You’re viewing a text-only version of this website that uses less data. View the main version of the website including all images and videos.
ਦਿੱਗਜਾਂ ਨੰ ਹਰਾਉਣ ਵਾਲੇ ਇਹ 'ਆਪ' ਵਿਧਾਇਕ ਫਿਲਹਾਲ ਨਜ਼ਰਅੰਦਾਜ਼, ਨਹੀਂ ਮਿਲੀ ਕੈਬਨਿਟ ਵਿੱਚ ਥਾਂ - ਪ੍ਰੈੱਸ ਰਿਵੀਊ
ਆਮ ਆਦਮੀ ਪਾਰਟੀ ਵੱਲੋਂ ਸ਼ੁੱਕਰਵਾਰ ਦੇਰ ਸ਼ਾਮ ਆਪਣੀ ਕੈਬਨਿਟ ਦੇ 10 ਚਿਹਰਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਇਸ ਕੈਬਿਨੇਟ ਦੇ ਵਿੱਚ ਕਈ ਨੌਜਵਾਨ ਚਿਹਰਿਆਂ ਨੂੰ ਜਗ੍ਹਾ ਮਿਲੀ ਹੈ।
ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਦੀ ਖ਼ਬਰ ਮੁਤਾਬਕ 8 ਚਿਹਰੇ ਅਜਿਹੇ ਹਨ ਜੋ ਪਹਿਲੀ ਵਾਰ ਵਿਧਾਇਕ ਬਣ ਕੇ ਵਿਧਾਨ ਸਭਾ ਪਹੁੰਚੇ ਹਨ।
ਕਈ ਵੱਡੇ ਰਾਜਨੀਤਕ ਆਗੂਆਂ ਨੂੰ ਹਰਾ ਕੇ ਵਿਧਾਨ ਸਭਾ ਪਹੁੰਚੇ ਚਿਹਰੇ ਇਸ ਕੈਬਿਨਿਟ ਦਾ ਹਿੱਸਾ ਨਹੀਂ ਬਣੇ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਅਤੇ ਸੁਖਬੀਰ ਸਿੰਘ ਬਾਦਲ ਨੂੰ ਹਰਾਉਣ ਵਾਲੇ ਜਗਦੀਪ ਸਿੰਘ ਗੋਲਡੀ ਵੀ ਇਸ ਕੈਬਨਿਟ ਵਿੱਚ ਨਹੀਂ ਹਨ।
ਇਸਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਉਣ ਵਾਲੇ ਡਾ ਚਰਨਜੀਤ ਸਿੰਘ ਅਤੇ ਲਾਭ ਸਿੰਘ ਉਗੋਕੇ ਨੂੰ ਵੀ ਕੈਬਨਿਟ ਵਿਚ ਜਗ੍ਹਾ ਨਹੀਂ ਮਿਲੀ।
ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਉਣ ਵਾਲੇ ਅਜੀਤਪਾਲ ਸਿੰਘ ਕੋਹਲੀ ਦਾ ਨਾਮ ਵੀ ਸੂਚੀ ਵਿੱਚ ਨਹੀਂ।
ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਹਰਾ ਕੇ ਅੰਮ੍ਰਿਤਸਰ ਪੂਰਬੀ ਨੇ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਉਣ ਵਾਲੇ ਜੀਵਨਜੋਤ ਕੌਰ ਦਾ ਨਾਮ ਵੀ ਕੈਬਿਨੇਟ ਦੀ ਸੂਚੀ ਵਿੱਚ ਨਹੀਂ।
ਇਹ ਵੀ ਪੜ੍ਹੋ:
ਦੂਸਰੀ ਵਾਰ ਵਿਧਾਇਕ ਬਣੇ ਅਮਨ ਅਰੋੜਾ ਦਾ ਨਾਮ ਵੀ ਸੂਚੀ ਵਿੱਚ ਨਹੀਂ ਹੈ। ਸੁਨਾਮ ਤੋਂ ਉਹ 75 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤੇ ਸਨ।
ਜਿਨ੍ਹਾਂ ਨਵੇਂ ਚਿਹਰਿਆਂ ਨੂੰ ਕੈਬਨਿਟ ਵਿੱਚ ਜਗ੍ਹਾ ਮਿਲੀ ਹੈ ਉਨ੍ਹਾਂ ਵਿੱਚ ਡਾ. ਬਲਜੀਤ ਕੌਰ, ਹਰਭਜਨ ਸਿੰਘ , ਡਾ ਵਿਜੈ ਸਿੰਗਲਾ, ਡਾ ਲਾਲ ਚੰਦ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ ਬ੍ਰਹਮਸ਼ੰਕਰ ਅਤੇ ਹਰਜੋਤ ਸਿੰਘ ਬੈਂਸ ਦਾ ਨਾਮ ਸ਼ਾਮਲ ਹੈ।
ਐੱਸਜੀਪੀਸੀ ਦੇ ਇਤਰਾਜ਼ ਮਗਰੋਂ ਪਾਕਿਸਤਾਨ ਨੇ ਰੱਦ ਕੀਤਾ ਸਮਾਗਮ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਰਾਜ਼ ਤੋਂ ਬਾਅਦ ਪਾਕਿਸਤਾਨ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਨਜ਼ਦੀਕ ਹੋਣ ਵਾਲੇ ਇੱਕ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ।
