ਕੀ ਪੰਜਾਬ ਵਿੱਚ ਕਾਂਗਰਸ ਕਰਾਰੀ ਹਾਰ ਤੋਂ ਬਾਅਦ ਵਾਪਸੀ ਕਰ ਸਕਦੀ ਹੈ, ਮਾਹਰਾਂ ਤੋਂ ਜਾਣੋ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਵਿੱਚ ਕਣਕ-ਝੋਨੇ ਦੇ ਸੀਜ਼ਨ ਵਾਂਗ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਲਗਭਗ ਵਾਰੋ-ਵਾਰੀ ਸੱਤਾ ਵਿਚ ਆਉਂਦੇ ਰਹੇ ਹਨ।

ਇਸ ਵਾਰ ਮੁਕਾਬਲਤਨ ਨਵੀਂ ਪਾਰਟੀ 'ਆਪ' 117 ਮੈਂਬਰੀ ਪੰਜਾਬ ਵਿਧਾਨ ਸਭਾ 'ਚ 92 ਸੀਟਾਂ ਜਿੱਤ ਕੇ ਸੱਤਾ 'ਚ ਆਈ ਹੈ। ਕਾਂਗਰਸ ਨੂੰ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਸਿਰਫ਼ 18 ਸੀਟਾਂ ਹੀ ਜਿੱਤ ਸਕੀ।

ਬਹੁਤ ਸਾਰੇ ਲੋਕ ਇਹ ਸਵਾਲ ਪੁੱਛ ਰਹੇ ਹਨ ਕਿ, ਕੀ ਕਾਂਗਰਸ ਦੁਬਾਰਾ ਸੱਤਾ ਹਾਸਲ ਕਰ ਸਕੇਗੀ?

ਪੰਜਾਬ ਵਿਧਾਨ ਸਭਾ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਪੰਜਾਬ ਕਾਂਗਰਸ 'ਚ ਇਲਜ਼ਾਮਾਂ ਦਾ ਦੌਰ ਸ਼ੁਰੂ ਹੋ ਗਿਆ ਹੈ।

ਇੱਕ ਦੂਸਰੇ ਉਪਰ ਦੂਸ਼ਣਬਾਜ਼ੀ ਕਰਦੇ ਕਾਂਗਰਸੀ ਆਗੂ

ਪਾਰਟੀ ਦੇ ਸੀਨੀਅਰ ਅਤੇ ਜੂਨੀਅਰ ਆਗੂ ਇੱਕ-ਦੂਜੇ 'ਤੇ ਵਾਰ ਕਰ ਰਹੇ ਹਨ, ਜਦੋਂ ਕਿ ਪਾਰਟੀ ਹਾਈਕਮਾਂਡ ਦੀ ਇੱਛਾ ਅਨੁਸਾਰ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਕਾਂਗਰਸ ਦੇ ਕਈ ਉਮੀਦਵਾਰਾਂ ਨੇ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਚੋਣਾਂ 'ਚ ਮਿਲੀ ਕਰਾਰੀ ਹਾਰ ਲਈ ਸਾਬਕਾ ਮੁੱਖ ਮੰਤਰੀ ਤੇ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਚਿਹਰੇ ਚਰਨਜੀਤ ਸਿੰਘ ਚੰਨੀ ਸਮੇਤ ਕਈ ਸੀਨੀਅਰ ਆਗੂਆਂ 'ਤੇ ਅਨੁਸ਼ਾਸਨਹੀਣਤਾ ਨੂੰ ਜ਼ਿੰਮੇਵਾਰ ਠਹਿਰਾਇਆ।

ਸਾਬਕਾ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਚੰਨੀ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਨ੍ਹਾਂ ਦੇ ਲਾਲਚ ਨੇ ਪਾਰਟੀ ਨੂੰ ਹੇਠਾਂ ਡੇਗ ਦਿੱਤਾ ਹੈ।

ਬੱਸੀ ਪਠਾਣਾਂ ਵਿਧਾਨ ਸਭਾ ਸੀਟ ਤੋਂ ਹਾਰੇ ਗੁਰਪ੍ਰੀਤ ਸਿੰਘ ਨੇ ਚੋਣਾਂ ਵਿੱਚ ਪਾਰਟੀ ਦੀ ਕਰਾਰੀ ਹਾਰ ਲਈ ਚੰਨੀ ਨੂੰ ਜ਼ਿੰਮੇਵਾਰ ਠਹਿਰਾਇਆ।

ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਚੰਨੀ ਦੀ ਗੱਲ ਕਿਵੇਂ ਸੁਣ ਸਕਦੇ ਹਨ ਜਦੋਂ ਉਨ੍ਹਾਂ ਦਾ ਭਰਾ ਨਹੀਂ ਸੁਣਦਾ।

ਇਹ ਵੀ ਪੜ੍ਹੋ:

ਚੰਨੀ ਦੇ ਭਰਾ ਮਨੋਹਰ ਸਿੰਘ ਨੇ ਗੁਰਪ੍ਰੀਤ ਸਿੰਘ ਵਿਰੁੱਧ ਬੱਸੀ ਪਠਾਣਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ।

ਉਨ੍ਹਾਂ ਚੰਨੀ 'ਤੇ ਚੁਟਕੀ ਲੈਂਦਿਆਂ ਕਿਹਾ, "ਕੀ ਨੱਚਣਾ ਜਾਂ ਬੱਕਰੀ ਦਾ ਦੁੱਧ ਕੱਢਣਾ ਮੁੱਖ ਮੰਤਰੀ ਦਾ ਕੰਮ ਹੈ?"

ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਦੀ ਬਜਾਏ, ਚੰਨੀ ਨੂੰ ਸਿਹਤ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਸੁਧਾਰ ਅਤੇ ਨੌਕਰੀਆਂ ਪੈਦਾ ਕਰਨ 'ਤੇ ਧਿਆਨ ਦੇਣਾ ਚਾਹੀਦਾ ਸੀ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦੀਆਂ ਚੋਣਾਂ ਤੋਂ ਪਹਿਲਾਂ ਆਪਣੀ 'ਯੂ ਪੀ, ਬਿਹਾਰ ਦੇ ਭਈਏ' ਵਾਲੀ ਟਿੱਪਣੀ 'ਤੇ ਵੀ ਗ਼ੁੱਸੇ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਉਨ੍ਹਾਂ ਨੇ ਬਾਅਦ ਵਿੱਚ ਇੱਕ ਸਪਸ਼ਟੀਕਰਨ ਦਿੱਤਾ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਸੀ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਵੱਲੋਂ ਵੱਡੀ ਹਾਰ ਲਈ 'ਕੈਪਟਨ ਦੀ 4.5 ਸਾਲਾਂ ਦੀ ਸੱਤਾ ਵਿਰੋਧੀ ਸਰਕਾਰ...' ਨੂੰ ਜ਼ਿੰਮੇਵਾਰ ਠਹਿਰਾਉਣ ਉੱਤੇ ਇਤਰਾਜ਼ ਪ੍ਰਗਟ ਕੀਤਾ।

ਅਮਰਿੰਦਰ ਸਿੰਘ ਨੇ ਆਪਣੇ ਟਵੀਟ ਵਿੱਚ ਕਾਂਗਰਸ ਨੂੰ ਟੈਗ ਕੀਤਾ ਅਤੇ ਕਿਹਾ ਕਿ '... ਲੀਡਰਸ਼ਿਪ ਕਦੇ ਨਹੀਂ ਸਿੱਖੇਗੀ' ਅਤੇ ਆਪਣੀ ਸਾਬਕਾ ਪਾਰਟੀ ਨੂੰ ਯਾਦ ਦਿਵਾਇਆ ਕਿ ਉਹ ਦੂਜੇ ਸੂਬਿਆਂ ਵਿੱਚ ਵੀ ਬੁਰੀ ਤਰਾਂ ਹਾਰ ਗਏ ਹਨ।

ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਵਿਚ ਕਾਂਗਰਸ ਨੇ ਪਿਛਲੀਆਂ ਯਾਨੀ 2017 ਦੀਆਂ ਚੋਣਾਂ ਜਿੱਤੀਆਂ ਸਨ।

ਪਾਰਟੀ ਦਾ ਭਵਿੱਖ

ਸਵਾਲ ਇਹ ਹੈ ਕਿ ਕੀ ਕਾਂਗਰਸ ਪੰਜਾਬ ਵਿੱਚ ਵਾਪਸੀ ਕਰ ਸਕਦੀ ਹੈ।

ਸੀਨੀਅਰ ਪੱਤਰਕਾਰ ਵਿਪਿਨ ਪੱਬੀ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕਾਂਗਰਸ ਨੂੰ ਮੁੜ ਪੈਰਾਂ ਸਿਰ ਕਰਨ ਲਈ ਕਾਫ਼ੀ ਮਿਹਨਤ ਕਰਨੀ ਪਵੇਗੀ।

"ਪਾਰਟੀ ਨੂੰ ਲਗਭਗ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਇਆ ਹੈ। ਇਸ ਦੀ ਆਪਣੀ ਪਾਰਟੀ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਿਆ, ਫਿਰ ਚਰਨਜੀਤ ਚੰਨੀ ਖ਼ਿਲਾਫ਼ ਅਤੇ ਹਾਰ ਤੋਂ ਬਾਅਦ ਵੀ ਚੰਨੀ ਨੂੰ ਪਾਰਟੀ ਦਾ ਚਿਹਰਾ ਦੱਸਦੇ ਹੋਏ ਹਾਰ ਲਈ ਜ਼ਿੰਮੇਵਾਰ ਠਹਿਰਾਇਆ।"

ਉਹ ਕਹਿੰਦੇ ਹਨ ਕਿ ਪਾਰਟੀ ਇਨ੍ਹਾਂ ਪੰਜ ਸਾਲਾਂ ਲਈ ਸੱਤਾ ਤੋਂ ਬਾਹਰ ਹੋ ਗਈ ਹੈ ਅਤੇ "ਅਗਲੀਆਂ ਚੋਣਾਂ ਵਿੱਚ ਮੈਨੂੰ ਲੱਗਦਾ ਹੈ ਕਿ ਮੁਕਾਬਲਾ 'ਆਪ' ਅਤੇ ਭਾਜਪਾ ਵਿਚਕਾਰ ਹੋਣ ਵਾਲਾ ਹੈ, ਕਾਂਗਰਸ ਦੇ ਵਾਪਸ ਆਉਣ ਦੀ ਸੰਭਾਵਨਾ ਨਹੀਂ ਹੈ।"

ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਆਸ਼ੂਤੋਸ਼ ਕੁਮਾਰ ਕੁਝ ਹੋਰ ਤਰਕ ਦਿੰਦੇ ਹਨ।

ਉਹ ਕਹਿੰਦੇ ਹਨ, "ਤੁਸੀਂ ਇੱਕ ਚੋਣ ਜਾਂ ਲੜੀਵਾਰ ਚੋਣਾਂ ਵਿੱਚ ਹਾਰਨ ਤੋਂ ਬਾਅਦ ਕਾਂਗਰਸ ਨੂੰ ਗੇਮ ਵਿਚੋਂ ਬਾਹਰ ਨਹੀਂ ਮੰਨ ਸਕਦੇ। ਦੋ ਚੀਜ਼ਾਂ ਪੰਜਾਬ ਵਿੱਚ ਕਾਂਗਰਸ ਨੂੰ ਮੁੜ ਸੁਰਜੀਤ ਕਰ ਸਕਦੀਆਂ ਹਨ।

ਇੱਕ, ਜੇਕਰ 'ਆਪ' ਵੱਡੀਆਂ ਗਲਤੀਆਂ ਕਰਦੀ ਹੈ ਤੇ ਵਾਅਦੇ ਪੂਰੇ ਨਹੀਂ ਕਰ ਸਕਦੀ, ਜਾਂ ਆਪਸੀ ਲੜਾਈ ਵੇਖਣ ਨੂੰ ਮਿਲਦੀ ਹੈ ਅਤੇ ਪਾਰਟੀ ਆਪਣੇ ਵੱਡੇ ਫ਼ਤਵੇ ਦਾ ਲਾਭ ਉਠਾਉਣ ਵਿੱਚ ਅਸਫਲ ਰਹਿੰਦੀ ਹੈ। ਦੂਜਾ, ਕਾਂਗਰਸ ਦੇ ਅੰਦਰ ਚੰਗੀ ਲੀਡਰਸ਼ਿਪ - ਜਵਾਨ ਜਾਂ ਤਜਰਬੇਕਾਰ ਇਸ ਦੇ ਨਾਲ ਕੋਈ ਫ਼ਰਕ ਨਹੀਂ ਪੈਂਦਾ ।

ਖ਼ੈਰ, ਪਾਰਟੀ ਨੇ ਆਪਣੇ ਨੁਕਸਾਨ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਦੇਖਣਾ ਬਾਕੀ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਕੀ ਕਦਮ ਚੁੱਕਦੀ ਹੈ। ਕਰਾਰੀ ਹਾਰ ਮਗਰੋਂ ਕੀ ਕਾਂਗਰਸ ਪੰਜਾਬ ਵਿੱਚ ਵਾਪਸੀ ਕਰ ਸਕਦੀ ਹੈ?

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)