ਪੰਜਾਬ ਚੋਣਾਂ 2022: ਅਰਵਿੰਦ ਕੇਜਰੀਵਾਲ ਕੀ ਹੁਣ ਪੰਜਾਬ ਵਿੱਚ ਸਿੱਖ ਜਾਂ ਗੈਰ-ਸਿੱਖ ਕਿਸੇ ਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਐਲਾਨ ਸਕਦੇ ਹਨ

    • ਲੇਖਕ, ਰਜਨੀਸ਼ ਕੁਮਾਰ
    • ਰੋਲ, ਬੀਬੀਸੀ ਪੱਤਰਕਾਰ

ਅਰਵਿੰਦ ਕੇਜਰੀਵਾਲ ਨੇ ਪਿਛਲੇ ਸਾਲ ਜੂਨ ਮਹੀਨੇ ਵਿੱਚ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਉਮੀਦਵਾਰ ਇੱਕ ਸਿੱਖ ਚਿਹਰਾ ਹੀ ਹੋਵੇਗਾ।

ਇਸ ਐਲਾਨ ਤੋਂ ਸੱਤ ਮਹੀਨੇ ਬਾਅਦ ਅਤੇ ਪੰਜਾਬ ਵਿੱਚ ਵੋਟਾਂ ਪੈਣ ਤੋਂ ਤਕਰੀਬਨ ਇੱਕ ਮਹੀਨਾ ਪਹਿਲਾਂ ਅਰਵਿੰਦ ਕਰੀਵਾਲ ਨੇ ਹੁਣ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਲਈ ਆਪਣੀ ਪਸੰਦ ਦੱਸਣ ਲਈ ਕਿਹਾ ਹੈ।

ਇਸ ਦੇ ਲਈ ਕੇਜਰੀਵਾਲ ਨੇ ਮੋਬਾਈਲ ਨੰਬਰ ਵੀ ਜਾਰੀ ਕੀਤਾ ਹੈ।

ਕੇਜਰੀਵਾਲ ਆਪ ਸੱਤ ਮਹੀਨੇ ਪਹਿਲਾਂ ਇਹ ਫੈਸਲਾ ਕਰ ਚੁੱਕੇ ਹਨ ਕਿ ਉਨ੍ਹਾਂ ਦੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਦਾ ਧਰਮ ਸਿੱਖ ਹੋਵੇਗਾ। ਹੁਣ ਉਹ ਜਨਤਾ ਦੀ ਪਸੰਦ ਦੀ ਮੰਗ ਕਰ ਰਹੇ ਹਨ।

ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਜਨਤਾ ਨੇ ਸਿੱਖ ਦੀ ਬਜਾਇ ਕਿਸੇ ਹਿੰਦੂ ਉਮੀਦਵਾਰ ਨੂੰ ਪਸੰਦ ਕਰ ਲਿਆ ਤਾਂ ਕੀ ਕੇਜਰੀਵਾਲ ਸਿੱਖ ਵਾਲੇ ਆਪਣੇ ਐਲਾਨ ਤੋਂ ਪਿੱਛੇ ਹਟ ਜਾਣਗੇ?

ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਕਹਿੰਦੇ ਹਨ, "ਇਹ ਬਿਲਕੁਲ ਸਹੀ ਸਵਾਲ ਹੈ।"

"ਜੇਕਰ ਕੇਜਰੀਵਾਲ ਨੇ ਲੋਕਾਂ ਦੀ ਪਸੰਦ ਹੀ ਜਾਣਨੀ ਸੀ ਤਾਂ ਉਮੀਦਵਾਰ ਦਾ ਧਰਮ ਕੇਜਰੀਵਾਲ ਦੀ ਪਸੰਦ ਮੁਤਾਬਕ ਕਿਉਂ ਹੋਣਾ ਚਾਹੀਦਾ ਹੈ?"

