ਪੰਜਾਬ ਪੁਲਿਸ ਮੁਤਾਬਕ ਬੱਬਰ ਖਾਲਸਾ ਦਾ ਫੜਿਆ ਖਾੜਕੂ ਕੌਣ ਹੈ ਤੇ ਅਟਾਰੀ ਸਰਹੱਦ ਉੱਤੇ ਫੜੀ ਗਈ 102 ਕਿਲੋ ਡਰੱਗਜ਼

ਪੰਜਾਬ ਵਿਚ ਅਪਰਾਧਿਕ ਮਾਮਲਿਆਂ ਦੇ ਸਬੰਧ ਵਿਚ ਐਤਵਾਰ ਨੂੰ ਦੋ ਵੱਡੇ ਖੁਲਾਸੇ ਕੀਤੇ ਗਏ। ਪੁਲਿਸ ਦੀ ਗੁੰਡਾ ਵਿਰੋਧੀ ਟੀਮ ਨੇ ਮੁਹਾਲੀ ਦੇ ਡੇਰਾਬੱਸੀ ਤੋਂ ਬੱਬਰ ਖਾਲਸਾ ਦਾ ਖਾੜਕੂ ਕਾਬੂ ਕਰਨ ਦਾ ਦਾਅਵਾ ਕੀਤਾ।

ਦੂਜੇ ਪਾਸੇ ਅੰਮ੍ਰਿਤਸਰ ਵਿਚ ਕਸਟਮ ਵਿਭਾਗ ਨੇ ਭਾਰਤ-ਪਾਕਿਸਤਾਨ ਦੀ ਅਟਾਰੀ ਸਰਹੱਦ ਉੱਤੇ 102 ਕਿਲੋਂ ਨਸ਼ੀਲੇ ਪਦਾਰਥ ਜ਼ਬਤ ਕਰਨ ਦਾ ਦਾਅਵਾ ਕੀਤਾ।

ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਸੰਬੰਧਿਤ ਚਰਨਜੀਤ ਸਿੰਘ ਉਰਫ਼ ਪਟਿਆਲਵੀ ਨੂੰ ਡੇਰਾ ਬਸੀ ਤੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਪੁਲਿਸ ਦਾ ਦਆਵਾ ਹੈ ਕਿ ਪਟਿਆਲਵੀ ਸਾਲ 2010 ਭਗੌੜਾ ਚੱਲ ਰਿਹਾ ਸੀ ਅਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਸੰਗਠਨ ਦਾ ਇੱਕ ਸਰਗਰਮ ਮੈਂਬਰ ਸੀ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਮਾਰਚ ਮਹੀਨੇ ਦੌਰਾਨ ਇੱਕ ਤੋਂ ਬਾਅਦ ਇੱਕ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ ਏਡੀਜੀਪੀ ਪ੍ਰਮੋਦ ਬੈਨ ਦੀ ਅਗਵਾਈ ਅਤੇ ਡੀਜੀਪੀ ਪੰਜਾਬ ਵੀਕੇ ਭੰਵਰਾ ਦੀ ਦੇਖਰੇਖ ਹੇਠ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਗਈ ਸੀ।

ਪੁਲਿਸ ਮੁਤਾਬਕ ਕੌਣ ਹੈ ਚਰਨਜੀਤ ਪਟਿਆਲਵੀ

ਟਾਸਕਫੋਰਸ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਗ੍ਰਿਫ਼ਤਾਰੀ ਤੋਂ ਬਾਅਦ ਮੁਹਾਲੀ ਵਿਚ ਪੱਤਰਕਾਰਾਂ ਨੂੰ ਦੱਸਿਆ, ''ਮੁਲਜ਼ਮ ਚਰਨਜੀਤ ਸਿੰਘ ਪਟਿਆਲਵੀ ਪਟਿਆਲਾ ਜ਼ਿਲ੍ਹੇ ਦੇ ਪਿੰਡ ਬੂਟਾ ਸਿੰਘ ਵਾਲਾ ਦਾ ਰਹਿਣ ਵਾਲਾ ਹੈ।

ਮੁਲਜ਼ਮ ਨੂੰ ਸਾਲ 2010 ਦੇ ਜੁਲਾਈ ਮਹੀਨੇ ਵਿੱਚ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ। ਪਟਿਆਲਵੀ ਖਿਲਾਫ਼ ਐਕਸਪਲੋਜ਼ਿਵ ਐਕਟ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਤਹਿਤ ਮਾਛੀਵਾੜਾ ਪੁਲਿਸ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ।

ਡੀਆੀਜੀ ਭੁੱਲਰ ਨੇ ਦੱਸਿਆ, ''ਇਸੇ ਮਾਮਲੇ ਵਿੱਚ ਪਟਿਆਲਵੀ ਦਾ ਇੱਕ ਹੋਰ ਸਾਂਝੀਦਾਰ ਗੁਰਮੇਲ ਸਿੰਘ ਬੋਬਾ ਵਾਸੀ ਬੂਟਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਗੁਰਮੇਲ ਸਿੰਘ ਦੀ ਹੁਣ ਮੌਤ ਹੋ ਚੁੱਕੀ ਹੈ।''

ਪਟਿਆਲਵੀ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡੀਆਈਜੀ ਭੁੱਲਰ ਨੇ ਕਿਹਾ, ''ਉਹ ਪੱਛਮੀ ਬੰਗਾਲ ਦੇ ਖੜਗਪੁਰ ਵਿੱਚ ਇੱਕ ਗ੍ਰੰਥੀ ਦੇ ਭੇਸ ਵਿੱਚ ਰਹਿ ਰਿਹਾ ਸੀ।''

ਇਹ ਵੀ ਪੜ੍ਹੋ:

''ਉਹ ਇਸ ਦੌਰਾਨ ਕਿਸੇ ਸੰਚਾਰ ਉਪਕਰਨ ਦੀ ਵਰਤੋਂ ਨਹੀਂ ਕਰ ਰਿਹਾ ਸੀ ਜਿਸ ਕਾਰਨ ਉਹ ਆਪਣੇ-ਆਪ ਨੂੰ ਲੁਕੋ ਕੇ ਰੱਖਣ ਵਿੱਚ ਵੀ ਸਫ਼ਲ ਰਹਿ ਸਕਿਆ।''

ਭੁੱਲਰ ਨੇ ਦੱਸਿਆ ਕਿ ਭਰੋਸੇਯੋਗ ਜਾਣਕਾਰੀ ਦੇ ਅਧਾਰ ਉੱਤੇ ਏਆਈਜੀ ਏਜੀਟੀਐਫ਼ ਗੁਰਮੀਤ ਸਿੰਘ ਚੌਹਾਨ ਅਤੇ ਡੀਐਸਪੀ ਏਜੀਟੀਐਫ਼ ਬਿਕਰਮਜੀਤ ਸਿੰਘ ਬਰਾੜ ਵੱਲੋਂ ਡੇਰਾ ਬੱਸੀ ਦੇ ਲਾਲੀ ਪਿੰਡ ਤੋਂ ਇਹ ਗ੍ਰਿਫ਼ਤਾਰੀ ਕੀਤੀ ਗਈ ਹੈ।

ਭੁੱਲਰ ਨੇ ਅੱਗੇ ਕਿਹਾ ਕਿ ਪਟਿਆਲਵੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਰ ਵੀ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।

ਹੋਰ ਕਿਹੜੇ ਮਾਮਲਿਆ ਵਿੱਚ ਸੀ ਲੋੜੀਂਦਾ

ਏਜੀਟੀਐਫ਼ ਵੱਲੋਂ ਜਾਰੀ ਪ੍ਰੈੱਸ ਨੋਟ ਮੁਤਾਬਕ ਚਰਨਜੀਤ ਸਿੰਘ ਉਰਫ਼ ਪਟਿਆਲਵੀ ਦੀ ਹੋਰ ਵੀ ਕਈ ਮਾਮਲਿਆਂ ਵਿੱਚ ਭਾਲ ਕੀਤੀ ਜਾ ਰਹੀ ਸੀ।

ਇਹ ਮਾਮਲੇ ਸਨ-

  • 2007 ਵਿੱਚ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਦੇ ਬਾਹਰ ਹੋਏ ਬੰਬ ਧਮਾਕੇ।
  • 2010 ਵਿੱਚ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਅਤੇ ਅੰਬਾਲਾ ਵਿੱਚ ਹੋਏ ਬੰਬ ਧਾਮਾਕੇ।
  • ਪਟਿਆਲਵੀ ਦੇ ਹੋਰ ਸਾਂਝੇਦਾਰਾਂ ਨੂੰ ਪੁਲਿਸ ਨੇ ਸਾਲ 2010 ਵਿੱਚ ਗ੍ਰਿਫ਼ਤਾਰ ਕਰ ਲਿਆ ਸੀ।

ਬੱਬਰ ਖਾਲਸਾ ਜਥੇਬੰਦੀ ਕੀ ਹੈ

ਬੱਬਰ ਖ਼ਾਲਸਾ ਇੰਟਰਨੈਸ਼ਨਲ ਜਥੇਬੰਦੀ ਦਾ ਗਠਨ ਤਲਵਿੰਦਰ ਸਿੰਘ ਪਰਮਾਰ ਅਤੇ ਸੁਖਦੇਵ ਸਿੰਘ ਬੱਬਰ ਨੇ 1978 ਵਿਚ ਕੀਤਾ ਸੀ। ਇਸ ਜਥੇਬੰਦੀ ਨੂੰ ਅਖੰਡ ਕੀਤਰਨੀ ਜਥੇ ਦਾ ਹੀ ਵਿੰਗ ਸਮਝਿਆ ਜਾਂਦਾ ਹੈ।

ਬੱਬਰ ਖਾਲਸਾ ਨਾਂ 1920ਵਿਆਂ ਵਿਚ ਚੱਲੀ ਬੱਬਰ ਅਕਾਲੀ ਲਹਿਰ ਤੋਂ ਲਿਆ ਗਿਆ ਹੈ। ਬੱਬਰ ਅਕਾਲੀ ਲਹਿਰ ਭਾਰਤ ਦੀ ਅਜ਼ਾਦੀ ਲਈ ਅੰਗਰੇਜ਼ ਹਕੂਮਤ ਦੇ ਖਿਲਾਫ਼ ਲੜੀ ਸੀ।

ਇਹ ਜਥੇਬੰਦੀ ਸਿੱਖਾਂ ਲਈ ਅਜ਼ਾਦ ਸਿੱਖ ਰਾਜ ''ਖਾਲਿਸਤਾਨ'' ਦੀ ਪਾਪ੍ਰਤੀ ਲਈ ਲੜਨ ਦਾ ਦਾਅਵਾ ਕਰਦੀ ਰਹੀ ਹੈ।

1980ਵਿਆਂ ਦੌਰਾਨ ਹਥਿਆਰਬੰਦ ਗਤੀਵਿਧੀਆਂ ਕਾਰਨ ਕਾਫ਼ੀ ਸਰਗਰਮ ਰਹਿਣ ਵਾਲੀ ਇਹ ਜਥੇਬੰਦੀ ਹੁਣ ਗਾਹੇ-ਬਗਾਹੇ ਵਾਰਦਾਤਾਂ ਕਰਕੇ ਆਪਣੀ ਹਾਜ਼ਰੀ ਦਰਜ ਕਰਵਾਉਂਦੀ ਰਹਿੰਦੀ ਹੈ।

ਪੰਜਾਬ ਪੁਲਿਸ ਵੀ ਕਈ ਵਾਰ ਬੱਬਰ ਖਾਲਸਾ ਦੇ ਕਾਰਕੁੰਨਾਂ ਨੂੰ ਗ੍ਰਿਫਤਾਰ ਕਰਨ ਦੇ ਦਾਅਵੇ ਕਰਦੀ ਰਹਿੰਦੀ ਹੈ। ਜਿਵੇਂ ਚਰਨਜੀਤ ਸਿੰਘ ਪਟਿਆਲਵੀਂ ਦੇ ਕੇਸ ਵਿਚ ਕੀਤਾ ਗਿਆ ਹੈ।

