ਸਿੱਧੂ ਮੂਸੇਵਾਲਾ ਕਤਲ ਕੇਸ: ਪੁਣੇ ਵਿੱਚ ਫੜ੍ਹੇ ਗਏ ਮਹਾਕਾਲ ਬਾਰੇ ਪੁਲਿਸ ਕੋਲ ਕੀ ਜਾਣਕਾਰੀ ਹੈ

ਲਾਰੈਂਸ ਬਿਸ਼ਨੋਈ ਨੂੰ ਜੂਨ ਦੇ ਪਹਿਲੇ ਹਫ਼ਤੇ ਪਟਿਆਲਾ ਹਾਊਸ ਕੋਰਟ ਵਿਖੇ ਪੇਸ਼ ਕੀਤਾ ਗਿਆ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਾਰੈਂਸ ਬਿਸ਼ਨੋਈ ਨੂੰ ਜੂਨ ਦੇ ਪਹਿਲੇ ਹਫ਼ਤੇ ਪਟਿਆਲਾ ਹਾਊਸ ਕੋਰਟ ਵਿਖੇ ਪੇਸ਼ ਕੀਤਾ ਗਿਆ ਸੀ

ਮਹਾਰਾਸ਼ਟਰ ਪੁਲਿਸ ਦੇ ਪੁਣੇ (ਦਿਹਾਤੀ) ਦੇ ਐੱਸਐੱਸਪੀ ਅਭਿਨਵ ਦੇਸ਼ਮੁਖ ਮੁਤਾਬਕ ਸੌਰਭ ਮਹਾਕਾਲ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਮੁਤਾਬਕ ਮਹਾਕਾਲ ਸੰਤੋਸ਼ ਜਾਧਵ ਗੈਂਗ ਦਾ ਮੈਂਬਰ ਹੈ ਅਤੇ ਇਹ ਦੋਵੇਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਮਿਲਕੇ ਕੰਮ ਕਰਦੇ ਹਨ।

ਸੌਰਭ ਦਾ ਪੂਰਾ ਨਾਂ ਸਿਦੇਸ਼ ਹੀਰਾਮਨ ਕਾਂਬਲੇ ਹੈ। ਮਹਾਕਾਲ ਦੀ ਗ੍ਰਿਫ਼ਤਾਰੀ ਪਿਛਲੇ ਸਾਲ ਹੋਏ ਓਮਕਾਰ ਬੰਕੁਲੇ ਦੇ ਕਤਲ ਵਿੱਚ ਕੀਤੀ ਗਈ ਹੈ।

ਅਭਿਨਵ ਦੇਸ਼ਮੁਖ ਮੁਤਾਬਕ ਇਹ ਕਤਲ ਪੁਣੇ ਦੇ ਮੰਚਾਲ ਪੁਲਿਸ ਥਾਣੇ ਤਹਿਤ ਪੈਂਦੇ ਖੇਤਰ ਵਿੱਚ ਹੋਇਆ ਸੀ ਅਤੇ ਮਕੋਕਾ ਐਕਟ ਤਹਿਤ ਮਹਾਕਾਲ ਦੀ ਗ੍ਰਿਫਤਾਰੀ ਕੀਤੀ ਗਈ ਹੈ।

ਸੰਤੋਸ਼ ਜਾਧਵ ਵੀ ਪੁਲਿਸ ਨੂੰ ਲੋੜੀਂਦਾ ਹੈ ਅਤੇ ਅਦਾਲਤ ਨੇ ਉਸ ਖਿਲਾਫ਼ ਵਾਰੰਟ ਜਾਰੀ ਕੀਤੇ ਹੋਏ ਹਨ।

