇ ਹੱਸਦੇ-ਖੇਡਦੇ ਹਨ ਅਤੇ ਇੱਕ ਦੂਜੇ ਦੀ ਸ਼ਲਾਘਾ ਕਰਦੇ ਹਨ ਅਤੇ ਕਈ ਵਾਰ ਤਾਂ ਮਜ਼ਾਕ ਵੀ ਉਡਾਉਂਦੇ ਹਨ।

ਕੋਈ ਵੀ ਪਹਿਲੀ ਵਾਰ ਮੇਰੀ ਮਾਂ ਨੂੰ ਮਿਲਦਾ ਹੈ ਤਾਂ ਉਹ ਵੀ ਕਹਿੰਦਾ ਹੈ ਕਿ ਮੈਂ ਕਿੰਨ੍ਹੀ ਖੁਸ਼ਕਿਸਮਤ ਹਾਂ ਜਿਸ ਨੂੰ ਅਜਿਹੀ ਮਾਂ ਮਿਲੀ ਹੈ।

ਇਹ ਤਾਂ ਯਕੀਨੀ ਹੈ ਕਿ ਇਹ ਸਭ ਸੁਣ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਪਰ ਮੇਰੇ ਲਈ ਇਹ ਸਭ ਕੁਝ ਹੈਰਾਨੀ ਭਰਿਆ ਵੀ ਹੁੰਦਾ ਹੈ। ਉਨ੍ਹਾਂ ਦੀ ਧੀ ਹੋਣ ਦੇ ਨਾਤੇ, ਮੈਂ ਬਹੁਤ ਹੀ ਆਸਾਨੀ ਨਾਲ ਭੁੱਲ ਜਾਂਦੀ ਹਾਂ ਕਿ ਉਨ੍ਹਾਂ ਦੀ ਸ਼ਖਸੀਅਤ ਕਿੰਨ੍ਹੀ ਵਿਸ਼ੇਸ਼ ਹੈ। ਜਦੋਂ ਵੀ ਮੈਂ ਮਾਂ ਬਾਰੇ ਦੂਜੇ ਲੋਕਾਂ ਤੋਂ ਸੁਣਦੀ ਹਾਂ, ਉਸ ਸਮੇਂ ਮੈਂ ਮਾਂ ਨੂੰ ਇੱਕ ਨਵੇਂ ਰੂਪ 'ਚ ਦੇਖਦੀ ਹਾਂ।

ਹਾਲ ਹੀ 'ਚ ਮੇਰੀ ਦੋਸਤ ਸੰਧਿਆ ਨੇ ਉਨ੍ਹਾਂ ਨੂੰ ਮਿਲਣ ਤੋਂ ਬਾਅਦ ਕਿਹਾ, "ਹੁਣ ਮੈਂ ਵੇਖ ਸਕਦੀ ਹਾਂ ਕਿ ਤੂੰ ਕਿੱਥੋਂ ਆਈ ਹੈ। ਮੈਂ ਤੇਰੇ ਮਾਤਾ-ਪਿਤਾ ਨੂੰ ਜਾਣਨਾ ਚਾਹੁੰਦੀ ਸੀ।"

ਮੈਨੂੰ ਇਹ ਵੀ ਯਾਦ ਨਹੀਂ ਰਹਿੰਦਾ ਹੈ ਕਿ ਸੁਧਾ (ਮਾਂ) ਅਤੇ ਮੇਰਾ ਆਪਸੀ ਰਿਸ਼ਤਾ ਕਿੰਨਾ ਸਪਸ਼ਟ ਅਤੇ ਮਜ਼ਬੂਤ ਹੈ। ਮੈਂ ਇਹ ਜਾਣਦੀ ਤਾਂ ਹਾਂ ਪਰ ਭੁੱਲ ਜਾਂਦੀ ਹਾਂ।

ਬੀਬੀਸੀ

ਲੇਖ ਦੀਆਂ ਮੁੱਖ ਗੱਲਾਂ

  • ਸ਼ਾਇਦ ਅਸਲ ਗੱਲ ਇਹ ਹੈ ਕਿ ਅਸੀਂ ਹੀ ਮਾਂ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਹਾਂ।
  • ਕੋਈ ਵੀ ਪਹਿਲੀ ਵਾਰ ਮੇਰੀ ਮਾਂ ਨੂੰ ਮਿਲਦਾ ਹੈ ਤਾਂ ਉਹ ਵੀ ਕਹਿੰਦਾ ਹੈ ਕਿ ਮੈਂ ਕਿੰਨ੍ਹੀ ਖੁਸ਼ਕਿਸਮਤ ਹਾਂ ਜਿਸ ਨੂੰ ਅਜਿਹੀ ਮਾਂ ਮਿਲੀ ਹੈ।
  • ਮੈਨੂੰ ਇਹ ਵੀ ਯਾਦ ਨਹੀਂ ਰਹਿੰਦਾ ਹੈ ਕਿ ਸੁਧਾ (ਮਾਂ) ਅਤੇ ਮੇਰਾ ਆਪਸੀ ਰਿਸ਼ਤਾ ਕਿੰਨਾ ਸਪਸ਼ਟ ਅਤੇ ਮਜ਼ਬੂਤ ਹੈ। ਮੈਂ ਇਹ ਜਾਣਦੀ ਤਾਂ ਹਾਂ ਪਰ ਭੁੱਲ ਜਾਂਦੀ ਹਾਂ।
  • ਮੇਰੀ ਮਾਂ ਬਹੁਤ ਹੀ ਖੁੱਲ੍ਹੇ ਵਿਚਾਰਾਂ ਵਾਲੇ ਹਨ ਅਤੇ ਉਹ ਲੋਕਾਂ 'ਤੇ ਭਰੋਸਾ ਕਰਨਾ ਜਾਣਦੇ ਹਨ। ਉਹ ਬਿਨ੍ਹਾਂ ਕਿਸੇ ਝਿਜਕ ਦੇ ਆਪਣੀ ਜ਼ਿੰਦਗੀ ਦੀ ਕਹਾਣੀ ਕਿਸੇ ਨੂੰ ਵੀ ਸੁਣਾ ਸਕਦੇ ਹਨ।
  • ਜਦੋਂ ਮੈਂ ਵੱਡੀ ਹੋ ਰਹੀ ਸੀ ਤਾਂ ਮੇਰੀ ਮਾਂ ਨੇ ਮੈਨੂੰ ਹਮੇਸ਼ਾ ਸਲਾਹ ਦਿੱਤੀ ਕਿ 'ਸੁਣੋ ਸਭ ਦੀ ਸੁਣੋ ਪਰ ਕਰੋ ਆਪਣੇ ਮਨ ਦੀ।'
  • ਅਸੀਂ ਆਪਣੀ ਮਾਂ ਨੂੰ ਕੰਜੂਸ ਸਮਝਦੇ ਸੀ ਪਰ ਅੱਜ ਉਹ ਸਾਡੀਆਂ ਨਜ਼ਰਾਂ 'ਚ ਸਭ ਤੋਂ ਉਦਾਰ ਹਨ।
ਬੀਬੀਸੀ

ਇਹ ਵੀ ਪੜ੍ਹੋ:

ਮਾਂ ਦੀ ਸ਼ਖਸੀਅਤ

ਮੇਰੀ ਮਾਂ ਚਾਰ ਸਾਲ ਦੀ ਉਮਰ 'ਚ ਸ਼ਰਨਾਰਥੀ ਬਣ ਗਏ ਸੀ। ਉਨ੍ਹਾਂ ਦਾ ਜਨਮ ਲਾਹੌਰ ਵਿਖੇ ਹੋਇਆ ਸੀ ਅਤੇ ਉਹ ਆਪਣੇ ਮਾਤਾ-ਪਿਤਾ ਦੀ ਛੇਵੀਂ ਔਲਾਦ ਸਨ।

ਜਦੋਂ ਮੇਰੀ ਨਾਨੀ ਆਪਣੇ ਪਰਿਵਾਰ ਸਮੇਤ ਲਾਹੌਰ ਤੋਂ ਭਾਰਤ ਦੇ ਪੰਜਾਬ ਵੱਲ ਨੂੰ ਤੁਰੇ ਸੀ, ਉਸ ਸਮੇਂ ਉਹ ਅੱਠ ਮਹੀਨਿਆਂ ਦੀ ਗਰਭਵਤੀ ਸਨ। ਮੇਰੀ ਮਾਸੀ ਦਾ ਜਨਮ ਸਤੰਬਰ 1947 'ਚ ਹੋਇਆ ਸੀ।

ਅਨਿਸ਼ਚਿਤਤਾ ਦੇ ਇਸ ਦੌਰ 'ਚ ਮੇਰੀ ਮਾਂ ਵੱਡੀ ਹੋ ਰਹੇ ਸੀ। ਉਨ੍ਹਾਂ ਨੇ ਆਪਣੇ ਬਚਪਨ ਦੇ ਕਈ ਸਾਲ ਦੂਜੇ ਰਿਸ਼ਤੇਦਾਰਾਂ ਦੇ ਘਰਾਂ 'ਚ ਰਹਿ ਕੇ ਕੱਟੇ, ਕਿਉਂਕਿ ਨਾਨਾ-ਨਾਨੀ ਕਈ ਸ਼ਹਿਰਾਂ 'ਚ ਵਸੇ ਅਤੇ ਫਿਰ ਉਜੜੇ ਸਨ।

ਮਾਂ

ਤਸਵੀਰ ਸਰੋਤ, Umesh Negi

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਮੇਰੇ ਨਾਨਾ ਜੀ ਆਪਣਾ ਕਾਰੋਬਾਰ ਸਥਾਪਤ ਕਰਨ ਦੇ ਨਾਲ-ਨਾਲ ਨਵਾਂ ਘਰ ਬਣਾਉਣ ਦੀ ਵੀ ਕੋਸ਼ਿਸ਼ ਕਰ ਰਹੇ ਸਨ ਤਾਂ ਜੋ ਉਨ੍ਹਾਂ ਦਾ ਪਰਿਵਾਰ ਮੁੜ ਤੋਂ ਸੁਰੱਖਿਅਤ ਹੋ ਸਕੇ।

ਮੇਰੀ ਮਾਂ ਬਹੁਤ ਹੀ ਖੁੱਲ੍ਹੇ ਵਿਚਾਰਾਂ ਵਾਲੇ ਹਨ ਅਤੇ ਉਹ ਲੋਕਾਂ 'ਤੇ ਭਰੋਸਾ ਕਰਨਾ ਜਾਣਦੇ ਹਨ। ਉਹ ਬਿਨ੍ਹਾਂ ਕਿਸੇ ਝਿਜਕ ਦੇ ਆਪਣੀ ਜ਼ਿੰਦਗੀ ਦੀ ਕਹਾਣੀ ਕਿਸੇ ਨੂੰ ਵੀ ਸੁਣਾ ਸਕਦੇ ਹਨ।

ਉਨ੍ਹਾਂ ਦਾ ਬਿਲਕੁਲ ਅਜਨਬੀਆਂ ਨਾਲ ਵੀ ਅਪਣੇਪਨ ਦਾ ਸੁਭਾਅ ਵੇਖ ਕੇ ਪਾਪਾ ਅਤੇ ਅਸੀਂ ਸਾਰੇ ਹੈਰਾਨ ਹੋ ਜਾਂਦੇ ਹਾਂ।

ਸਾਨੂੰ ਲੱਗਦਾ ਹੈ ਕਿ ਹਰ ਕਿਸੇ ਨਾਲ ਦੋਸਤਾਨਾ ਵਿਵਹਾਰ ਕਰਕੇ ਕਿਤੇ ਉਹ ਆਪਣੇ ਲਈ ਕੋਈ ਮੁਸ਼ਕਲ ਨਾਲ ਸਹੇੜ ਲੈਣ ਪਰ ਮੇਰੀ ਮਾਂ ਸਥਿਤੀਆਂ ਅਤੇ ਸਮੱਸਿਆਵਾਂ ਦਾ ਹੱਲ ਕੱਢਣਾ ਚੰਗੀ ਤਰ੍ਹਾਂ ਨਾਲ ਜਾਣਦੇ ਹਨ। ਉਹ ਸਮਾਜ ਦਾ ਨਿਰਮਾਣ ਕਰ ਸਕਦੇ ਹਨ।

ਜਦੋਂ ਅਸੀਂ ਭਿਲਾਈ ਅਤੇ ਰਾਂਚੀ ਵਰਗੇ ਛੋਟੇ ਸ਼ਹਿਰਾਂ 'ਚ ਵਿਹਲੇ ਹੁੰਦੇ ਸੀ ਤਾਂ ਮੇਰੀ ਮਾਂ ਕਈ ਕਹਾਣੀਆਂ ਸੁਣਾਉਂਦੇ ਸੀ। ਜਵਾਨੀ 'ਚ ਮਾਵਾਂ ਆਪਣੀਆਂ ਛੋਟੀ ਉਮਰ ਦੀਆਂ ਧੀਆਂ ਨਾਲ ਸੁੱਖ-ਦੁੱਖ ਸਾਂਝਾ ਕਰਦੀਆਂ ਹਨ। ਉਨ੍ਹਾਂ ਵੱਲੋਂ ਸੁਣਾਈ ਗਈ ਇੱਕ ਕਹਾਣੀ ਹਮੇਸ਼ਾਂ ਲਈ ਮੇਰੇ ਮਨ ਅੰਦਰ ਘਰ ਕਰ ਗਈ।

ਉਨ੍ਹਾਂ ਨੇ ਦੱਸਿਆ ਸੀ ਕਿ ਵਿਆਹ ਅਤੇ ਵਿਦਾਈ ਤੋਂ ਬਾਅਦ ਜਦੋਂ ਉਹ ਆਪਣਾ ਪੇਕੇ ਘਰ ਛੱਡ ਕੇ, ਮੇਰੇ ਪਿਤਾ ਜੀ ਦੇ ਘਰ ਅਤੇ ਪਰਿਵਾਰ 'ਚ ਰਹਿਣ ਲਈ ਜਾ ਰਹੇ ਸੀ ਤਾਂ ਉਨ੍ਹਾਂ ਦਾ ਭਤੀਜਾ ਅਤੇ ਭਤੀਜੀ ਬਹੁਤ ਰੋਏ ਸਨ। ਇਹ ਉਨ੍ਹਾਂ ਪ੍ਰਤੀ ਪਿਆਰ ਨੂੰ ਵੀ ਦਰਸਾਉਂਦਾ ਹੈ। ਮੇਰੀ ਮਾਂ ਨੂੰ ਦੋਵਾਂ ਪਰਿਵਾਰਾਂ ਵੱਲੋਂ ਪਿਆਰ ਅਤੇ ਸਤਿਕਾਰ ਹਾਸਲ ਹੋਇਆ।

ਜਦੋਂ ਮੈਂ ਵੱਡੀ ਹੋ ਰਹੀ ਸੀ ਤਾਂ ਮੇਰੀ ਮਾਂ ਨੇ ਮੈਨੂੰ ਹਮੇਸ਼ਾ ਸਲਾਹ ਦਿੱਤੀ ਕਿ 'ਸੁਣੋ ਸਭ ਦੀ ਸੁਣੋ ਪਰ ਕਰੋ ਆਪਣੇ ਮਨ ਦੀ।'

ਜਦੋਂ ਮੈਂ ਅੱਲੜ ਅਵਸਥਾ 'ਚ ਸੀ ਤਾਂ ਉਸ ਸਮੇਂ ਇਸ ਸਲਾਹ ਦਾ ਮੇਰੇ 'ਤੇ ਕੋਈ ਅਸਰ ਨਹੀਂ ਸੀ। ਇਹ ਕੋਈ ਰਵਾਇਤੀ ਜਾਂ ਦਲੇਰਾਨਾ ਸਲਾਹ ਨਹੀਂ ਸੀ। ਇਹ ਇੱਕ ਤਰ੍ਹਾਂ ਨਾਲ ਪੈਸਿਵ ਸਲਾਹ ਵਾਂਗ ਸੀ। ਮੈਂ ਲੋਕਾਂ ਨੂੰ ਉਨ੍ਹਾਂ ਦੇ ਸ਼ਬਦਾਂ ਲਈ ਜ਼ਿੰਮੇਵਾਰ ਠਹਿਰਾ ਕੇ ਜਵਾਬ ਦੇਣਾ ਚਾਹੁੰਦੀ ਸੀ। ਮੈਂ ਚਾਹੁੰਦੀ ਸੀ ਕਿ ਲੋਕ ਕਹਿਣ ਕਿ ਗੁੱਸਾ ਕਰਨਾ ਵੀ ਠੀਕ ਹੈ।

ਜਦੋਂ ਮੈਂ ਬਾਲਗ ਹੋਈ ਤਾਂ ਮੈਂ ਦੂਜੇ ਲੋਕਾਂ ਨਾਲ ਆਪਣੇ ਗੁੱਸੇ ਨੂੰ ਸੁਰੱਖਿਅਤ ਢੰਗ ਨਾਲ ਪ੍ਰਗਟਾਉਣਾ ਸਿੱਖਿਆ। ਸੁਧਾ ਲਈ ਇਹ ਕਾਫ਼ੀ ਸੀ ਕਿ ਉਨ੍ਹਾਂ ਨੇ ਆਪਣੀ ਧੀ ਨੂੰ ਉਹ ਕਰਨ ਦੀ ਇਜਾਜ਼ਤ ਦਿੱਤੀ ਜੋ ਕਿ ਉਹ ਕਰਨਾ ਚਾਹੁੰਦੇ ਸੀ।

ਮੇਰੀ ਮਾਂ ਕਹਿੰਦੇ ਸੀ ਕਿ ਆਪਣੇ ਖੰਭਾਂ ਨੂੰ ਵਧੇਰੇ ਉੱਚਾ ਨਾ ਉਡਾਓ, ਦੂਜਿਆਂ ਨਾਲ ਬਹਿਸ ਨਾ ਕਰੋ ਅਤੇ ਆਪਣਾ ਰਾਹ ਚੁਣੋ ਅਤੇ ਉਸ 'ਤੇ ਅੱਗੇ ਵਧੋ।

ਬੀਬੀਸੀ

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

ਬੀਬੀਸੀ

ਇੰਨੇ ਸਾਲਾਂ 'ਚ ਕੀ ਬਦਲਿਆ

ਇੰਨੇ ਸਾਲਾਂ 'ਚ ਮੇਰੀ ਮਾਂ ਕੀ ਬਣ ਗਈ ? ਅੱਲੜ੍ਹ ਉਮਰੇ ਜਦੋਂ ਕਦੇ ਵੀ ਮੈਂ ਗੁੱਸਾ ਹੁੰਦੀ ਸੀ ਤਾਂ ਮੈਂ ਪਰੇਸ਼ਾਨ ਅਤੇ ਆਪਣੀ ਮਾਂ ਤੋਂ ਦੂਰ ਤੇ ਵੱਖ ਦਿਖਾਈ ਦਿੰਦੀ ਸੀ। ਸਾਡੇ ਦੋਵਾਂ ਵਿਚਾਲੇ ਇੱਕ ਦੂਰੀ ਮਹਿਸੂਸ ਹੁੰਦੀ ਸੀ।

ਜਦੋਂ ਮੈਂ 20 ਸਾਲ ਤੋਂ ਵੱਧ ਉਮਰ ਦੀ ਹੋਈ ਤਾਂ ਮੈਨੂੰ ਆਪਣੇ ਹੀ ਵਿਵਹਾਰ 'ਚ ਨੁਕਸ ਦਿਖਾਈ ਦੇਣ ਲੱਗ ਪਏ ਸਨ। ਮੈਨੂੰ ਆਪਣੀ ਮਾਂ ਦੀ ਕੀਤੀ ਅਣਗਹਿਲੀ 'ਤੇ ਚਿੰਤਾ ਹੋਣ ਲੱਗ ਪਈ ਸੀ। ਮੈਂ ਉਨ੍ਹਾਂ ਤੋਂ ਕੀ ਚਾਹੁੰਦੀ ਸੀ, ਇਸ ਸਬੰਧੀ ਮੈਂ ਆਪ ਵੀ ਨਿਸ਼ਚਿਤ ਨਹੀਂ ਹਾਂ ਪਰ ਮੈਂ ਇੰਨਾ ਜ਼ਰੂਰ ਜਾਣਦੀ ਹਾਂ ਕਿ ਮੈਂ ਇੱਕ ਆਗਿਆਕਾਰੀ, ਆਦਰਸ਼ ਧੀ ਨਹੀਂ ਸੀ।

ਮਾਂ

ਤਸਵੀਰ ਸਰੋਤ, shylendrahoode

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਸ਼ਾਇਦ ਸੁਧਾ ਵੀ ਇਸੇ ਤਰ੍ਹਾਂ ਚਿੰਤਤ ਸਨ। ਹੁਣ ਜਦੋਂ ਮੈਂ ਆਪਣੇ ਆਪ ਨੂੰ ਇੱਕ ਆਤਮ-ਵਿਸ਼ਵਾਸੀ, ਸਪਸ਼ਟ ਬੋਲਣ ਵਾਲੀ ਅਤੇ ਸੁਲਝੀ ਹੋਈ ਸ਼ਖਸੀਅਤ ਦੇ ਰੂਪ 'ਚ ਦੁਨੀਆਂ ਸਾਹਮਣੇ ਪੇਸ਼ ਕਰਦੀ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਇਹ ਸਭ ਮੇਰੀ ਮਾਂ 'ਤੇ ਵਧੇਰੇ ਸਟੀਕ ਬੈਠਦਾ ਹੈ।

ਸਾਲਾਂਬੱਧੀ ਇੱਕ ਦੂਜੇ ਨੂੰ ਸਹੀ ਢੰਗ ਨਾਲ ਨਾ ਸਮਝਣ ਤੋਂ ਬਾਅਦ ਵੀ ਅਸੀਂ ਦੇਖਦੇ ਹਾਂ ਕਿ ਇੱਕ ਦੂਜੇ 'ਤੇ ਸਾਡਾ ਕਿੰਨਾ ਪ੍ਰਭਾਵ ਹੈ। ਇੰਝ ਮਹਿਸੂਸ ਹੁੰਦਾ ਹੈ ਕਿ ਜਿਵੇਂ ਅਸੀਂ ਇੱਕ ਦੂਜੇ ਦਾ ਪਰਛਾਵਾਂ ਹਾਂ।

ਮੈਂ ਅਤੇ ਮੇਰਾ ਭਰਾ ਆਮ ਤੌਰ 'ਤੇ ਦੇਖਦੇ ਹਾਂ ਕਿ ਮੇਰੀ ਮਾਂ ਉਨ੍ਹਾਂ ਦਿਨਾਂ ਦੀ ਕਮੀ ਨੂੰ ਪੂਰਾ ਕਰਨ ਦਾ ਯਤਨ ਕਰਦੇ ਹਨ ਜਦੋਂ ਉਨ੍ਹਾਂ ਕੋਲ ਸਾਡੀਆਂ ਲੋੜਾਂ ਨੂੰ ਪੂਰਾ ਕਰਨ ਲਈ ਢੁਕਵੇਂ ਸਾਧਨ ਨਹੀਂ ਸਨ।

ਜਦੋਂ ਅਸੀਂ ਆਪਣੇ ਮਾਤਾ-ਪਿਤਾ ਦੇ ਘਰ ਜਾਂਦੇ ਹਾਂ ਤਾਂ ਅਸੀਂ ਆਪਣੇ ਗੈਜੇਟਸ ਅਤੇ ਫਿਲਮਾਂ ਜਾਂ ਫਿਰ ਪਸੰਦੀਦਾ ਟੀਵੀ ਸ਼ੋਅ ਦੀਆਂ ਗੱਲਾਂ ਕਰਨ 'ਚ ਰੁੱਝ ਜਾਂਦੇ ਹਾਂ। ਪਰ ਮੇਰੀ ਮਾਂ ਨੂੰ ਇੱਕ ਹੀ ਚਿੰਤਾ ਹੁੰਦੀ ਹੈ ਕਿ ਅਸੀਂ ਮਤਲਬ ਮੈਂ, ਮੇਰੇ ਪਤੀ ਅਤੇ ਬੱਚੇ ਕੀ ਖਾਣਗੇ?

70 ਸਾਲ ਦੀ ਉਮਰ 'ਚ ਵੀ ਉਹ ਸਾਰਿਆਂ ਦਾ ਖਿਆਲ ਰੱਖਦੇ ਹਨ। ਜਦੋਂ ਅਸੀਂ ਉਨ੍ਹਾਂ ਨੂੰ ਮਿਲਦੇ ਹਾਂ ਤਾਂ ਉਨ੍ਹਾਂ ਦੀ ਊਰਜਾ ਹੋਰ ਵੱਧ ਜਾਂਦੀ ਹੈ। ਫਿਰ ਜਦੋਂ ਅਸੀਂ ਵਾਪਸ ਪਰਤ ਆਉਂਦੇ ਹਾਂ ਤਾਂ ਉਸ ਸਮੇਂ ਉਨ੍ਹਾਂ ਨੂੰ ਆਪਣੇ ਆਪ ਦੀ ਸੰਭਾਲ ਕਰਨ ਦਾ ਮੌਕਾ ਮਿਲਦਾ ਹੈ।

ਮੇਰੀ ਮਾਂ ਕਿਸੇ ਨਾਲ ਵੀ ਰਾਜਨੀਤੀ 'ਤੇ ਬਹਿਸ ਨਹੀਂ ਕਰਦੇ ਹਨ। ਉਨ੍ਹਾਂ ਦਾ ਸੁਭਾਅ ਉਦਾਰਵਾਦੀ ਅਤੇ ਸਮਾਨਤਾਵਾਦੀ ਹੈ। ਸਾਲਾਂ ਤੋਂ ਉਨ੍ਹਾਂ ਨੇ ਆਪਣੇ ਖਰਚਿਆਂ 'ਤੇ ਕੰਟਰੋਲ ਰੱਖਿਆ ਹੈ। ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਬਚਤ ਦੀ ਵਰਤੋਂ ਕਿੱਥੇ ਅਤੇ ਕਿਵੇਂ ਕਰਨੀ ਹੈ।

ਉਹ ਸਥਾਨਕ ਦਰਜ਼ੀ, ਸਬਜ਼ੀਵਾਲਾ, ਬਿਜਲੀਵਾਲਾ, ਪਲੰਬਰ, ਘਰ ਆਉਣ ਵਾਲੇ ਬਿਊਟੀਸ਼ੀਅਨ ਅਤੇ ਉਨ੍ਹਾਂ ਦੇ ਪੋਤੇ-ਪੋਤੀਆਂ ਨੂੰ ਜ਼ਰੂਰਤ ਪੈਣ 'ਤੇ ਆਰਥਿਕ ਮਦਦ ਵੀ ਕਰਦੇ ਹਨ ਅਤੇ ਉਹ ਵੀ ਲੰਮੇ ਸਮੇਂ ਤੱਕ ਬਿਨ੍ਹਾਂ ਕਿਸੇ ਵਿਆਜ ਦੇ।

ਅਸੀਂ ਆਪਣੀ ਮਾਂ ਨੂੰ ਕੰਜੂਸ ਸਮਝਦੇ ਸੀ ਪਰ ਅੱਜ ਉਹ ਸਾਡੀਆਂ ਨਜ਼ਰਾਂ 'ਚ ਸਭ ਤੋਂ ਉਦਾਰ ਹਨ। ਪੈਸਿਆਂ ਦੇ ਮਾਮਲੇ 'ਚ ਉਹ ਬਹੁਤ ਹੀ ਹੁਸ਼ਿਆਰ ਹਨ।

ਸਾਡੇ ਪੂਰੇ ਪਰਿਵਾਰ ਦੀ ਤੁਲਨਾ 'ਚ ਉਹ ਕਿਤੇ ਵਧੇਰੇ ਹੁਸ਼ਿਆਰ ਹਨ। ਉਨ੍ਹਾਂ ਨੇ ਨਾ ਸਿਰਫ ਮੇਰੇ ਕੰਮਕਾਜੀ ਉੱਦਮ ਲਈ ਫੰਡ ਦਿੱਤਾ ਬਲਕਿ ਕਈ ਹੋਰ ਯੋਗ ਲੋਕਾਂ ਦੇ ਸੰਕਲਪ ਨੂੰ ਅਮਲੀ ਜਾਮਾ ਪਵਾਉਣ 'ਚ ਨਿਵੇਸ਼ ਵੀ ਕੀਤਾ ਹੈ।

ਮਾਂ ਲਈ ਜਜ਼ਬਾਤ

ਮੇਰੀ ਮਨਪਸੰਦ ਮਾਂ

ਮੇਰੀ ਸਭ ਤੋਂ ਛੋਟੀ ਧੀ ਨੇ ਪੁੱਛਿਆ, "ਤੁਸੀਂ ਕਿਸ ਬਾਰੇ ਲਿਖ ਰਹੇ ਹੋ"?

ਮੈਂ ਜਵਾਬ ਦਿੱਤਾ, "ਆਪਣੀ ਮਾਂ ਬਾਰੇ।"

"ਕੀ ਉਹ ਤੁਹਾਡੇ ਲਈ ਦੁਨੀਆਂ ਦੀ ਸਭ ਤੋਂ ਪਸੰਦੀਦਾ ਸ਼ਖਸ ਹਨ?"

ਮੈਂ ਕਿਹਾ, "ਹਾਂ, ਪਰ ਮੇਰੀ ਮਾਂ ਇਹ ਨਹੀਂ ਜਾਣਦੀ ਹੈ।"

ਇਹ ਕਹਿੰਦੇ ਹੀ ਮੇਰੀ ਸੋਚ 'ਚ ਪਛਤਾਵੇ ਦੀ ਭਾਵਨਾ ਵੀ ਉਮੜ ਆਈ।

ਮੇਰੀ ਧੀ ਨੇ ਫਿਰ ਕਿਹਾ, "ਸਾਰੀ ਦੁਨੀਆਂ 'ਚ ਤੁਹਾਡੇ ਲਈ ਸਭ ਤੋਂ ਵੱਧ ਪਸੰਦੀਦਾ ਕੌਣ ਹੈ?"

ਮੈਂ ਉਸ ਦਾ ਹੀ ਨਾਮ ਲੈਂਦਿਆਂ ਕਿਹਾ, "ਨਸੀਮ ਹੈ।"

ਮੈਂ ਆਪਣੇ ਸਿਰ ਨਾਲ ਉਸ ਦੇ ਸਿਰ ਨੂੰ ਹਿਲਾਇਆ ਅਤੇ ਉਹ ਮੁਸਕਰਾ ਕੇ ਬੋਲੀ, "ਤੇ ਨਸੀਮ ਇਹ ਜਾਣਦੀ ਹੈ"।

ਜਦੋਂ ਮੈਂ ਛੋਟੀ ਸੀ ਸ਼ਾਇਦ ਹੀ ਸੁਧਾ(ਮਾਂ) ਅਤੇ ਮੈਂ ਇੱਕ ਦੂਜੇ ਨੂੰ ਜੱਫੀ ਪਾਈ ਹੋਵੇ। ਪਰ ਹੁਣ ਜਦੋਂ ਮੈਂ ਉਨ੍ਹਾਂ ਨੂੰ ਮਿਲਦੀ ਹਾਂ ਤਾਂ ਉਨ੍ਹਾਂ ਨੂੰ ਜੱਫੀ ਪਾਉਣਾ ਅਤੇ ਉਨ੍ਹਾਂ ਦੀਆਂ ਨਰਮ ਗੱਲ੍ਹਾਂ ਨੂੰ ਛੂਹਣਾ ਨਹੀਂ ਭੁੱਲਦੀ।

ਇਹ ਮੇਰਾ ਉਨ੍ਹਾਂ ਨਾਲ ਗੱਲ ਕਰਨ ਦਾ ਤਰੀਕਾ ਹੈ। ਮੈਂ ਚਾਹੁੰਦੀ ਹਾਂ ਕਿ ਮੇਰੀ ਮਾਂ ਮੇਰੀਆਂ ਸਾਰੀਆਂ ਅਣਕਹੀਆਂ ਗੱਲਾਂ ਸੁਣ ਲਵੇ ਅਤੇ ਆਪਣੇ ਦਿਲ ਅੰਦਰ ਸਮਾ ਲਵੇ।

ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਮਾਂ ਅਤੇ ਮੈਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਬਹੁਤ-ਬਹੁਤ ਸ਼ੁਕਰੀਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)