ਇਸ ਜਥੇਬੰਦੀ ਆਗੂ ਭਾਰਤ ਤੋਂ ਇਲਾਵਾ ਇੰਗਲੈਂਡ, ਜਰਮਨੀ, ਕੈਨੇਡਾ ਅਤੇ ਪਾਕਿਸਤਾਨ ਤੋਂ ਆਪਣੀਆਂ ਸਰਗਰਮੀਆਂ ਚਲਾਉਂਦੇ ਰਹੇ ਹਨ।

ਅਫ਼ਗਾਨਿਸਤਾਨ ਤੋਂ ਆਈ ਮੁਲੱਠੀ ਵਿਚ ਸੀ ਡਰੱਗ

ਅੰਮ੍ਰਿਤਸਰ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਭਾਰਤ ਪਾਕਿਸਤਾਨ ਦੀ ਅਟਾਰੀ ਸਰਹੱਦ ਉੱਤੇ ਅੰਮ੍ਰਿਤਸਰ ਕਸਟਮ ਵਿਭਾਗ ਨੇ ਕਰੀਬ 102 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ।

ਕਸਟਮ ਵਿਭਾਗ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਜੂਨ 2019 ਵਿਚ ਫੜੇ ਗਏ ਕਰੀਬ 532 ਕਿਲੋ ਬਰਾਮਦੀ ਤੋਂ ਬਾਅਦ ਅਫ਼ਗਾਨਿਸਤਾਨ ਤੋਂ ਭਾਰਤ ਹੋਣ ਵਾਲੀ ਦਰਾਮਦ ਦੌਰਾਨ ਫੜੀ ਗਈ ਸਭ ਤੋਂ ਵੱਡੀ ਖੇਪ ਹੈ।

ਇਹ ਨਸ਼ੀਲੇ ਪਦਾਰਥ ਅਫ਼ਗਾਨਿਸਤਾਨ ਤੋਂ ਦਿੱਲੀ ਆ ਰਹੇ ਮੁਲੱਠੀ ਦੇ ਟਰਾਲੇ ਵਿਚ ਲੁਕਾ ਕੇ ਰੱਖੇ ਗਏ ਸਨ।

ਅਟਾਰੀ ਸਰਹੱਦ ਉੱਤੇ ਜਦੋਂ ਟਰਾਲੇ ਦੀ ਐਕਸ-ਰੇਅ ਸਕੈਨਿੰਗ ਕੀਤੀ ਗਈ ਤਾਂ ਨਸ਼ੀਲੇ ਪਦਾਰਥਾਂ ਦਾ ਪਤਾ ਲੱਗਾ।

ਪ੍ਰੈਸ ਬਿਆਨ ਮੁਤਾਬਕ ਲੱਕੜ ਵਰਗੀ ਇਸ ਜੜੀ ਬੂਟੀ ਵਿਚ ਸਕੈਨਿੰਗ ਦੌਰਾਨ ਅਫ਼ਸਰਾਂ ਨੂੰ ਸ਼ੱਕੀ ਕਿਸਮ ਦੇ ਨਿਸ਼ਾਨ ਦਿਖਾਈ ਦਿੱਤੇ, ਸ਼ੱਕ ਪੈਣ ਉੱਤੇ ਟਰਾਲੇ ਦੀ ਤਲਾਸ਼ੀ ਲਈ ਗਈ ਅਤੇ ਉਸ ਵਿਚੋਂ ਨਸ਼ੀਲੇ ਪਦਾਰਥ ਫੜੇ ਗਏ, ਜਿਸ ਦੀ ਪੁਸ਼ਟੀ ਲੈਬ ਟੈਸਟ ਦੌਰਾਨ ਹੋ ਗਈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)