"ਜਦੋਂ ਉਨ੍ਹਾਂ ਨੇ ਮੋਬਾਈਲ ਨੰਬਰ 'ਤੇ ਜਨਤਾ ਦੀ ਪਸੰਦ ਦੱਸਣ ਲਈ ਕਿਹਾ ਹੈ ਤਾਂ ਉਨ੍ਹਾਂ ਇਹ ਸ਼ਰਤ ਨਹੀਂ ਰੱਖੀ ਕਿ ਸਿਰਫ਼ ਸਿੱਖ ਉਮੀਦਵਾਰ ਨੂੰ ਹੀ ਪਸੰਦ ਕਰਨਾ ਹੈ।"

"ਜੇਕਰ ਜਨਤਾ ਦੀ ਪਸੰਦ ਕੋਈ ਹਿੰਦੂ ਉਮੀਦਵਾਰ ਹੋਵੇਗਾ, ਤਾਂ ਕੀ ਕੇਜਰੀਵਾਲ ਆਪਣੇ ਐਲਾਨ ਤੋਂ ਪਿੱਛੇ ਹਟ ਜਾਣਗੇ? ਕੀ ਕੇਜਰੀਵਾਲ ਨੂੰ ਪਹਿਲਾਂ ਹੀ ਪਤਾ ਹੈ ਕਿ ਜਨਤਾ ਕਿਸੇ ਸਿੱਖ ਨੂੰ ਹੀ ਪਸੰਦ ਕਰੇਗੀ?"

ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਕਹਿੰਦੇ ਹਨ, "ਇਸ ਤੋਂ ਪਤਾ ਲੱਗਦਾ ਹੈ ਕਿ ਕੇਜਰੀਵਾਲ ਦੇ ਐਲਾਨ ਦਾ ਕੋਈ ਮਤਲਬ ਨਹੀਂ ਹੈ ਅਤੇ ਉਹ ਆਪਣੀ ਪਸੰਦ ਦਾ ਹੀ ਉਮੀਦਵਾਰ ਸਾਹਮਣੇ ਲਿਆਉਣਗੇ। ਸਭ ਨੂੰ ਪਤਾ ਹੈ ਕਿ ਭਗਵੰਤ ਮਾਨ ਉਨ੍ਹਾਂ ਦੇ ਉਮੀਦਵਾਰ ਹਨ।"

ਅਰਵਿੰਦ ਕੇਜਰੀਵਾਲ ਨੇ ਜਨਤਾ ਦੀ ਪਸੰਦ ਜਾਣਨ ਲਈ ਜੋ ਤਰੀਕਾ ਅਪਨਾਇਆ ਹੈ, ਉਸ ਨੂੰ ਲੈ ਕੇ ਵੀ ਕਈ ਸਵਾਲ ਉੱਠ ਰਹੇ ਹਨ।

ਇਹ ਵੀ ਪੜ੍ਹੋ-

ਉਸ ਦੀ ਭਰੋਸਗੀ ਕੀ ਹੋਵੇਗੀ? ਜੇਕਰ ਇੱਕ ਵਿਅਕਤੀ ਵੱਖ-ਵੱਖ ਨੰਬਰ ਤੋਂ 10 ਵਾਰ ਫੋਨ ਜਾਂ ਮੈਸੇਜ ਕਰੇਗਾ ਤਾਂ ਇਸ ਨੂੰ ਕਿਵੇਂ ਰੋਕਿਆ ਜਾਵੇਗਾ?

ਸੰਭਵ ਹੈ ਕਿ ਪੰਜਾਬ ਵਿੱਚ ਰਹਿਣ ਵਾਲੇ ਅਜਿਹੇ ਲੋਕ ਵੀ ਫੋਨ ਕਰ ਸਕਦੇ ਹਨ ਜੋ ਉੱਥੋਂ ਦੇ ਵੋਟਰ ਨਹੀਂ ਹਨ। ਕੇਜਰੀਵਾਲ ਦੇ ਇਸ ਤਰੀਕੇ ਨੂੰ ਵਿਗਿਆਨ ਨਾਲ ਸਹਿਮਤ ਨਹੀਂ ਮੰਨਿਆ ਜਾ ਰਿਹਾ ਹੈ।

ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਕਹਿੰਦੇ ਹਨ, "ਪੰਜਾਬ ਵਿੱਚ ਆਮ ਆਦਮੀ ਦਾ ਅਕਸ ਦਿੱਲੀ ਦੀ ਪਾਰਟੀ ਅਤੇ ਗ਼ੈਰ-ਪੰਜਾਬੀਆਂ ਦੀ ਪਾਰਟੀ ਦੀ ਹੈ। ਇਸੇ ਅਕਸ ਕਾਰਨ 2017 ਵਿੱਚ ਅਰਵਿੰਦ ਕੇਜਰੀਵਾਲ ਪੰਜਾਬ ਦੀ ਸੱਤਾ ਤੋਂ ਦੂਰ ਰਹਿ ਗਏ ਸਨ।"

