ਸੰਗਰੂਰ ਜ਼ਿਮਨੀ ਚੋਣ: ਸਿਮਰਨਜੀਤ ਮਾਨ ਦੀ ਜਿੱਤ ਤੋਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਲਈ ਇਹ ਸਬਕ

ਸੰਗਰੂਰ ਲੋਕ ਸਭਾ ਸੀਟ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਹਾਸਲ ਕਰ ਲਈ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਨੂੰ ਫਸਵੇਂ ਮੁਕਾਬਲੇ ਵਿੱਚ 5822 ਵੋਟਾਂ ਨਾਲ ਹਰਾਇਆ ਹੈ।

ਸਿਮਰਨਜੀਤ ਸਿੰਘ ਮਾਨ ਇਸ ਤੋਂ ਪਹਿਲਾਂ 1989 ਅਤੇ 1999 ਵਿਚ ਦੋ ਵਾਰ ਲੋਕ ਸਭਾ ਚੋਣਾਂ ਜਿੱਤ ਚੁੱਕੇ ਹਨ।

ਹੁਣ 23 ਸਾਲ ਬਾਅਦ ਸੰਗੂਰਰ ਦੀ ਜ਼ਿਮਨੀ ਚੋਣ ਜਿੱਤ ਸਿਮਰਨਜੀਤ ਸਿੰਘ ਮਾਨ ਤੀਜੀ ਵਾਰ ਭਾਰਤ ਦੀ ਲੋਕ ਸਭਾ ਵਿਚ ਦਾਖ਼ਲ ਹੋਣਗੇ।

ਜ਼ਿਕਰਯੋਗ ਹੈ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਇਸ ਵਾਰ ਕਾਂਗਰਸ ਦਾ ਵੋਟ ਸ਼ੇਅਰ 27% ਤੋਂ ਘਟ ਕੇ 11% ਅਤੇ 24% ਤੋਂ 6% ਰਹਿ ਗਿਆ ਹੈ।

ਉਨ੍ਹਾਂ ਦੀ ਇਸ ਜਿੱਤ ਦੇ ਤਿੰਨ ਮਹੀਨੇ ਪਹਿਲਾਂ ਹੂੰਝਾ ਫੇਰ ਜਿੱਤ ਹਾਸਲ ਕਰਕੇ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਅਤੇ ਪੰਜਾਬ ਦੀਆਂ ਹੋਰ ਰਵਾਇਤੀ ਪਾਰਟੀਆਂ ਲਈ ਕੀ ਮਾਅਨੇ ਹਨ।

ਜਾਨਣ ਲਈ ਅਸੀਂ ਗੱਲਬਾਤ ਕੀਤੀ ਉੱਘੇ ਸਿਆਸੀ ਵਿਸ਼ਲੇਸ਼ਕ ਡਾ਼ ਪ੍ਰਮੋਦ ਕੁਮਾਰ ਨਾਲ, ਉਹ ਚੰਡੀਗੜ੍ਹ ਸਥਿਤ ਇੰਸਟੀਚਿਊਟ ਫਾਰ ਡਿਵੈਂਪਮੈਂਟ ਐਂਡ ਕਮਿਊਨੀਕੇਸ਼ਨ ਦੇ ਸੰਚਾਲਕ ਹਨ।

ਇਹ ਰਿਪੋਰਟ ਡਾਕਟਰ ਪ੍ਰਮੋਦ ਨਾਲ ਗੱਲਬਾਤ ਉੱਤੇ ਅਧਾਰਿਤ ਹੈ।

  • ਆਮ ਆਦਮੀ ਪਾਰਟੀ ਨੂੰ ਪੰਜਾਬ-ਕੇਂਦਰਿਤ ਗਵਰਨੈਂਸ ਮਾਡਲ ਦੇਣ ਲਈ ਚਿੰਤਨ ਕਰਨਾ ਚਾਹੀਦਾ ਹੈ।
  • ਆਮ ਆਦਮੀ ਪਾਰਟੀ ਦਾ ਵਰਕਰ ਦਾ ਐਕਟਿਵ ਹੈ ਪਰ ਸਿਆਸੀ ਮਸ਼ੀਨਰੀ ਕੋਈ ਮਜ਼ਬੂਤ ਸੁਨੇਹਾ ਲੋਕਾਂ ਨੂੰ ਨਹੀਂ ਦੇ ਸਕੀ।
  • ਪੰਜਾਬ ਦਾ ਮੁੱਖ ਮੁੱਦਾ ਭ੍ਰਿਸ਼ਟਾਚਾਰ ਨਹੀਂ ਹੈ, ਸਗੋਂ ਖੜੋਤ ਹੈ, ਜੋ ਪਿਛਲੇ 15-20 ਸਾਲਾਂ ਤੋਂ ਲਗਾਤਾਰ ਜਾਰੀ ਹੈ।
  • ਇਨ੍ਹਾਂ ਚੋਣਾਂ ਤੋਂ ਅਕਾਲੀ ਸਿਆਸਤ ਮੁੜ ਉੱਭਰਦੀ ਨਜ਼ਰ ਆ ਰਹੀ ਹੈ ਜੋ ਕਿ ਇੱਕ ਮਹੱਤਵਪੂਰਨ ਸੰਕੇਤ ਹੈ।
  • ਪਾਰਟੀਆਂ ਨੂੰ ਲਗਦਾ ਹੈ ਕਿ ਸਿੱਖ ਉਮੀਦਵਾਰ ਖੜ੍ਹੇ ਕਰਨਾ ਅਕਾਲੀ ਸਿਆਸਤ ਹੈ, ਜਦਕਿ ਅਜਿਹਾ ਨਹੀਂ ਹੈ।
  • ਪੰਜਾਬ ਦੇ ਹਿੰਦੂ ਦਾ ਧਰੁਵੀਕਰਨ ਕਰਨਾ ਬੜਾ ਮੁਸ਼ਕਲ ਹੈ। ਪਾਰਟੀਆਂ ਸ਼ਾਇਦ ਧਰੁਵੀਕਰਨ ਦੇ ਕੁਝ ਪ੍ਰਯੋਗ ਕਰ ਸਕਦੀਆਂ ਹਨ ਪਰ ਲੋਕ ਨਹੀਂ ਕਰਨਗੇ।
  • ਅਜਿਹੇ ਵਿੱਚ ਮੌਕਾ ਹੈ ਜਿੱਥੇ ਪੰਜਾਬੀ ਪਛਾਣ, ਜੋ ਕਿ ਇੱਕ ਮੌਡਰੇਟ ਸਿਆਸਤ ਹੈ ਨੂੰ ਮੁੜ ਸੁਰਜੀਤ ਕੀਤਾ ਜਾਵੇ।

ਇਨ੍ਹਾਂ ਚੋਣ ਨਤੀਜਿਆਂ ਦੇ ਕੀ ਸਬਕ ਹਨ?

ਡਾ਼ ਪ੍ਰਮੋਦ ਮੁਤਾਬਕ ਆਮ ਤੌਰ 'ਤੇ ਜ਼ਿਮਨੀ ਚੋਣ ਸੱਤਾਧਾਰੀ ਪਾਰਟੀ ਜਿੱਤ ਜਾਂਦੀ ਹੁੰਦੀ ਹੈ ਪਰ ਹਾਰ ਜਾਣ ਤੋਂ ਬਾਅਦ ਪੰਜਾਬ ਦੀ ਮੌਜੂਦਾ ਸਰਕਾਰ ਲਈ ਸਬਕ ਬਹੁਤ ਵੱਡਾ ਹੈ।

ਡਾ਼ ਪ੍ਰਮੋਦ ਨੇ ਕਿਹਾ, ''ਤੁਸੀਂ ਵਾਅਦੇ ਪੂਰੇ ਕਰੋ ਜਾਂ ਨਾ ਕਰੋ, ਇਸ ਲਈ ਪੰਜ ਸਾਲ ਹੁੰਦੇ ਹਨ ਪਰ ਪਿਛਲੇ ਤਿੰਨ ਮਹੀਨਿਆਂ ਵਿੱਚ ਗਵਰਨੈਂਸ ਨਾਲ ਜੁੜਿਆ ਜੋ ਸੁਨੇਹਾ 'ਆਪ' ਸਰਕਾਰ ਨੇ ਦਿੱਤਾ ਹੈ, ਉਹ ਲੋਕਾਂ ਨਾਲ ਜੁੜਿਆ ਹੋਇਆ ਨਹੀਂ ਸੀ।''

''ਭ੍ਰਿਸ਼ਟਾਚਾਰ ਦੇ ਮੁੱਦੇ ਉੱਪਰ ਤੁਸੀਂ ਲੋਕਾਂ ਨੂੰ ਕਿਹਾ ਕਿ ਅਸੀਂ ਭ੍ਰਿਸ਼ਟਾਚਾਰੀਆਂ ਨੂੰ ਸੋਧ ਦਿਆਂਗੇ ਪਰ ਲੋਕਾਂ ਦੀ ਜ਼ਿੰਦਗੀ ਕਿਵੇਂ ਸੌਖੀ ਹੋਵੇਗੀ, ਇਸ ਬਾਰੇ ਤੁਸੀਂ ਕੋਈ ਸੁਨੇਹਾ ਲੋਕਾਂ ਨੂੰ ਨਹੀਂ ਪਹੁੰਚਾਇਆ ਗਿਆ।''

ਉਨ੍ਹਾਂ ਮੁਤਾਬਕ ''ਸੇਵਾ ਕੇਂਦਰ ਜਿੱਥੇ ਲੋਕ ਆਕੇ ਆਪਣੇ ਕੰਮ ਕਰਵਾਉਂਦੇ ਸਨ, ਸਰਕਾਰ ਨੇ ਉਹ ਬੰਦ ਕਰ ਦਿੱਤੇ ਅਤੇ ਕਿਹਾ ਕਿ ਅਸੀਂ ਮੁਹੱਲਾ ਕਲੀਨਿਕ ਖੋਲ੍ਹਾਂਗੇ, ਕਿਉਂਕਿ ਅਸੀਂ ਵਾਅਦਾ ਕੀਤਾ ਹੈ। ਤੁਹਾਨੂੰ ਉਨ੍ਹਾਂ ਦੀ ਕੋਈ ਸਹੂਲਤ ਹੋਵੇ ਜਾਂ ਨਾ ਹੋਵੇ।

ਡਾ਼ ਪ੍ਰਮੋਦ ਨੇ ਕਿਹਾ,''ਪੰਜਾਬ ਦੇ ਲਈ ਜੋ ਗਵਰਨੈਂਸ ਮਾਡਲ ਆਪ ਸਰਕਾਰ ਦੇਣਾ ਚਾਹੁੰਦੀ ਹੈ ਉਸ ਨੂੰ ਪੰਜਾਬ ਕੇਂਦਰਿਤ ਕਿਵੇਂ ਬਣਾਇਆ ਜਾਵੇ ਅਤੇ ਕਿਵੇਂ ਇਸ ਨੂੰ ਲੋਕਾਂ ਨਾਲ ਕਿਵੇਂ ਜੋੜਿਆ ਜਾਵੇ, ਇਸ ਲਈ ਸਰਕਾਰ ਤੇ ਆਮ ਆਦਮੀ ਪਾਰਟੀ ਨੂੰ ਆਪਣੇ ਅੰਦਰ ਮੰਥਨ ਕਰਨਾ ਪਵੇਗਾ।''

ਸਿੱਧੂ ਮੂਸੇਵਾਲਾ ਦੇ ਕਤਲ ਦਾ ਵੀ ਕੋਈ ਅਸਰ ਪਿਆ ਹੈ?

ਡਾ. ਪ੍ਰਮੋਦ ਕਹਿੰਦਿ ਹਨ ਕਿ ਦੀਪ ਸਿੱਧੂ ਦੀ ਮੌਤ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਲਾਅ ਐਂਡ ਆਰਡਰ ਦਾ ਮੁੱਦਾ ਜ਼ਰੂਰ ਬਣਿਆ। ''ਸਿੱਧੂ ਮੂਸੇਵਾਲਾ ਦਾ ਕਤਲ ਉਸ ਦੀ ਮਿਸਾਲ ਬਣਿਆ। ਲੋਕਾਂ ਨੂੰ ਲੱਗਿਆ ਕਿ ਸਾਡੀਆਂ ਜ਼ਿੰਦਗੀਆਂ ਮਹਿਫ਼ੂਜ਼ ਨਹੀਂ ਹਨ।''

ਉਹ ਕਹਿੰਦੇ ਹਨ,'ਲੋਕਾਂ ਨੂੰ ਲੱਗਿਆ ਜਿਵੇਂ 'ਆਮ ਆਦਮੀ ਪਾਰਟੀ ਕਹਿ ਰਹੀ ਹੋਵੇ ਕਿ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਬਰਦਾਸ਼ਤਗੀ ਹੋਵੇਗੀ ਪਰ ਲਾਅ ਐਂਡ ਆਰਡਰ ਕੋਈ ਸਮੱਸਿਆ ਹੀ ਨਾ ਹੋਵੇ।''

''ਪਾਰਟੀ ਦਾ ਵਰਕਰ ਤਾਂ ਸਰਗਰਮ ਸੀ ਪਰ ਸਿਆਸੀ ਮਸ਼ੀਨਰੀ ਸਰਗਰਮ ਨਹੀਂ ਸੀ। ਪਾਰਟੀ ਨੇ ਆਪਣੇ ਆਗੂਆਂ ਨੂੰ ਵਿਧਾਇਕਾਂ ਨੂੰ ਖੁੱਲ੍ਹ ਨਹੀਂ ਦਿੱਤੀ ਕਿ ਉਹ ਲੋਕਾਂ ਨਾਲ ਜੋੜ ਕੇ ਗਵਰਨੈਂਸ ਦਾ ਕੋਈ ਪ੍ਰੋਗਰਾਮ ਤਿਆਰ ਕਰ ਸਕਣ।''

''ਪੁਲੀਟੀਕਲ ਮਸ਼ੀਨਰੀ ਲੋਕਾਂ ਨਾਲ ਜੋੜ ਕੇ ਕੋਈ ਪ੍ਰੋਗਰਾਮ ਨਹੀਂ ਦੇ ਸਕੀ। ਵਿਧਾਇਕ ਦਾ ਆਪਣੇ ਹਲਕੇ ਵਿੱਚ ਇੱਕ ਰੋਲ ਹੈ ਅਤੇ ਕਿਹੜੇ ਵਸੀਲਿਆਂ ਰਾਹੀਂ ਉਹ ਇਹ ਰੋਲ ਬਾਖੂਬੀ ਨਿਭਾਅ ਸਕਦਾ ਹੈ, ਇਸ ਤਰ੍ਹਾਂ ਦੀ ਸੋਚ ਵੀ ਸਰਕਾਰ ਦੀ ਤਰਫ਼ੋਂ ਲੋਕਾਂ ਤੱਕ ਨਹੀਂ ਪਹੁੰਚ ਸਕੀ।''

ਡਾਕਟਰ ਪ੍ਰਮੋਦ ਕਹਿੰਦੇ ਹਨ,''ਆਮ ਆਦਮੀ ਪਾਰਟੀ ਨੇ ਇਹ ਸੋਚਿਆ ਕਿ ਸਿਆਸਤ ਸ਼ਾਇਦ ਸੋਸ਼ਲ ਮੀਡੀਆ ਨਾਲ ਹੀ ਹੋ ਜਾਂਦੀ ਹੈ। ਜੇ ਅਜਿਹਾ ਹੁੰਦਾ ਤਾਂ ਲੀਡਰ ਕਦੋਂ ਦੇ ਗੈਰ-ਪ੍ਰਸੰਗਿਕ ਹੋ ਜਾਂਦੇ। ਆਮ ਆਦਮੀ ਪਾਰਟੀ ਤੋਂ ਲੋਕਾਂ ਦੀ ਆਗੂਆਂ ਵਾਲੀ ਲੋੜ ਪੂਰੀ ਨਹੀਂ ਹੋ ਸਕੀ।''

ਕੀ ਆਮ ਆਦਮੀ ਪਾਰਟੀ ਤੋਂ ਲੋਕਾਂ ਦੀ ਰਮਜ਼ ਫੜੀ ਨਹੀਂ ਗਈ?

ਡਾਕਟਰ ਪ੍ਰਮੋਦ ਕਹਿੰਦੇ ਹਨ,''ਲੋਕਾਂ ਨੂੰ ਲੱਗਿਆ 'ਆਪ' ਰਵਾਇਤੀ ਪਾਰਟੀਆਂ ਤੋਂ ਵੱਖ ਨਹੀਂ ਹੈ। ਜਿਹੜਾ ਫ਼ਰਕ ਆਮ ਆਦਮੀ ਪਾਕਟੀ ਵਾਲੇ ਦਾਅਵਾ ਕਰਦੇ ਸੀ ਕਿ ਅਸੀਂ ਕਰਕੇ ਦਿਖਾਵਾਂਗੇ, ਲੋਕਾਂ ਨੂੰ ਲੱਗਿਆ ਕਿ ਇਹ ਤਾਂ ਬਾਕੀਆਂ ਵਰਗੇ ਹੀ ਹਨ।

ਡਾਕਟਰ ਪ੍ਰਮੋਦ ਮੁਤਾਬਕ ਲੋਕਾਂ ਵਿੱਚ ਵਿਕਸਿਤ ਹੋਈ ਇਸ ਸੋਚ ਦਾ ਸਿਮਰਨਜੀਤ ਸਿੰਘ ਮਾਨ ਨੂੰ ਜ਼ਰੂਰ ਫ਼ਾਇਦਾ ਹੋਇਆ ਹੋਵੇਗਾ।''

''ਆਪ' ਆਪਣੇ-ਆਪ ਨੂੰ ਬਦਲਾਅ ਵਾਲੀ ਪਾਰਟੀ ਕਹਿੰਦੀ ਹੈ। ਸਰਕਾਰ ਵਿੱਚ ਆ ਕੇ ਇਸ ਨੇ ਸਿਰਫ਼ ਚੋਣ ਵਾਅਦੇ ਹੀ ਪੂਰੇ ਨਹੀਂ ਕਰਨੇ ਸਨ।''

''ਪੰਜਾਬ ਦਾ ਮੁੱਖ ਮੁੱਦਾ ਭ੍ਰਿਸ਼ਟਾਚਾਰ ਨਹੀਂ ਹੈ, ਸਗੋਂ ਖੜੋਤ ਹੈ। ਸਾਡੀ ਖੇਤੀਬਾੜੀ ਵਿੱਚ ਖੜੋਤ ਆ ਗਈ ਹੈ। ਸਾਡਾ ਸਰਵਿਸ ਸੈਕਟਰ ਵਿਕਸਿਤ ਨਹੀਂ ਹੋ ਰਿਹਾ।''

''ਸਾਡੇ ਯੂਥ ਕੋਲ ਚੰਗੀ ਸਿੱਖਿਆ ਨਹੀਂ ਹੈ, ਉਸ ਨੂੰ ਰੋਜ਼ਗਾਰ ਦਿੱਤਾ ਜਾ ਸਕੇ,ਉਹ ਇਸਦੇ ਕਾਬਲ ਨਹੀਂ ਬਣ ਰਿਹਾ। ਪੰਜਾਬ ਨੂੰ ਬੁਨਿਆਦੀ ਬਦਲਾਅ ਚਾਹੀਦਾ ਹੈ, ਸਰਕਾਰ ਵਿੱਚ ਉਸ ਬਾਰੇ ਕਿਤੇ ਵਿਚਾਰ ਨਹੀਂ ਹੋ ਰਹੀ।''

''ਪੰਜਾਬ ਵਿੱਚ ਖੜੋਤ ਦੀ ਇਹ ਸਮੱਸਿਆ ਹੁਣ ਖੜ੍ਹੀ ਨਹੀਂ ਹੋਈ ਹੈ, ਸਗੋਂ ਪਿਛਲੇ 15-20 ਸਾਲਾਂ ਤੋਂ ਚੱਲ ਰਹੀ ਹੈ।''

ਕੀ ਇਹ ਅਕਾਲੀ ਦਲ ਦਾ ਅੰਤ ਹੈ ਜਾਂ ਇੱਕ ਹੋਰ ਧੱਕਾ ਹੈ?

''ਇਨ੍ਹਾਂ ਚੋਣਾਂ ਤੋਂ ਮੈਨੂੰ ਅਕਾਲੀ ਸਿਆਸਤ ਮੁੜ ਉੱਭਰਦੀ ਨਜ਼ਰ ਆ ਰਹੀ ਹੈ। ਅਕਾਲੀ ਦਲ ਦੀ ਨਹੀਂ ਅਕਾਲੀ ਸਿਆਸਤ ਦੀ। ਇਹ ਇੱਕ ਮਹੱਤਵਪੂਰਨ ਸੰਕੇਤ ਹੈ।''

ਹਾਲਾਂਕਿ ਡਾਕਟਰ ਪ੍ਰਮੋਦ ਅੱਗੇ ਸਪਸ਼ਟ ਕਰਦੇ ਹਨ ਕਿ ਅਕਾਲੀ ਸਿਆਸਤ ਅਤੇ ਚੋਣਾਂਵ ਵਿੱਚ ਸਿੱਖ ਉਮੀਦਵਾਰ ਖੜ੍ਹੇ ਕਰਨਾ ਦੋਵੇਂ ਅਲੱਗ-ਅਲੱਗ ਗੱਲਾਂ ਹਨ।

ਉਨ੍ਹਾਂ ਮੁਤਾਬਕ ''ਅਕਾਲੀ ਸਿਆਸਤ ਦੇ ਕਈ ਰੰਗ ਹਨ, ਇਸ ਵਿੱਚ ਕੱਟੜਪੰਥੀ ਸਿਆਸਤ ਵੀ ਹੈ, ਜਿਸ ਦੀ ਨੁਮਾਇੰਦਗੀ ਸਿਮਰਨਜੀਤ ਸਿੰਘ ਮਾਨ ਕਰਦੇ ਹਨ। ਇਸ ਵਿੱਚ ਮੌਡਰੇਟ ਰੰਗ ਹੈ, ਜਿਸ ਨੂੰ ਅਕਾਲੀ ਦਲ ਬਾਦਲ ਨੁਮਾਇੰਦਗੀ ਕਰਦਾ ਹੈ। ਇਸੇ ਤਰ੍ਹਾਂ ਹੋਰ ਧੜੇ ਵੀ ਹਨ।''

ਅਕਾਲੀ ਸਿਆਸਤ ਦੀਆਂ ਤਿੰਨ ਧਿਰਾਂ ਹਨ- ਪੰਥਕ, ਖੇਤਰੀ ਅਤੇ ਤੀਜੀ ਕਿਸਾਨੀ। ਪੰਥਕ ਸਿਆਸਤ ਦੇ ਵੱਖ-ਵੱਖ ਰੰਗ ਹਨ।''

ਪੰਥਕ ਵਿੱਚ ਜਿਵੇਂ ਕਿ ਉੱਪਰ ਜ਼ਿਕਰ ਕੀਤਾ ਗਿਆ ਹੈ ਇੱਕ ''ਪੰਥਕ ਧਿਰ ਹੈ ਜੋ ਸਿੱਖ ਮਸਲਿਆਂ ਦੀ ਗੱਲ ਕਰਦੀ ਹੈ, ਦੂਜੀ ਹੈ ਖੇਤਰੀ ਪੰਥਕ ਸਿਆਸਤ ਕਿ ਪੰਜਾਬ ਦੀ ਹੋਂਦ ਹੀ ਹੈ ਇਸ ਦੇ ਸਰੋਕਾਰ ਕੀ ਹਨ। ਤੀਜੀ ਧਿਰ ਹੈ ਕਿਸਾਨੀ।''

''ਜੇ ਰੀਜਨਲ ਵਿੱਚ ਦੇਖਿਆ ਜਾਵੇ ਤਾਂ ਲੋਕਾਂ ਵਿੱਚ ਭਾਵਨਾ ਹੈ ਕਿ ਪੰਜਾਬ ਨੂੰ ਹੁਣ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ, ਪੰਜਾਬ ਤੋਂ ਨਹੀਂ ਚੱਲ ਰਿਹਾ। ਇਸਦਾ ਅਸਰ ਵੀ ਲੋਕਾਂ ਉੱਪਰ ਹੋਇਆ।''

ਵੀਡੀਓ: ਸਿਮਰਨਜੀਤ ਸਿੰਘ ਮਾਨ ਸੰਸਦ ਵਿੱਚ ਜਾਣਾ ਕਿਉਂ ਜਰੂਰੀ ਸਮਝਦੇ ਹਨ

ਇਸ ਨੂੰ ਕੁਝ ਸ਼ਖਸ਼ੀਅਤਾਂ ਨਾਲ ਨਹੀਂ ਜੋੜ ਕੇ ਦੇਖਿਆ ਜਾਣਾ ਚਾਹੀਦਾ। ਸਗੋਂ ਅਕਾਲੀ ਸਿਆਸਤ ਦੇ ਉਭਾਰ ਵਜੋਂ ਦੇਖਿਆ ਜਾਣਾ ਚਾਹੀਦਾ ਹੈ।

ਕੀ ਮਾਨ ਗੈਰ-'ਆਪ' ਦਲਾਂ ਦੇ ਆਗੂ ਬਣ ਸਕਣਗੇ?

ਸਿਮਰਨਜੀਤ ਸਿੰਘ ਮਾਨ ਅਤੇ ਹੋਰ ਆਗੂ ਜਿਨ੍ਹਾਂ ਨੂੰ ਵੱਖਵਾਦੀ ਕਿਹਾ ਜਾਂਦਾ ਸੀ। ਕੀ ਉਨ੍ਹਾਂ ਨੇ ਸਿੱਖ ਉਦਾਰਵਾਦੀ ਸਪੇਸ ਉੱਪਰ ਫਿਰ ਅਧਿਕਾਰ ਕਰ ਲਿਆ ਹੈ? ਡਾ਼ ਪ੍ਰਮੋਦ ਨੂੰ ਅਜਿਹਾ ਨਹੀਂ ਲਗਦਾ ਹੈ।

ਉਹ ਕਹਿੰਦੇ ਹਨ, ''ਇਨ੍ਹਾਂ ਚੋਣਾਂ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੇ ਸਿੱਖ ਉਮੀਦਵਾਰ ਖੜ੍ਹੇ ਕੀਤੇ। ਭਾਜਪਾ ਨੇ ਵੀ ਸਿੱਖ ਉਮੀਦਵਾਰ ਖੜ੍ਹਾ ਕੀਤਾ। ਉਨ੍ਹਾਂ ਨੂੰ ਲੱਗਦਾ ਹੈ ਕਿ ਸਿੱਖ ਉਮੀਦਵਾਰ ਖੜ੍ਹਾ ਕਰ ਦਿਓ ਅਕਾਲੀ ਸਿਆਸਤ ਹੋ ਗਈ।''

ਜਦਕਿ ''ਸਿੱਖ ਉਮੀਦਵਾਰ ਦਾ ਖੜ੍ਹੇ ਹੋਣਾ, ਸਿੱਖ ਸਿਆਸਤ ਨਹੀਂ ਹੈ। ਇੱਕ ਸਿੱਖ ਉਮੀਦਵਾਰ ਉਸ ਸਾਰੀ- ਪੰਥਕ, ਖੇਤਰੀ ਅਤੇ ਕੇਂਦਰ- ਵਿਰੋਧੀ ਵਿਚਾਰਧਾਰਾ ਦੀ ਨੁਮਾਇੰਦਗੀ ਕਰਦਾ ਹੈ, ਅਜਿਹਾ ਨਹੀਂ ਹੈ। ਉਹ ਕੁਝ ਹੋਰ ਹੈ।''

ਪੰਜਾਬ ਦੀ ਸਿਆਸਤ ਵਿੱਚ ''ਉਦਾਰਵਾਦੀ ਥਾਂ ਅਜੇ ਮੌਜੂਦ ਹੈ। ਅਕਾਲੀ ਦਲ ਬਾਦਲ ਉਸ ਵਿੱਚ ਮੌਜੂਦ ਹੈ। ਮਾਨ ਕੱਟੜਪੰਥੀ ਹਨ, ਕਿਤੇ ਇਨ੍ਹਾਂ ਦੋਵਾਂ ਦੇ ਇਕੱਠੇ ਹੋਣ ਦੀ ਗੱਲ ਵੀ ਚੱਲ ਰਹੀ ਸੀ, ਸੰਭਾਵਨਾ ਵੀ ਹੈ।''

''ਇਹ ਗੱਲ ਜੋ ਕਿ ਖਾਸਕਰ ਆਮ ਆਦਮੀ ਪਾਰਟੀ ਦੇ ਵਿਚਾਰਨ ਵਾਲੀ ਹੈ। ਇਨ੍ਹਾਂ ਦਾ ਨਾ ਤਾਂ ਪੰਜਾਬ ਵਿੱਚ ਰਾਜਨੀਤਿਕ ਅਧਾਰ ਹੈ, ਨਾ ਵਿਚਾਰਧਾਰਕ ਅਧਾਰ ਹੈ।''

ਆਮ ਆਦਮੀ ਦਾ ਇੱਕ ਹੀ ਅਧਾਰ ਬਣਨਾ ਸੀ, ਉਹ ਹੈ ਵਿਕਾਸ ਦਾ, ਗਵਰਨੈਂਸ ਦਾ ਅਤੇ ਭ੍ਰਿਸ਼ਟਾਚਾਰ ਘੱਟ ਕਰਨ ਵਿੱਚ ਜੇ ਇਹ ਚੰਗੇ ਨਤੀਜੇ ਦਿੰਦੇ, ਜੋ ਸ਼ਾਇਦ ਇਹ ਹੁਣ ਦੇਣਗੇ। ਉਸੇ ਨਾਲ ਇਨ੍ਹਾਂ ਦਾ ਅਧਾਰ ਪੰਜਾਬ ਵਿੱਚ ਬਣੇਗਾ।''

ਕੀ ਮਾਨ ਗੈਰ-ਆਪ ਤਾਕਤਾਂ ਨੂੰ ਇਕਜੁੱਟ ਕਰ ਸਕਦੇ ਹਨ?

ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਕੀ ਹੁਣ ਪੰਜਾਬ ਵਿੱਚ ਸਿਮਰਨਜੀਤ ਸਿੰਘ ਮਾਨ ਗੈਰ-ਆਪ ਸ਼ਕਤੀਆਂ ਨੂੰ ਇੱਕਠੇ ਕਰ ਸਕਣਗੇ, ਕੀ ਉਹ ਇਨ੍ਹਾਂ ਸ਼ਕਤੀਆਂ ਦੀ ਅਗਵਾਈ ਕਰ ਸਕਣਗੇ।

ਇਸ ਬਾਰੇ ਡਾ਼ ਪ੍ਰਮੋਦ ਨੂੰ ਲਗਦਾ ਹੈ ਕਿ ਉਦਾਰਵਾਦੀ ਸਿਆਸਤ ਦੀ ਲੋੜ ''ਪੰਜਾਬ ਵਿੱਚ ਹਮੇਸ਼ਾ ਬਣੀ ਰਹੇਗੀ।'' ਉਦਾਰਵਾਦੀ ਸਿਆਸਤ ਦੀਆਂ ਆਪਣੀਆਂ ਸ਼ਰਤਾਂ ਹਨ। ਉਹ ਸ਼ਰਤਾਂ ਪਹਿਲਾਂ ਅਕਾਲੀ ਦਲ ਬਾਦਲ ਪੂਰੀਆਂ ਕਰ ਰਿਹਾ ਸੀ। ਹੁਣ ਜੇ ਅਕਾਲੀ ਦਲ ਮਾਨ ਉਹ ਸ਼ਰਤਾਂ ਪੂਰੀਆਂ ਕਰੇਗਾ ਤਾਂ ਉਹ ਇਸ ਖੇਤਰ ਵਿੱਚ ਆਪਣੀ ਥਾਂ ਬਣਾ ਸਕਦਾ ਹੈ।''

''ਪੰਜਾਬ ਭਾਜਪਾ ਵੱਡੇ ਪੱਧਰ 'ਤੇ ਗੈਰ-ਸਿੱਖ ਹਲਕਿਆਂ ਖਾਸਕਰ ਹਿੰਦੂਆਂ ਦੀ ਨੁਮਾਇੰਦਗੀ ਕਰਦੀ ਹੈ। ਹਾਲਾਂਕਿ ਉਹ ਵੀ ਆਪਣੇ ਨਾਲ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਆਪਣੇ ਨਾਲ ਸ਼ਾਮਲ ਕਰ ਰਹੇ ਹਨ। ਇਹ ਆਪਾ-ਵਿਰੋਧੀ ਹੈ।''

''ਭਾਜਪਾ ਹਿੱਤ ਤਾਂ ਗੈਰ ਸਿੱਖਾਂ ਦੇ ਪੂਰਦੀ ਹੈ ਪਰ ਨਾਲ ਰੱਖਣਾ ਚਾਹੁੰਦੀ ਹੈ ਸਿੱਖਾਂ ਨੂੰ। ਇਸ ਦੀ ਵਜ੍ਹਾ ਡਾਕਟਰ ਪ੍ਰਮੋਦ ਨੂੰ ਲਗਦੀ ਹੈ ਕਿ ਉਹ ਆਪਣਾ ਮੁਕਾਬਲਾ ਆਪਣੇ ਸਾਬਕਾ ਭਾਈਵਾਲ ਅਕਾਲੀ ਦਲ ਬਾਦਲ ਨਾਲ ਸਮਝਦੀ ਹੈ ਜਦਕਿ ਉਸ ਦਾ ਮੁਕਾਬਲਾ ਆਮ ਆਦਮੀ ਪਾਰਟੀ ਜਾਂ ਕਾਂਗਰਸ ਨਾਲ ਹੈ।

ਡਾ਼ ਪ੍ਰਮੋਦ ਕਹਿੰਦੇ ਹਨ,''ਭਾਜਪਾ ਦੇ ਦਿਮਾਗ ਵਿੱਚ ਬੈਠਿਆ ਹੋਇਆ ਹੈ ਕਿ ਅਕਾਲੀ ਦਲ ਨੂੰ ਪਿੱਛੇ ਛੱਡਣਾ ਹੈ। ਜਦਕਿ ਤੁਹਾਡਾ ਅਸਲੀ ਮੁਕਾਬਲਾ, ਆਮ ਆਦਮੀ ਪਾਰਟੀ ਨਾਲ ਜਾਂ ਕਾਂਗਰਸ ਨਾਲ ਹੈ।''

ਇਸ ਤੋਂ ਬਾਅਦ ਹਿੰਦੂ, ਭਾਜਪਾ ਵੱਲ ਜਾ ਸਕਦੇ ਹਨ?

ਜਿਵੇਂ ਕਿ ਡਾ਼ ਪ੍ਰਮੋਦ ਦੱਸਦੇ ਹਨ ਕਿ ਪੰਜਾਬ ਵਿੱਚ ਅਕਾਲੀ ਸਿਆਸਤ ਸਰਗਰਮ ਹੋ ਰਹੀ ਹੈ ਤਾਂ ਕੀ ਇਸ ਨਾਲ ਹਿੰਦੂ ਵੋਟਰ ਜਾਂ ਹੋਰ ਤਬਕਿਆਂ ਵਿੱਚ ਕਿਹੋ-ਜਿਹਾ ਸੁਨੇਹਾ ਜਾ ਸਕਦਾ ਹੈ। ਕੀ ਉਹ ਭਾਜਪਾ ਵੱਲ ਜਾ ਸਕਦੇ ਹਨ?

ਡਾ਼ ਪ੍ਰਮੋਦ ਨੂੰ ਲਗਦਾ ਹੈ,''ਪੰਜਾਬ ਦੇ ਹਿੰਦੂ ਦਾ ਧਰੁਵੀਕਰਨ ਕਰਨਾ ਬੜਾ ਮੁਸ਼ਕਲ ਹੈ।'' ਇਸ ਦੀ ਵਜ੍ਹਾ ਹੈ ਕਿ ਧਰੁਵੀਕਰਨ ਜਦੋਂ ਪੰਜਾਬ ਵਿੱਚ ਹਿੰਦੂਆਂ ਅਤੇ ਸਿੱਖਾਂ ਵਿੱਚ ਪਾੜ ਪਿਆ ਸੀ ਉਸ ਅਰਸੇ ਦੌਰਾਨ ਬਹੁਤ ਬੁਰਾ ਸਮਾਂ ਪੰਜਾਬ ਨੇ ਦੇਖਿਆ ਹੈ। '' ਲੋਕਾਂ ਨੂੰ ਉਸ ਧਰੁਵੀਕਰਨ ਤੋਂ ਸਿੱਖੇ ਹੋਏ ਸਬਕ ਯਾਦ ਹਨ।''

ਬਾਕੀ ਜਦੋਂ ਪੰਜਾਬ ਵਿੱਚ ਅਕਾਲੀ ਸਿਆਸਤ ਮੁੜ ਉੱਠ ਰਹੀ ਹੈ ਤਾਂ ਦੂਜੀਆਂ ਪਾਰਟੀਆਂ ਨੇ ਦੇਖਣਾ ਹੈ, ਕਿ ਉਹ ਪੰਜਾਬ ਵਿੱਚ ਕਿਸ ਤਰ੍ਹਾਂ ਦੀ ਸਿਆਸਤ ਕਰਨੀ ਚਾਹੁੰਦੀਆਂ ਹਨ।

ਡ਼ਾ ਪ੍ਰਮੋਦ ਕਹਿੰਦੇ ਹਨ,''ਉਹ ਫੁੱਟ-ਪਾਊ ਜਾਂ ਧਰੁਵੀਕਰਨ ਦੀ ਸਿਆਸਤ ਕਰ ਸਕਦੀਆਂ, ਜਾਂ ਪੰਜਾਬੀ ਪਛਾਣ ਦੇ ਇਰਦ ਗਿਰਦ ਸਿਆਸਤ ਕਰ ਸਕਦੀਆਂ ਹਨ।''

ਹੁਣ ਜਦੋਂ ਲੋਕਾਂ ਨੂੰ ਅਤੀਤ ਵਿੱਚ ਹੋਏ ਧਰੁਵੀਕਰਨ ਦੇ ਸਬਕ ਯਾਦ ਹਨ ਤਾਂ ''ਪਾਰਟੀਆਂ ਸ਼ਾਇਦ ਕੁਝ ਪ੍ਰਯੋਗ ਕਰਨ ਦੀ ਕੋਸ਼ਿਸ਼ ਕਰਨ ਪਰ ਲੋਕ ਨਹੀਂ ਕਰਨਗੇ।''

ਅਜਿਹੇ ਵਿੱਚ ''ਸਿਆਸੀ ਪਾਰਟੀਆਂ ਲਈ ਪੰਜਾਬ ਵਿੱਚ ਇੱਕ ਮੌਕਾ ਹੈ ਕਿ ਪੰਜਾਬੀ ਪਛਾਣ, ਜੋ ਕਿ ਇੱਕ ਉਦਾਰਵਾਦੀ ਸਿਆਸਤ ਹੈ, ਨੂੰ ਮੁੜ ਸੁਰਜੀਤ ਕੀਤਾ ਜਾਵੇ।''

ਪੂਰਾ ਵੀਡੀਓ ਗੱਲਬਾਤ ਤੁਸੀਂ ਇੱਥੇ ਸੁਣ ਸਕਦੇ ਹੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)