1984 ਆਪਰੇਸ਼ਨ ਬਲੂ ਸਟਾਰ: ਲੋਕ ਲੁਕ ਛਿਪ ਕੇ ਹਥਿਆਰ ਸਿਖਾਉਂਦੇ ਹਨ ਅਸੀਂ ਖੁਲ੍ਹੇਆਮ ਸਿਖਲਾਈ ਦੇਵਾਂਗੇ -ਜਥੇਦਾਰ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ

1984 ਦੌਰਾਨ ਅੰਮ੍ਰਿਤਸਰ ਵਿਚ ਸ੍ਰੀ ਅਕਾਲ ਤਖ਼ਤ ਉੱਤੇ ਕੀਤੀ ਗਈ ਭਾਰਤ ਦੀ ਫੌਜੀ ਕਾਰਵਾਈ ਦੀ 38ਵੀਂ ਬਰਸੀ ਮੌਕੇ ਵਿਸ਼ੇਸ਼ ਸਮਾਗਮ ਕੀਤੇ ਗਏ।

ਆਪਰੇਸ਼ਨ ਬਲੂ ਸਟਾਰ ਜਾਂ ਤੀਜੇ ਘੱਲੂਘਾਰੇ ਦੇ ਨਾਂ ਨਾਲ ਜਾਣੇ ਜਾਂਦੇ ਇਸ ਸਾਕੇ ਬਾਰੇ ਹਰ ਸਾਲ 6 ਜੂਨ ਨੂੰ ਅਕਾਲ ਤਖ਼ਤ ਸਾਹਿਬ ਉੱਤੇ ਸਮਾਗਮ ਹੁੰਦੇ ਅਤੇ ਵੱਡੀ ਸਿੱਖ ਸ਼ਰਧਾਲੂ ਇਸ ਮੌਕੇ ਹਾਜ਼ਰੀ ਲੁਆਉਂਦੇ ਹਨ।

ਇਸ ਵਾਰ ਵੀ ਦੇਸ ਵਿਦੇਸ਼ ਤੋਂ ਵੱਡੀ ਗਿਣਤੀ ਸੰਗਤਾਂ ਦਰਬਾਰ ਸਾਹਿਬ ਕੰਪਲੈਕਸ ਵਿਚ ਪਹੁੰਚਿਆ ਅਤੇ ਘੱਲੂਘਾਰੇ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਹਾਜ਼ਰ ਲੋਕਾਂ ਨੇ ਸਾਕੇ ਨੂੰ ਯਾਦ ਕਰਵਾਉਂਦੀਆਂ ਕਈ ਤਰ੍ਹਾਂ ਦੀਆਂ ਤਖਤੀਆਂ ਫੜੀਆਂ ਹੋਈਆਂ ਸਨ। ਸਮਾਗਮ ਪੂਰੀ ਤਰ੍ਹਾਂ ਸ਼ਾਂਤਮਈ ਰਹੇ।

ਸਿਰਫ਼ ਲੋਕਾਂ ਹਾਜ਼ਰ ਕੁਝ ਗਰਮ ਸੁਰ ਰੱਖਣ ਵਾਲੇ ਨੌਜਵਾਨਾਂ ਨੇ ਤਲਵਾਰਾਂ ਹਵਾ ਵਿਚ ਲਹਿਰਾਈਆਂ ਅਤੇ ਖਾਲਿਸਤਾਨ ਪੱਖੀ ਨਾਅਰੇ ਵੀ ਲਾਏ।

ਜਥੇਦਾਰ ਅਕਾਲ ਤਖ਼ਤ ਦਾ ਸੰਬੋਧਨ

1984 ਵਿੱਚ ਹੋਏ ਆਪ੍ਰੇਸ਼ਨ ਬਲੂ ਸਟਾਰ ਦੀ 38ਵੀਂ ਬਰਸੀ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਮ ਸੰਦੇਸ਼ ਸਾਂਝਾ ਕੀਤਾ।

ਜਥੇਦਾਰ ਨੇ ਆਖਿਆ,"ਇਸ ਆਪ੍ਰੇਸ਼ਨ ਦੌਰਾਨ ਬੱਚਿਆਂ ਅਤੇ ਬਜ਼ੁਰਗਾਂ ਸਮੇਤ ਸ਼ਹੀਦੀਆਂ ਹੋਈਆਂ ਸਨ।"

ਆਪਣੇ ਸੰਬੋਧਨ ਦੌਰਾਨ ਜਥੇਦਾਰ ਨੇ ਪੰਥ ਨੂੰ ਦਰਪੇਸ਼ ਸਮੱਸਿਆਵਾਂ ਦੀ ਗੱਲ ਕਰਦਿਆਂ ਕਿਹਾ ਕਿ ਅੱਜ ਕੌਮ ਦੇ ਅੱਗੇ ਕਈ ਚੁਣੌਤੀਆਂ ਖੜ੍ਹੀਆਂ ਹਨ।

ਜਥੇਦਾਰ ਨੇ ਸੰਬੋਧਨ ਦੀ ਸ਼ੁਰੂਆਤ ਕਰਦਿਆਂ ਕਿਹਾ, ''ਸਿੱਖ ਕੌਮ ਨੂੰ ਆਰਥਿਕ, ਸਮਾਜਿਕ,ਧਾਰਮਿਕ ਅਤੇ ਰਾਜਨੀਤਕ ਤੌਰ 'ਤੇ ਕਮਜ਼ੋਰ ਕਰਨ ਦੀ ਨੀਤੀ ਜਵਾਹਰ ਲਾਲ ਨਹਿਰੂ ਵੱਲੋਂ ਤਿਆਰ ਕੀਤੀ ਗਈ ਸੀ।''

''ਇਹ ਨੀਤੀਆਂ 1947 ਵਿੱਚ ਹੀ ਬਣ ਗਈਆਂ ਸਨ। ਇਸ ਦਾ ਸਿੱਟਾ 1984 ਵਿੱਚ ਅਕਾਲ ਤਖ਼ਤ ਅਤੇ ਹੋਰ ਧਾਰਮਿਕ ਸਥਾਨਾਂ ਉੱਪਰ ਹਮਲੇ ਦੇ ਰੂਪ ਵਿੱਚ ਸਾਹਮਣੇ ਆਇਆ।"

ਇਸਾਈਅਤ ਦਾ ਪ੍ਰਚਾਰ ਫ਼ਿਕਰ ਦੀ ਗੱਲ

ਜਥੇਦਾਰ ਨੇ ਪੰਜਾਬ ਵਿਚ ਈਸਾਈ ਧਰਮ ਦੇ ਹੋ ਰਹੇ ਪ੍ਰਚਾਰ ਉੱਤੇ ਚਿੰਤਾ ਜਾਹਰ ਕਰਦਿਆਂ ਕਿਹਾ, "ਸਾਨੂੰ ਧਾਰਮਿਕ ਤੌਰ 'ਤੇ ਕਮਜ਼ੋਰ ਕਰਨ ਲਈ ਪੰਜਾਬ ਦੀ ਧਰਤੀ ਉਪਰ ਇਸਾਈਅਤ ਦਾ ਪ੍ਰਚਾਰ ਹੋ ਰਿਹਾ ਹੈ। ਪਿੰਡ- ਪਿੰਡ ਵਿੱਚ ਚਰਚਾਂ ਬਣ ਰਹੀਆਂ ਹਨ।"

"ਇਹ ਸਾਡੇ ਲਈ ਫਿਕਰ ਵਾਲੀ ਗੱਲ ਹੈ।ਹੁਣ ਪਿੰਡਾਂ ਵਿੱਚ ਪ੍ਰਚਾਰ ਕਰਨ ਦਾ ਸਮਾਂ ਆ ਗਿਆ ਹੈ। ਏਸੀ ਕਮਰਿਆਂ ਵਿੱਚੋਂ ਨਿਕਲ ਕੇ ਧਰਮ ਪ੍ਰਚਾਰ ਕੀਤਾ ਜਾਵੇ। ਖ਼ਾਸ ਕਰਕੇ ਸਰਹੱਦੀ ਇਲਾਕਿਆਂ ਵਿੱਚ ਜਾ ਕੇ ਸਿੱਖੀ ਨੂੰ ਮਜ਼ਬੂਤ ਕਰੋ।"

ਜਥੇਦਾਰ ਨੇ ਅੱਗੇ ਆਖਿਆ,"ਜੇਕਰ ਅਸੀਂ ਧਾਰਮਿਕ ਤੌਰ ਉੱਪਰ ਮਜ਼ਬੂਤ ਨਾ ਹੋਏ ਤਾਂ ਆਰਥਿਕ ਤੌਰ 'ਤੇ ਮਜ਼ਬੂਤ ਨਹੀਂ ਹੋ ਸਕਦੇ। ਫਿਰ ਅਸੀਂ ਰਾਜਨੀਤਕ ਤੌਰ 'ਤੇ ਕਮਜ਼ੋਰ ਹੋ ਜਾਵਾਂਗੇ।"

ਜਥੇਦਾਰ ਨੇ ਸਿੱਖ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਪੜ੍ਹਾਈ ਉੱਪਰ ਧਿਆਨ ਦੇਣ ਦੀ ਗੱਲ ਵੀ ਆਖੀ।

''ਵਿੱਦਿਆ ਵਿੱਚ ਉਨ੍ਹਾਂ ਨੂੰ ਇੰਨੇ ਨਿਪੁਣ ਕਰੀਏ, ਕਿ ਸਾਡੇ ਨੌਜਵਾਨ ਜਿਹੜੇ ਵੀ ਮੁਲਕ ਵਿਚ ਜਾਣ ਯਹੂਦੀਆਂ ਵਾਂਗ ਉੱਥੋਂ ਦੀ ਆਰਥਿਕਤਾ ਉੱਤੇ ਕਬਜਾ ਕਰ ਲੈਣ''

ਜਥੇਦਾਰ ਅਕਾਲ ਤਖ਼ਤ ਨੇ ਅੱਗੇ ਆਖਿਆ ਕਿ ਇਸ ਵਾਰ ਸਰਕਾਰਾਂ ਵੱਲੋਂ ਜ਼ਿਆਦਾ ਸੁਰੱਖਿਆ ਫੋਰਸ ਲਗਾਈ ਗਈ ਹੈ।

ਇਹ ਵੀ ਪੜ੍ਹੋ:

ਆਧੁਨਿਕ ਸ਼ਸਤਰ ਅਭਿਆਸ ਅਤੇ ਗੁਰਬਾਣੀ ਨਾਲ ਜੁੜਨ ਨੌਜਵਾਨ

ਜਥੇਦਾਰ ਨੇ ਕਿਹਾ, ''ਜਿਵੇਂ ਗੁਰੂ ਸਾਹਿਬ ਨੇ ਖਡੂਰ ਸਾਹਿਬ ਵਿਚ ਮੱਲ ਅਖਾੜੇ ਕਾਇਮ ਕੀਤੇ ਸਨ, ਉਵੇਂ ਸਿੱਖ ਸੰਸਥਾਵਾਂ ਹੁਣ ਗੱਤਕਾ ਅਖਾੜੇ ਅਤੇ ਅਕੈਡਮੀਆਂ ਕਾਇਮ ਕਰਨ, ਅਤੇ ਮਾਡਰਨ ਹਥਿਆਰ ਅਭਿਆਸ ਕੇਂਦਰ, ਜਿਨ੍ਹਾਂ ਨੂੰ ਸ਼ੂਟਿੰਗ ਰੇਜਾਂ ਕਹਿੰਦੇ ਹਨ, ਉਹ ਵੀ ਕਾਇਮ ਕੀਤੀਆਂ ਜਾਣ ਤਾਂ ਕੋਈ ਹਰਜ਼ ਨਹੀਂ ਹੈ।''

ਉਨ੍ਹਾਂ ਕਿਹਾ, ''ਜਿਹੜੇ ਦੂਜੇ ਲੋਕ ਹਨ, ਉਹ ਲੁਕ ਛਿਪ ਕੇ ਆਪਣੇ ਲੋਕਾਂ ਨੂੰ ਹਥਿਆਰਾਂ ਦੀ ਸਿਖਲਾਈ ਦੇ ਰਹੇ ਹਨ. ਅਸੀਂ ਲੁਕ ਛਿਪ ਕੇ ਨਹੀਂ ਖੁੱਲੇਆਮ ਦਿਆਂਗੇ।''

''ਅੱਜ ਵਕਤ ਆ ਗਿਆ ਹੈ ਕਿ ਅਸੀਂ ਇਕੱਠੇ ਹੋਈਏ, ਆਪਣੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ, ਸ਼ਸਤਰ ਅਭਿਆਸ ਵਾਲੇ ਪਾਸੇ ਲਾਈਏ, ਬਾਣੀ ਦੇ ਅਧਿਐਨ ਵਾਲੇ ਪਾਸੇ ਲਾਈਏ।''

ਜਥੇਦਾਰ ਨੇ ਸੱਦਾ ਦਿੱਤਾ ਕਿ ਨੌਜਵਾਨਾਂ ਨੂੰ ਵਿੱਦਿਆ ਵਿਚ ਨ੍ਵਿਦਿਆ ਇੰਨੇ ਨਿਪੁਣ ਕਰੀਏ, ਕਿ ਸਾਡੇ ਨੌਜਵਾਨ ਜਿਹੜੇ ਵੀ ਮੁਲਕ ਵਿਚ ਜਾਣ ਯਹੂਦੀਆਂ ਵਾਂਗ ਉੱਥੋਂ ਦੀ ਆਰਥਿਕਤਾ ਉੱਤੇ ਕਬਜਾ ਕਰ ਲੈਣ

"ਸਿੱਖ ਕੌਮ ਉੱਪਰ ਹਮਲਾ ਕਰਨ ਵਾਲੇ ਰਾਜਨੀਤਕ ਦਲਾਂ ਦਾ ਅਤੇ ਲੋਕਾਂ ਦਾ ਨੁਕਸਾਨ ਹੋਇਆ। ਹਮਲੇ ਲਈ ਹਥਿਆਰ ਦੇਣ ਵਾਲੇ ਰੂਸ ਨੂੰ ਇੱਕ ਛੋਟੇ ਜਿਹੇ ਦੇਸ਼ ਨੇ ਪਰੇਸ਼ਾਨ ਕੀਤਾ ਹੋਇਆ ਹੈ।

ਸਾਕਾ ਜੂਨ '84 ਕੀ ਹੈ

ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਦਮਦਮੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਦੇ ਮਸਲੇ ਬੇਬਾਕੀ ਨਾਲ ਚੁੱਕਣ ਕਾਰਨ ਸਿਆਸਤ ਦੇ ਕੇਂਦਰ ਬਿੰਦੂ ਬਣ ਚੁੱਕੇ ਸਨ। ਅਕਤੂਬਰ 1983 ਵਿੱਚ ਢਿੱਲਵਾਂ ਬੱਸ ਕਾਂਡ ਦੌਰਾਨ 6 ਹਿੰਦੂ ਮਾਰੇ ਗਏ ਤੇ ਪੰਜਾਬ 'ਚ ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ਉੱਤੇ ਭੰਗ ਕਰ ਦਿੱਤਾ ਗਿਆ। ਪੰਜਾਬ ਵਿੱਚ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਤੇ 1984 ਵਿੱਚ ਜੂਨ ਤੱਕ ਹਿੰਸਕ ਵਾਰਦਾਤਾਂ ਵਿੱਚ ਦਰਜਨਾਂ ਆਮ ਲੋਕੀ ਮਾਰੇ ਅਤੇ ਪੁਲਿਸ ਮੁਲਾਜ਼ਮ ਮਾਰੇ ਜਾ ਚੁੱਕੇ ਸਨ। ਉਸ ਤੋਂ ਬਾਅਦ ਜੂਨ 1984 ਦੌਰਾਨ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤਾ ਗਿਆ ਹਮਲਾ 'ਆਪਰੇਸ਼ਨ ਬਲੂ ਸਟਾਰ' ਵਜੋਂ ਜਾਣਿਆਂ ਜਾਂਦਾ ਹੈ। ਸਰਕਾਰ ਮੁਤਾਬਕ ਇਹ ਹਮਲਾਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਅਕਾਲ ਤਖ਼ਤ ਉੱਤੇ ਕਬਜ਼ਾ ਕਰੀ ਬੈਠੇ ਹਥਿਆਰਬੰਦ ਖਾੜਕੂਆਂ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚੋਂ ਕੱਢਣ ਲਈ ਕੀਤਾ ਗਿਆ। ਹਮਲੇ ਦੌਰਾਨ ਫੌਜ ਦੀ ਅਗਵਾਈ ਕਰ ਰਹੇ ਜਨਰਲ ਕੁਲਦੀਪ ਸਿੰਘ ਬਰਾੜ ਦਾਅਵਾ ਕਰਦੇ ਹਨ ਕਿ ਭਿੰਡਰਾਂਵਾਲੇ ਜਾਂ ਉਨ੍ਹਾਂ ਦੇ ਸਾਥੀ ਵੱਖਰੇ ਰਾਜ ਖਾਲਿਸਤਾਨ ਦਾ ਐਲਾਨ ਕਰਨ ਵਾਲੇ ਸਨ ਅਤੇ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਦੀ ਮਦਦ ਮਿਲ ਸਕਦੀ ਸੀ. ਇਸ ਲਈ ਫੌਜੀ ਐਕਸ਼ਨ ਕਰਨਾ ਜ਼ਰੂਰੀ ਸੀ। ਪਰ ਸਿੱਖ ਵਿਦਵਾਨ ਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਲਾਹਾਕਾਰ ਰਹੇ ਡਾਕਟਰ ਭਗਵਾਨ ਸਿੰਘ ਇਸ ਦਾਅਵੇ ਨੂੰ ਰੱਦ ਕਰਦੇ ਹਨ, ਉਨ੍ਹਾਂ ਮੁਤਾਬਕ ਇਹ ਯੋਜਨਾ ਪਹਿਲਾਂ ਗਿਣੀ-ਮਿਥੀ ਗਈ ਸੀ। ਕੁਝ ਸਿੱਖ ਆਗੂਆਂ ਮੁਤਾਬਕ ਇਸ ਹਮਲੇ ਰਾਹੀਂ ਦੇਸ਼ ਦੀਆਂ ਕੁਝ ਸਿਆਸੀ ਧਿਰਾਂ ਮੁਲਕ ਵਿੱਚ ਫਿਰਕੂ ਧਰੁਵੀਕਰਨ ਕਰਕੇ ਆਪਣੇ ਸਿਆਸੀ ਹਿੱਤ ਪੂਰਨਾ ਚਾਹੁੰਦੀਆਂ ਸਨ। ਸਰਕਾਰੀ ਵਾਈਟ ਪੇਪਰ ਮੁਤਾਬਕ ਹਮਲੇ 'ਚ 493 ਆਮ ਲੋਕ ਤੇ 83 ਫੌਜੀ ਮਾਰੇ ਗਏ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 743 ਨਾਂ ਸ਼ਾਮਲ ਹਨ। ਪੰਜਾਬ ਪੁਲਿਸ ਦੇ ਤਤਕਾਲੀ ਅਧਿਕਾਰੀ ਅਪਾਰ ਸਿੰਘ ਬਾਜਵਾ ਨੇ ਬੀਬੀਸੀ ਨੂੰ 2004 ਵਿੱਚ ਦੱਸਿਆ ਸੀ ਕਿ ਉਨ੍ਹਾਂ 800 ਲਾਸ਼ਾਂ ਆਪ ਗਿਣੀਆਂ ਸਨ। ਜਦਕਿ ਮਨੁੱਖੀ ਅਧਿਕਾਰ ਕਾਰਕੁਨ ਇੰਦਰਜੀਤ ਸਿੰਘ ਜੇਜੀ ਅਤੇ ਕਈ ਹੋਰ ਮੰਨੇ-ਪ੍ਰਮੰਨੇ ਪੱਤਰਕਾਰ ਤੇ ਵਿਦਵਾਨ ਮ੍ਰਿਤਕਾਂ ਦੀ ਗਿਣਤੀ 4,000 ਤੋਂ 5,000 ਦੱਸਦੇ ਹਨ। ਇਹ ਲੜੀ 2018 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ

ਸਾਕਾ ਨੀਲਾ ਤਾਰਾ ਦੀ 38 ਵੀਂ ਬਰਸੀ ਦੀਆਂ ਤਸਵੀਰਾਂ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)