"ਇਸੇ ਅਕਸ ਨੂੰ ਤੋੜਨ ਲਈ ਉਨ੍ਹਾਂ ਨੇ ਜਨਤਾ ਦੀ ਪਸੰਦ ਦਾ ਚੁਟਕਲਾ ਛੱਡਿਆ ਹੈ। ਕੇਜਰੀਵਾਲ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਪੰਜਾਬੀਆਂ ਦੀ ਪਸੰਦ ਨਾਲ ਸਭ ਕੁਝ ਤੈਅ ਕੀਤਾ ਜਾ ਰਿਹਾ ਹੈ।"

"ਅਕਾਲੀ ਇਨ੍ਹਾਂ ਨੂੰ ਗ਼ੈਰ-ਸਿੱਖ ਹੋਣ ਨੂੰ ਲੈ ਕੇ ਘੇਰਦੇ ਰਹਿੰਦੇ ਹਨ। ਜਿਸ ਤਰੀਕੇ ਨੂੰ ਇਨ੍ਹਾਂ ਨੇ ਜਨਤਾ ਦੀ ਪਸੰਦ ਜਾਣਨ ਲਈ ਅਪਨਾਇਆ ਹੈ, ਉਹ ਸਾਇੰਟੀਫਿਕ ਮੈਥੇਡ ਨਹੀਂ ਹੈ।"

'ਅਕਸ ਤੋੜਨਾ ਚਾਹੁੰਦੇ ਹਨ'

"ਇੱਕ ਹੀ ਬੰਦਾ ਤਿੰਨ ਵਾਰ ਫੋਨ ਕਰ ਸਕਦਾ ਹੈ। ਇਸ ਦੀ ਜਾਂਚ ਕੋਈ ਨਹੀਂ ਕਰੇਗਾ। ਲਿੰਗ, ਉਮਰ, ਜਾਤ, ਮਜ਼ਹਬ, ਖੇਤਰ ਦਾ ਵੀ ਪਤਾ ਨਹੀਂ ਲੱਗੇਗਾ।"

"ਮਤਲਬ ਇਹ ਹੈ ਕਿ ਪਸੰਦ ਕਰਨ ਵਾਲੇ ਕਿਸ ਜਾਤ, ਮਜ਼ਹਬ, ਉਮਰ, ਲਿੰਗ ਅਤੇ ਖੇਤਰ ਦੇ ਹਨ। ਇਹ ਰੈਂਡਮ ਸੈਂਪਲਿੰਗ ਹੈ। ਪੂਰੇ ਭਾਰਤ ਦਾ ਬੰਦਾ ਇਸ 'ਤੇ ਫੋਨ ਕਰ ਸਕਦਾ ਹਾਂ।"

"ਚੰਡੀਗੜ੍ਹ ਵਿੱਚ ਕੋਈ ਰਹਿ ਰਿਹਾ ਹੋਵੇ ਅਤੇ ਵੋਟਰ ਨਹੀਂ ਹੈ ਪਰ ਫੋਨ ਕਰ ਸਕਦਾ ਹੈ। ਕੇਜਰੀਵਾਲ ਬਸ ਅਕਸ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਨੌਨ ਪੰਜਾਬੀ ਡਿਸਾਇਡ ਨਹੀਂ ਕਰ ਰਿਹਾ ਹੈ, ਦਿੱਲੀ ਦਰਬਾਰ ਨਹੀਂ ਥੋਪ ਰਿਹਾ ਹੈ।"

"2017 ਵਿੱਚ ਇਮਪ੍ਰੇਸ਼ਨ ਸੀ ਕਿ ਆਮ ਆਦਮੀ ਪਾਰਟੀ ਦਿੱਲੀ ਤੋਂ ਚੱਲ ਰਹੀ ਹੈ ਅਤੇ ਗ਼ੈਰ-ਪੰਜਾਬੀ ਚਲਾ ਰਿਹਾ ਹੈ। ਕੇਜਰੀਵਾਲ ਇਸ ਅਕਸ ਨੂੰ ਤੋੜਨਾ ਚਾਹੁੰਦੇ ਹਨ।"

ਇਸੇ ਤਰ੍ਹਾਂ ਭਾਜਪਾ ਵੀ ਮਿਸਡ ਕਾਲ ਦੇ ਆਧਾਰ 'ਤੇ ਪਾਰਟੀ ਮੈਂਬਰ ਬਣਾਉਣਦੀ ਸੀ ਅਤੇ ਕਹਿੰਦੀ ਹੈ ਕਿ ਇੰਨੇ ਕਰੋੜ ਲੋਕ ਭਾਜਪਾ ਦੇ ਮੈਂਬਰ ਬਣ ਗਏ ਹਨ। ਭਾਜਪਾ ਇਸੇ ਮਿਸਡ ਕਾਲ ਤੋਂ ਬਣੇ ਮੈਂਬਰਾਂ ਦੀ ਗਿਣਤੀ 'ਤੇ ਖ਼ੁਦ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ ਕਹਿੰਦੀ ਹੈ।

ਅਰਵਿੰਦ ਕੇਜਰੀਵਾਲ ਦੀ ਸਿਆਸਤ ਵਿੱਚ ਨਿਰੰਤਰਤਾ ਨਹੀਂ ਨਜ਼ਰ ਆਉਂਦੀ ਹੈ।

ਉੱਤਰਾਖੰਡ ਵਿੱਚ ਵੀ ਵਿਧਾਨ ਸਭਾ ਚੋਣਾਂ ਹਨ ਅਤੇ ਉੱਥੇ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਚਿਹਰੇ ਲਈ ਸੀਐੱਮ ਦਾ ਉਮੀਦਵਾਰ ਐਲਾਨ ਕਰਨਾ ਕੋਈ ਮੁਸ਼ਕਲ ਕੰਮ ਨਹੀਂ ਸੀ, ਇਸ ਲਈ ਕਿਸੇ ਨੂੰ ਨਹੀਂ ਪੁੱਛਿਆ। ਉੱਤਰਾਖੰਡ ਵਿੱਚ ਖੇਤਰੀ ਪਛਾਣ ਕੋਈ ਮੁੱਦਾ ਨਹੀਂ ਹੈ।

ਪਸੰਦ ਜਾਣਨ ਦੇ ਤਰੀਕੇ 'ਤੇ ਸਵਾਲ

ਪਸੰਦ ਦੱਸਣ ਲਈ ਮੋਬਾਈਲ ਨੰਬਰ ਜਾਰੀ ਕਰਦੇ ਹੋਏ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਇਹ ਇਤਿਹਾਸ ਵਿੱਚ ਪਹਿਲੀ ਵਾਰ ਕੀਤਾ ਜਾ ਰਿਹਾ ਹੈ ਪਰ ਦਿੱਲੀ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਕੇਜਰੀਵਾਲ ਕਈ ਵਾਰ ਕਰ ਚੁੱਕੇ ਹਨ।

ਆਮ ਆਦਮੀ ਪਾਰਟੀ ਦੇ ਇੱਕ ਸੰਸਥਾਪਕ ਮੈਂਬਰ ਨੇ ਨਾਮ ਨਹੀਂ ਛਾਪਣ ਦੀ ਸ਼ਰਤ 'ਤੇ ਕਿਹਾ, "ਸਾਲ 2013 ਵਿੱਚ ਕਾਂਗਰਸ ਨਾਲ ਗਠਜੋੜ ਕਰਨ ਦੇ ਸਵਾਲ 'ਤੇ ਆਮ ਆਦਮੀ ਜਨਤਾ ਵਿੱਚ ਗਈ ਸੀ।"

"ਪਰ ਉਦੋਂ ਵੀ ਅਸੀਂ ਇਹ ਨਹੀਂ ਕਹਿ ਸਕਦੇ ਸੀ ਕਿ ਜਨਤਾ ਨੇ ਕਾਂਗਰਸ ਨਾਲ ਗਠਜੋੜ ਕਰ ਕੇ ਮੁੱਖ ਮੰਤਰੀ ਬਣਨ ਲਈ ਕਹਿ ਦਿੱਤਾ ਸੀ।"

"ਕੁਝ ਲੋਕਾਂ ਦੇ ਹੱਥ ਚੁਕਵਾ ਲੈਣ ਨੂੰ ਜਨਤਾ ਦੀ ਸਹਿਮਤੀ ਨਹੀਂ ਕਹਿ ਸਕਦੇ। ਪਰ ਇਹ ਮੋਬਾਇਲ 'ਤੇ ਲੋਕਾਂ ਦੀ ਪਸੰਦ ਪੁੱਛ ਰਹੇ ਹਨ, ਇਸ 'ਤੇ ਭਲਾ ਕੌਣ ਭਰੋਸਾ ਕਰੇਗਾ। ਹੁਣ ਤਾਂ ਆਮ ਆਦਮੀ ਪਾਰਟੀ 'ਤੇ ਗੱਲ ਕਰਨ ਦਾ ਵੀ ਮਨ ਨਹੀਂ ਕਰਦਾ ਹੈ।"

ਬੀਬੀਸੀ ਪੰਜਾਬੀ ਸੇਵਾ ਦੇ ਸੰਪਾਦਕ ਅਤੁਲ ਸੰਗਰ ਕਹਿੰਦੇ ਹਨ, "ਕੇਜਰੀਵਾਲ ਦੇ ਇਸ ਫ਼ੈਸਲੇ ਨਾਲ ਇੱਕ ਨਵੀਂ ਚਰਚਾ ਤਾਂ ਛਿੜੇਗੀ। ਇਸ ਦੀ ਪਾਰਦਰਸ਼ਿਤਾ ਨੂੰ ਲੈ ਕੇ ਸਵਾਲ ਰਹੇਗਾ। ਪਰ ਪੰਜਾਬ ਵਿੱਚ ਇਸ ਨੂੰ ਨਵੀਂ ਸ਼ੁਰੂਆਤ ਵਜੋਂ ਦੇਖਿਆ ਜਾਵੇਗਾ।"

"ਇਸ ਵਿੱਚ ਕੋਈ ਬਹੁਤ ਗੰਭੀਰਤਾ ਨਹੀਂ ਹੈ। ਜੇਕਰ ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਹੀ ਉਮੀਦਵਾਰ ਬਣਾਉਂਦੀ ਹੈ ਤਾਂ ਕੋਈ ਕੁਝ ਨਹੀਂ ਕਰ ਸਕੇਗਾ।"

"ਚਰਚਾ ਦਾ ਵਿਸ਼ਾ ਜ਼ਰੂਰ ਬਣ ਗਿਆ ਹੈ ਪਰ ਅੱਗੇ ਇਸ ਵਿੱਚ ਕੁਝ ਹੋਰ ਨਹੀਂ ਹੈ। ਉਨ੍ਹਾਂ ਨੇ ਵਿਰੋਧੀ ਪਾਰਟੀਆਂ 'ਤੇ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਦੀ ਪਾਰਟੀ ਵਿੱਚ ਪਰਿਵਾਰ ਫ਼ੈਸਲਾ ਨਹੀਂ ਲੈਂਦੇ ਹਨ।"

ਅਰਵਿੰਦ ਕੇਜਰੀਵਾਲ ਦੀਆਂ ਸਹੁੰਆਂ

ਦਿੱਲੀ ਵਿੱਚ 2013 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਸਹੁੰਆਂ ਖਾਂਦੇ ਸਨ ਕਿ ਕਿਸੇ ਨੂੰ ਬਹੁਮਤ ਨਹੀਂ ਮਿਲਣ ਦੇ ਹਾਲਾਤ ਵਿੱਚ ਉਹ ਨਾ ਤਾਂ ਕਾਂਗਰਸ ਅਤੇ ਨਾ ਹੀ ਭਾਜਪਾ ਨਾਲ ਗਠਜੋੜ ਕਰਨਗੇ। ਉਨ੍ਹਾਂ ਦੇ ਆਪਣੇ ਬੱਚਿਆਂ ਦੀ ਸਹੁੰ ਖਾਂਦੀ ਸੀ।

ਕੇਜਰੀਵਾਲ ਨੇ ਕਿਹਾ ਸੀ, "ਮੈਂ ਆਪਣੇ ਬੱਚਿਆਂ ਦੀ ਸਹੁੰ ਖਾਂਦਾ ਹਾਂ। ਮੈਂ ਨਾ ਤਾਂ ਭਾਜਪਾ ਦੇ ਨਾਲ ਜਾਵਾਂਗਾ ਅਤੇ ਨਾ ਹੀ ਕਾਂਗਰਸ ਨਾਲ, ਕਿਉਂਕਿ ਦਿੱਲੀ ਦੀ ਜਨਤਾ ਇਨ੍ਹਾਂ ਦੋਵਾਂ ਦੇ ਖ਼ਿਲਾਫ਼ ਆਮ ਆਦਮੀ ਪਾਰਟੀ ਨੂੰ ਵੋਟ ਕਰੇਗੀ।"

"ਭਾਜਪਾ ਅਤੇ ਕਾਂਗਰਸ ਆਪਸ ਵਿੱਚ ਗਠਜੋੜ ਕਰ ਸਰਕਾਰ ਬਣਾ ਸਕਦੇ ਹਨ ਕਿਉਂਕਿ ਦੋਵੇਂ ਪਰਦੇ ਦੇ ਪਿੱਛੇ ਇੱਕ ਹੀ ਹਨ। ਮੈਂ ਸੱਤਾ ਦਾ ਭੁੱਖਾ ਨਹੀਂ ਹਾਂ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

"ਅਸੀਂ ਗਠਜੋੜ ਦੀ ਸਰਕਾਰ ਨਹੀਂ ਬਣਾਵਾਂਗੇ ਕਿਉਂਕਿ ਭਾਜਪਾ ਅਤੇ ਕਾਂਗਰਸ ਨਾਲ ਰਹਿ ਕੇ ਭ੍ਰਿਸ਼ਟਾਚਾਰ ਖ਼ਤਮ ਨਹੀਂ ਕਰ ਸਕਦੇ। ਗਠਜੋੜ ਸਰਕਾਰ ਬਣਾਉਣ ਤੋਂ ਚੰਗਾ ਅਸੀਂ ਵਿਰੋਧੀ ਧਿਰ ਵਿੱਚ ਬੈਠਣਾ ਪਸੰਦ ਕਰਾਂਗੇ।"

2013 ਦੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਨੂੰ ਬਹੁਮਤ ਨਹੀਂ ਮਿਲਿਆ। ਆਮ ਆਦਮੀ ਪਾਰਟੀ ਨੂੰ 28, ਭਾਜਪਾ ਨੂੰ 31 ਅਤੇ ਕਾਂਗਰਸ ਨੂੰ ਅੱਠ ਸੀਟਾਂ 'ਤੇ ਜਿੱਤ ਮਿਲੀ।

ਆਮ ਆਦਮੀ ਪਾਰਟੀ ਨੇ ਕਾਂਗਰਸ ਨਾਲ ਗਠਜੋੜ ਕੀਤਾ ਅਤੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣੇ। ਕਾਂਗਰਸ ਕੋਲੋਂ ਸਮਰਥਨ ਲੈ ਕੇ ਸਰਕਾਰ ਬਣਾਉਣ ਦੇ ਸਵਾਲ 'ਤੇ ਉਦੋਂ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਦਿੱਲੀ ਦੀ ਜਨਤਾ ਕੋਲੋਂ ਪੁੱਛਣਗੇ।

ਆਮ ਆਦਮੀ ਪਾਰਟੀ ਨੇ ਉਦੋਂ ਕਿਹਾ ਸੀ ਕਿ ਦਿੱਲੀ ਦੀ ਜਨਤਾ ਦੇ ਨਾਲ 280 ਬੈਠਕਾਂ ਤੈਅ ਕੀਤੀਆਂ ਗਈਆਂ ਅਤੇ ਪਹਿਲਾਂ ਦੋ ਦਿਨਾਂ ਵਿੱਚ 128 ਬੈਠਕਾਂ ਹੋਈਆਂ।

ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਇਨ੍ਹਾਂ 128 ਵਿੱਚੋਂ 110 ਬੈਠਕਾਂ ਵਿੱਚ ਲੋਕਾਂ ਨੇ ਕਾਂਗਰਸ ਦੇ ਨਾਲ ਮਿਲ ਕੇ ਸਰਕਾਰ ਬਣਾਉਣ ਲਈ ਕਿਹਾ ਹੈ।

