ਕੋਰੋਨਾਵਾਇਰਸ: ਅੱਜ ਤੋਂ ਲੱਗੇਗੀ ਬੂਸਟਰ ਡੋਜ਼, 5 ਨੁਕਤਿਆਂ ਵਿੱਚ ਸਮਝੋ ਇਸਦੀ ਪ੍ਰਕਿਰਿਆ ਤੇ ਫਾਇਦੇ - ਪ੍ਰੈੱਸ ਰਿਵੀਊ

ਦੇਸ਼ 'ਚ ਅੱਜ ਤੋਂ 'ਬੂਸਟਰ ਡੋਜ਼ ