ਗਾਇਕ ਅਦਨਾਨ ਸਾਮੀ ਨੇ ਭਗਵੰਤ ਮਾਨ ਦੇ ਲਹਿਜ਼ੇ 'ਤੇ ਕੀਤਾ ਕਮੈਂਟ, ਭਿੜ ਗਏ ‘ਆਪ’ ਵਿਧਾਇਕ - ਪ੍ਰੈੱਸ ਰਿਵਿਊ

ਮਸ਼ਹੂਰ ਗਾਇਕ ਅਦਨਾਨ ਸਾਮੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਬਾਲਿਆਨ ਲੰਘੇ ਵੀਰਵਾਰ ਟਵਿੱਟਰ 'ਤੇ ਭਿੜ ਗਏ। ਉਨ੍ਹਾਂ ਦੇ ਇਸ ਟਕਰਾਅ ਦਾ ਕਾਰਨ ਸੀ ਅਦਨਾਨ ਸਾਮੀ ਦੁਆਰਾ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਵੀਡੀਓ ਸ਼ੇਅਰ ਕਰਨਾ ਅਤੇ ਉਸ ਨਾਲ ਸਬੰਧਿਤ ਟਿੱਪਣੀ ਕਰਨਾ।

ਦਰਅਸਲ, ਸੀਐੱਮ ਭਗਵੰਤ ਮਾਨ ਨੇ ਇੱਕ ਸਮਾਗਮ ਵਿੱਚ ਪੰਜਾਬ ਦੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਟ੍ਰੇਨਿੰਗ ਲਈ ਸਵਿਟਰਜ਼ਰਲੈਂਡ, ਆਕਸਫ਼ੋਰਡ ਅਤੇ ਹਾਰਵਰਡ ਯੂਨੀਵਰਸਿਟੀ ਭੇਜਣ ਦੀ ਗੱਲ ਕੀਤੀ ਸੀ।

ਜ਼ੀ ਨਿਊਜ਼ ਦੀ ਖ਼ਬਰ ਮੁਤਾਬਕ, ਇਸ ਦੌਰਾਨ ਭਗਵੰਤ ਮਾਨ ਨੇ ਹਾਰਵਰਡ ਨੂੰ 'ਹੇਵਰਡ' ਕਹਿ ਦਿੱਤਾ ਸੀ। ਲੰਘੀ 10 ਮਈ ਨੂੰ ਅਦਨਾਨ ਸਾਮੀ ਨੇ ਇਸ ਦਾ ਵੀਡੀਓ ਸ਼ੇਅਰ ਕੀਤਾ ਅਤੇ ਉਨ੍ਹਾਂ 'ਤੇ ਚੁਟਕੀ ਲਈ। ਉਨ੍ਹਾਂ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''ਪੰਜਾਬ ਦੇ ਅਧਿਆਪਕ 'ਹੇਵਰਡ' ਤੋਂ ਘੱਟ ਇੰਸਟੀਚਿਊਟ ਤੋਂ ਟ੍ਰੇਨਿੰਗ ਨਹੀਂ ਲੈਣਗੇ। ਕੂਲ''

ਅਦਨਾਨ ਦੁਆਰਾ ਭਗਵੰਤ ਮਾਨ ਦੀ ਚੁਟਕੀ ਲੈਣ 'ਤੇ ਦਿੱਲੀ ਤੋਂ 'ਆਪ' ਵਿਧਾਇਕ ਨਰੇਸ਼ ਬਾਲਿਆਨ ਨੇ ਅਦਨਾਨ ਨੂੰ ਘੇਰਿਆ। ਇਸ 'ਤੇ 11 ਮਈ ਨੂੰ ਟਵੀਟ ਕਰਦਿਆਂ ਉਨ੍ਹਾਂ ਨੇ ਅਦਨਾਨ ਦੇ ਗਾਉਣ ਦੇ ਤਰੀਕੇ ਅਤੇ ਪਾਕਿਸਤਾਨੀ ਮੂਲ ਦੇ ਹੋਣ 'ਤੇ ਟਿੱਪਣੀ ਕੀਤੀ।

ਅਦਨਾਨ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜਦੋਂ ਕਿਸੇ ਕੋਈ ਜਵਾਬ ਨਹੀਂ ਹੁੰਦਾ ਤਾਂ ਉਹ ਵਿਅਕਤੀ ਬਦਤਮੀਜ਼ੀ 'ਤੇ ਉਤਰ ਆਉਂਦਾ ਹੈ।

ਬਾਲਿਆਨ ਨੇ ਫਿਰ ਉਨ੍ਹਾਂ 'ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਅਦਨਾਨ ਵਰਗੇ ਲੋਕਾਂ ਨੂੰ ਮੋਦੀ ਸਰਕਾਰ ਨੇ ਦੇਸ਼ 'ਚ ਰਹਿਣ ਦੀ ਇਜਾਜ਼ਤ ਦਿੱਤੀ ਹੈ ਤਾਂ ਉਨ੍ਹਾਂ ਨੂੰ ਵਫ਼ਾਦਾਰੀ ਵੀ ਦਿਖਾਉਣੀ ਪਏਗੀ।

ਇਸ 'ਤੇ ਅਦਨਾਨ ਨੇ ਉਨ੍ਹਾਂ ਨੂੰ ਕਿਹਾ ਕਿ ਕਦੇ ਤੁਸੀਂ ਵੀ ਵਫ਼ਾਦਾਰੀ ਨਿਭਾਉਣ ਦੀ ਕੋਸ਼ਿਸ਼ ਕਰੋ, ਬਹੁਤ ਪਿਆਰ ਮਿਲੇਗਾ।

ਇਹ ਵੀ ਪੜ੍ਹੋ:

ਗਿਆਨਵਾਪੀ ਸਰਵੇਖਣ ਮਾਮਲਾ: ਜੱਜ ਬੋਲੇ, 'ਡਰ ਦਾ ਮਾਹੌਲ ਪੈਦਾ ਕੀਤਾ ਗਿਆ'

ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਿਰ ਅਤੇ ਗਿਆਨਵਾਪੀ ਮਸਜਿਦ ਦੇ ਵਿਵਾਦ 'ਚ, ਲੰਘੇ ਵੀਰਵਾਰ ਅਦਾਲਤ ਨੇ ਮਸਜਿਦ ਦੇ ਸਰਵੇਖਣ ਨੂੰ ਜਾਰੀ ਰੱਖਣ ਦਾ ਆਦੇਸ਼ ਦਿੱਤਾ ਹੈ, ਪਰ ਇਸ ਦੇ ਨਾਲ ਹੀ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਨੇ ''ਡਰ ਦੇ ਪੈਦਾ ਕੀਤੇ ਜਾ ਰਹੇ ਮਾਹੌਲ'' ਨੂੰ ਲੈ ਕੇ ਵੀ ਚਿੰਤਾ ਜਤਾਈ ਹੈ।

ਲਾਈਵਲਾਅ ਡਾਟ ਇਨ ਦੀ ਖ਼ਬਰ ਮੁਤਾਬਕ, ਵਾਰਾਣਸੀ ਅਦਾਲਤ ਦੇ ਸਿਵਲ ਜੱਜ ਰਵੀ ਕੁਮਾਰ ਦਿਵਾਕਰ ਨੇ ਕਿਹਾ ਕਿ ''ਮੰਦਿਰ ਦੇ ਇਸ ਸਾਧਾਰਨ ਕੇਸ ਨੂੰ ਵੱਡਾ ਕੇਸ ਬਣਾ ਕੇ ਡਰ ਦਾ ਮਾਹੌਲ ਪੈਦਾ ਕੀਤਾ ਗਿਆ। ਇਹ ਡਰ ਇੰਨਾ ਜ਼ਿਆਦਾ ਹੈ ਕਿ ਮੇਰਾ ਪਰਿਵਾਰ ਹਮੇਸ਼ਾ ਮੇਰੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਰਹਿੰਦਾ ਹੈ ਅਤੇ ਮੈਂ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ। ਮੈਂ ਜਦੋਂ ਵੀ ਘਰੋਂ ਬਾਹਰ ਜਾਂਦਾ ਹਾਂ, ਮੇਰੀ ਪਤਨੀ ਮੇਰੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਚਿੰਤਾ ਪ੍ਰਗਟਾਉਂਦੀ ਰਹਿੰਦੀ ਹੈ।''

ਜੱਜ ਰਵੀ ਕੁਮਾਰ ਨੇ ਇਹ ਟਿੱਪਣੀ ਕਰਦੇ ਹੋਏ, ਗਿਆਨਵਾਪੀ ਮਸਜਿਦ ਦੇ ਸਰਵੇਖਣ ਮਾਮਲੇ 'ਚ ਅੰਜੁਮਨ ਇਸਲਾਮੀਆ ਕਮੇਟੀ ਦੀ ਉਸ ਅਪੀਲ ਨੂੰ ਖਾਰਿਜ ਕੀਤਾ ਜਿਸ ਵਿੱਚ ਕਮੇਟੀ ਨੇ ਸਰਵੇਖਣ ਕੇਸ ਲਈ ਨਿਯੁਕਤ ਐਡਵੋਕੇਟ ਕਮਿਸ਼ਨਰ ਨੂੰ ਬਦਲਣ ਲਈ ਕਿਹਾ ਸੀ।

ਦੱਸ ਦੇਈਏ ਕਿ ਇਸ ਮਾਮਲੇ ਵਿੱਚ ਪਹਿਲਾਂ ਸਰਵੇਖਣ ਦੀ ਰਿਪੋਰਟ 10 ਮਈ ਤੱਕ ਸੌਂਪਣ ਦਾ ਆਦੇਸ਼ ਦਿੱਤਾ ਗਿਆ ਸੀ ਪਰ ਮਸਜਿਦ ਦੀ ਕਮੇਟੀ ਦੇ ਵਿਰੋਧ ਕਾਰਨ ਸਰਵੇਖਣ ਨਹੀਂ ਹੋ ਸਕਿਆ।

ਹੁਣ ਅਦਾਲਤ ਨੇ ਇਹ ਰਿਪੋਰਟ 17 ਮਈ ਤੱਕ ਸੌਂਪਣ ਦਾ ਆਦੇਸ਼ ਦਿੱਤਾ ਹੈ।

ਚੰਡੀਗੜ੍ਹ 'ਚ ਫਰਜ਼ੀ ਰੇਡ ਕਰਨ ਦੇ ਮਾਮਲੇ 'ਚ ਸੀਬੀਆਈ ਨੇ 4 ਸਬ-ਇੰਸਪੈਕਟਰਾਂ ਨੂੰ ਕੀਤਾ ਬਰਖਾਸਤ

ਕੇਂਦਰੀ ਜਾਂਚ ਬਿਊਰੋ ਦਾ ਕਹਿਣਾ ਹੈ ਕਿ ਚੰਡੀਗੜ੍ਹ ਵਿਖੇ ਫਰਜ਼ੀ ਰੇਡ ਕਰਨ 'ਚ ਦੇ ਮਾਮਲੇ 'ਚ ਸ਼ਾਮਲ ਚਾਰ ਸਬ-ਇੰਸਪੈਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਅਹੁਦਿਆਂ ਤੋਂ ਵੀ ਹਟਾ ਦਿੱਤਾ ਗਿਆ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਸੀਬੀਆਈ ਨੇ ਆਪਣੇ ਅਧਿਕਾਰਿਤ ਬਿਆਨ ਵਿੱਚ ਕਿਹਾ, ''ਦਿੱਲੀ ਵਿਖੇ ਪੋਸਟਿਡ ਚਾਰ ਸਬ-ਇੰਸਪੈਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਲਜ਼ਾਮਾਂ ਕਾਰਨ ਉਨ੍ਹਾਂ ਨੂੰ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਪਰਿਸਰਾਂ 'ਤੇ ਤਲਾਸ਼ੀ ਲਈ ਗਈ ਹੈ।''

ਬਿਆਨ ਵਿੱਚ ਅੱਗੇ ਦੱਸਿਆ ਗਿਆ ਕਿ ਇਸ ਤਲਾਸ਼ੀ ਦੇ ਦੌਰਾਨ ਕੁਝ ਸਬੰਧਿਤ ਦਸਤਾਵੇਜ਼ ਵੀ ਮਿਲੇ ਹਨ ਅਤੇ ਫਿਲਹਾਲ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਸੀਬੀਆਈ ਦੇ ਬੁਲਾਰੇ ਨੇ ਦੱਸਿਆ, ਕਿ ਸ਼ਿਕਾਇਤ ਕਰਨ ਵਾਲੇ ਚੰਡੀਗੜ੍ਹ 'ਚ ਇੱਕ ਪਾਰਟਨਰਸ਼ਿਪ ਵਾਲੀ ਫਾਰਮ ਚੌਂਦੇ ਹਨ ਅਤੇ ਉਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਕਿ 10 ਮਈ ਨੂੰ ਮੁਲਜ਼ਮਾਂ ਸਮੇਤ 6 ਲੋਕਾਂ ਨੇ ਉਨ੍ਹਾਂ ਦੇ ਦਫ਼ਤਰ ਆ ਕੇ ਕਿਹਾ ਕਿ ਉਨ੍ਹਾਂ ਨੂੰ ਅੱਤਵਾਦੀਆਂ ਨੂੰ ਵਿੱਤੀ ਮਦਦ ਦੇਣ ਦੇ ਮਾਮਲੇ 'ਚ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਬੁਲਾਰੇ ਮੁਤਾਬਕ, ਸ਼ਿਕਾਇਤਕਰਤਾ ਨੇ ''ਅੱਗੇ ਦੋਸ਼ ਲਾਇਆ ਗਿਆ ਕਿ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਲਿਆ ਅਤੇ ਉਸ ਤੋਂ 25 ਲੱਖ ਰੁਪਏ ਦੀ ਮੰਗ ਵੀ ਕੀਤੀ।''

ਤਾਜ ਮਹਿਲ ਦੇ 22 ਬੰਦ ਦਰਵਾਜ਼ੇ ਖੋਲ੍ਹਣ ਦੀ ਅਪੀਲ ਖਾਰਿਜ

ਅਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਤਾਜ ਮਹਿਲ ਦੇ 22 ਬੰਦ ਦਰਵਾਜ਼ਿਆਂ ਨੂੰ ਖੋਲ੍ਹਣ ਦੀ ਮੰਗ ਵਾਲੀ ਅਪੀਲ ਨੂੰ ਖਾਰਿਜ ਕਰ ਦਿੱਤਾ ਹੈ ਅਤੇ ਕਿਹਾ ਹੈ ਅਸੀਂ ਅਜਿਹੀ ਯਾਚਿਕਾ 'ਤੇ ਵਿਚਾਰ ਨਹੀਂ ਕਰ ਸਕਦੇ।

ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਇਸ ਦੌਰਾਨ ਹਾਈਕੋਰਟ ਦੇ ਜੱਜ ਡੀਕੇ ਉਪਾਧਿਆਏ ਅਤੇ ਸੁਭਾਸ਼ ਵਿਦਿਆਰਥੀ ਨੇ ਕਿਹਾ, ਅਜਿਹੇ ਵਿਵਾਦ ਚਾਰ ਦੀਵਾਰੀ 'ਚ ਚਰਚਾ ਕਰਨ ਲਈ ਹਨ ਨਾ ਕਿ ਅਦਾਲਤ 'ਚ।

ਉਨ੍ਹਾਂ ਕਿਹਾ ਕਿ ਕੱਲ੍ਹ ਨੂੰ ਤੁਸੀਂ ਆ ਕੇ ਕਹੋਗੇ ਕਿ ਜੱਜ ਦੇ ਚੈਂਬਰ 'ਚ ਜਾਣਾ ਹੈ। ਕੀ ਅਦਾਲਤ ਇਹ ਤੈਅ ਕਰੇਗੀ ਕਿ ਕੋਈ ਇਤਿਹਾਸਿਕ ਸਮਾਰਕ ਕਿਸ ਨੇ ਬਣਾਇਆ ਹੈ।

ਯਾਚਿਕਾਕਰਤਾ ਨੇ ਤਾਜ ਮਹਿਲ ਦਾ 'ਅਸਲੀ ਇਤਿਹਾਸ' ਖੋਜਣ ਲਈ ਫ਼ੈਕਟ ਫ਼ਾਇੰਡਿੰਗ ਸਮਿਤੀ ਦਾ ਗਠਨ ਕਰਨ ਦੀ ਮੰਗ ਕੀਤੀ ਸੀ।

ਸੋਮਵਾਰ ਨੂੰ ਇਲਾਹਾਬਾਦ ਹਾਈ ਕੋਰਟ 'ਚ ਡਾਕਟਰ ਰਜਨੀਸ਼ ਸਿੰਘ, ਜੋ ਕਿ ਭਾਜਪਾ ਦੀ ਅਯੁੱਧਿਆ ਜ਼ਿਲਾ ਸਮਿਤੀ ਦੇ ਮੈਂਬਰ ਹਨ, ਨੇ ਇੱਕ ਯਾਚਿਕਾ ਦਾਇਰ ਕੀਤੀ ਗਈ ਸੀ ਜਿਸ 'ਚ ਮੰਗ ਕੀਤੀ ਗਈ ਸੀ ਕਿ ਤਾਜ ਮਹਿਲ ਦੇ ਉੱਪਰਲੇ ਅਤੇ ਨਿਚਲੇ ਹਿੱਸੇ 'ਚ ਬੰਦ ਲਗਭਗ 22 ਕਮਰਿਆਂ ਨੂੰ ਖੁਲ੍ਹਵਾਇਆ ਜਾਵੇ।

ਨਾਲ ਹੀ ਇਹ ਮੰਗ ਵੀ ਕੀਤੀ ਗਈ ਸੀ ਕਿ ਪੁਰਾਤੱਤਵ ਵਿਭਾਗ ਨੂੰ ਉਨ੍ਹਾਂ ਕਮਰਿਆਂ 'ਚ ਰੱਖੀਆਂ ਮੂਰਤੀਆਂ ਅਤੇ ਸ਼ਿਲਾਲੇਖਾਂ ਦੀ ਖੋਜ ਕਰਨ ਦਾ ਆਦੇਸ਼ ਦਿੱਤਾ ਜਾਵੇ।

ਡਾਕਟਰ ਰਜਨੀਸ਼ ਦਾ ਕਹਿਣਾ ਹੈ ਕਿ ਇਹ ਯਾਚਿਕਾ ਉਨ੍ਹਾਂ ਨੇ ਆਪ ਪਾਈ ਹੈ ਅਤੇ ਪਾਰਟੀ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਹਾਲਾਂਕਿ ਅਦਾਲਤ ਨੇ ਉਨ੍ਹਾਂ ਦੀ ਇਸ ਅਪੀਲ ਨੂੰ ਖ਼ਾਰਿਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)