ਅੰਗਰੇਜ਼ੀ ਅਖ਼ਬਾਰ 'ਦਿ ਟ੍ਰਿਬਿਊਨ' ਦੀ ਖ਼ਬਰ ਮੁਤਾਬਕ 'ਜਸ਼ਨ-ਏ-ਬਹਾਰ' ਨਾਮ ਦਾ ਸਮਾਗਮ 23-27 ਮਾਰਚ ਨੂੰ ਹੋਣਾ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀਰਵਾਰ ਨੂੰ ਇਸ ਉੱਪਰ ਸਖ਼ਤ ਨੋਟਿਸ ਲੈਂਦਿਆਂ ਦਿੱਲੀ ਸਥਿਤ ਪਾਕਿਸਤਾਨੀ ਦੂਤਾਵਾਸ ਨੂੰ ਪੱਤਰ ਲਿਖਿਆ ਸੀ।
ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ਸਰਕਾਰ ਵੱਲੋਂ ਉਲੀਕੇ ਪ੍ਰੋਗਰਾਮ ਨੂੰ ਗੁਰੂ ਘਰ ਦੀ ਮਰਿਆਦਾ ਅਤੇ ਸਤਿਕਾਰ ਦੇ ਵਿਰੁੱਧ ਦੱਸਿਆ ਸੀ।
ਪਾਕਿਸਤਾਨ ਵੱਲੋਂ ਇਸ ਪ੍ਰੋਗਰਾਮ ਨੂੰ ਰੱਦ ਕਰਨ ਦਾ ਧਾਮੀ ਵੱਲੋਂ ਸਵਾਗਤ ਕੀਤਾ ਗਿਆ ਹੈ ਅਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਵੀ ਕੀਤਾ ਗਿਆ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਪਾਕਿਸਤਾਨ ਵਿਖੇ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਸਿੱਖਾਂ ਦਾ ਇੱਕ ਇਤਿਹਾਸਕ ਸਥਾਨ ਹੈ ਜਿਸ ਦਾ ਸਬੰਧ ਗੁਰੂ ਨਾਨਕ ਦੇਵ ਜੀ ਨਾਲ ਹੈ।
ਗੁਲਾਮ ਨਬੀ ਆਜ਼ਾਦ ਨੇ ਕੀਤੀ ਸੋਨੀਆ ਗਾਂਧੀ ਨਾਲ ਬੈਠਕ
ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੇ ਸ਼ੁੱਕਰਵਾਰ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਹੈ।
ਅੰਗਰੇਜ਼ੀ ਅਖ਼ਬਾਰ ਦਿ ਹਿੰਦੂ ਦੀ ਖ਼ਬਰ ਮੁਤਾਬਕ ਇਸ ਬੈਠਕ ਤੋਂ ਬਾਅਦ ਗੁਲਾਮ ਨਬੀ ਆਜ਼ਾਦ ਨੇ ਆਖਿਆ ਕਿ ਪਾਰਟੀ ਦੀ ਲੀਡਰਸ਼ਿਪ ਇੱਕ ਮੁੱਦਾ ਨਹੀਂ ਹੈ ਕਿਉਂਕਿ ਕਾਂਗਰਸ ਵਰਕਿੰਗ ਕਮੇਟੀ ਨੇ ਸੋਨੀਆ ਗਾਂਧੀ ਨੂੰ ਪ੍ਰਧਾਨ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਜਾਰੀ ਰੱਖਣ ਲਈ ਆਖਿਆ ਹੈ।
ਇਹ ਬੈਠਕ ਗੁਲਾਮ ਨਬੀ ਆਜ਼ਾਦ ਦੇ ਘਰ ਦੋ ਦਿਨ ਤੱਕ ਚੱਲੀਆਂ 'ਜੀ-23' ਬੈਠਕਾਂ ਤੋਂ ਬਾਅਦ ਹੋਈ ਹੈ।
'ਜੀ-23' ਸਮੂਹ ਕੁਝ ਕਾਂਗਰਸੀ ਨੇਤਾਵਾਂ ਦਾ ਸਮੂਹ ਹੈ ਜਿਨ੍ਹਾਂ ਨੇ ਅਗਸਤ 2020 ਵਿੱਚ ਪਾਰਟੀ ਵਿੱਚ ਵੱਡੇ ਪੱਧਰ 'ਤੇ ਬਦਲਾਅ ਲਈ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਸੀ।
ਗੁਲਾਮ ਨਬੀ ਆਜ਼ਾਦ ਦੇ ਘਰ ਬੈਠਕ ਵਿੱਚ ਅਰੁਣ ਸ਼ਰਮਾ, ਮਨੀਸ਼ ਤਿਵਾਰੀ, ਕਪਿਲ ਸਿੱਬਲ, ਭੁਪਿੰਦਰ ਹੁੱਡਾ, ਸ਼ਸ਼ੀ ਥਰੂਰ, ਪਰਨੀਤ ਕੌਰ ਆਦਿ ਸ਼ਾਮਲ ਸਨ।
ਇਨ੍ਹਾਂ ਆਗੂਆਂ ਵੱਲੋਂ ਜਾਰੀ ਬਿਆਨ 'ਚ ਆਖਿਆ ਗਿਆ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਲਈ ਕਾਂਗਰਸ ਨੂੰ ਮਜ਼ਬੂਤ ਕਰਨਾ ਹੋਵੇਗਾ।
ਪਾਰਟੀ ਦੇ ਜਥੇਬੰਦਕ ਢਾਂਚੇ ਲਈ ਚੋਣਾਂ ਅਗਸਤ -ਸਤੰਬਰ ਵਿੱਚ ਹੋਣੀਆਂ ਹਨ।
ਇਹ ਵੀ ਪੜ੍ਹੋ: