ਪੈਗੰਬਰ ਮੁਹੰਮਦ ਦੀ ਕਥਿਤ ਬੇਅਦਬੀ : ਨੂਪੁਰ ਸ਼ਰਮਾ ਖ਼ਿਲਾਫ਼ ਮਾਮਲਾ ਦਰਜ, ਦਿੱਲੀ ਪੁਲਿਸ ਨੇ ਦਿੱਤੀ ਸੁਰੱਖਿਆ

ਦਿੱਲੀ ਪੁਲਿਸ ਨੇ ਪੈਗੰਬਰ ਮੁਹੰਮਦ ਖ਼ਿਲਾਫ਼ ਵਿਵਾਦਤ ਟਿੱਪਣੀ ਕਰਨ ਵਾਲੀ ਨੂਪੁਰ ਸ਼ਰਮਾ ਅਤੇ ਉਸਦੇ ਪਰਿਵਾਰ ਨੂੰ ਸੁਰੱਖਿਆ ਦਿੱਤੀ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਹ ਸੁਰੱਖਿਆ ਨੂਪੁਰ ਵੱਲੋਂ ਆਪਣੇ ਅਤੇ ਪਰਿਵਾਰ ਦੀ ਜਾਨ ਨੂੰ ਖ਼ਤਰੇ ਦੀ ਸ਼ਿਕਾਇਤ ਕਰਨ ਤੋਂ ਬਾਅਦ ਮਿਲੀ ਹੈ।

ਉਧਰ ਮਹਾਰਾਸ਼ਟਰ ਪੁਲਿਸ ਨੇ ਨੂਪੁਰ ਸ਼ਰਮਾ ਨੂੰ 22 ਜੂਨ ਲਈ ਸੰਮਨ ਜਾਰੀ ਕਰਦੇ ਹੋਏ ਇਸ ਮਾਮਲੇ ਵਿੱਚ ਆਪਣੇ ਬਿਆਨ ਦਰਜ ਕਰਵਾਉਣ ਲਈ ਆਖਿਆ ਹੈ।

ਵਿਵਾਦਿਤ ਟਿੱਪਣੀ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਨੂਪੁਰ ਨੂੰ ਗ੍ਰਿਫਤਾਰ ਕਰਨ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ।

ਸ਼ਰਮਾ ਵੱਲੋਂ ਆਖਿਆ ਗਿਆ ਸੀ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਜਾਨੋਂ ਮਾਰਨ ਦੀ ਧਮਕੀਆਂ ਮਿਲ ਰਹੀਆਂ ਹਨ ਅਤੇ ਇਸ ਸੰਬੰਧੀ ਉਨ੍ਹਾਂ ਨੇ ਇੱਕ ਐਫਆਈਆਰ ਦਰਜ ਕਰਵਾਈ ਸੀ।

ਇੱਕ ਟੀਵੀ ਸ਼ੋਅ ਦੌਰਾਨ ਪੈਗੰਬਰ ਮੁਹੰਮਦ ਖ਼ਿਲਾਫ਼ ਟਿੱਪਣੀ ਕਰਨ ਦੇ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਨੂਪੁਰ ਨੂੰ ਪਾਰਟੀ ਚੋਂ ਮੁਅੱਤਲ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

ਕਈ ਇਸਲਾਮਿਕ ਦੇਸ਼ਾਂ ਵੱਲੋਂ ਭਾਰਤ ਦੇ ਰਾਜਦੂਤਾਂ ਨੂੰ ਤਲਬ ਕੀਤਾ ਗਿਆ ਹੈ ਅਤੇ ਇਨ੍ਹਾਂ ਟਿੱਪਣੀਆਂ ਖ਼ਿਲਾਫ਼ ਨਾਰਾਜ਼ਗੀ ਜ਼ਾਹਿਰ ਕੀਤੀ ਗਈ ਹੈ।

