ਦਲਿਤ ਵਿਦਿਆਰਥੀ ਦੀ ਮੌਤ: ਕੀ ਘੜੇ ਵਿੱਚੋਂ ਪਾਣੀ ਪੀਣ ਕਰਕੇ ਕੁੱਟਿਆ ਗਿਆ ਬੱਚਾ, ਕੀ ਤੱਥ ਸਾਹਮਣੇ ਆਏ

    • ਲੇਖਕ, ਮੋਹਰ ਸਿੰਘ ਮੀਣਾ
    • ਰੋਲ, ਬੀਬੀਸੀ ਸਹਿਯੋਗੀ, ਰਾਜਸਥਾਨ ਤੋਂ

ਜਲੌਰ ਜ਼ਿਲ੍ਹਾ ਹੈੱਡਕੁਆਰਟਰ ਤੋਂ 75 ਕਿਲੋਮੀਟਰ ਦੂਰ ਬਾਗੋੜਾ ਸੜਕ ਦੇ ਦੋਵੇਂ ਪਾਸੇ ਵਸੇ ਸੁਰਾਣਾ ਪਿੰਡ ਦੇ ਸਰਸਵਤੀ ਵਿੱਦਿਆ ਮੰਦਰ ਸਕੂਲ ਦੀ ਖਸਤਾ ਇਮਾਰਤ ਦੇ ਇੱਕ ਕਮਰੇ 'ਚ ਕਈ ਦਿਨ ਪਹਿਲਾਂ ਬਣਾਈ ਗਈ ਰੋਟੀ, ਸਬਜ਼ੀ ਅਤੇ ਦਹੀਂ ਉਂਝ ਹੀ ਪਿਆ ਹੈ।

ਕੋਲ ਹੀ ਇੱਕ ਮੰਜਾ ਵੀ ਪਿਆ ਹੋਇਆ ਹੈ। ਇੱਥੇ ਕੁਝ ਕੱਪੜੇ ਰੱਸੀ 'ਤੇ ਟੰਗੇ ਹੋਏ ਹਨ ਅਤੇ ਬਾਕੀ ਸਾਮਾਨ ਇੱਧਰ-ਉੱਧਰ ਖਿਲਰਿਆ ਪਿਆ ਹੈ।

ਇਹ ਸਕੂਲ ਦੇ ਸੰਚਾਲਕ ਅਤੇ ਅਧਿਆਪਕ ਛੈਲ ਸਿੰਘ ਦਾ ਕਮਰਾ ਹੈ, ਜਿਨ੍ਹਾਂ ਨੂੰ ਇੱਕ ਦਲਿਤ ਵਿਦਿਆਰਥੀ ਦੀ ਮੌਤ ਦੇ ਮਾਮਲੇ 'ਚ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ।

ਅਧਿਆਪਕ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਇੱਕ ਦਲਿਤ ਵਿਦਿਆਰਥੀ ਨੂੰ ਇੱਕ ਘੜੇ ਦਾ ਪਾਣੀ ਪੀਣ ਕਰਕੇ ਇੰਨਾ ਕੁੱਟਿਆ ਕਿ ਬਾਅਦ ਵਿੱਚ ਉਸ ਵਿਦਿਆਰਥੀ ਦੀ ਹਸਪਤਾਲ 'ਚ ਮੌਤ ਹੋ ਗਈ।

ਬਾਗੋੜਾ ਰੋਡ ਤੋਂ ਲਗਭਗ ਪੰਜ ਕਿਲੋਮੀਟਰ ਅੱਗੇ ਇੱਕ ਘਰ ਅੱਗੇ ਸੈਂਕੜੇ ਹੀ ਲੋਕ ਇੱਕਠੇ ਹੋਏ ਹਨ। ਇਹ ਘਰ ਉਸ 9 ਸਾਲਾ ਦਲਿਤ ਵਿਦਿਆਰਥੀ ਇੰਦਰ ਕੁਮਾਰ ਮੇਘਵਾਲ ਦਾ ਹੈ, ਜਿਸ ਦੀ ਮੌਤ ਹੋ ਗਈ ਹੈ।

ਇੱਥੇ ਗੱਡੀਆਂ ਰਾਹੀਂ ਲੋਕਾਂ ਦਾ ਆਉਣਾ-ਜਾਣਾ ਲਗਾਤਾਰ ਜਾਰੀ ਹੈ।

ਲੋਕਾਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ ਇੱਥੇ ਇੱਕ ਡੀਐਸਪੀ, ਇੱਕ ਇੰਸਪੈਕਟਰ ਸਮੇਤ ਕਈ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ। ਇੱਕ ਖੇਤ 'ਚ ਵਾਹਨਾਂ ਦੀ ਪਾਰਕਿੰਗ ਦਾ ਬੰਦੋਬਸਤ ਕੀਤਾ ਗਿਆ ਹੈ।

ਸੁਰਾਣਾ ਪਿੰਡ 'ਚ ਮ੍ਰਿਤਕ ਬੱਚੇ ਦੇ ਪਰਿਵਾਰ ਨੂੰ ਮਿਲਣ ਲਈ ਰਾਜਸਥਾਨ ਸਮੇਤ ਗੁਜਰਾਤ ਤੋਂ ਵੱਡੀ ਗਿਣਤੀ 'ਚ ਲੋਕ ਆ ਰਹੇ ਹਨ।

ਮ੍ਰਿਤਕ ਬੱਚੇ ਦੀ ਮਾਂ ਦਾ ਕੀ ਕਹਿਣਾ ਹੈ

ਲੋਕਾਂ ਦੀ ਭੀੜ 'ਚੋਂ ਲੰਘਦਿਆਂ ਅਸੀਂ ਇੰਦਰ ਕੁਮਾਰ ਦੀ ਮਾਤਾ ਪਵਨੀ ਦੇਵੀ ਕੋਲ ਪਹੁੰਚੇ।

ਲਾਲ ਰੰਗ ਦੀ ਚੁੰਨੀ ਲਈ, ਹੱਥ ਜੋੜ ਕੇ ਬੈਠੀ ਪਵਨੀ ਦੇਵੀ ਨੇ ਦੱਸਿਆ, "ਇੰਦਰ ਨੇ ਘਰ ਆ ਕੇ ਦੱਸਿਆ ਕਿ ਅਧਿਆਪਕ ਜੀ ਨੇ ਉਸ ਨੂੰ ਘੜੇ 'ਚੋਂ ਪਾਣੀ ਪੀਣ ਕਰਕੇ ਬਹੁਤ ਕੁੱਟਿਆ ਹੈ। ਇੰਦਰ ਦੇ ਕੰਨ 'ਚ ਦਰਦ ਹੋ ਰਿਹਾ ਸੀ, ਫਿਰ ਅਸੀਂ ਉਸ ਨੂੰ ਹਸਪਤਾਲ ਲੈ ਕੇ ਗਏ।"

ਇੰਦਰ ਦੀ ਮਾਂ ਨਾਲ ਗੱਲਬਾਤ ਕਰਦਿਆਂ ਘਰ 'ਚ ਸ਼ਰਧਾਂਜਲੀ ਸਭਾ 'ਚ ਬੈਠੇ ਇੰਦਰ ਦੇ ਪਿਤਾ ਦੇਵਾਰਾਮ ਮੇਘਵਾਲ ਵੀ ਉੱਥੇ ਹੀ ਆ ਗਏ।

ਉਨ੍ਹਾਂ ਨੇ ਸਾਨੂੰ ਦੱਸਿਆ, "ਇੰਨ੍ਹਾਂ ਦੀ (ਇੰਦਰ ਦੀ ਮਾਂ) ਸਿਹਤ ਕੁਝ ਠੀਕ ਨਹੀਂ ਹੈ ਅਤੇ ਡਾਕਟਰ ਨੇ ਜ਼ਿਆਦਾ ਬੋਲਣ ਤੋਂ ਮਨ੍ਹਾਂ ਕੀਤਾ ਹੈ।"

ਕੀ ਕਿਹਾ ਬੱਚੇ ਦੇ ਪਿਤਾ ਨੇ

ਇੰਦਰ ਦੇ ਪਿਤਾ ਦੇਵਾਰਾਮ ਮੇਘਵਾਲ ਨੇ ਚਿੱਟੇ ਰੰਗ ਦੀ ਧੋਤੀ ਅਤੇ ਕਮੀਜ਼ ਪਾਈ ਹੋਈ ਸੀ ਅਤੇ ਉਨ੍ਹਾਂ ਨੇ ਸਿਰ 'ਤੇ ਪਰਨਾ ਧਰਿਆ ਹੋਇਆ ਸੀ।

ਉਨ੍ਹਾਂ ਨੇ ਦੱਸਿਆ, "ਇੰਦਰ ਨੇ ਦੱਸਿਆ ਸੀ ਕਿ ਉਸ ਨੂੰ ਮਾਸਟਰ ਜੀ ਨੇ ਕੁੱਟਿਆ ਹੈ ਕਿਉਂਕਿ ਉਸ ਨੇ ਘੜੇ 'ਚੋਂ ਪਾਣੀ ਪੀਤਾ ਸੀ। ਇੰਦਰ ਦੀ ਨਾੜ ਬਲੌਕ ਹੋ ਗਈ ਅਤੇ ਉਸ ਦੇ ਹੱਥ-ਪੈਰ ਕੰਮ ਨਹੀਂ ਕਰ ਰਹੇ ਸਨ।"

ਉਨ੍ਹਾਂ ਨੇ ਅੱਗੇ ਦੱਸਿਆ, "ਕਈ ਥਾਂਵਾਂ 'ਤੇ ਇਲਾਜ ਕਰਵਾਉਣ ਦੇ ਬਾਵਜੂਦ ਵੀ ਆਰਾਮ ਨਹੀਂ ਆ ਰਿਹਾ ਸੀ। ਅਹਿਮਦਾਬਾਦ 'ਚ ਟੈਸਟ ਕਰਵਾਏ ਤਾਂ ਉਨ੍ਹਾਂ ਤੋਂ ਪਤਾ ਲੱਗਾ ਕਿ ਅੰਦਰੂਨੀ ਸੱਟ ਲੱਗੀ ਹੈ।"

ਦੂਜੇ ਪਾਸੇ ਡਾਕਟਰ ਅਤੇ ਸਕੂਲ ਦੇ ਹੋਰ ਅਧਿਆਪਕਾਂ ਦਾ ਕਹਿਣਾ ਹੈ ਕਿ ਇੰਦਰ ਨੂੰ ਕਈ ਸਾਲਾਂ ਤੋਂ ਕੰਨ ਦੀ ਇਨਫੈਕਸ਼ਨ ਸੀ।

ਹਾਲਾਂਕਿ ਇਸ ਸਵਾਲ 'ਤੇ ਇੰਦਰ ਦੇ ਪਿਤਾ ਦੇਵਾਰਾਮ ਮੇਘਵਾਲ ਦਾ ਕਹਿਣਾ ਹੈ, "ਇੰਦਰ ਬਿਲਕੁਲ ਠੀਕ-ਠਾਕ ਸੀ, ਉਸ ਨੂੰ ਕੋਈ ਬਿਮਾਰੀ ਨਹੀਂ ਸੀ।"

"ਸਕੂਲ ਵਾਲਿਆਂ 'ਤੇ ਪਿੰਡ ਵਾਸੀਆਂ ਦਾ ਦਬਾਅ ਹੈ। ਇੱਥੇ ਬਹੁਤ ਵਧੇਰੇ ਜਾਤੀਵਾਦ ਹੈ। ਸਾਡੀ ਤਾਂ ਇੱਕੋ ਮੰਗ ਹੈ ਕਿ ਜਾਤੀਵਾਦ ਨੂੰ ਜੜੋਂ ਖਤਮ ਕੀਤਾ ਜਾਵੇ।"

ਜਾਲੌਰ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਦਾ ਹਵਾਲਾ ਦਿੰਦਿਆਂ ਕੈਮਰੇ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਉੱਥੇ ਹੀ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਇੱਕ ਡਾਕਟਰ ਨੇ ਬੀਬੀਸੀ ਨੂੰ ਦੱਸਿਆ, "ਬੱਚੇ ਦਾ ਲਗਭਗ ਦੋ ਸਾਲਾਂ ਤੋਂ ਇਲਾਜ ਚੱਲ ਰਿਹਾ ਸੀ। ਉਸ ਦੇ ਕੰਨ 'ਚ ਇਨਫੈਕਸ਼ਨ ਸੀ।"

ਜਾਲੌਰ ਦੇ ਐੱਸਪੀ ਹਰਸ਼ ਵਰਧਨ ਅਗਰਵਾਲ ਨੇ ਕਿਹਾ, "ਬੱਚੇ ਨੂੰ ਕੋਈ ਬਿਮਾਰੀ ਸੀ ਜਾਂ ਫਿਰ ਨਹੀਂ, ਇਸ ਮਾਮਲੇ ਦੀ ਜਾਂਚ ਅਜੇ ਕੀਤੀ ਜਾ ਰਹੀ ਹੈ।"

ਸਰਵਸਤੀ ਵਿੱਦਿਆ ਮੰਦਰ ਸਕੂਲ

ਸੁਰਾਣਾ ਪਿੰਡ ਦੇ ਸਰਵਸਤੀ ਵਿੱਦਿਆ ਮੰਦਰ ਸਕੂਲ ਵਿੱਚ ਪੱਤਰਕਾਰਾਂ ਦਾ ਵੱਡਾ ਇੱਕਠ ਹੈ। ਉੱਥੇ ਦੋ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਸਕੂਲ ਦੇ ਇੱਕ ਵੱਡੇ ਐਂਟਰੀ ਗੇਟ ਦੇ ਬਿਲਕੁਲ ਨਜ਼ਦੀਕ ਸੱਜੇ ਹੱਥ ਤਿੰਨ ਪਾਸਿਆਂ ਤੋਂ ਕੰਧ ਨਾਲ ਬਣਿਆ ਬਿਨਾਂ ਗੇਟ ਵਾਲਾ ਇੱਕ ਕਲਾਸਰੂਮ ਹੈ। ਇੱਥੇ ਤੀਜੀ ਕਲਾਸ ਚੱਲਦੀ ਸੀ ਅਤੇ ਮ੍ਰਿਤਕ ਵਿਦਿਆਰਥੀ ਇੰਦਰ ਕੁਮਾਰ ਮੇਘਵਾਲ ਵੀ ਇਸੇ ਜਮਾਤ 'ਚ ਪੜ੍ਹਦਾ ਸੀ।

ਸਕੂਲ ਦੇ ਅੰਦਰ ਦਾਖਲ ਹੁੰਦਿਆਂ ਹੀ ਖੱਬੇ ਪਾਸੇ ਕੁਝ ਦੂਰੀ 'ਤੇ ਸੀਮੰਟ ਦੀ ਬਣੀ ਪਾਣੀ ਦੀ ਇੱਕ ਵੱਡੀ ਟੈਂਕੀ ਹੈ। ਇਸ ਵਿੱਚ ਦੋ ਟੂਟੀਆਂ ਲੱਗੀਆਂ ਹੋਈਆਂ ਹਨ। ਇਸ ਦੇ ਸਾਹਮਣੇ ਕੰਧ ਦੇ ਨਾਲ-ਨਾਲ ਟਿਨਸ਼ੈੱਡ ਦੇ ਹੇਠਾਂ ਕੁਝ ਦਰੀਆਂ ਰੱਖੀਆਂ ਹੋਈਆਂ ਹਨ। ਇੱਥੇ ਵੀ ਕਲਾਸ ਲੱਗਿਆ ਕਰਦੀ ਸੀ।

ਸਕੂਲ ਦੀ ਮੁੱਖ ਇਮਾਰਤ ਵਿੱਚ ਦਾਖਲ ਹੁੰਦਿਆ ਹੀ ਕਈ ਛੋਟੇ-ਛੋਟੇ ਕਮਰੇ ਹਨ। ਇੱਥੇ ਕਲਾਸਾਂ ਲੱਗਦੀਆਂ ਹਨ। ਮੀਂਹ ਪੈਣ ਦੇ ਕਾਰਨ ਥਾਂ-ਥਾਂ ਤੋਂ ਪਾਣੀ ਟਪਕ ਰਿਹਾ ਸੀ। ਕਮਰਿਆਂ 'ਚ ਕੁਝ ਬੱਚਿਆਂ ਦੇ ਬਸਤੇ ਪਏ ਹੋਏ ਸਨ। ਕਈ ਕਮਰੇ ਤਾਂ ਗੰਦਗੀ ਨਾਲ ਭਰੇ ਪਏ ਸਨ।

ਸਕੂਲ ਦੇ ਅਧਿਆਪਕ ਅਜਮਲ ਰਾਮ ਦਾ ਕਹਿਣਾ ਹੈ, "ਇਹ ਸਕੂਲ ਸਾਲ 2004 'ਚ ਸ਼ੁਰੂ ਹੋਇਆ ਸੀ। ਇਹ ਪਹਿਲਾਂ ਇਸੇ ਪਿੰਡ ਦੇ ਇੱਕ ਵਿਅਕਤੀ ਦਾ ਘਰ ਸੀ, ਜਿਸ ਨੂੰ ਬਾਅਦ 'ਚ ਸਕੂਲ 'ਚ ਤਬਦੀਲ ਕਰ ਦਿੱਤਾ ਗਿਆ। ਇਸ ਕਰਕੇ ਇਸ ਸਕੂਲ ਦੀ ਬਣਾਵਟ ਇੱਕ ਘਰ ਵਰਗੀ ਹੀ ਹੈ।"

ਛੈਲ ਸਿੰਘ ਦਾ ਕਮਰਾ

ਸਕੂਲ ਦੇ ਆਖਰੀ ਹਿੱਸੇ 'ਚ ਬਣੇ ਕਮਰਿਆਂ 'ਚ ਦੋਸ਼ੀ ਅਧਿਆਪਕ ਛੈਲ ਸਿੰਘ ਰਹਿੰਦੇ ਸਨ। ਅਜਮਲ ਰਾਮ ਅਤੇ ਮਾਵਾ ਰਾਮ ਭੀਲ ਵੀ ਛੈਲ ਸਿੰਘ ਦੇ ਨਾਲ ਹੀ ਇੰਨ੍ਹਾਂ ਕਮਰਿਆਂ 'ਚ ਰਹਿੰਦੇ ਸਨ।

ਅਜਮਲ ਰਾਮ ਨੇ ਦੱਸਿਆ, "ਛੈਲ ਸਿੰਘ ਅਤੇ ਅਸੀਂ ਇੱਕਠੇ ਖਾਣਾ ਤਿਆਰ ਕਰਦੇ ਸੀ ਅਤੇ ਇੱਕਠੇ ਹੀ ਰਹਿੰਦੇ ਸੀ। ਸਾਡੇ ਦਰਮਿਆਨ ਕਦੇ ਵੀ ਜਾਤੀਵਾਦ ਵਰਗੀ ਕੋਈ ਗੱਲ ਨਹੀਂ ਆਈ।"

ਸਕੂਲ 'ਚ 352 ਬੱਚੇ ਪੜ੍ਹਦੇ ਹਨ ਅਤੇ ਸੱਤ ਅਧਿਆਪਕ ਹਨ। ਇੰਨ੍ਹਾਂ 'ਚੋਂ ਪੰਜ ਅਧਿਆਪਕ ਅਨੁਸੂਚਿਤ ਜਾਤੀ ਅਤੇ ਜਨਜਾਤੀ ਨਾਲ ਸਬੰਧ ਰੱਖਦੇ ਹਨ ਅਤੇ ਇੱਕ ਓਬੀਸੀ ਅਤੇ ਇੱਕ ਜਨਰਲ ਵਰਗ ਨਾਲ ਸਬੰਧਤ ਹਨ। ਛੈਲ ਸਿੰਘ ਜਨਰਲ ਵਰਗ ਦੇ ਹਨ।

ਕੀ ਸਕੂਲ 'ਚ ਘੜਾ ਸੀ ?

ਸਕੂਲ ਦੀ ਟੁੱਟੀ-ਫੁੱਟੀ ਇਮਾਰਤ ਦੇ ਛੋਟੇ-ਛੋਟੇ ਕਮਰਿਆਂ 'ਚ ਹੀ ਸਕੂਲ ਚੱਲ ਰਿਹਾ ਹੈ। ਇੱਕ ਮੰਜ਼ਿਲਾ ਇਮਾਰਤ ਦੀਆਂ ਜ਼ਿਆਦਾਰ ਕੰਧਾਂ 'ਤੇ ਬਲੈਕ ਬੋਰਡ ਬਣਾਇਆ ਗਿਆ ਹੈ। ਕਮਰਿਆਂ ਦੇ ਵਿਚਾਲੇ ਇੱਕ ਬਰਾਂਡਾ ਵੀ ਹੈ।

ਸਕੂਲ ਵਿੱਚ ਘੜਾ ਰੱਖਣ ਲਈ ਵੱਖ-ਵੱਖ ਥਾਵਾਂ 'ਤੇ ਦੋ ਘੜਾ ਰੱਖਣ ਦੀਆਂ ਜਗ੍ਹਾਂ ਬਣੀਆਂ ਹੋਈਆਂ ਹਨ। ਹਾਲਾਂਕਿ, ਇਸ ਸਮੇਂ ਇੱਥੇ ਪਾਣੀ ਪੀਣ ਲਈ ਘੜਾ ਜਾਂ ਕੋਈ ਹੋਰ ਭਾਂਡਾ ਨਹੀਂ ਰੱਖਿਆ ਗਿਆ ਹੈ।

ਮ੍ਰਿਤਕ ਇੰਦਰ ਕੁਮਾਰ ਮੇਘਵਾਲ ਦੇ ਪਿਤਾ ਨੇ ਦੱਸਿਆ, "ਅਸੀਂ ਕਈ ਵਾਰ ਸਕੂਲ ਜਾਂਦੇ ਸੀ। ਉੱਥੇ ਘੜਾ ਹੁੰਦਾ ਸੀ, ਪਰ ਘੜਾ ਉੱਥੋਂ ਹਟਾ ਦਿੱਤਾ ਗਿਆ ਹੈ। ਇੰਦਰ ਨੇ 20 ਜੁਲਾਈ ਨੂੰ ਘਰ ਆ ਕੇ ਦੱਸਿਆ ਕਿ ਘੜੇ 'ਚੋਂ ਪਾਣੀ ਪੀਣ ਕਰਕੇ ਛੈਲ ਸਿੰਘ ਨੇ ਉਸ ਨੂੰ ਕੁੱਟਿਆ ਸੀ।"

ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਸਕੂਲ 'ਚ ਘੜਾ ਹੋਣ ਦੀ ਗੱਲ ਤੋਂ ਇਨਕਾਰ ਕਰ ਰਹੇ ਹਨ, ਇਸ ਸਵਾਲ 'ਤੇ ਇੰਦਰ ਦੇ ਪਿਤਾ ਦੇਵਾਰਾਮ ਦਾ ਕਹਿਣਾ ਹੈ, "ਸਕੂਲ ਵਾਲਿਆਂ ਉੱਤੇ ਪਿੰਡ ਵਾਲਿਆਂ ਦਾ ਦਬਾਅ ਹੈ। ਉਹ ਝੂਠ ਬੋਲ ਰਹੇ ਹਨ। ਘੜਾ ਸੀ, ਪਰ ਹੁਣ ਉਨ੍ਹਾਂ ਨੇ ਘੜਾ ਹਟਾ ਦਿੱਤਾ ਹੈ।"

ਸਕੂਲ 'ਚ ਮੌਜੂਦ ਇੱਕ ਅਧਿਆਪਕ ਚੇਤਨ ਪ੍ਰਜਾਪਤ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, "ਮੈਂ ਪਿਛਲੇ ਡੇਢ ਤੋਂ ਸਕੂਲ 'ਚ ਪੜ੍ਹਾ ਰਿਹਾ ਹਾਂ। ਮੈਂ ਕਦੇ ਵੀ ਇੱਥੇ ਕੋਈ ਘੜਾ ਨਹੀਂ ਵੇਖਿਆ ਹੈ ਅਤੇ ਨਾ ਹੀ ਕਦੇ ਵੀ ਕਿਸੇ ਬੱਚੇ ਨਾਲ ਕੋਈ ਵਿਤਕਰਾ ਹੋਇਆ ਹੈ। ਅਸੀਂ ਸਾਰੇ ਇੱਥੇ ਮਿਲਜੁਲ ਕੇ ਰਹਿੰਦੇ ਹਾਂ।"

ਇਹ ਵੀ ਪੜ੍ਹੋ-

ਅਧਿਆਪਕ ਚੇਤਨ ਸੀਮਿੰਟ ਦੀ ਵੱਡੀ ਟੈਂਕੀ ਵੱਲ ਇਸ਼ਾਰਾ ਕਰਦਿਆਂ ਕਹਿੰਦੇ ਹਨ, "ਸਾਰੇ ਬੱਚੇ ਅਤੇ ਸਕੂਲ ਦਾ ਸਟਾਫ਼ ਵੀ ਇੱਥੋਂ ਹੀ ਪਾਣੀ ਪੀਂਦਾ ਹੈ।"

ਜਦੋਂ ਚੇਤਨ ਸਾਡੇ ਨਾਲ ਗੱਲ ਕਰ ਰਹੇ ਸਨ, ਉਸ ਸਮੇਂ ਸਕੂਲ 'ਚ ਪਾਣੀ ਦੇ ਦੋ ਕੈਂਪਰ ਰੱਖੇ ਹੋਏ ਸਨ।

ਜਦੋਂ ਸਾਰੇ ਟੈਂਕੀ ਤੋਂ ਹੀ ਪਾਣੀ ਪੀਂਦੇ ਹਨ ਤਾਂ ਫਿਰ ਇਹ ਪਾਣੀ ਦੇ ਕੈਂਪਰ ਕਿਉਂ ਰੱਖੇ ਹੋਏ ਹਨ, ਇਸ ਸਵਾਲ ਦੇ ਜਵਾਬ 'ਚ ਚੇਤਨ ਨੇ ਕਿਹਾ, " ਅੱਜ ਪਿੰਡ ਦੇ ਲੋਕ ਅਤੇ ਬਾਹਰੋਂ ਕੁਝ ਅਧਿਕਾਰੀ ਆਏ ਸਨ, ਇਸ ਲਈ ਇਹ ਕੈਂਪਰ ਮੰਗਵਾਏ ਗਏ ਸਨ।"

ਸਕੂਲ ਦੇ ਇੱਕ ਸੱਤਵੀਂ ਜਮਾਤ ਦੇ ਵਿਦਿਆਰਥੀ ਨੇ ਬੀਬੀਸੀ ਨੂੰ ਦੱਸਿਆ, "ਸਕੂਲ 'ਚ ਕਦੇ ਵੀ ਕੋਈ ਘੜਾ ਨਹੀ ਸੀ। ਅਸੀਂ ਸਾਰੇ ਟੈਂਕੀ ਦੀ ਟੂਟੀ ਤੋਂ ਹੀ ਪਾਣੀ ਪੀਂਦੇ ਹਾਂ।"

ਸਕੂਲ 'ਚ ਹੀ ਤਾਇਨਾਤ ਕੁਝ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਘੜੇ ਦਾ ਮੁੱਦਾ ਬਣਾਇਆ ਜਾ ਰਿਹਾ ਹੈ, ਜਦੋਂ ਕਿ ਸਕੂਲ ਅਤੇ ਸੰਚਾਲਕ ਦੀ ਹਾਲਤ ਵੇਖ ਕੇ ਲੱਗਦਾ ਨਹੀਂ ਹੈ ਕਿ ਅਜਿਹਾ ਕੁਝ ਵਾਪਰਿਆ ਹੋਵੇਗਾ।

ਜਿਵੇਂ ਕਿ ਮ੍ਰਿਤਕ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਘੜੇ ਦਾ ਪਾਣੀ ਪੀਣ ਕਰਕੇ ਹੀ ਇੰਦਰ ਦੀ ਕੁੱਟਮਾਰ ਹੋਈ ਹੈ। ਕੀ ਸੱਚਮੁੱਚ ਸਕੂਲ 'ਚ ਘੜਾ ਨਹੀਂ ਸੀ, ਬੀਬੀਸੀ ਦੇ ਇਸ ਸਵਾਲ 'ਤੇ ਐਸਪੀ ਹਰਸ਼ ਵਰਧਨ ਅਗਰਵਾਲ ਨੇ ਕਿਹਾ, "ਅਜੇ ਇਸ ਮਾਮਲੇ ਦੀ ਪੁਸ਼ਟੀ ਨਹੀਂ ਹੋਈ ਹੈ। ਅਸੀਂ ਜਾਂਚ ਕਰ ਰਹੇ ਹਾਂ।"

ਹੁਣ ਤੱਕ ਕੀ ਹੋਇਆ ਹੈ?

ਸੁਰਾਣਾ ਪਿੰਡ ਤੋਂ ਵਾਪਸ ਪਰਤਦਿਆਂ ਤਕਰੀਬਨ 15 ਕਿਲੋਮੀਟ ਅੱਗੇ ਸਿਆਵਟ ਖੇਤਰ ਵਿੱਚ ਸੜਕ 'ਤੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਵਿਦਿਆਰਥੀ ਦੀ ਮੌਤ ਦੇ ਵਿਰੋਧ ਵਿੱਚ ਇੱਕਠੇ ਹੋਏ ਲੋਕ ਜ਼ੋਰਦਾਰ ਨਾਆਰੇਬਾਜ਼ੀ ਕਰ ਰਹੇ ਸਨ। ਉੱਥੇ ਵੱਡੀ ਗਿਣਤੀ 'ਚ ਪੁਲਿਸ ਵੀ ਤਾਇਨਾਤ ਸੀ।

ਜਿਸ ਸਮੇਂ ਸਿਆਵਟ 'ਚ ਲੋਕ ਇਕਜੁੱਟ ਹੋ ਰਹੇ ਸਨ, ਉਸ ਸਮੇਂ ਜਾਲੌਰ ਵਿਖੇ 36 ਭਾਈਚਾਰਿਆਂ ਦੇ ਲੋਕਾਂ ਨੇ ਇੱਕਠੇ ਹੋ ਕੇ ਸੜਕ ਜਾਮ ਕਰ ਦਿੱਤੀ ਸੀ। ਇਸ ਦੌਰਾਨ ਲੋਕਾਂ ਨੇ ਕਲੈਕਟਰ ਅਤੇ ਐਸਪੀ ਦੀ ਮੌਜੂਦਗੀ 'ਚ ਮੰਗ ਪੱਤਰ ਸੌਂਪਿਆ।

ਸਾਡੇ ਪਿੰਡ ਸੁਰਾਣਾ ਹੋਣ ਤੋਂ ਪਹਿਲਾਂ ਚਿਰਾਗ ਪਾਸਵਾਨ ਵੀ ਮ੍ਰਿਤਕ ਵਿਦਿਆਰਥੀ ਦੇ ਘਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਪਹੁੰਚੇ ਸਨ।

ਏਡੀਜੀ (ਕ੍ਰਾਈਮ) ਰਵੀ ਪ੍ਰਕਾਸ਼ ਮਹਿਰਾ ਵੀ ਸਕੂਲ ਪਹੁੰਚੇ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ।

ਮ੍ਰਿਤਕ ਬੱਚੇ ਦੇ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਕਿ 20 ਜੁਲਾਈ ਨੂੰ ਉਨ੍ਹਾਂ ਦੇ ਬੱਚੇ ਨੂੰ ਸਕੂਲ ਦੇ ਅਧਿਆਪਕ ਨੇ ਕੁੱਟਿਆ ਸੀ। ਇਸ ਤੋਂ ਬਾਅਦ ਇੰਦਰ ਦੇ ਕੰਨ 'ਚ ਦਰਦ ਹੋਣ ਲੱਗੀ ਅਤੇ 23 ਦਿਨਾਂ ਤੱਕ ਉਸ ਨੂੰ ਜਾਲੌਰ , ਉਦੈਪੁਰ ਅਤੇ ਅਹਿਮਦਾਬਾਦ ਦੇ ਕਈ ਹਸਪਤਾਲਾਂ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਪਰ 13 ਅਗਸਤ ਨੂੰ ਉਸ ਦੀ ਮੌਤ ਹੋ ਗਈ।

ਦੋਸ਼ੀ ਅਧਿਆਪਕ ਦੇ ਖਿਲਾਫ 13 ਅਗਸਤ ਨੂੰ ਬੱਚੇ ਦੀ ਮੌਤ ਤੋਂ ਬਾਅਦ ਹੀ ਪਰਿਵਾਰ ਦੀ ਸ਼ਿਕਾਇਤ 'ਤੇ ਕਤਲ ਅਤੇ ਐਸਸੀ/ਐਸਟੀ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਸ ਮਾਮਲੇ 'ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਮੁੱਖ ਮੰਤਰੀ ਰਾਹਤ ਫੰਡ 'ਚੋਂ ਪੰਜ ਲੱਖ ਰੁਪਏ, ਸਮਾਜ ਭਲਾਈ ਵਿਭਾਗ ਵੱਲੋਂ ਚਾਰ ਲੱਖ ਰੁਪਏ ਅਤੇ ਸੂਬਾ ਕਾਂਗਰਸ ਕਮੇਟੀ ਨੇ ਵੀਹ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਪੁਲਿਸ ਨੂੰ ਵਿਦਿਆਰਥੀ ਦੀ ਪੋਸਟਮਾਰਟਮ ਰਿਪੋਰਟ ਮਿਲ ਗਈ ਹੈ, ਹਾਲਾਂਕਿ ਪੁਲਿਸ ਰਿਪੋਰਟ ਨੂੰ ਜਨਤਕ ਨਹੀਂ ਕਰ ਰਹੀ ਹੈ। ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਬੱਚੇ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।

ਰਾਜਸਥਾਨ ਤੋਂ ਦਿੱਲੀ ਤੱਕ ਇਸ ਘਟਨਾ ਦਾ ਵਿਰੋਧ ਹੋ ਰਿਹਾ ਹੈ।

ਫਿਲਹਾਲ ਜਾਲੌਰ ਦੇ ਸੀਓ ਹਿੰਮਤ ਸਿੰਘ ਨੂੰ ਇਸ ਮਾਮਲੇ ਦੀ ਜਾਂਚ ਸੌਂਪੀ ਗਈ ਹੈ।

ਹੁਣ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਸ ਗੱਲ ਦੀ ਪੁਸ਼ਟੀ ਹੋਵੇਗੀ ਕਿ ਵਿਦਿਆਰਥੀ ਦੇ ਕੰਨ 'ਚ ਇਨਫੈਕਸ਼ਨ ਸੀ ਜਾਂ ਫਿਰ ਨਹੀਂ, ਅਧਿਆਪਕ ਨੇ ਸਿਰਫ ਇੱਕ ਥੱਪੜ ਮਾਰਿਆ ਸੀ ਜਾਂ ਕੁੱਟਿਆ ਸੀ।

ਸਕੂਲ 'ਚ ਘੜਾ ਸੀ ਜਾਂ ਨਹੀਂ, ਘੜੇ ਦਾ ਪਾਣੀ ਪੀਣ ਕਰਕੇ ਹੀ ਅਧਿਆਪਕ ਵੱਲੋਂ ਵਿਤਕਰਾ ਕਰਦਿਆਂ ਕੁੱਟਮਾਰ ਨੂੰ ਅੰਜਾਮ ਦਿੱਤਾ ਜਾਂ ਕੁਝ ਹੋਰ ਕਾਰਨ ਰਹੇ। ਇੰਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਸਾਹਮਣੇ ਆਉਣਗੇ।

ਹਾਲਾਂਕਿ ਜਾਲੌਰ 'ਚ ਹਰ ਕਿਸੇ ਦੀ ਜ਼ੁਬਾਨ 'ਤੇ ਇੱਕ ਹੀ ਸਵਾਲ ਹੈ ਕਿ "ਆਖ਼ਰ ਸਕੂਲ 'ਚ ਘੜਾ ਸੀ ਜਾਂ ਫਿਰ ਨਹੀਂ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)