You’re viewing a text-only version of this website that uses less data. View the main version of the website including all images and videos.
ਭਾਰਤ ਤੋਂ ਅਮਰੀਕਾ ਡਿਪੋਰਟ ਕੀਤੇ ਗਏ ਪੱਤਰਕਾਰ ਅੰਗਦ ਸਿੰਘ ਦਾ ਕੀ ਹੈ ਪੂਰਾ ਮਾਮਲਾ, ਪਰਿਵਾਰ ਕੀ ਕਹਿ ਰਿਹਾ
- ਲੇਖਕ, ਅਰਸ਼ਦੀਪ ਕੌਰ
- ਰੋਲ, ਬੀਬੀਸੀ ਪੱਤਰਕਾਰ
"9/11 ਦੇ ਹਮਲੇ ਤੋਂ ਬਾਅਦ ਸਿੱਖਾਂ ਲਈ ਅਮਰੀਕਾ ਵਿੱਚ ਮੁਸ਼ਕਿਲ ਸਮਾਂ ਸੀ। ਉਸ ਵੇਲੇ ਅੰਗਦ ਦੀ ਉਮਰ 8 ਸਾਲ ਸੀ। ਉਸ ਦੀ ਪਹਿਲੀ ਡਾਕੂਮੈਂਟਰੀ ਲਈ ਮੈਂ ਉਸ ਦੇ ਨਾਲ ਕੈਮਰਾ ਲੈ ਕੇ ਰਿਕਾਰਡਿੰਗ ਕਰਦੀ ਸੀ। ਜਦੋਂ ਅੰਗਦ ਦੀ ਪਹਿਲੀ ਡਾਕੂਮੈਂਟਰੀ ਆਈ ਤਾਂ ਉਸ ਦੀ ਉਮਰ 11 ਸਾਲ ਸੀ।"
ਅਮਰੀਕੀ ਨਾਗਰਿਕ ਅਤੇ ਵਾਈਸ ਨਿਊਜ਼ ਦੇ ਪੱਤਰਕਾਰ ਅੰਗਦ ਸਿੰਘ ਦੇ ਮਾਤਾ ਗੁਰਮੀਤ ਕੌਰ ਨੇ ਪੱਤਰਕਾਰੀ ਅਤੇ ਦਸਤਾਵੇਜ਼ੀ ਫ਼ਿਲਮਾਂ ਪ੍ਰਤੀ ਅੰਗਦ ਸਿੰਘ ਦੇ ਬਚਪਨ ਤੋਂ ਹੀ ਲਗਾਅ ਬਾਰੇ ਦੱਸਿਆ।
ਬੁੱਧਵਾਰ ਦੇਰ ਸ਼ਾਮ 8.30 ਵਜੇ ਜਦੋਂ ਉਹ ਭਾਰਤ ਪਹੁੰਚੇ ਤਾਂ ਉਨ੍ਹਾਂ ਨੂੰ ਕਥਿਤ ਤੌਰ 'ਤੇ ਅਮਰੀਕਾ ਡਿਪੋਰਟ ਕਰ ਦਿੱਤਾ ਗਿਆ।
ਉਹ ਅਕਸਰ ਇੱਥੇ ਕੰਮ ਦੇ ਸਿਲਸਿਲੇ ਵਿੱਚ 'ਜੇ ਵੀਜ਼ਾ' 'ਤੇ ਆਉਂਦੇ ਸਨ ਪਰ ਇਸ ਵਾਰ ਉਹ ਨਿੱਜੀ ਫੇਰੀ 'ਤੇ ਸਨ। ਉਨ੍ਹਾਂ ਕੋਲ ਓਸੀਆਈ ਕਾਰਡ ਹੈ।
ਡਿਪੋਰਟ ਬਾਰੇ ਇਲਜ਼ਾਮ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਗਾਏ ਗਏ ਹਨ।
ਭਾਰਤ ਸਰਕਾਰ ਵੱਲੋਂ ਇਸ ਮਾਮਲੇ 'ਤੇ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ।
ਅੰਗਦ ਸਿੰਘ ਦੇ ਟਵਿੱਟਰ ਹੈਂਡਲ ਮੁਤਾਬਕ ਉਹ ਵਾਈਸ ਨਿਊਜ਼ ਵਿਖੇ ਪੱਤਰਕਾਰ ਹਨ ਅਤੇ ਦਸਤਾਵੇਜ਼ੀ ਫਿਲਮਾਂ ਬਣਾਉਂਦੇ ਹਨ।
ਉਨ੍ਹਾਂ ਨੇ ਭਾਰਤ ਦੇ ਖੇਤੀ ਹਾਲਾਤਾਂ, ਭਾਰਤ ਦੇ ਮੁਸਲਮਾਨਾਂ ਅਤੇ ਹਿੰਦੂਆਂ ਬਾਰੇ ਵੀ ਦਸਤਾਵੇਜ਼ੀ ਫ਼ਿਲਮ ਬਣਾਈ ਹੈ। ਭਾਰਤ ਵਿੱਚ ਕੋਰੋਨਾਵਾਇਰਸ ਦੌਰਾਨ ਹਾਲਾਤਾਂ ਉੱਪਰ ਵੀ ਉਨ੍ਹਾਂ ਵੱਲੋਂ ਦਸਤਾਵੇਜ਼ੀ ਫ਼ਿਲਮ ਬਣਾਈ ਗਈ ਹੈ।
ਭਾਰਤ ਤੋਂ ਡਿਪੋਰਟ ਕਰਨ ਬਾਰੇ ਪਰਿਵਾਰ ਨੇ ਕੀ ਦੱਸਿਆ
ਗੁਰਮੀਤ ਕੌਰ ਨੇ ਦੱਸਿਆ ਕਿ ਬੁੱਧਵਾਰ ਤਕਰੀਬਨ ਸ਼ਾਮ ਸਾਢੇ ਅੱਠ ਵਜੇ ਉਹ ਅਮਰੀਕਾ ਤੋਂ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਇੱਕ ਮੈਸੇਜ ਕਰਕੇ ਆਪਣੇ ਪਹੁੰਚਣ ਦੀ ਜਾਣਕਾਰੀ ਦਿੱਤੀ।
"ਮੈਸੇਜ ਮਿਲਣ ਤੋਂ ਤਕਰੀਬਨ ਪੰਦਰਾਂ ਮਿੰਟ ਬਾਅਦ ਅੰਗਦ ਦਾ ਦੂਸਰਾ ਮੈਸੇਜ ਆਇਆ ਜਿਸ ਵਿੱਚ ਉਸ ਨੇ ਦੱਸਿਆ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਦਾ ਪਾਸਪੋਰਟ ਲੈ ਲਿਆ ਹੈ। ਤਕਰੀਬਨ ਤਿੰਨ ਘੰਟੇ ਬਾਅਦ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ।"
ਗੁਰਮੀਤ ਕੌਰ ਨੇ ਦੱਸਿਆ ਕਿ ਅੰਗਦ ਆਖ਼ਰੀ ਵਾਰ ਭਾਰਤ ਕੰਮ ਦੇ ਸਿਲਸਿਲੇ ਵਿੱਚ ਆਏ ਸਨ।
ਉਨ੍ਹਾਂ ਨੇ ਦਿੱਲੀ ਦੇ ਸ਼ਾਹੀਨ ਬਾਗ ਵਿਖੇ ਹੋਏ ਪ੍ਰਦਰਸ਼ਨ ਬਾਰੇ ਦਸਤਾਵੇਜ਼ੀ ਫਿਲਮ ਬਣਾਈ ਸੀ।
ਇਹ ਪ੍ਰਦਰਸ਼ਨ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਦਸੰਬਰ 2019- ਮਾਰਚ 2020 ਵਿੱਚ ਹੋਏ ਸਨ।
ਇਸ ਤੋਂ ਬਾਅਦ ਉਨ੍ਹਾਂ ਨੇ ਹੋਰ ਵੀ ਕਈ ਦਸਤਾਵੇਜ਼ੀ ਫਿਲਮਾਂ ਬਣਾਈਆਂ ਹਨ ਪਰ ਮਹਾਂਮਾਰੀ ਕਰਕੇ ਉਹ ਭਾਰਤ ਦਾ ਸਫਰ ਨਹੀਂ ਕਰ ਸਕੇ।
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਹੋਏ ਕਿਸਾਨੀ ਸੰਘਰਸ਼ ਬਾਰੇ ਵੀ ਉਨ੍ਹਾਂ ਨੇ ਦਸਤਾਵੇਜ਼ੀ ਫਿਲਮਾਂ ਬਣਾਈਆਂ ਹਨ।
ਗੁਰਮੀਤ ਕੌਰ ਮੁਤਾਬਕ ਅੰਗਦ ਪਹਿਲਾਂ ਵੀ ਬਹੁਤ ਵਾਰ ਭਾਰਤ ਆਏ ਹਨ ਅਤੇ ਉਨ੍ਹਾਂ ਮੁਤਾਬਕ ਸ਼ਾਇਦ ਪੱਤਰਕਾਰੀ ਨਾਲ ਸਬੰਧੀ ਕੋਈ ਕੰਮ ਦੇ ਸ਼ੱਕ ਤੋਂ ਬਾਅਦ ਉਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਹੈ।
ਅੰਗਦ ਸਿੰਘ ਦੀ ਮਾਤਾ ਗੁਰਮੀਤ ਕੌਰ ਨੇ ਇੱਕ ਫੇਸਬੁੱਕ ਪੋਸਟ ਰਾਹੀਂ ਵੀ ਉਨ੍ਹਾਂ ਨੂੰ ਵਾਪਸ ਭੇਜਣ ਬਾਰੇ ਲਿਖਿਆ ਹੈ।
ਅੰਗਦ ਸਿੰਘ ਦੇ ਮਾਤਾ ਦੇ ਇਲਜ਼ਾਮ
ਗੁਰਮੀਤ ਕੌਰ ਨੇ ਸੋਸ਼ਲ ਮੀਡੀਆ ਉੱਪਰ ਲਿਖਿਆ ਹੈ," ਮੇਰਾ ਬੇਟਾ ਇੱਕ ਅਮਰੀਕੀ ਨਾਗਰਿਕ ਅਤੇ ਪੱਤਰਕਾਰ ਹੈ ਅਤੇ ਉਸ ਨੇ ਕਈ ਇਨਾਮ ਜਿੱਤੇ ਹਨ। 18 ਘੰਟੇ ਦੀ ਉਡਾਣ ਤੋਂ ਬਾਅਦ ਉਹ ਦਿੱਲੀ ਪਹੁੰਚਿਆ ਸੀ ਤਾਂ ਜੋ ਪੰਜਾਬ ਜਾ ਸਕੇ। ਉਸ ਨੂੰ ਨਿਊਯਾਰਕ ਲਈ ਅਗਲੀ ਫਲਾਈਟ 'ਤੇ ਬਿਠਾ ਕੇ ਵਾਪਸ ਭੇਜ ਦਿੱਤਾ ਗਿਆ ਹੈ।"
"ਇਸ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਪਰ ਸਾਨੂੰ ਪਤਾ ਹੈ ਕਿ ਉਸ ਦੀ ਪੱਤਰਕਾਰੀ ਨੇ ਉਨ੍ਹਾਂ ਨੂੰ ਡਰਾਇਆ ਹੋਇਆ ਹੈ। ਇਹ ਆਪਣੀ ਮਾਤਭੂਮੀ ਪ੍ਰਤੀ ਉਸ ਦਾ ਪਿਆਰ ਹੈ, ਜਿਸ ਤੋਂ ਉਹ ਪ੍ਰੇਸ਼ਾਨ ਹਨ।"
ਸਿੱਧੇ ਤੌਰ 'ਤੇ ਇਲਜ਼ਾਮਾਂ ਵਿੱਚ ਕਿਸੇ ਦਾ ਨਾਮ ਨਹੀਂ ਲਿਆ ਗਿਆ।
"ਉਸ ਦਾ ਕੱਦ ਛੇ ਫੁੱਟ ਪੰਜ ਇੰਚ ਹੈ ਅਤੇ ਲੰਮੀ ਉਡਾਣ ਤੋਂ ਬਾਅਦ ਉਸ ਦੇ ਪਿੱਠ ਵਿੱਚ ਦਰਦ ਹੁੰਦੀ ਹੈ। ਹਵਾਈ ਜਹਾਜ਼ ਵਿੱਚ ਘੱਟ ਜਗ੍ਹਾ ਹੁੰਦੀ ਹੈ। ਅਜਿਹੇ ਹਾਲਾਤਾਂ ਵਿੱਚ ਜ਼ਰੂਰ ਲੇਟਣਾ ਚਾਹੁੰਦਾ ਹੋਵੇਗਾ ਅਤੇ ਮੈਂ ਉਸ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੁਨੇਹਾ ਦਿੰਦੀ ਹਾਂ।"
ਆਪਣੀ ਪੋਸਟ ਵਿੱਚ ਗੁਰਮੀਤ ਕੌਰ ਨੇ ਲਿਖਿਆ ਹੈ ਕਿ ਜਦੋਂ ਉਹ ਪਹਿਲੀ ਵਾਰ ਮੁੰਬਈ ਤੋਂ ਅਮਰੀਕਾ ਆਏ ਸਨ ਤਾਂ ਉਨ੍ਹਾਂ ਨੇ ਇੱਕ ਸਿੱਖ ਨੌਜਵਾਨ ਨੂੰ ਦੇਖਿਆ ਸੀ ਜਿਸ ਨੂੰ ਵਾਪਸ ਭੇਜਿਆ ਜਾ ਰਿਹਾ ਸੀ ਅਤੇ ਹੁਣ ਇੱਕ ਪੀੜ੍ਹੀ ਬਾਅਦ ਉਨ੍ਹਾਂ ਦੇ ਪੁੱਤਰ ਨਾਲ ਵੀ ਅਜਿਹਾ ਹੀ ਹੋਇਆ ਹੈ।
ਕੌਣ ਹਨ ਅੰਗਦ ਸਿੰਘ
ਅੰਗਦ ਸਿੰਘ ਦੇ ਪਰਿਵਾਰ ਮੁਤਾਬਕ ਉਹ ਵਾਈਸ ਨਿਊਜ਼ ਦੇ ਸਾਊਥ ਏਸ਼ੀਆ ਦੇ ਡਾਕੂਮੈਂਟਰੀ ਪ੍ਰੋਡਿਊਸਰ ਹਨ। ਉਹ 'ਪੀਪਲਜ਼ ਮੂਵਮੈਂਟ' ਯਾਨੀ ਲੋਕਾਂ ਵੱਲੋਂ ਸ਼ੁਰੂ ਕੀਤੇ ਗਏ ਅੰਦੋਲਨ ਉੱਪਰ ਕੰਮ ਕਰਦੇ ਹਨ।
ਉਨ੍ਹਾਂ ਨੇ ਸ਼੍ਰੀਲੰਕਾ, ਹਾਂਗਕਾਂਗ, ਮਿਆਂਮਾਰ, ਭਾਰਤ ਤੇ ਪਾਕਿਸਤਾਨ ਸਮੇਤ ਕਈ ਦੇਸ਼ਾਂ ਵਿੱਚ ਹੋਏ ਅੰਦੋਲਨ ਬਾਰੇ ਦਸਤਾਵੇਜ਼ੀ ਫ਼ਿਲਮਾਂ ਬਣਾਈਆਂ ਹਨ।
ਉਹ ਅਮਰੀਕਾ ਦੇ ਜੰਮਪਲ ਹਨ ਅਤੇ ਕੋਲੰਬੀਆ ਯੂਨੀਵਰਸਿਟੀ ਵਿਖੇ ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀ ਰਹੇ ਹਨ। ਪਿਛਲੇ ਛੇ ਸਾਲਾਂ ਤੋਂ ਉਹ ਵਾਈਸ ਨਿਊਜ਼ ਨਾਲ ਜੁੜੇ ਹੋਏ ਹਨ।
11 ਸਾਲ ਦੀ ਉਮਰ ਵਿੱਚ ਅਮਰੀਕਾ 'ਤੇ ਅੱਤਵਾਦੀ ਹਮਲੇ ਤੋਂ ਕੁਝ ਸਾਲ ਬਾਅਦ ਉਨ੍ਹਾਂ ਨੇ ਆਪਣੀ ਪਹਿਲੀ ਦਸਤਾਵੇਜ਼ੀ ਫ਼ਿਲਮ 'ਵਨ ਲਾਈਟ' ਬਣਾਈ ਸੀ। ਇਸ ਦਸਤਾਵੇਜ਼ੀ ਫ਼ਿਲਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਕਈ ਐਵਾਰਡ ਵੀ ਮਿਲੇ ਹਨ।
ਉਨ੍ਹਾਂ ਦੇ ਬਲਾਗ ਮੁਤਾਬਕ ਇਹ ਫ਼ਿਲਮ ਦੁਨੀਆਂ ਵਿੱਚ ਆਪਸੀ ਭਾਈਚਾਰੇ ਨੂੰ ਪ੍ਰਫੁੱਲਿਤ ਕਰਨ ਸਬੰਧੀ ਸੀ। ਇਸ ਸਾਲ ਵੀ ਹਮਲਿਆਂ ਤੋਂ ਬਾਅਦ ਸਿੱਖਾਂ ਦੇ ਦਰਪੇਸ਼ ਆਈਆਂ ਮੁਸ਼ਕਿਲਾਂ ਲਈ ਵੀ ਇਸ ਫ਼ਿਲਮ ਨੇ ਕੰਮ ਕੀਤਾ।
ਦਰਅਸਲ ਅਮਰੀਕਾ ਵਿੱਚ ਆਮ ਲੋਕਾਂ ਨੂੰ ਸਿੱਖਾਂ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ ਜਿਸ ਕਾਰਨ ਸਿੱਖ ਵੀ ਕਈ ਵਾਰ ਹਮਲੇ ਦਾ ਸ਼ਿਕਾਰ ਹੋਏ ਹਨ।
ਇਸ ਦਸਤਾਵੇਜ਼ੀ ਫਿਲਮ ਨੂੰ ਅਮਰੀਕਾ ਦੇ ਵੱਖ ਵੱਖ ਹਿੱਸਿਆਂ ਵਿੱਚ ਕਈ ਵਾਰ ਦਿਖਾਇਆ ਗਿਆ ਹੈ ਤਾਂ ਜੋ ਲੋਕਾਂ ਨੂੰ ਸਿੱਖਾਂ ਬਾਰੇ ਜਾਣਕਾਰੀ ਮਿਲੇ।
ਉਨ੍ਹਾਂ ਦੇ ਮਾਤਾ ਗੁਰਮੀਤ ਕੌਰ ਇੱਕ ਲੇਖਿਕਾ ਹਨ ਜਿਨ੍ਹਾਂ ਨੇ ਬਾਲ ਸਾਹਿਤ ਦੇ ਖੇਤਰ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ ਪੰਜਾਬ ਅਤੇ ਵਿਦੇਸ਼ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੰਮ ਕੀਤਾ ਹੈ।
ਇਹ ਵੀ ਪੜ੍ਹੋ-