ਕਤਰ ਵੱਲੋਂ ਭਾਰਤ ਸਰਕਾਰ ਤੋਂ ਮੁਆਫ਼ੀ ਦੀ ਮੰਗ ਵੀ ਕੀਤੀ ਸੀ। ਭਾਰਤ ਸਰਕਾਰ ਵੱਲੋਂ ਆਖਿਆ ਗਿਆ ਸੀ ਕਿ ਵਿਵਾਦਤ ਟਵੀਟ ਅਤੇ ਬਿਆਨ ਕਿਸੇ ਵੀ ਰੂਪ ਵਿੱਚ ਭਾਰਤ ਸਰਕਾਰ ਦੇ ਵਿਚਾਰਾਂ ਦੀ ਤਰਜਮਾਨੀ ਨਹੀਂ ਕਰਦੇ ਅਤੇ ਭਾਰਤ ਸਰਕਾਰ ਸਾਰੇ ਧਰਮਾਂ ਦਾ ਆਦਰ ਸਤਿਕਾਰ ਕਰਦੀ ਹੈ।

ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਨੇ ਵੀ ਇੱਕ ਪਾਕਿਸਤਾਨੀ ਪੱਤਰਕਾਰ ਦੇ ਸਵਾਲ ਦੇ ਜਵਾਬ ਵਿੱਚ ਆਖਿਆ ਕਿ ਉਹ ਸਾਰੇ ਧਰਮਾਂ ਪ੍ਰਤੀ ਸਤਿਕਾਰ ਅਤੇ ਸਹਿਣਸ਼ੀਲਤਾ ਨੂੰ ਉਤਸ਼ਾਹਿਤ ਕਰਦੇ ਹਨ।

'ਗਰੀਨ ਟੈਸਟ' ਵਿੱਚੋਂ ਸਭ ਦੇਸ਼ਾਂ ਤੋਂ ਹੇਠਾਂ ਹੈ ਭਾਰਤ

ਹਾਲ ਹੀ ਵਿੱਚ ਜਾਰੀ ਹੋਏ ਐਨਵਾਇਰਨਮੈਂਟ ਪਰਫਾਰਮੈਂਸ ਇੰਡੈਕਸ-2022 ਦੀ ਸੂਚੀ ਵਿੱਚ ਭਾਰਤ ਦੁਨੀਆਂ ਵਿੱਚ ਸਭ ਤੋਂ ਹੇਠਲਾ ਸਥਾਨ ਮਿਲਿਆ ਹੈ।

ਅੰਗਰੇਜ਼ੀ ਅਖ਼ਬਾਰ ਦਿ ਇੰਡੀਅਨ ਐਕਸਪ੍ਰੈਸ ਮੁਤਾਬਕ 180 ਦੇਸ਼ਾਂ ਦੀ ਜਾਰੀ ਹੋਈ ਇਸ ਸੂਚੀ ਵਿੱਚ ਡੈਨਮਾਰਕ ਸਭ ਤੋਂ ਉੱਪਰ ਹੈ।

ਵਰਲਡ ਇਕਨੌਮਿਕ ਫੋਰਮ ਵੱਲੋਂ ਕੀਤੇ ਜਾਂਦੇ ਇਸ ਸਰਵੇਖਣ ਵਿੱਚ ਵੱਖ ਵੱਖ ਸੂਚਕਾਂ ਦੀ ਜਾਣਕਾਰੀ ਤੋਂ ਬਾਅਦ ਇਹ ਸਥਾਨ ਦਿੱਤੇ ਜਾਂਦੇ ਹਨ।

ਇਨ੍ਹਾਂ ਸੂਚਕਾਂ ਵਿੱਚ ਸਾਫ਼ ਪਾਣੀ,ਸਾਫ਼ ਹਵਾ,ਅਜਿਹਾ ਕੂੜਾ ਜੋ ਸਿਹਤ ਲਈ ਜਾਨਲੇਵਾ ਹੋ ਸਕਦਾ ਹੈ ਉਪਰ ਕਾਬੂ ਅਤੇ ਮਹਾਂਮਾਰੀ ਵਰਗੇ ਹਾਲਾਤਾਂ ਵਿੱਚ ਜਨਤਾ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸਹੂਲਤਾਂ ਸ਼ਾਮਲ ਹਨ।

ਵਰਲਡ ਇਕਨਾਮਿਕ ਫੋਰਮ ਦੇ ਨਾਲ ਯੇਲ ਸੈਂਟਰ ਅਤੇ ਕੋਲੰਬੀਆ ਯੂਨੀਵਰਸਿਟੀ ਦੇ ਵਿਭਾਗ ਕਈ ਸਰਵੇਖਣ ਵਿੱਚ ਸ਼ਾਮਿਲ ਹਨ।ਡੈਨਮਾਰਕ ,ਯੂਕੇ,ਫਿਨਲੈਂਡ, ਮਾਲਟਾ ਤੇ ਸਵੀਡਨ ਦੁਨੀਆਂ ਦੇ ਪਹਿਲੇ ਪੰਜ ਦੇਸ਼ਾਂ ਵਿਚ ਸ਼ਾਮਲ ਹਨ ਜਦੋਂਕਿ ਚੀਨ,ਭਾਰਤ, ਨੇਪਾਲ,ਪਾਕਿਸਤਾਨ ਬੰਗਲਾਦੇਸ਼ ਸੂਚੀ ਵਿੱਚ ਹੇਠਾਂ ਹਨ।

ਕੰਮ ਨਹੀਂ ਤਾਂ ਤਨਖਾਹ ਨਹੀਂ- ਪੰਜਾਬ ਸਰਕਾਰ

ਪਿਛਲੇ ਹਫ਼ਤੇ ਤੋਂ ਸਮੂਹਿਕ ਛੁੱਟੀ ਤੋਂ ਬਾਅਦ ਹੜਤਾਲ ਤੇ ਚੱਲ ਰਹੀ ਰੈਵੇਨਿਊ ਵਿਭਾਗ ਦੇ ਅਧਿਕਾਰੀਆਂ ਬਾਰੇ ਪੰਜਾਬ ਸਰਕਾਰ ਨੇ ਸਖ਼ਤੀ ਕੀਤੀ। ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੰਜਾਬ ਸਰਕਾਰ ਵੱਲੋਂ 'ਕੰਮ ਨਹੀਂ ਤਾਂ ਤਨਖਾਹ ਨਹੀਂ' ਹੁਕਮ ਨੂੰ ਲਾਗੂ ਕਰਨ ਦੀ ਗੱਲ ਆਖੀ ਗਈ ਹੈ।

ਇਹ ਹੜਤਾਲ ਪੰਜਾਬ ਸਰਕਾਰ ਵੱਲੋਂ 4 ਨਾਇਬ ਤਹਿਸੀਲਦਾਰਾਂ ਨੂੰ ਮੁਅੱਤਲ ਕਰਨ ਦੇ ਵਿਰੋਧ ਵਿੱਚ ਕੀਤੀ ਗਈ ਹੈ।

ਪੰਜਾਬ ਸਰਕਾਰ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੂੰ ਆਦੇਸ਼ ਦਿੱਤੇ ਗਏ ਹਨ ਕਿ ਹੜਤਾਲ ਕਰ ਰਹੇ ਇਨ੍ਹਾਂ ਮੁਲਾਜ਼ਮਾਂ ਨੂੰ ਹੜਤਾਲ ਦੌਰਾਨ ਤਨਖ਼ਾਹ ਨਾ ਦਿੱਤੀ ਜਾਵੇ। ਰੈਵੇਨਿਊ ਮੰਤਰੀ ਬ੍ਰਹਮ ਪ੍ਰਕਾਸ਼ ਸ਼ਿੰਪਾ ਨੇ ਆਖਿਆ ਹੈ ਕਿ ਹੜਤਾਲ ਕਾਰਨ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ ਅਤੇ ਇਸ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਵੀ ਹੋਇਆ ਹੈ।

ਸਰਕਾਰ ਵੱਲੋਂ ਸਾਰੇ ਜ਼ਿਲ੍ਹਾ ਰੈਵੇਨਿਊ ਅਧਿਕਾਰੀਆਂ ਦੀ ਬਦਲੀ ਵੀ ਕੀਤੀ ਗਈ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)