You’re viewing a text-only version of this website that uses less data. View the main version of the website including all images and videos.
ਤੀਸਤਾ ਸੀਤਲਵਾੜ: ਨਰਿੰਦਰ ਮੋਦੀ ਖਿਲਾਫ਼ ਕਾਨੂੰਨੀ ਲੜਾਈ ਵਿੱਚ ਵਿਧਵਾ ਦਾ ਸਾਥ ਦੇਣ ਵਾਲੀ ਕਾਰਕੁਨ ਹਿਰਾਸਤ ਵਿੱਚ ਲਈ ਗਈ
ਤੀਸਤਾ ਸੀਤਲਵਾੜ ਅਤੇ ਆਰ ਬੀ ਸ਼੍ਰੀਕੁਮਾਰ ਨੂੰ ਗੁਜਰਾਤ ਏਟੀਐੱਸ ਵੱਲੋਂ ਅਪਰਾਧਿਕ ਸਾਜਿਸ਼ ਰਚਣ ਦੇ ਇਲਜ਼ਾਮਾਂ ਤਹਿਤ ਉਨ੍ਹਾਂ ਦੇ ਮੁੰਬਈ ਵਿਚਲੇ ਘਰ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ।
ਤੀਸਤਾ ਸੀਤਲਵਾੜ ਦੀ ਐਨਜੀਓ ਨੇ ਜ਼ਾਕਿਆ ਜਾਫ਼ਰੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਲੜੀ ਗਈ ਕਾਨੂੰਨੀ ਲੜਾਈ ਵਿੱਚ ਮਦਦ ਕੀਤੀ ਸੀ।
ਸਮਾਜਿਕ ਕਾਰਕੁਨ ਤੀਸਤਾ ਸੀਤਲਵਾੜ ਨੂੰ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਵੱਲੋਂ ਦਰਜ ਇੱਕ ਐਫ਼ਆਈਆਰ ਦੇ ਸੰਬੰਧ ਵਿੱਚ ਮੁੰਬਈ ਵਿੱਚ ਅੱਤਵਾਦ-ਵਿਰੋਧੀ ਸਕੁਐਡ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ
ਜ਼ਾਕਿਆ ਜਾਫ਼ਰੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ 63 ਹੋਰਾਂ ਨੂੰ ਸਾਲ 2002 ਦੇ ਗੁਜਰਾਤ ਦੰਗਿਆਂ ਵਿੱਚ ਭੂਮਿਕਾ ਤੋਂ ਕਲੀਨ ਚਿੱਟ ਦਿੱਤੇ ਜਾਣ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। ਸੁਪਰੀਮ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਸ਼ੁੱਕਰਵਾਰ ਨੂੰ ਰੱਦ ਕਰ ਦਿੱਤੀ ਸੀ।
ਜ਼ਾਕਿਆ ਦੇ ਪਤੀ ਮਰਹੂਮ ਕਾਂਗਰਸੀ ਸਾਂਸਦ ਅਹਿਸਾਨ ਜਾਫ਼ਰੀ ਦੀ ਗੁਲਬਰਗ ਸੁਸਾਈਟੀ ਉੱਪਰ ਭੀੜ ਵੱਲੋਂ ਕੀਤੇ ਹਮਲੇ ਵਿੱਚ ਮੌਤ ਹੋ ਗਈ ਸੀ।
ਤੀਸਤਾ ਦੀ ਐਨਜੀਓ ਨੇ ਇੱਕ ਦਹਾਕੇ ਤੋਂ ਜ਼ਿਆਦਾ ਸਮਾਂ ਜ਼ਾਕਿਆ ਵੱਲੋਂ ਇਨਸਾਫ਼ ਲਈ ਲੜੀ ਗਈ ਇਸ ਲੜਾਈ ਵਿੱਚ ਸਾਥ ਦਿੱਤਾ ਸੀ।
'ਮੋਦੀ ਦਾ ਅਕਸ ਖਰਾਬ ਕਰਨ ਵਾਲਿਆਂ ਦੀ ਦੁਕਾਨ'
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਖ਼ਬਰ ਏਜੰਸੀ ਏਐਨਆਈ ਨਾਲ ਗੱਲਬਾਤ ਦੌਰਾਨ ਸ਼ਨਿੱਚਰਵਾਰ ਸਵੇਰੇ ਹੀ ਤੀਸਤਾ ਦੇ ਐਨਜੀਓ ਦਾ ਜ਼ਿਕਰ ਕੀਤਾ ਸੀ।
ਅਮਿਤ ਸ਼ਾਹ ਦੇ ਬਿਆਨ ਤੋਂ ਕੁਝ ਘੰਟਿਆਂ ਦੇ ਅੰਦਰ ਹੀ ਤੀਸਤਾ ਨੂੰ ਮੁੰਬਈ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ।
ਅਮਿਤ ਸ਼ਾਹ ਨੇ ਕਿਹਾ ਸੀ ਕਿ ਤੀਸਤਾ ਅਤੇ ਹੋਰਾਂ ਵੱਲੋਂ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਅਕਸ ਨੂੰ ਖ਼ਰਾਬ ਕਰਨ ਲਈ ਬੇਬੁਨਿਆਦ ਇਲਜ਼ਾਮ ਲਗਾਏ ਗਏ ਸਨ।
ਇਸੇ ਤਰ੍ਹਾਂ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਪਿਛਲੇ 20 ਸਾਲਾਂ ਤੋਂ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਦਨਾਮ ਕਰਨ ਵਾਲਿਆਂ ਦੀ ਦੁਕਾਨ ਬੰਦ ਕਰ ਦਿੱਤੀ ਗਈ ਹੈ।
ਅਹਿਮਦਾਬਾਦ ਕ੍ਰਾਈਮ ਬ੍ਰਾਂਚ ਵੱਲੋਂ ਤੀਸਤਾ, ਡਿਸਮਿਸ ਕੀਤੇ ਹੋਏ ਆਈਪੀਐਸ ਅਫ਼ਸਰ ਸੰਜੀਵ ਭੱਟ, ਅਤੇ ਸੇਵਾ ਮੁਕਤ ਡੀਜੀਪੀ ਆਰ ਬੀ ਸ਼੍ਰੀਕੁਮਾਰ ਖਿਲਾਫ਼ ਐਫ਼ਆਈਆਰ ਦਰਜ ਕੀਤੀ ਗਈ ਸੀ।
ਖ਼ਬਰ ਏਜੰਸੀ ਏਐਨਆਈ ਨੇ ਦੱਸਿਆ ਕਿ ਉਨ੍ਹਾਂ ਦੀ ਐਨਜੀਓ ਦੇ ਖਿਲਾਫ਼ ਸ਼ਿਕਾਇਤ ਲੈਕੇ ਮੁੰਬਈ ਦੀ ਅੱਤਵਾਦ ਵਿਰੋਧੀ ਸਕੁਐਡ ਦੀ ਟੀਮ ਉਨ੍ਹਾਂ ਦੇ ਘਰ ਪਹੁੰਚੀ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਤੀਸਤਾ ਸੀਤਲਵਾੜ ਜ਼ਾਕਿਆ ਜਾਫ਼ਰੀ ਵੱਲੋਂ ਸੁਪਰੀਮ ਕੋਰਟ ਵਿੱਚ ਲਗਾਈ ਗਈ ਅਰਜ਼ੀ ਵਿੱਚ ਸਹਿ-ਪਟੀਸ਼ਨਰ ਵੀ ਸਨ।
ਗੁਲਬਰਗ ਸੁਸਾਇਟੀ ਵਿੱਚ ਕੀ ਹੋਇਆ?
ਜ਼ਾਕਿਆ ਦੇ ਪਤੀ ਮਰਹੂਮ ਕਾਂਗਰਸੀ ਸਾਂਸਦ ਅਹਿਸਾਨ ਜਾਫਰੀ ਗੁਲਬਰਗ ਸੁਸਾਇਟੀ ਵਿੱਚ ਰਹਿੰਦੇ ਸੀ।
ਗੁਲਬਰਗ ਸੁਸਾਇਟੀ ਇੱਕ ਮੁਸਲਮਾਨ ਬਹੁ ਗਿਣਤੀ ਵਾਲੀ ਸੁਸਾਇਟੀ ਸੀ ਜਿਸ ਦੇ ਵਾਸੀ ਹਿੰਦੂ ਅਬਾਦੀ ਦੇ ਵਿਚਕਾਰ ਹੋਣ ਕਾਰਨ ਚਿੰਤਤ ਸਨ।
ਅਹਿਮਦਾਬਾਦ ਵਿੱਚ ਕਈ ਥਾਵਾਂ 'ਤੇ ਗੁੱਸੇ ਵਿੱਚ ਆਏ ਲੋਕਾਂ ਦਾ ਇਕੱਠ ਹੋ ਰਿਹਾ ਸੀ ਪਰ ਪੁਲਿਸ ਉਨ੍ਹਾਂ ਨੂੰ ਖਿੰਡਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ ਸੀ।
ਸੇਵੇਰੇ ਦਸ ਕੁ ਵਜੇ ਦੇ ਕਰੀਬ ਗੁਲਬਰਗ ਸੋਸਾਇਟੀ ਦੇ ਆਸ-ਪਾਸ ਭੀੜ ਇਕੱਠੀ ਹੋ ਗਈ ਸੀ। ਭੀੜ ਦੇਖਣ ਨੂੰ ਭਾਵੇਂ ਸ਼ਾਂਤ ਸੀ ਪਰ ਅੱਖਾਂ ਵਿੱਚ ਗੁੱਸਾ ਸੀ।
ਦੋ ਕਾਰਸੇਵਕਾਂ ਦੀਆਂ ਲਾਸ਼ਾਂ ਸੁਸਾਇਟੀ ਤੋਂ ਕਰੀਬ ਇੱਕ ਕਿਲੋਮੀਟਰ ਦੀ ਦੂਰੀ 'ਤੇ ਲਿਆਂਦੀਆਂ ਗਈਆਂ। ਸੋਸਾਇਟੀ ਦੇ ਬਾਹਰ ਦੋ ਪੁਲਿਸ ਵਾਲੇ ਵੀ ਖੜ੍ਹੇ ਸਨ, ਉਨ੍ਹਾਂ ਕੋਲ ਹਥਿਆਰਾਂ ਦੇ ਨਾਂ 'ਤੇ ਸਿਰਫ਼ ਡਾਂਗਾਂ ਸਨ।
ਕਰੀਬ 12 ਵਜੇ ਪੁਲਿਸ ਕੰਟਰੋਲ ਰੂਮ ਦਾ ਫ਼ੋਨ ਮਦਦ ਲਈ ਵੱਜਣ ਲੱਗਿਆ। ਸ਼ਹਿਰ ਦੇ ਕਈ ਇਲਾਕਿਆਂ ਜਿਵੇਂ ਨਰੋਦਾ, ਬਾਪੂਨਗਰ, ਪਾਲੜੀ, ਵੇਜਲਪੁਰ, ਰਾਨੀਪ ਵਰਗੇ ਕਈ ਇਲਾਕਿਆਂ ਵਿੱਚ ਦੰਗੇ ਸ਼ੁਰੂ ਹੋ ਗਏ ਸਨ।
ਵੀਡੀਓ: ਗੁਜਰਾਤ ਦੰਗਿਆਂ ਤੋਂ ਬਾਅਦ ਮੋਦੀ ਨੂੰ ਵਾਜਪਾਈ ਦੀ ਨਸੀਹਤ
ਮੌਕੇ ਤੋਂ ਲੋਕ ਪੁਲਿਸ ਕੰਟਰੋਲ ਰੂਮ ਤੋਂ ਹੋਰ ਪੁਲਿਸ ਫੋਰਸ ਭੇਜਣ ਦੀ ਮੰਗ ਕਰ ਰਹੇ ਸਨ। ਮਦਦ ਮੰਗਣ ਵਾਲਿਆਂ ਵਿੱਚ ਗੁਲਬਰਗ ਸੋਸਾਇਟੀ ਦੇ ਵਾਸੀ ਅਹਿਸਾਨ ਜ਼ਾਫਰੀ ਵੀ ਸੀ।
ਦੇਖਦੇ ਹੀ ਦੇਖਦੇ ਇੱਕ ਘੰਟੇ ਵਿੱਚ ਹੀ ਹਾਲਾਤ ਇੰਨੇ ਖਰਾਬ ਹੋ ਗਏ ਕਿ ਪੁਲਿਸ ਨੇ ਮਦਦ ਮੰਗਣ ਵਾਲਿਆਂ ਨੂੰ ਆਪਣੀ ਬੇਵਸੀ ਦੱਸਣੀ ਸ਼ੁਰੂ ਕਰ ਦਿੱਤੀ ਕਿ ਸਾਡੇ ਕੋਲ ਕੋਈ ਫ਼ੋਰਸ ਨਹੀਂ ਹੈ।
ਦੂਜੇ ਪਾਸੇ ਗੁਲਬਰਗ ਸੋਸਾਇਟੀ ਦੀ ਹਾਲਤ ਇੰਨੀ ਮਾੜੀ ਹੋ ਗਈ ਸੀ ਕਿ ਉੱਥੇ ਮਦਦ ਭੇਜਣਾ ਵੀ ਮੁਹਾਲ ਹੋ ਗਿਆ ਸੀ।
ਸ਼ਾਮ 4.30 ਵਜੇ ਗੁਲਬਰਗ ਸੁਸਾਇਟੀ ਦੀ ਅੱਗ ਬੁਝ ਚੁੱਕੀ ਸੀ। ਸਿਰਫ਼ ਧੂੰਆਂ ਹੀ ਨਿਕਲ ਰਿਹਾ ਸੀ।
ਲਾਸ਼ਾਂ ਸਾਰੀ ਸੁਸਾਇਟੀ ਵਿੱਚ ਖਿੱਲਰੀਆਂ ਪਈਆਂ ਸਨ। ਗੁਲਬਰਗ ਸੋਸਾਇਟੀ ਵਿੱਚ 'ਗੋਧਰਾ ਦੀ ਗਲਤੀ' ਕਾਰਨ 69 ਜਾਨਾਂ ਚਲੀਆਂ ਗਈਆਂ। ਪੁਲਿਸ ਅਤੇ ਫ਼ਾਇਰ ਬ੍ਰਿਗੇਡ ਲਈ ਕਰਨ ਵਰਗਾ ਕੋਈ ਕੰਮ ਨਹੀਂ ਬਚਿਆ ਸੀ।
ਕੁਝ ਲੋਕ ਬਚਣ ਲਈ ਧੁਖ ਰਹੇ ਘਰ ਦੀ ਛੱਤ 'ਤੇ ਲੁਕੇ ਹੋਏ ਸਨ। ਮਦਦ ਲਈ ਆਈ ਪੁਲਿਸ ਤੋਂ ਵੀ ਉਹ ਡਰ ਰਹੇ ਸੀ।
ਪੁਲਿਸ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਹੇਠਾਂ ਲਿਆਂਦਾ। ਇਨ੍ਹਾਂ ਲੋਕਾਂ ਵਿੱਚ ਅਹਿਸਾਨ ਜਾਫਰੀ ਦੀ ਪਤਨੀ ਜ਼ਾਕੀਆ ਜਾਫਰੀ ਵੀ ਸ਼ਾਮਲ ਸੀ, ਜੋ ਅਜੇ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ।
ਜ਼ਾਕਿਆ ਜਾਫ਼ਰੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ 63 ਹੋਰਾਂ ਨੂੰ ਸਾਲ 2002 ਦੇ ਗੁਜਰਾਤ ਦੰਗਿਆਂ ਵਿੱਚ ਭੂਮਿਕਾ ਤੋਂ ਕਲੀਨ ਚਿੱਟ ਦਿੱਤੇ ਜਾਣ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। ਸੁਪਰੀਮ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਸ਼ੁੱਕਰਵਾਰ ਨੂੰ ਰੱਦ ਕਰ ਦਿੱਤੀ ਸੀ।
ਇਹ ਵੀ ਪੜ੍ਹੋ: