ਵੀਜ਼ਾ ਟੋਕਨ ਕੀ ਹੈ, ਜਿਸ ਨੇ ਵੀਜ਼ਾ ਕਾਰਡਾਂ ਨੂੰ ਵੀ ਪਿੱਛੇ ਛੱਡ ਦਿੱਤਾ

ਪੇਮੈਂਟਸ ਦਿੱਗਜ ਵੀਜ਼ਾ ਇੰਕ (ਵਿਐੱਨ) ਨੇ ਕਿਹਾ ਕਿ ਕੰਪਨੀ ਨੇ ਆਪਣੀ ਸੁਰੱਖਿਆ ਤਕਨੀਕ- ਵੀਜ਼ਾ ਟੋਕਨ ਸਰਵਿਸ (ਵਿਟੀਐੱਸ) ਰਾਹੀਂ ਦੁਨੀਆਂ ਭਰ ਵਿੱਚ 4 ਬਿਲੀਅਨ ਤੋਂ ਵੱਧ ਨੈੱਟਵਰਕ ਟੋਕਨ ਜਾਰੀ ਕੀਤੇ ਹਨ।

ਕੰਪਨੀ ਮੁਤਾਬਕ ਇਨ੍ਹਾਂ ਟੋਕਨਾਂ ਦੀ ਸਰਕੂਲੇਸ਼ਨ ਨੇ ਸਧਾਰਨ (ਭੌਤਿਕ) ਕਾਰਡਾਂ ਦੀ ਕੁੱਲ ਸਰਕੂਲੇਸ਼ਨ ਸੰਖਿਆ ਨੂੰ ਪਿੱਛੇ ਛੱਡ ਦਿੱਤਾ ਹੈ।

ਕੀ ਹੈ ਵੀਜ਼ਾ ਟੋਕਨ ਸਰਵਿਸ

ਵੀਜ਼ਾ ਦੀ ਵੈੱਬਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਕ, ਵੀਜ਼ਾ ਟੋਕਨ ਸੇਵਾ ਉਪਭੋਗਤਾਵਾਂ ਦੀ ਸੰਵੇਦਨਸ਼ੀਲ ਜਾਣਕਾਰੀ ਨੂੰ ਧੋਖਾਧੜੀ ਤੋਂ ਬਚਾਉਂਦੇ ਹੋਏ, ਡਿਜੀਟਲ ਭੁਗਤਾਨ ਵਿੱਚ ਮਦਦ ਕਰ ਸਕਦੀ ਹੈ।

ਵੀਟੀਐੱਸ, ਇੱਕ ਅਜਿਹੀ ਸੇਵਾ ਹੈ, ਜੋ 16-ਅੰਕਾਂ ਵਾਲੇ ਵੀਜ਼ਾ ਖਾਤਾ ਨੰਬਰ ਨੂੰ ਇੱਕ ਟੋਕਨ ਨਾਲ ਬਦਲ ਦਿੰਦੀ ਹੈ। ਜਿਸ ਨੂੰ ਸਿਰਫ਼ ਵੀਜ਼ਾ ਹੀ ਅਨਲੌਕ ਕਰ ਸਕਦਾ ਹੈ।

ਇਸ ਦੇ ਨਾਲ ਖਾਤੇ ਦੀ ਜਾਣਕਾਰੀ ਵੀ ਸੁਰੱਖਿਅਤ ਰਹਿੰਦੀ ਹੈ।

ਭੁਗਤਾਨ ਜਾਂ ਪੇਮੈਂਟ ਟੋਕਨਾਈਜ਼ੇਸ਼ਨ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਰਵਾਇਤੀ ਢੰਗ ਨਾਲ ਭੁਗਤਾਨ ਕਰਨ ਵਾਲੇ ਕਾਰਡ ਨੂੰ ਇੱਕ ਵਿਲੱਖਣ ਡਿਜੀਟਲ ਟੋਕਨ ਨਾਲ ਬਦਲਿਆ ਜਾਂਦਾ ਹੈ, ਔਨਲਾਈਨ ਅਤੇ ਮੋਬਾਈਲ ਲੈਣ-ਦੇਣ (ਭੁਗਤਾਨ) ਵਿੱਚ ਸਹਾਈ ਹੁੰਦਾ ਹੈ।

ਇਨ੍ਹਾਂ ਟੋਕਨਾਂ ਨੂੰ ਕਿਸੇ ਖ਼ਾਸ ਮੋਬਾਈਲ ਡਿਵਾਈਸ, ਵਪਾਰੀ ਜਾਂ ਲੈਣ-ਦੇਣ ਦੀ ਕਿਸਮ ਲਈ ਪਾਬੰਦੀਸ਼ੁਦਾ ਕੀਤਾ ਜਾ ਸਕਦਾ ਹੈ।

ਵੈੱਬਸਾਈਟ ਮੁਤਾਬਕ, ਅਸੀਂ ਇੱਕ ਅਜਿਹੀ ਦੁਨੀਆਂ ਵਿੱਚ ਰਹਿ ਰਹੇ ਹਾਂ ਜਿੱਥੇ ਅਸੀਂ ਇੱਕ ਦੂਜੇ ਨਾਲ "ਜੁੜੇ" ਹੋਏ ਹਾਂ।

ਜਿਵੇਂ-ਜਿਵੇਂ ਵਧੇਰੇ ਲੋਕ ਸਮਾਰਟ ਫ਼ੋਨਾਂ, ਟੈਬਲੈੱਟਾਂ ਅਤੇ ਕੰਪਿਊਟਰਾਂ ਰਾਹੀਂ ਔਨਲਾਈਨ ਖਰੀਦਦਾਰੀ ਕਰ ਰਹੇ ਹਨ, ਭੁਗਤਾਨ ਉਦਯੋਗ (ਪੇਮੈਂਟ ਇੰਡਸਟਰੀ) ਵੀ ਇਸ ਗੱਲ 'ਤੇ ਵਧੇਰੇ ਧਿਆਨ ਦੇ ਰਿਹਾ ਹੈ ਕਿ ਇਸ ਸਾਰੀ ਪ੍ਰਕਿਰਿਆ ਨੂੰ ਲੋਕਾਂ ਲਈ ਸੁਰੱਖਿਅਤ, ਸਹਿਜ ਅਤੇ ਵਧੀਆ ਅਨੁਭਵ ਪ੍ਰਦਾਨ ਕੀਤਾ ਜਾਵੇ।

ਖ਼ਬਰ ਏਜੰਸੀ ਰਾਇਟਰਜ਼ ਦੀ ਰਿਪੋਰਟ ਅਨੁਸਾਰ, ਵੀਜ਼ਾ ਦੇ ਕਾਰਜਕਾਰੀ ਉਪ ਪ੍ਰਧਾਨ ਅਤੇ ਮੁੱਖ ਉਤਪਾਦ ਅਧਿਕਾਰੀ ਜੈਕ ਫੋਰਸਟਲ ਨੇ ਦੱਸਿਆ, "ਖਪਤਕਾਰ ਦੇ ਖਾਤੇ ਨੂੰ ਧੋਖਾਧੜੀ ਤੋਂ ਸੁਰੱਖਿਅਤ ਰੱਖਦੇ ਹੋਏ, ਟੋਕਨਾਈਜ਼ੇਸ਼ਨ ਬਿਨਾਂ ਕਿਸੇ ਪਰੇਸ਼ਾਨੀ ਦੇ ਅਤੇ ਕਾਰਡ-ਮੁਕਤ ਭੁਗਤਾਨ ਕਰਦੀ ਹੈ।"

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਕੋਵਿਡ ਮਹਾਮਾਰੀ ਦੌਰਾਨ ਵਧਿਆ ਆਨਲਾਈਨ ਭੁਗਤਾਨ ਦਾ ਚਲਨ

ਦੁਨੀਆਂ ਭਰ ਵਿੱਚ ਫੈਲੀ ਕੋਵਿਡ ਮਹਾਮਾਰੀ ਦੌਰਾਨ ਆਨਲਾਈਨ ਭੁਗਤਾਨ ਦਾ ਚਲਨ ਵਧਿਆ ਹੈ। ਵੀਜ਼ਾ ਦੀ ਟੋਕਨ ਸੇਵਾ ਦੇ ਵਧਣ ਵਿੱਚ ਵੀ ਇਹ ਤੱਥ ਇੱਕ ਅਹਿਮ ਭੂਮਿਕਾ ਰੱਖਦਾ ਲੱਗਦਾ ਹੈ।

ਕੰਪਨੀ ਨੇ ਆਪ ਵੀ ਯੂਐੱਸ ਡਿਪਾਰਟਮੈਂਟ ਆਫ਼ ਕਾਮਰਸ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਇੱਕ ਬਿਆਨ ਵਿੱਚ ਕਿਹਾ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਈ-ਕਾਮਰਸ ਵਿੱਚ 50% ਤੋਂ ਵੱਧ ਦਾ ਵਾਧਾ ਹੋਇਆ ਹੈ।

ਵੀਜ਼ਾ ਨੇ ਵੀਟੀਐੱਸ ਦੀ ਸ਼ੁਰੂਆਤ 2014 ਵਿੱਚ ਕੀਤੀ ਸੀ। ਵੀਜ਼ਾ ਮੁਤਾਬਕ, ਇਸ ਦੀ ਸ਼ੁਰੂਆਤ ਤੋਂ ਬਾਅਦ ਕੰਪਨੀ ਨੇ 2020 ਤੱਕ 1 ਬਿਲੀਅਨ ਟੋਕਨ ਜਾਰੀ ਕੀਤੇ, ਫਿਰ 2020 ਵਿੱਚ ਇਹ ਅੰਕੜਾ 2 ਬਿਲੀਅਨ ਹੋ ਗਿਆ ਅਤੇ ਇਸ ਸਾਲ ਇਹ ਦੁੱਗਣਾ ਭਾਵ 4 ਬਿਲੀਅਨ ਹੈ।

ਕੀ ਇਸ ਦੀ ਮੰਗ ਘਟ ਵੀ ਸਕਦੀ ਹੈ

ਇਸ ਦੀ ਸੰਭਾਵਨਾ ਘੱਟ ਹੀ ਹੈ ਕਿਉਂਕਿ ਪਹਿਲੀ ਗੱਲ ਤਾਂ ਇਹ ਕਿ ਲੌਕਡਾਊਨ ਦੀ ਸਥਿਤੀ ਤੋਂ ਬਾਅਦ ਵੀ ਵਧੇਰੇ ਲੋਕਾਂ ਨੇ ਆਨਲਾਈਨ ਭੁਗਤਾਨ ਕਰਨ ਦੀ ਆਦਤ ਨੂੰ ਜਿਉਂ ਤਾ ਤਿਉਂ ਰੱਖਿਆ ਹੈ।

ਦੂਜਾ ਇਹ ਕਿ ਡਿਜੀਟਲ ਪਲੇਟਫਾਰਮਾਂ ਨੇ ਖਰੀਦਦਾਰੀ ਨੂੰ ਵਧੇਰੇ ਸੁਰੱਖਿਅਤ ਅਤੇ ਉਪਭੋਗਤਾ ਦੇ ਅਨੁਕੂਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।

ਫੋਰਸਟੈਲ ਕਹਿੰਦੇ ਹਨ, "ਈ-ਕਾਮਰਸ ਹੁਣ ਹਰ ਥਾਂ ਹੈ। ਇਹ ਆਨਲਾਈਨ ਸਟੋਰ ਵਿੱਚ ਹੈ ਕਿਉਂਕਿ ਵਪਾਰੀ ਉਪਭੋਗਤਾਵਾਂ ਲਈ ਵਧੇਰੇ ਬਦਲ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਟੋਰ ਵਿੱਚ, ਤੁਹਾਡਾ ਫ਼ੋਨ ਵੀ ਵੀਜ਼ਾ ਕਾਰਡ ਹੋ ਸਕਦਾ ਹੈ।''

ਵੀਟੀਐੱਸ ਇੱਕ ਭੁਗਤਾਨ ਸੁਰੱਖਿਆ ਪਲੇਟਫਾਰਮ ਵਜੋਂ ਕੰਮ ਕਰਦਾ ਹੈ ਜੋ ਕਿ ਰਿਟੇਲ ਉਪਭੋਗਤਾਵਾਂ ਦੇ ਨਾਲ-ਨਾਲ ਬੈਂਕਾਂ ਅਤੇ ਕਲੀਅਰਿੰਗ ਹਾਊਸਿਜ਼ ਵਰਗੀਆਂ ਸੰਸਥਾਵਾਂ ਲਈ ਵੀ ਵੱਖ-ਵੱਖ ਸੁਵਿਧਾਵਾਂ ਦਿੰਦਾ ਹੈ।

ਇਸ ਦੇ ਨਾਲ ਹੀ ਇਹ ਗੂਗਲ ਪੇ ਅਤੇ ਐਪਲ ਪੇ ਵਰਗੀਆਂ ਪ੍ਰਸਿੱਧ ਐਪਾਂ ਨਾਲ ਵੀ ਸੁਖਾਲੀ ਤਰ੍ਹਾਂ ਕੰਮ ਕਰਦਾ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)