ਆਮ ਆਦਮੀ ਪਾਰਟੀ ਨੇ ਕਾਂਗਰਸ ਨਾਲ ਗਠਜੋੜ ਕਰਨ ਲਈ ਬੇਹੱਦ ਅਪਾਰਦਰਸ਼ੀ ਤਰੀਕੇ ਨੂੰ ਢਾਲ ਬਣਾਇਆ ਅਤੇ 28 ਸੀਟਾਂ ਦੀ ਬਦੌਲਤ ਸਰਕਾਰ ਬਣਾ ਲਈ।

ਅਰਵਿੰਦ ਕੇਜਰੀਵਾਲ ਦਿੱਲੀ ਵਿਧਾਨ ਸਭਾ ਖੇਤਰਾਂ ਵਿੱਚ ਵੀ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਅਜਿਹੀਆਂ ਗੱਲਾਂ ਕਰਦੇ ਸਨ ਪਰ ਕਿਸੇ ਨੂੰ ਪਤਾ ਨਹੀਂ ਹੁੰਦਾ ਸੀ ਕਿ ਕਿੰਨੇ ਲੋਕਾਂ ਨੇ ਆਪਣੀ ਪਸੰਦ ਦੱਸੀ ਸੀ।

ਇਸ ਦੇ ਬਾਵਜੂਦ ਕੇਜਰੀਵਾਲ ਐਲਾਨ ਕਰ ਦਿੰਦੇ ਸਨ ਕਿ ਜਨਤਾ ਦੀ ਪਸੰਦ ਨਾਲ ਉਮੀਦਵਾਰ ਦੀ ਚੋਣ ਕੀਤੀ ਗਈ।

ਆਪਣੇ ਹਰ ਫ਼ੈਸਲੇ ਨੂੰ ਜਨਤਾ ਦਾ ਫ਼ੈਸਲਾ ਦੱਸਣਾ ਭਾਰਤੀ ਸਿਆਸਤ ਵਿੱਚ ਕੋਈ ਨਵੀਂ ਗੱਲ ਨਹੀਂ ਹੈ ਪਰ ਅਰਵਿੰਦ ਕੇਜਰੀਵਾਲ ਨੇ ਪਾਰਦਰਸ਼ਿਤਾ ਦਾ ਜਾਮਾ ਪਹਿਨਾ ਦਿੱਤਾ ਸੀ।

ਹੁਣ ਪੰਜਾਬ ਵਿੱਚ ਅਗਲੇ ਮਹੀਨੇ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ ਅਤੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ।

ਇੱਥੇ ਵੀ ਕੇਜਰੀਵਾਲ ਦੇ ਸਾਹਮਣੇ ਕਾਂਗਰਸ ਹੀ ਹੈ। ਵੀਰਵਾਰ ਨੂੰ ਕੇਜਰੀਵਾਲ ਨੇ ਇੱਕ ਵਾਰ ਮੁੜ ਪੁਰਾਣਾ ਦਾਅ ਖੇਡਿਆ ਹੈ।

ਪਹਿਲਾਂ ਖ਼ਬਰ ਆਈ ਕਿ ਕੇਜਰੀਵਾਲ ਵੀਰਵਾਰ ਨੂੰ ਪੰਜਾਬ ਵਿੱਚ ਆਪਣੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਗੇ।

ਪਰ ਕੇਜਰੀਵਾਲ ਮੀਡੀਆ ਦੇ ਸਾਹਮਣੇ ਆਏ ਅਤੇ ਐਲਾਨ ਕਰ ਦਿੱਤਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਦਾ ਚਿਹਰਾ ਪਾਰਟੀ ਨਹੀਂ ਜਨਤਾ ਤੈਅ ਕਰੇਗੀ।

ਕੇਜਰੀਵਾਲ ਨੇ ਇੱਕ ਮੋਬਾਇਲ ਨੰਬਰ ਦਿੱਤਾ ਹੈ ਅਤੇ ਲੋਕਾਂ ਨੂੰ ਉਸ 'ਤੇ ਐੱਸਐੱਮਐੱਸ, ਵਟਸਐਪ ਜਾਂ ਫੋਨ ਕਰ ਕੇ ਆਪਣੀ ਪਸੰਦ ਦੱਸਣ ਲਈ ਕਿਹਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)