You’re viewing a text-only version of this website that uses less data. View the main version of the website including all images and videos.
ਸਿਮਰਨਜੀਤ ਮਾਨ: ਆਪਰੇਸ਼ਨ ਬਲੂ ਸਟਾਰ ਦੇ ਰੋਸ ਵਜੋਂ ਅਹੁਦਾ ਛੱਡਣ ਵਾਲੇ ਮਾਨ ਜਦੋਂ ਕਿਰਪਾਨ ਦੇ ਮੁੱਦੇ ’ਤੇ ਲੋਕ ਸਭਾ ਨਹੀਂ ਗਏ ਸੀ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸੰਗਰੂਰ ਜ਼ਿਮਨੀ ਚੋਣ ਲਈ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮੈਦਾਨ ਵਿੱਚ ਹਨ।
ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੇ ਮੁਕਾਬਲੇ ਸੰਗਰੂਰ ਲੋਕ ਸਭਾ ਸੀਟ ਉੱਤੇ ਲਗਾਤਾਰ ਅੱਗੇ ਚੱਲ ਰਹੇ ਹਨ ਅਤੇ ਜਿੱਤ ਦੇ ਨੇੜੇ ਹਨ।
20 ਮਈ, 1945 ਨੂੰ ਸ਼ਿਮਲਾ (ਹਿਮਾਚਲ ਪ੍ਰਦੇਸ਼) ਵਿੱਚ ਪੈਦਾ ਹੋਏ ਸਿਮਰਨਜੀਤ ਸਿੰਘ ਮਾਨ ਦੇ ਪਿਤਾ ਦਾ ਨਾਮ ਜੋਗਿੰਦਰ ਸਿੰਘ ਮਾਨ ਅਤੇ ਮਾਂ ਦਾ ਨਾਮ ਗੁਰਬਚਨ ਕੌਰ ਹੈ।
77 ਸਾਲ ਦੇ ਸਿਮਰਨਜੀਤ ਸਿੰਘ ਮਾਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਤਲਾਨੀਆ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਪਤਨੀ ਦਾ ਨਾਮ ਗੀਤਇੰਦਰ ਕੌਰ ਹੈ।
ਸੰਗਰੂਰ ਜ਼ਿਮਨੀ ਚੋਣ ਦੇ ਪ੍ਰਚਾਰ ਵੇਲੇ ਸਿਮਰਨਜੀਤ ਸਿੰਘ ਮਾਨ ਨਾਲ ਬੀਬੀਸੀ ਪੰਜਾਬੀ ਦੀ ਗੱਲਬਾਤ
ਉਨ੍ਹਾਂ ਦਾ ਇੱਕ ਪੁੱਤਰ ਅਤੇ ਦੋ ਧੀਆਂ ਹਨ। ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਧੀਨ ਆਉਂਦੇ ਸਰਕਾਰੀ ਕਾਲਜ ਤੋਂ 1966 ਵਿੱਚ ਬੀ ਏ ਆਨਰਜ਼ ਤੱਕ ਪੜ੍ਹਾਈ ਕੀਤੀ ਹੈ।
ਉਹ 1989 ਵਿੱਚ ਤਰਨ ਤਾਰਨ ਅਤੇ 1999 ਵਿੱਚ ਸੰਗਰੂਰ ਤੋਂ ਐਮ ਪੀ ਰਹਿ ਚੁੱਕੇ ਹਨ।
ਸਿਮਰਨਜੀਤ ਸਿੰਘ ਮਾਨ ਆਈਪੀਐੱਸ ਰਹਿ ਚੁੱਕੇ ਹਨ ਅਤੇ ਉਨ੍ਹਾਂ ਆਪਰੇਸ਼ਨ ਬਲੂ ਸਟਾਰ ਦੇ ਖ਼ਿਲਾਫ਼ ਮੁਜ਼ਾਹਰੇ ਦੇ ਪ੍ਰਤੀਕ ਵਜੋਂ ਅਸਤੀਫ਼ਾ ਦੇ ਦਿੱਤਾ ਸੀ।
ਇਹ ਵੀ ਪੜ੍ਹੋ:
2019 ਵਿੱਚ ਆਮ ਚੋਣਾਂ ਦੌਰਾਨ ਉਹ ਚੋਣ ਮੈਦਾਨ ਵਿੱਚ ਸਨ ਅਤੇ ਹਾਰ ਗਏ ਸਨ। ਇਸ ਚੋਣ ਵਿੱਚ ਭਗਵੰਤ ਮਾਨ ਜੇਤੂ ਰਹੇ ਸਨ।
ਇਸ ਤੋਂ ਇਲਾਵਾ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਸਿਮਰਨਜੀਤ ਸਿੰਘ ਮੈਦਾਨ ਅਮਰਗੜ੍ਹ ਹਲਕੇ ਤੋਂ ਚੋਣ ਮੈਦਾਨ ਵਿੱਚ ਸਨ ਅਤੇ ਆਮ ਆਦਮੀ ਪਾਰਟੀ ਦੇ ਜਸਵੰਤ ਸਿੰਘ ਗੱਜਣ ਮਾਜਰਾ ਤੋਂ ਹਾਰ ਗਏ ਸਨ।
ਚੋਣ ਕਮਿਸ਼ਨ ਨੂੰ ਦਿੱਤੇ ਐਫ਼ੀਡੇਵਿਟ ਮੁਤਾਬਕ ਸਿਮਰਨਜੀਤ ਸਿੰਘ ਮਾਨ ਦੀ ਚੱਲ ਜਾਇਦਾਦ ਕਰੀਬ 60 ਲੱਖ ਅਤੇ ਅਚੱਲ ਜਾਇਦਾਦ 4 ਕਰੋੜ 30 ਲੱਖ ਤੋਂ ਵੱਧ ਹੈ ਅਤੇ ਉਨ੍ਹਾਂ ’ਤੇ 18 ਲੱਖ ਤੋਂ ਵੱਧ ਦਾ ਕਰਜ਼ਾ ਹੈ।
ਉਨ੍ਹਾਂ ਖ਼ਿਲਾਫ਼ ਫਰੀਦਕੋਟ ਦੇ ਬਾਜਾਖਾਨਾ ਵਿਖੇ 2021 ਵਿੱਚ ਬਰਗਾੜੀ ਪਿੰਡ ਵਿਖੇ ਧਰਨਾ ਦੇਣ ਕਰਕੇ ਮਾਮਲਾ ਦਰਜ ਹੈ।
ਸਿਮਰਨਜੀਤ ਸਿੰਘ ਮਾਨ ਅੰਡਰ ਗਰਾਊਂਡ ਹੋ ਗਏ ਸਨ
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਬੀਬੀਸੀ ਪੱਤਰਕਾਰ ਜਸਪਾਲ ਸਿੰਘ ਨਾਲ ਗੱਲਬਾਤ ਦੌਰਾਨ ਸਿਮਰਨਜੀਤ ਸਿੰਘ ਮਾਨ ਦੇ ਸਿਆਸੀ ਕਰੀਅਰ ਬਾਰੇ ਗੱਲਬਾਤ ਕੀਤੀ।
ਜਗਤਾਰ ਸਿੰਘ ਦੱਸਦੇ ਹਨ ਕਿ ਮਾਨ ਨੇ ਆਪਣੀ ਸਕੂਲੀ ਪੜ੍ਹਾਈ ਸ਼ਿਮਲਾ ਦੇ ਬਿਸ਼ਪ ਕੌਟਨ ਸਕੂਲ ਤੋਂ ਕੀਤੀ। ਬਤੌਰ ਆਈਪੀਐੱਸ ਇਨ੍ਹਾਂ ਨੂੰ ਪੰਜਾਬ ਕਾਡਰ ਅਲਾਟ ਹੋਇਆ ਸੀ।
ਸਿਮਰਨਜੀਤ ਸਿੰਘ ਮਾਨ ਦੀ ਸਿਆਸਤ ਵਿੱਚ ਐਂਟਰੀ ਬਾਰੇ ਉਹ ਦੱਸਦੇ ਹਨ ਕਿ ਮਾਨ ਨੇ 1984 ਵਿੱਚ ਆਪਰੇਸ਼ਨ ਬਲੂ ਸਟਾਰ ਦੇ ਰੋਸ ਵਜੋਂ ਬਤੌਰ ਆਈਪੀਐੱਸ ਅਫ਼ਸਰ ਅਸਤੀਫ਼ਾ ਦੇ ਦਿੱਤਾ ਸੀ।
ਉਸ ਵੇਲੇ ਸਿਰਮਨਜੀਤ ਸਿੰਘ ਮਾਨ ਫ਼ਰੀਦਕੋਟ ਦੇ ਐੱਸਐੱਸਪੀ ਹੁੰਦੇ ਸਨ। ਉਨ੍ਹਾਂ ਨੇ ਆਪਣਾ ਅਸਤੀਫ਼ਾ ਮੁਲਕ ਦੇ ਤਤਕਾਲੀ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਸੌਂਪਿਆ ਸੀ।
ਜਗਤਾਰ ਸਿੰਘ ਦੱਸਦੇ ਹਨ ਕਿ ਇਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਅੰਡਰ ਗਰਾਊਂਡ ਹੋ ਗਏ ਕਿਉਂਕਿ ਉਨ੍ਹਾਂ ਖ਼ਿਲਾਫ਼ ਵਾਰੰਟ ਜਾਰੀ ਹੋ ਗਏ ਸਨ।
ਜਦੋਂ ਇਨ੍ਹਾਂ ਦੀ ਗ੍ਰਿਫ਼ਤਾਰੀ ਹੋਈ ਸੀ ਤਾਂ ਇਨ੍ਹਾਂ ਦਾ ਨਾਮ ਇੰਦਰਾ ਗਾਂਧੀ ਦੇ ਕਤਲ ਕੇਸ ਵਿੱਚ ਆ ਚੁੱਕਿਆ ਸੀ। ਇਸ ਤੋਂ ਇਲਾਵਾ ਖਾਲਿਸਤਾਨ ਨਾਲ ਜੁੜੇ ਵੱਖ-ਵੱਖ ਕੇਸਾਂ ਵਿੱਚ ਵੀ ਸਿਮਰਨਜੀਤ ਮਾਨ ਦਾ ਨਾਂ ਆਇਆ ਸੀ।
ਸਿਮਰਨਜੀਤ ਸਿੰਘ ਮਾਨ 1984 ਤੋਂ ਲੈ ਕੇ 1989 ਤੱਕ ਜੇਲ੍ਹ ਵਿੱਚ ਵੀ ਰਹੇ ਸਨ।
ਸਿਮਰਨਜੀਤ ਮਾਨ ਨੇ ਜੇਲ੍ਹ 'ਚ ਰਹਿੰਦੀਆਂ ਲੜੀ 1989 ਦੀ ਚੋਣ
ਜਗਤਾਰ ਸਿੰਘ ਦੱਸਦੇ ਹਨ ਕਿ ਜਦੋਂ ਸਿਮਰਨਜੀਤ ਸਿੰਘ ਮਾਨ ਨੇ ਪਹਿਲੀ ਲੋਕ ਸਭਾ ਚੋਣ 1989 ਵਿੱਚ ਤਰਨ ਤਾਰਨ ਤੋਂ ਲੜੀ ਤਾਂ ਉਸ ਸਮੇਂ ਉਹ ਜੇਲ੍ਹ ਵਿੱਚ ਬੰਦ ਸਨ। ਉਸ ਵੇਲੇ ਜਿੱਤ ਦਾ ਫ਼ਰਕ ਸਾਢੇ ਚਾਰ ਲੱਖ ਤੋਂ ਜ਼ਿਆਦਾ ਸੀ।
ਉਹ ਇਹ ਵੀ ਦੱਸਦੇ ਹਨ ਕਿ ਪੰਜਾਬ ਵਿੱਚ ਸਭ ਤੋਂ ਵੱਡਾ ਜਿੱਤ ਦਾ ਮਾਰਜਿਨ 1989 ਵਿੱਚ ਸਿਮਰਨਜੀਤ ਸਿੰਘ ਮਾਨ ਦਾ ਹੀ ਸੀ।
ਤਰਨ ਤਾਰਨ ਲੋਕ ਸਭਾ ਸੀਟ ਉੱਤੇ ਜਿੱਤ ਤੋਂ ਬਾਅਦ ਉਹ ਲੋਕ ਸਭਾ ਵਿੱਚ ਦਾਖਲ ਨਹੀਂ ਹੋਏ ਕਿਉਂਕਿ ਉਨ੍ਹਾਂ ਦੀ ਸ਼ਰਤ ਸੀ ਕਿ ਉਹ ਆਪਣੀ ਕਿਰਪਾਨ ਲੈ ਕੇ ਹੀ ਲੋਕ ਸਭਾ ਜਾਣਗੇ।
ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਸਿਮਰਨਜੀਤ ਸਿੰਘ ਮਾਨ) ਨੇ ਪੰਜਾਬ ਵਿੱਚ ਸੱਤ ਲੋਕ ਸਭਾ ਸੀਟਾਂ ਉੱਤੇ ਜਿੱਤ ਹਾਸਲ ਕੀਤੀ ਸੀ। ਇਨ੍ਹਾਂ ਵਿੱਚ ਲੁਧਿਆਣਾ, ਰੋਪੜ, ਫਰੀਦਕੋਟ, ਫ਼ਿਰੋਜ਼ਪੁਰ, ਤਰਨ ਤਾਰਨ, ਸੰਗਰੂਰ ਅਥੇ ਬਠਿੰਡਾ ਸ਼ਾਮਲ ਸਨ।
ਜਗਤਾਰ ਸਿੰਘ ਦੱਸਦੇ ਹਨ ਕਿ ਇਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਯੂਨਾਈਟਿਡ ਅਕਾਲੀ ਦਲ ਦੇ ਸਾਂਝੇ ਪ੍ਰਧਾਨ ਬਣੇ ਪਰ ਇਹ ਬਹੁਤੀ ਦੇਰ ਨਹੀਂ ਰਿਹਾ ਅਤੇ ਅਕਾਲੀ ਦਲ ਖਿੰਡ ਗਿਆ।
ਇਸ ਤੋਂ ਬਾਅਦ ਹੀ ਮਾਨ ਨੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ ਬਣਾ ਲਈ। ਇਸ ਤੋਂ ਬਾਅਦ ਮਾਨ ਨੇ 1999 ਵਿੱਚ ਸੰਗਰੂਰ ਲੋਕ ਸਭਾ ਚੋਣ ਲੜੀ ਅਤੇ ਜਿੱਤੀ।
ਜਗਤਾਰ ਸਿੰਘ ਦੱਸਦੇ ਹਨ ਕਿ ਮਾਨ ਨੇ ਲੋਕ ਸਭਾ ਚੋਣਾਂ ਤੋਂ ਇਲਾਵਾ ਵਿਧਾਨ ਸਭਾ ਚੋਣਾਂ ਵੀ ਲੜੀਆਂ ਅਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਲੜੀਆਂ ਹਨ।
ਇੱਥੇ ਜ਼ਿਕਰਯੋਗ ਹੈ ਕਿ 1999 ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਕੋਈ ਲੋਕ ਸਭਾ ਤੇ ਵਿਧਾਨ ਸਭਾ ਚੋਣ ਨਹੀਂ ਜਿੱਤੇ ਸਕੇ ਸਨ।
ਖਾਲਿਸਤਾਨ ਵਿਚਾਰਧਾਰਾ ਅਤੇ ਸਿਮਰਨਜੀਤ ਸਿੰਘ ਮਾਨ
ਸਿਮਰਨਜੀਤ ਸਿੰਘ ਮਾਨ ਦੇ ਖਾਲਿਸਤਾਨ ਉੱਤੇ ਸਟੈਂਡ ਬਾਰੇ ਦੱਸਦਿਆਂ ਜਗਤਾਰ ਸਿੰਘ ਕਹਿੰਦੇ ਹਨ ਕਿ ਮਾਨ ਖਾਲਿਸਤਾਨ ਪੱਖੀ ਹਨ ਅਤੇ ਇਸ ਦੀ ਮੰਗ ਲਗਾਤਾਰ ਕਰਦੇ ਆ ਰਹੇ ਹਨ।
ਉਨ੍ਹਾਂ ਮੁਤਾਬਕ ਮਾਨ ਲੋਕਤੰਤਰਿਕ ਤਰੀਕੇ ਦੇ ਨਾਲ ਖਾਲਿਸਤਾਨ ਦੀ ਮੰਗ ਕਰਦੇ ਹਨ।
ਇਹ ਵੀ ਪੜ੍ਹੋ: