ਸਿੱਧੂ ਮੂਸੇਵਾਲਾ ਦੇ ਐੱਸਵਾਈਐੱਲ ਗੀਤ ਦਾ ਜਵਾਬ ਦੇਣ ਦੀ ਹਰਿਆਣਾ ਦੇ ਗਾਇਕਾਂ ’ਚ ਲੱਗੀ ਹੋੜ - ਪ੍ਰੈੱਸ ਰਿਵੀਊ

ਵੀਡੀਓ ਕੈਪਸ਼ਨ, ਐੱਸਵਾਈਐੱਲ ’ਤੇ ਸਿੱਧੂ ਮੂਸੇਵਾਲਾ ਦੇ ਗਾਣੇ ਨੂੰ ਹਰਿਆਣਵੀ ਗਾਣਿਆਂ ਰਾਹੀਂ ਜਵਾਬ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸਤਲੁਜ-ਯਮੁਨਾ ਲਿੰਕ (ਐੱਸਵਾਈਐੱਲ) 'ਤੇ ਗਾਣਾ ਰਿਲੀਜ਼ ਹੋਣ ਤੋਂ ਬਾਅਦ ਟ੍ਰੈਂਡ ਕਰਨ ਲੱਗਿਆ ਤਾਂ ਹਰਿਆਣਵੀ ਗਾਇਕਾਂ 'ਚ ਵੀ ਇਸ ਦਾ ਜਵਾਬ ਦੇਣ ਦੀ ਹੋੜ ਲੱਗ ਗਈ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਦੀ ਮੁਤਾਬਕ, ਹਰਿਆਣਵੀ ਗਾਇਕ ਮਾਸੂਮ ਸ਼ਰਮਾ ਨੇ 'ਐੱਸਵਾਈਐੱਲ-ਹਰਿਆਣਵੀ' ਨਾਂਅ ਦਾ ਗਾਣਾ ਰਿਲੀਜ਼ ਕੀਤਾ ਜਿਸ ਵਿੱਚ ਐੱਸਵਾਈਐਲ 'ਤੇ ਹਰਿਆਣਾ ਦਾ 50 ਫ਼ੀਸਦ ਹਿੱਸਾ ਹੋਣ ਦੀ ਗੱਲ ਕਹੀ।

ਇਸ ਗਾਣੇ ਦੇ ਬੋਲ ਹਨ, 'ਹੱਕ ਸੇ ਮੇਰਾ ਐੱਸਵਾਈਐੱਲ, ਤੁਪਕਾ-ਤੁਪਕਾ ਕੋਈ ਨੀ- ਪਾਣੀ ਆਧਾ ਲੈਵਾਂਗੇ'।

ਇਸ ਤਰ੍ਹਾਂ ਹੀ ਰਮਕੇਸ਼ ਜੀਵਨਪੁਰ ਵਾਲਾ ਨਾਂਅ ਦੇ ਹਰਿਆਣਵੀ ਗਾਇਕ ਨੇ ਵੀ ਗਾਣਾ ਰਿਲੀਜ਼ ਕੀਤਾ ਜਿਸ ਦੇ ਬੋਲ ਹਨ, 'ਮਾਰੇ ਹਰਿਆਣਾ ਕਾ ਹੱਕ ਮਾਰਨਾ ਅੱਛੀ ਬਾਤ ਨਹੀਂ'।

ਐੱਸਵਾਈਐੱਲ ਗੀਤ 24 ਜੂਨ ਨੂੰ ਹੋਇਆ ਸੀ ਰਿਲੀਜ਼

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ 24 ਜੂਨ ਨੂੰ ਉਨ੍ਹਾਂ ਦਾ ਗਾਣਾ ਐੱਸਵਾਈਐੱਲ ਰਿਲੀਜ਼ ਹੋਇਆ।

ਹਾਲਾਂਕਿ ਦੋ ਦਿਨ ਬਾਅਦ ਯਾਨਿ ਕਿ 26 ਜੂਨ ਨੂੰ ਇਸ ਗਾਣੇ ਨੂੰ ਯੂ-ਟਿਊਬ ਨੇ ਭਾਰਤ ਵਿੱਚ ਹਟਾ ਵੀ ਦਿੱਤਾ ਗਿਆ।

ਗਾਣਾ ਹਟਾਉਣ ਪਿੱਛੇ ਯੂ-ਟਿਊਬ ਨੇ ਸਰਕਾਰ ਵੱਲੋਂ ਕੀਤੀ ਸ਼ਿਕਾਇਤ ਦਾ ਹਵਾਲਾ ਦਿੱਤਾ।

ਯੂਟਿਊਬ ਉੱਪਰ ਇਸ ਗਾਣੇ ਨੂੰ ਦੋ ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਸਨ। ਇਸ ਗਾਣੇ ਵਿੱਚ ਐੱਸਵਾਈਐੱਲ ਅਤੇ ਸਿੱਖ ਕੈਦੀਆਂ ਦੀ ਰਿਹਾਈ ਸਣੇ ਕਈ ਮੁੱਦਿਆਂ ਬਾਰੇ ਜ਼ਿਕਰ ਕੀਤਾ ਗਿਆ ਸੀ।

ਸਤਲੁਜ ਯਮੁਨਾ ਲਿੰਕ ਨਹਿਰ ਦਾ ਵਿਵਾਦ ਕੀ ਹੈ

ਤਕਰੀਬਨ ਪੰਜ ਦਹਾਕੇ ਤੋਂ ਵੀ ਪੁਰਾਣੇ ਇਸ ਵਿਵਾਦ ਵਿੱਚ ਕਈ ਪੜਾਅ ਆਏ ਜਦੋਂ ਪੰਜਾਬ ਅਤੇ ਹਰਿਆਣਾ ਵਿਚਾਲੇ ਪਾਣੀ ਦੇ ਮੁੱਦੇ ਉੱਤੇ ਟਕਰਾਅ ਦੇ ਹਾਲਾਤ ਬਣੇ।

ਇਸ ਉੱਪਰ ਚਰਚਾ, ਰਾਜਨੀਤੀ, ਬੈਠਕਾਂ, ਵਿਧਾਨ ਸਭਾ ਸੈਸ਼ਨ ਅਤੇ ਅਦਾਲਤਾਂ ਵਿੱਚ ਸੁਣਵਾਈ ਲਗਾਤਾਰ ਜਾਰੀ ਰਹੀ।

ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਇੰਡਸ ਵਾਟਰ ਟਰੀਟੀ ਸਮਝੌਤੇ ਦੇ ਤਹਿਤ ਭਾਰਤ ਨੂੰ ਸਤਲੁਜ, ਰਾਵੀ ਅਤੇ ਬਿਆਸ ਦੇ ਪਾਣੀਆਂ ਦੀ ਵਰਤੋਂ ਦਾ ਹੱਕ ਮਿਲ ਗਿਆ ਸੀ।

ਸਿੱਧੂ ਮੂਸੇਵਾਲਾ

ਤਸਵੀਰ ਸਰੋਤ, fb/moosewala

1955 ਵਿੱਚ ਰਾਵੀ ਅਤੇ ਬਿਆਸ ਨਦੀ ਵਿੱਚ 15.85 ਮਿਲੀਅਨ ਏਕੜ ਫੁੱਟ ਪਾਣੀ ਸੀ। ਕੇਂਦਰ ਨੇ ਇਸ ਵਿੱਚੋਂ 7.2 ਐੱਮ ਐਫ ਪਾਣੀ ਪੰਜਾਬ ਨੂੰ ਦਿੱਤਾ, 8 ਐੱਮ ਐਫ ਰਾਜਸਥਾਨ ਦੇ ਹਿੱਸੇ ਆਇਆ। 0.65 ਐੱਮ ਐਫ ਜੰਮੂ-ਕਸ਼ਮੀਰ ਨੂੰ ਮਿਲਿਆ।

1966 ਵੱਚ ਹਰਿਆਣਾ ਦੇ ਬਣਿਆ..ਉਸੇ ਵੇਲੇ ਪੰਜਾਬ ਕੋਲ 7.2 ਮਿਲੀਅਨ ਏਕੜ ਫੁੱਟ ਪਾਣੀ ਸੀ

1976 ਦੇ ਦਹਾਕੇ ਵਿੱਚ ਐਮਰਜੈਂਸੀ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਦੋਵਾਂ ਸੂਬਿਆਂ ਨੂੰ 3.5-3.5 ਮਿਲੀਅਨ ਏਕੜ ਫੁੱਟ ਪਾਣੀ ਸਬੰਧੀ ਆਦੇਸ਼ ਜਾਰੀ ਕੀਤਾ ਗਿਆ। 0.2 ਮਿਲੀਅਨ ਏਕੜ ਫੁੱਟ ਦਿੱਲੀ ਦੇ ਹਿੱਸੇ ਵੀ ਗਿਆ

214 ਕਿਲੋਮੀਟਰ ਲੰਬੀ ਇਸ ਨਹਿਰ ਵਿੱਚੋਂ 122 ਕਿਲੋਮੀਟਰ ਨਹਿਰ ਦੀ ਉਸਾਰੀ ਪੰਜਾਬ ਦੇ ਜ਼ਿੰਮੇ ਸੀ ਅਤੇ 92 ਕਿਲੋਮੀਟਰ ਦੀ ਉਸਾਰੀ ਹਰਿਆਣਾ ਨੇ ਕਰਨੀ ਸੀ।

ਹਰਿਆਣਾ ਆਪਣੇ ਹਿੱਸੇ ਦੀ ਨਹਿਰ ਦਾ ਨਿਰਮਾਣ ਕਰ ਚੁੱਕਾ ਹੈ ਜਦੋਂ ਕਿ ਪੰਜਾਬ ਵਿੱਚ ਇਹ ਅਧੂਰੀ ਹੈ।

ਪੰਜਾਬ ਵਿਚ ਸਾਲ 1982 ਵਿੱਚ ਅਕਾਲੀ ਦਲ ਵੱਲੋਂ ਇਸ ਲਈ ਕਪੂਰੀ ਦਾ ਮੋਰਚਾ ਲਗਾਇਆ ਗਿਆ ਜੋ ਬਾਅਦ ਵਿਚ ਹੋਰ ਕਈ ਮੰਗਾਂ ਨਾਲ ਮਿਲਕੇ ਧਰਮਯੁੱਧ ਮੋਰਚਾ ਬਣ ਗਿਆ।

ਕਿਵੇਂ ਰੁਕਿਆ ਐੱਸਵਾਈਐੱਲ ਉੱਤੇ ਕੰਮ

1990 ਵਿੱਚ ਚੰਡੀਗੜ੍ਹ ਦੇ ਸੈਕਟਰ 26 ਵਿੱਚ ਐੱਸਵਾਈਐੱਲ ਦੇ ਦਫ਼ਤਰ ਵਿੱਚ ਇਸ ਨਹਿਰ ਦੀ ਉਸਾਰੀ ਦੇ ਪ੍ਰਾਜੈਕਟ ਵਿੱਚ ਲੱਗੇ ਚੀਫ ਇੰਜੀਨੀਅਰ ਐੱਮਐੱਲ ਸੀਕਰੀ ਅਤੇ ਸੁਪਰਡੈਂਟ ਇੰਜੀਨੀਅਰ ਅਵਤਾਰ ਸਿੰਘ ਔਲਖ ਉੱਪਰ ਗੋਲੀਆਂ ਚਲਾਈਆਂ ਗਈਆਂ ਸਨ।

ਇਹ ਵਾਰਦਾਤ ਕਰਨ ਦਾ ਇਲਜ਼ਾਮ ਬੱਬਰ ਖਾਲਸਾ ਕਾਰਕੁੰਨ ਬਲਵਿੰਦਰ ਸਿੰਘ ਜਟਾਣਾ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਉੱਤੇ ਲੱਗਿਆ ਸੀ ।

ਵਾਰਦਾਤ ਦੌਰਾਨ ਐੱਸਵਾਈਐੱਲ ਦੇ ਦੋ ਸਿਖਰਲੇ ਅਫ਼ਸਰਾਂ ਦੇ ਕਤਲ ਤੋਂ ਬਾਅਦ ਨਹਿਰ ਦੀ ਉਸਾਰੀ ਨੂੰ ਰੋਕ ਦਿੱਤਾ ਗਿਆ।

ਇਹ ਵੀ ਪੜ੍ਹੋ

ਸੰਜੇ ਪੋਪਲੀ ਦੀ ਪਤਨੀ ਨੇ ਪੁੱਤਰ ਦੀ ਮੌਤ ਨੂੰ ਲੈ ਕੇ ਇਹ ਮੰਗ ਰੱਖੀ

ਕਾਰਤਿਕ ਦੀ ਮਾਂ

ਤਸਵੀਰ ਸਰੋਤ, Ani

ਭ੍ਰਿਸ਼ਟਾਚਾਰ ਦੇ ਕਥਿਤ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਪੰਜਾਬ ਦੇ ਆਈਏਐੱਸ ਅਫ਼ਸਰ ਸੰਜੇ ਪੋਪਲੀ ਦੀ ਪਤਨੀ ਸ੍ਰੀ ਪੋਪਲੀ ਨੇ ਆਪਣੇ ਵਕੀਲ ਰਾਹੀਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਕਾਰਤਿਕ ਪੋਪਲੀ ਦੀ ਮੌਤ ਦੀ ਜਾਂਚ ਨੂੰ ਲੈ ਕੇ ਸੰਜੇ ਪੋਪਲੀ ਦਾ ਬਿਆਨ ਦਰਜ ਕੀਤਾ ਜਾਵੇ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਦੀ ਮੁਤਾਬਕ, ਸੰਜੇ ਪੋਪਲੀ ਦੇ ਵਕੀਲ ਮਟਵਿੰਦਰ ਸਿੰਘ ਨੇ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਅਤੇ ਐੱਸਐੱਸਪੀ ਨੂੰ ਈ-ਮੇਲ ਰਾਹੀਂ ਕਿਹਾ ਹੈ ਕਿ ਹਾਲੇ ਸ੍ਰੀ ਪੋਪਲੀ ਖੁਦ ਬਿਆਨ ਦਰਜ ਕਰਵਾਉਣ ਦੀ ਹਾਲਤ 'ਚ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਸੰਜੇ ਪੋਪਲੀ ਇਸ ਵੇਲੇ ਨਿਆਂਇਕ ਹਿਰਾਸਤ 'ਚ ਹਨ ਅਤੇ ਉਨ੍ਹਾਂ ਦਾ ਆਪਣੇ ਪੁੱਤਰ ਦੀ ਮੌਤ ਨੂੰ ਲੈ ਕੇ ਬਿਆਨ ਲਿਆ ਜਾਣਾ ਜ਼ਰੂਰੀ ਹੈ।

ਸ਼ਨੀਵਾਰ 25 ਜੂਨ ਨੂੰ ਬਾਅਦ ਦੁਪਹਿਰ ਭ੍ਰਿਸ਼ਟਾਚਾਰ ਦੇ ਕਥਿਤ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਸੰਜੇ ਪੋਪਲੀ ਦੇ ਪੁੱਤਰ ਕਾਰਤਿਕ ਪੋਪਲੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ।

ਦਰਅਸਲ ਜਿਸ ਦਿਨ ਇਹ ਘਟਨਾ ਵਾਪਰੀ ਉਸੇ ਦਿਨ ਪੰਜਾਬ ਵਿਜੀਲੈਂਸ ਦੀ ਟੀਮ ਪੋਪਲੀ ਦੀ ਚੰਡੀਗੜ੍ਹ ਸੈਕਟਰ 11 ਵਿੱਚ ਉਨ੍ਹਾਂ ਦੀ ਰਿਹਾਇਸ਼ ਉੱਤੇ ਜਾਂਚ ਕਰਨ ਲਈ ਗਈ ਸੀ।

ਇਹ ਰੇਡ ਸੰਜੇ ਪੋਪਲੀ ਦੀ ਮੌਜੂਦਗੀ ਵਿੱਚ ਹੀ ਚੱਲ ਰਹੀ ਸੀ ਅਤੇ ਉਸੇ ਦੌਰਾਨ ਉਨ੍ਹਾਂ ਦੇ ਪੁੱਤਰ ਦੀ ਗੋਲੀ ਲੱਗਣ ਨਾਲ ਮੌਤ ਦੀ ਖ਼ਬਰ ਆਈ ਸੀ।

ਇਸ ਦੇ ਨਾਲ ਹੀ ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਸੰਜੇ ਪੋਪਲੀ ਕੋਲ 2 ਲਾਇਸੈਂਸੀ ਹਥਿਆਰ ਸਨ ਜਿਨ੍ਹਾਂ 'ਚੋਂ ਇੱਕ ਹਥਿਆਰ ਉਨ੍ਹਾਂ ਨੇ ਕੁਝ ਮਹੀਨਿਆਂ ਪਹਿਲਾਂ ਹੀ ਵੇਚ ਦਿੱਤਾ ਸੀ।

ਤੀਸਤਾ ਸੀਤਲਵਾੜ

ਤਸਵੀਰ ਸਰੋਤ, Ani

ਤੀਸਤਾ ਸੀਤਲਵਾੜ ਦੀ ਗ੍ਰਿਫ਼ਤਾਰੀ ’ਤੇ ਯੂਐੱਨ ਦੇ ਅਧਿਕਾਰੀ ਨੇ ਖੜ੍ਹੇ ਕੀਤੇ ਸਵਾਲ

ਸਮਾਜਿਕ ਕਾਰਕੁੰਨ ਤੀਸਤਾ ਸੀਤਲਵਾੜ ਦੀ ਗੁਜਰਾਤ ਦੇ ਐਂਟੀ ਟੈਰੇਰਿਜ਼ਮ ਸਕੁਐਡ (ਏਟੀਐੱਸ) ਵੱਲੋਂ ਕੀਤੀ ਗਈ ਗ੍ਰਿਫ਼ਤਾਰੀ ਨੂੰ ਲੈ ਕੇ ਯੂਨਾਈਟਿਡ ਨੇਸ਼ਨਜ਼ ਦੇ ਅਧਿਆਰੀ ਨੇ ਇਤਰਾਜ਼ ਜਤਾਇਆ ਹੈ।

ਦਿ ਹਿੰਦੂ ਦੀ ਖ਼ਬਰ ਮੁਤਾਬਕ, ਯੂਐਨ ਦੇ ਮਨੁੱਖੀ ਅਧਿਕਾਰਾਂ ਦੀ ਅਧਿਕਾਰੀ ਮੈਰਾ ਲਾਇਅਰ ਨੇ ਕਿਹਾ, "ਗੁਜਰਾਤ ਦੇ ਐਂਟੀ ਟੈਰੇਰਿਜ਼ਮ ਸਕੁਐਡ ਵੱਲੋਂ ਤੀਸਤਾ ਸੀਤਲਵਾੜ ਦੀ ਕੀਤੀ ਗਈ ਗ੍ਰਿਫ਼ਤਾਰੀ ਨੂੰ ਲੈ ਕੇ ਅਸੀਂ ਕਾਫੀ ਹੈਰਾਨ ਹਾਂ। ਤੀਸਤਾ ਨਫ਼ਰਤ ਅਤੇ ਪੱਖਪਾਤ ਦੇ ਖ਼ਿਲਾਫ਼ ਇੱਕ ਮਜ਼ਬੂਤ ਆਵਾਜ਼ ਹਨ।"

ਉਨ੍ਹਾਂ ਅੱਗੇ ਕਿਹਾ ਕਿ ਮਨੁੱਖੀ ਅਧਿਆਰਾਂ ਲਈ ਲੜਨਾ ਕੋਈ ਅਪਰਾਧ ਨਹੀਂ ਹੈ।

ਉਨ੍ਹਾਂ ਕਿਹਾ, "ਮੈਂ ਤੀਸਤਾ ਨੂੰ ਰਿਹਾਅ ਕਰਨ ਦੀ ਮੰਗ ਕਰਦੀ ਹਾਂ।"

ਦਰਅਸਲ ਸ਼ਨਿਵਾਰ ਦੁਪਹਿਰ ਨੂੰ ਗੁਜਰਾਤ ਦੇ ਐਂਟੀ ਟੈਰੇਰਿਜ਼ਮ ਸਕੁਐਡ ਨੇ ਤੀਸਤਾ ਸੀਤਵਾੜ ਨੂੰ ਗ੍ਰਿਫ਼ਤਾਰ ਕੀਤਾ ਸੀ। ਤੀਸਤਾ ਨੇ ਖ਼ੁਦ ਨੂੰ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ "ਗੈਰ-ਕਾਨੂੰਨੀ" ਹੈ ਅਤੇ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)