ਪੁਲਿਸ ਨੇ 20 ਜੂਨ ਤੱਕ ਮਹਾਕਾਲ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ।

ਮੂਸੇਵਾਲਾ ਕੇਸ

ਤਸਵੀਰ ਸਰੋਤ, Getty Images

ਅਭਿਨਵ ਦੇਸ਼ਮੁਖ ਨੇ ਦੱਸਿਆ, ''ਪੁਲਿਸ ਮਹਾਕਾਲ ਤੋਂ ਪੁੱਛਗਿੱਛ ਕਰ ਰਹੀ ਹੈ, ਪਰ ਸੰਤੋਸ਼ ਜਾਧਵ ਕਿਤੇ ਲੁਕਿਆ ਹੋਇਆ ਹੈ, ਇਸ ਬਾਰੇ ਅਜੇ ਪੱਕੇ ਤੌਰ ਉੱਤੇ ਕੁਝ ਵੀ ਕਹਿਣਾ ਮੁਸ਼ਕਲ ਹੈ।''

ਬੁੱਧਵਾਰ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਸਪੈਸ਼ਲ ਪੁਲਿਸ ਕਮਿਸ਼ਨਰ ਹਰਗੋਬਿੰਦ ਸਿੰਘ ਧਾਲੀਵਾਲ ਨੇ ਦੱਸਿਆ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਪੁਣੇ ਪਹੁੰਚ ਚੁੱਕੀ ਹੈ ਅਤੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ।

ਪਰ ਮਹਾਰਾਸ਼ਟਰ ਪੁਲਿਸ ਦਾ ਕਹਿਣਾ ਹੈ ਕਿ ਅਜੇ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਮਹਾਕਾਲ ਦੀ ਸਿੱਧੂ ਮੂਸੇਵਾਲਾ ਕੇਸ ਵਿੱਚ ਕੀ ਭੂਮਿਕਾ ਸੀ।

ਇਸ ਦਾ ਪਤਾ ਤਾਂ ਇਸ ਕਤਲ ਦੀ ਜਾਂਚ ਕਰ ਰਹੀ ਉੱਚ ਪੱਧਰੀ ਟੀਮ, ਜੋ ਮਹਾਰਾਸ਼ਟਰ ਪਹੁੰਚ ਰਹੀ ਹੈ, ਦੀ ਪੁੱਛਗਿੱਛ ਤੋਂ ਬਾਅਦ ਹੀ ਲੱਗ ਸਕੇਗਾ।

ਦੇਸ਼ਮੁੱਖ ਨੇ ਕਿਹਾ ਕਿ ਇੰਨਾ ਜ਼ਰੂਰ ਸਾਫ਼ ਹੈ ਕਿ ਮਹਾਕਾਲ ਸੰਤੋਸ਼ ਜਾਧਵ ਨਾਲ ਪੰਜਾਬ ਅਤੇ ਰਾਜਸਥਾਨ ਗਿਆ ਸੀ।

ਮਹਾਰਾਸ਼ਟਰ ਦੇ ਏਡੀਜੀਪੀ ਲਾਅ ਐਂਡ ਆਰਡਰ ਕੁਲਵੰਤ ਕੁਮਾਰ ਨੇ ਬੀਬੀਸੀ ਮਰਾਠੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਮਹਾਕਾਲ ਤੇ ਜਾਧਵ ਦੀ ਸਿੱਧੂ ਮੂਸੇਵਾਲਾ ਕਤਲ ਵਿੱਚ ਭੂਮਿਕਾ ਹੋਣ ਬਾਰੇ ਮੀਡੀਆ ਰਿਪੋਟਰਾਂ ਤੋਂ ਹੀ ਪਤਾ ਲੱਗਿਆ ਹੈ।

ਹੁਣ ਜਦੋਂ ਮਹਾਕਾਲ ਫੜ੍ਹਿਆ ਗਿਆ ਹੈ ਤਾਂ ਜਾਂਚ ਦੇ ਅੱਗੇ ਵਧਣ ਨਾਲ ਇਸ ਬਾਰੇ ਸਪੱਸ਼ਟ ਹੋ ਜਾਵੇਗਾ।

ਦਿੱਲੀ ਪੁਲਿਸ ਦਾ ਮਹਾਕਾਲ ਬਾਰੇ ਦਾਅਵਾ

ਮਹਾਕਾਲ ਦਾ ਪੂਰਾ ਨਾਮ ਸਿਦੇਸ਼ ਹੀਰਾਮਨ ਕਾਂਬਲੇ ਹੈ ਅਤੇ ਇਸ ਨੂੰ ਮਕੋਕਾ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਧਾਲੀਵਾਲ ਨੇ ਕਿਹਾ, ''ਇਹ ਵਿਅਕਤੀ ਸਿੱਧੂ ਮੂਸੇਵਾਲ ਦੇ ਕਤਲ ਵਿੱਚ ਇੱਕ ਅਹਿਮ ਸ਼ੂਟਰ ਜਿਸ ਦੀ ਸਾਡੇ ਵਲੋਂ ਸਥਾਪਤੀ ਕੀਤੀ ਗਈ ਹੈ ਉਸ ਦਾ ਨਜ਼ਦੀਕੀ ਸਾਥੀ ਰਿਹਾ ਹੈ।''

ਹੀਰਾਮਨ ਕਾਂਬਲੇ ਦੇ ਜਿਸ ਸ਼ੂਟਰ ਸਾਥੀ ਨੇ ਕਤਲ ਵਿੱਚ ਸ਼ਮੂਲੀਅਤ ਕੀਤੀ ਸੀ ਉਹ ਅਜੇ ਤੱਕ ਭਗੌੜਾ ਹੈ।

ਧਾਲੀਵਾਲ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਦੇ ਕਹਿਣ 'ਤੇ ਹੀਰਾਮੱਲ ਨੇ ਪਹਿਲਾਂ ਵੀ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਹੈ। ਲਾਰੈਂਸ ਦੇ ਕਹਿਣ 'ਤੇ ਹੀ ਇਸ ਨੇ ਪੰਜਾਬ ਦੇ ਮੋਗਾ ਵਿੱਚ ਗੋਲੀ ਚਲਾਈ ਸੀ।

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਅਧਿਕਾਰੀ ਹਰਗੋਬਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਹੀ ਸਿੱਧੂ ਮੂਸੇਵਾਲਾ ਕਤਲ ਕੇਸ ਦਾ ਮਾਸਟਰਮਾਈਂਡ ਹੈ।

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਅਧਿਕਾਰੀ ਹਰਗੋਬਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਹੀ ਸਿੱਧੂ ਮੂਸੇਵਾਲਾ ਕਤਲ ਕੇਸ ਦਾ ਮਾਸਟਰਮਾਈਂਡ ਹੈ।

ਹਾਲਾਂਕਿ ਸਿੱਧੂ ਮੂਸੇਵਾਲਾ ਦੀ ਸ਼ੂਟਿੰਗ ਵਿੱਚ ਇਹ ਹੀਰਾਮੱਲ ਸ਼ਾਮਲ ਨਹੀਂ ਸੀ ਪਰ ਇਸ ਨੇ ਸ਼ੂਟਿੰਗ ਵਿੱਚ ਸ਼ਾਮਲ ਇੱਕ ਹੋਰ ਸ਼ੂਟਰ ਨਾਲ ਮਿਲ ਕੇ ਹੋਰ ਕਾਰਵਾਈਆਂ ਨੂੰ ਅੰਜਾਮ ਦਿੱਤਾ ਹੈ।

ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਦਾ 13 ਦਿਨਾਂ ਦਾ ਰਿਮਾਂਡ ਲੈ ਲਿਆ ਗਿਆ ਹੈ ਅਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਪੁਣੇ ਵਿੱਚ ਹੀ ਹੈ।

ਹਾਲਾਂਕਿ ਧਾਲੀਵਾਲ ਨੇ ਕੇਸ ਬਾਰੇ ਹੋਰ ਵੇਰਵੇ ਸਾਂਝੇ ਕਰਨ ਤੋਂ ਤਾਂ ਇਨਕਾਰ ਕੀਤਾ ਪਰ ਇਹ ਜ਼ਰੂਰ ਕਿਹਾ ਕਿ ਲਾਰੈਂਸ ਬਿਸ਼ਨੋਈ ਹੀ ਸਿੱਧੂ ਮੂਸੇਵਾਲਾ ਕਤਲ ਕੇਸ ਦਾ ਮਾਸਟਰਮਾਈਂਡ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)