ਪੰਜਾਬ ਚੋਣਾਂ 2022: ਕੇਜਰੀਵਾਲ ਨੇ ਰਾਜੇਵਾਲ ਨੂੰ ਦਿੱਤੀ ਕਿਹੜੀ ਚੁਣੌਤੀ

    • ਲੇਖਕ, ਸੁਮਨਦੀਪ ਕੌਰ
    • ਰੋਲ, ਬੀਬੀਸੀ ਪੱਤਰਕਾਰ

"ਇੱਕ ਵੀ ਟਿਕਟ ਵੇਚੀ ਨਹੀਂ ਗਈ ਹੈ... ਜੇਕਰ ਸਾਡੀ ਪਾਰਟੀ ਦੇ ਅੰਦਰ ਕੋਈ ਟਿਕਟ ਵਿਕੀ ਜਾਂ ਖਰੀਦੀ ਗਈ, ਇੱਥੋਂ ਤੱਕ ਕੇ ਪਰਚੇ ਭਰਨ ਤੋਂ ਬਾਅਦ ਵੀ ਅਜਿਹਾ ਹੋਣ ਦਾ ਪਤਾ ਲੱਗ ਗਿਆ, ਮੈਨੂੰ ਸਬੂਤ ਦੇ ਦੇਣਾ, ਮੈਂ ਸੀਟ ਖਾਲ੍ਹੀ ਛੱਡ ਦਿਆਂਗਾ, ਉਸ ਦੀ ਟਿਕਟ ਕੱਟ ਦਿਆਂਗਾ ਪਰ ਭ੍ਰਿਸ਼ਟਚਾਰ ਬਰਦਾਸ਼ਤ ਨਹੀਂ ਕਰਾਂਗਾ।"

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇਹ ਸ਼ਬਦ ਉਨ੍ਹਾਂ ਇਲਜ਼ਾਮਾਂ ਦੀ ਸਫ਼ਾਈ ਸਨ, ਜੋ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੀ ਪਾਰਟੀ ਉੱਤੇ ਪੰਜਾਬ ਵਿੱਚ ਲੱਗ ਰਹੇ ਹਨ।

ਦਰਅਸਲ, ਆਮ ਆਦਮੀ ਪਾਰਟੀ ਪੈਸੇ ਲੈ ਕੇ ਟਿਕਟਾਂ ਦੀ ਵੰਡ ਦੇ ਇਲਜ਼ਾਮਾਂ ਵਿੱਚ ਘਿਰ ਗਈ ਹੈ।

ਪੰਜਾਬ ਵਿੱਚ 14 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।

ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨ ਲਈ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ।

ਇਸੇ ਦੌਰਾਨ ਹੀ ਆਮ ਆਦਮੀ ਪਾਰਟੀ 'ਤੇ ਟਿਕਟਾਂ ਨੂੰ ਵੇਚੇ ਜਾਣ ਦੇ ਇਲਜ਼ਾਮ ਲੱਗ ਰਹੇ ਹਨ।

ਹਾਲਾਂਕਿ, ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਪਾਰਟੀ ਉੱਤੇ ਅਜਿਹੇ ਇਲਜ਼ਾਮ ਲੱਗੇ ਲੱਗੇ ਹੋਣ।

ਸਾਲ 2017 ਦੀਆਂ ਚੋਣਾਂ ਦੌਰਾਨ ਵੀ ਪਾਰਟੀ ਉੱਤੇ ਟਿਕਟਾਂ ਵੇਚਣ ਦੇ ਅਜਿਹੇ ਹੀ ਇਲਜ਼ਾਮ ਲੱਗੇ ਸਨ, ਪਰ ਪਾਰਟੀ ਨੇ ਉਨ੍ਹਾਂ ਨੂੰ ਰੱਦ ਕਰ ਦਿੱਤਾ ਸੀ।

ਇਹ ਵੀ ਪੜ੍ਹੋ-

ਰਾਜੇਵਾਲ ਦੇ ਇਲਜ਼ਾਮ

ਸੰਯੁਕਤ ਸਮਾਜ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਇਲਜ਼ਾਮ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਵੀ ਰਵਾਇਤੀ ਪਾਰਟੀਆਂ ਵਾਂਗ ਵਤੀਰਾ ਸ਼ੁਰੂ ਕਰ ਦਿੱਤਾ ਹੈ ਜਿੱਥੇ ਟਿਕਟਾਂ ਪੈਸੇ ਲੈ ਕੇ ਵੇਚੀਆਂ ਜਾਂਦੀਆਂ ਹਨ।

ਬਲਬੀਰ ਸਿੰਘ ਰਾਜੇਵਾਲ ਕਿਸਾਨ ਆਗੂ ਹਨ, ਜਿਨ੍ਹਾਂ ਖੇਤੀ ਕਾਨੂੰਨਾਂ ਖ਼ਿਲਾਫ਼ ਕੇਂਦਰ ਖ਼ਿਲਾਫ਼ ਲੰਬੀ ਲੜਾਈ ਲੜ ਕੇ ਕਾਨੂੰਨ ਰੱਦ ਕਰਵਾਉਣ ਵਾਲੇ ਅੰਦੋਲਨ ਦੀ ਅਗਵਾਈ ਕੀਤੀ ਹੈ।

ਪਰ ਹੁਣ ਉਨ੍ਹਾਂ ਨੇ 22 ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਸੰਯੁਕਤ ਸਮਾਜ ਮੋਰਚਾ ਬਣਾਇਆ ਹੈ ਤੇ ਪੰਜਾਬ ਦੇ ਚੋਣ ਅਖਾੜੇ ਵਿੱਚ ਕਿਸਮਤ ਅਜ਼ਮਾਉਣ ਲੱਗੇ ਹਨ।

ਰਾਜੇਵਾਲ ਦੇ ਆਮ ਆਦਮੀ ਪਾਰਟੀ ਖ਼ਿਲਾਫ਼ ਇਲਜ਼ਾਮ ਇਸ ਲਈ ਵੀ ਗੰਭੀਰ ਹਨ ਕਿਉਂਕਿ ਕੁਝ ਮੀਡੀਆ ਰਿਪੋਰਟਾਂ ਵਿੱਚ ਉਨ੍ਹਾਂ ਨੂੰ 'ਆਪ' ਵਲੋਂ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੀਆਂ ਖ਼ਬਰਾਂ ਸਨ।

ਫਿਰ ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਦੀ ਗੱਲਬਾਤ ਵੀ ਚੱਲੀ, ਜਿਸ ਦੀ ਪੁਸ਼ਟੀ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤੀ।

ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਸੀ ਕਿਸਾਨਾਂ ਅਤੇ ਆਮ ਆਦਮੀ ਪਾਰਟੀ ਵਿਚਾਲੇ ਸਮਝੌਤਾ ਇਸ ਲਈ ਸਿਰੇ ਨਹੀਂ ਚੜ੍ਹਿਆ ਕਿਉਂਕਿ ਇਹ ਪਾਰਟੀ ਵੀ ਰਵਾਇਤੀ ਪਾਰਟੀਆਂ ਵਰਗੀ ਹੀ ਹੋ ਗਈ ਹੈ।

ਰਾਜੇਵਾਲ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਇਸ ਗੱਲ ਦੇ ਸਬੂਤ ਹਨ ਕਿ ਪਾਰਟੀ ਆਪਣੀਆਂ ਟਿਕਟਾਂ ਵੇਚਦੀ ਹੈ। ਇਸ ਸਬੂਤ ਉਨ੍ਹਾਂ ਕੇਜਰੀਵਾਲ ਨੂੰ ਸੌਂਪ ਦਿੱਤੇ ਹਨ।

ਇਸੇ ਦੇ ਜਵਾਬ ਵਿੱਚ 12 ਜਨਵਰੀ ਨੂੰ ਮੁਹਾਲੀ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਰਾਜੇਵਾਲ ਨੇ ਉਨ੍ਹਾਂ ਨੂੰ ਇੱਕ ਪੈਨ ਡਰਾਇਵ ਦਿੱਤੀ ਸੀ ਜਿਸ ਵਿੱਚ ਦੋ ਅਣਜਾਣ ਬੰਦੇ ਆਪਸ ਵਿਚ ਗੱਲਾਂ ਕਰ ਰਹੇ ਹਨ, ਕਿ ਕੇਜਰੀਵਾਲ ਰਿਸ਼ਵਤ ਲੈਂਦਾ ਹੈ, ਮਨੀਸ਼ ਸਿਸੋਦੀਆ ਪੈਸੇ ਲੈਕੇ ਕੰਮ ਕਰਦਾ ਹੈ, ਪਰ ਬੇਹੂਦਾ ਅਤੇ ਬਿਨਾਂ ਸਿਰ ਪੈਰ ਵਾਲੇ ਇਲਜ਼ਾਮ ਹਨ।

ਪਾਰਟੀ ਦੇ ਸਾਬਕਾ ਵਰਕਰ ਦੇ ਇਲਜ਼ਾਮ

ਸਿਰਫ਼ ਰਾਜੇਵਾਲ ਹੀ ਨਹੀਂ ਬਲਕਿ ਆਮ ਆਦਮੀ ਪਾਰਟੀ ਦੇ ਆਗੂ ਰਹੇ ਪਟਿਆਲੇ ਦੇ ਸੌਰਭ ਜੈਨ ਨੇ ਵੀ 'ਆਪ' ਵਿੱਚ ਟਿਕਟਾਂ ਦੀ ਖਰੀਦੋ-ਫ਼ਰੋਖ਼ਤ ਦੇ ਇਲਜ਼ਾਮ ਲਾਏ ਹਨ।

ਸੌਰਭ ਜੈਨ ਨੇ ਵੀ ਇਸ ਬਾਰੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਟਿਕਟ ਦੇਣ ਦੇ ਬਦਲੇ ਉਨ੍ਹਾਂ ਕੋਲੋਂ ਪਾਰਟੀ ਫੰਡ ਲਈ ਦੋ ਕਰੋੜ ਰੁਪਏ ਉਧਾਰ ਮੰਗੇ ਗਏ ਸਨ।

ਉਨ੍ਹਾਂ ਨੇ ਦੱਸਿਆ, "ਜਦੋਂ ਮੈਂ ਪੈਸੇ ਦੇਣ ਵਿੱਚ ਅਸਮਰੱਥਾ ਜਤਾਈ ਤਾਂ ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਸਹਾਇਤਾ ਨਹੀਂ ਕਰ ਸਕਦੇ ਤਾਂ ਪਾਰਟੀ ਕਿਸੇ ਹੋਰ ਉਮੀਦਵਾਰ ਬਾਰੇ ਸੋਚ ਸਕਦੀ ਹੈ।"

ਸੌਰਭ ਜੈਨ ਨੇ ਕਿਹਾ ਉਨ੍ਹਾਂ ਇਸ ਤੋਂ ਇਨਕਾਰ ਕਰਦਿਆਂ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ।

ਸੌਰਭ ਜੈਨ ਨਾਲ ਹਾਜ਼ਰ ਕੁਝ ਹੋਰ ਆਗੂਆਂ ਨੇ ਵੀ ਅਜਿਹੇ ਹੀ ਇਲਜ਼ਾਮ ਲਾਏ ਸਨ।

ਹਾਲਾਂਕਿ, ਰਾਘਵ ਚੱਢਾ ਨੇ ਸੌਰਭ ਜੈਨ ਖ਼ਿਲਾਫ਼ ਆਪਣੇ ਉੱਤੇ ਬੇਬੁਨਿਆਦ ਨਿੱਜੀ ਇਲਜ਼ਾਮ ਲਗਾਉਣ ਕਰਕੇ ਅਪਰਾਧਿਕ ਮਾਨਹਾਨੀ ਦੀ ਮਾਮਲਾ ਦਰਜ ਕਰਵਾਇਆ ਹੈ।

ਇਸ ਬਾਰੇ ਪਾਰਟੀ ਦੇ ਬਿਆਨ ਵਿੱਚ ਕਿਹਾ ਗਿਆ ਕਿ ਸੌਰਵ ਜੈਨ ਦੇ ਭ੍ਰਿਸ਼ਟਾਚਾਰ ਅਤੇ ਪੈਸੇ ਲੈ ਕੇ ਟਿਕਟਾਂ ਦੇਣ ਦੇ ਇਲਜ਼ਾਮ ਪਾਰਟੀ ਖ਼ਿਲਾਫ਼ ਸਾਜ਼ਿਸ਼ੀ ਮੁਹਿੰਮ ਦਾ ਹਿੱਸਾ ਹੈ।

ਜਲੰਧਰ ਵਿੱਚ ਵਰਕਰਾਂ ਦੀ ਖਿੱਚ ਧੂਹ

ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਪਿਛਲੇ ਸ਼ੁੱਕਰਵਾਰ ਨੂੰ ਜਲੰਧਰ ਪ੍ਰੈਸ ਕਲੱਬ ਵਿੱਚ ਆਪੋ ਵਿੱਚ ਭਿੜ ਪਏ।

ਇਹ ਲੜਾਈ ਵੀ ਟਿਕਟਾਂ ਲਈ ਦੋ ਗੁੱਟਾਂ ਦੀ ਲੜਾਈ ਸੀ।

ਇੱਥੇ ਵੀ ਰਾਘਵ ਚੱਢਾ ਪ੍ਰੈਸ ਕਾਨਫਰੰਸ ਕਰਕੇ ਬਾਗੀ ਕਾਂਗਰਸੀ ਦਿਨੇਸ਼ ਢੁੱਲ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਪਹੁੰਚੇ ਸਨ।

ਪਰ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਇੱਥੇ ਪਹੁੰਚ ਗਏ ਅਤੇ ਉਨ੍ਹਾਂ ਰਾਘਵ ਨੂੰ ਪ੍ਰੈਸ ਕਲੱਬ 'ਚ ਦਾਖ਼ਲ ਹੋਣ ਤੋਂ ਰੋਕ ਦਿੱਤਾ।

ਇਸ ਖਿੱਚ ਧੂਹ ਤੇ ਇੱਕ ਦੂਜੇ ਉੱਤੇ ਪੱਥਰਬਾਜ਼ੀ ਕਰਨ ਦੇ ਵੀਡੀਓ ਵੀ ਕਾਫੀ ਵਾਇਰਲ ਹੋਏ ਸਨ।

ਇੱਕ ਵੀਡੀਓ ਵਿੱਚ ਵਰਕਰ ਇੱਕ ਦੂਜੇ ਨਾਲ ਭਿੜਦੇ ਦਿਖ ਰਹੇ ਹਨ ਅਤੇ ਦੂਜੇ ਵਿੱਚ ਰਾਘਵ ਚੱਢਾ ਕਾਹਲੀ ਨਾਲ ਪ੍ਰੈਸ ਕਲੱਬ ਤੋਂ ਬਾਹਰ ਜਾਂਦੇ ਦਿਖ ਰਹੇ ਹਨ।

ਕਈ ਲੋਕ ਰਾਘਵ ਚੱਢਾ ਖ਼ਿਲਾਫ਼ ਨਾਅਰੇਬਾਜ਼ੀ ਵੀ ਕਰਦੇ ਦਿਖ ਰਹੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕੇਜਰੀਵਾਲ ਦੀ ਚੁਣੌਤੀ

ਕੇਜਰੀਵਾਲ ਨੇ ਕਿਹਾ, "ਕੋਈ ਸਾਬੂਤ ਦੇ ਕੇ ਸਾਬਿਤ ਕਰ ਦੇਵੇ ਕਿ ਫਲਾਣੇ ਟਿਕਟ ਵੇਚੀ ਤੇ ਫਲਾਣੇ ਨੇ ਖਰੀਦੀ ਤਾਂ 24 ਘੰਟਿਆਂ ਅੰਦਰ ਦੋਵਾਂ ਨੂੰ ਪਾਰਟੀ 'ਤੋਂ ਕੱਢ ਦਿਆਂਗਾ ਅਤੇ ਨਾ ਸਿਰਫ਼ ਪਾਰਟੀ 'ਚੋਂ ਕੱਢਾਂਗਾ ਬਲਿਕ ਜੇਲ੍ਹ ਵਿੱਚ ਵੀ ਭੇਜਾਂਗਾ।"

ਇਸ ਦੌਰਾਨ ਕੇਜਰੀਵਾਲ ਨੇ ਕਿਹਾ, "ਰਾਜੇਵਾਲ ਨੂੰ ਕਹਾਂਗਾ ਕਿ ਕੋਈ ਵੀ ਸਬੂਤ ਹੈ ਤਾਂ ਮੈਨੂੰ ਵੀ ਦੇਣ ਦੀ ਲੋੜ ਨਹੀਂ ਜਨਤਕ ਕਰ ਦਿਓ।"

"ਜੇ ਕੋਈ ਐਂਵੇ ਹੀ ਆਮ ਆਦਮੀ ਪਾਰਟੀ 'ਤੇ ਇਲਜ਼ਾਮ ਲਗਾਏ ਤਾਂ ਉਸ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ, ਜਾਂ ਤਾਂ ਸਾਬਿਤ ਕਰੋ ਅਸੀਂ ਉਸ ਨੂੰ ਜੇਲ੍ਹ ਭੇਜਾਂਗੇ ਨਹੀਂ ਤਾਂ ਗ਼ਲਤ ਇਲਜ਼ਾਮ ਲਗਾਉਣ ਵਾਲੇ ਉੱਤੇ ਕਾਨੂੰਨੀ ਕਾਰਵਾਈ ਕਰਾਂਗੇ।"

"ਮੈਂ ਕੁਝ ਵੀ ਬਰਦਾਸ਼ਤ ਕਰ ਸਕਦਾ ਹਾਂ ਪਰ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰ ਸਕਦਾ, ਪੰਜਾਬੀਆਂ ਦੇ ਵੋਟ ਕਦੇ ਨਹੀਂ ਵਿਕਦੇ, ਪੰਜਾਬੀ ਮਰ ਜਾਵੇਗਾ ਪਰ ਆਪਣੀ ਵੋਟ ਵੇਚੇਗਾ ਨਹੀਂ।"

ਇਸ ਤੋਂ ਇਲਾਵਾ ਉਨ੍ਹਾਂ ਨੇ ਮੰਨਿਆ ਕਿ ਸੰਯੁਕਤ ਸਮਾਜ ਮੋਰਚਾ ਜੇਕਰ ਵੱਖਰੇ ਤੌਰ 'ਤੇ ਲੜਦਾ ਹੈ ਤਾਂ ਉਨ੍ਹਾਂ ਦੀਆਂ ਕੁਝ ਵੋਟਾਂ ਤਾਂ ਕੱਟੀਆਂ ਜਾਣਗੀਆਂ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)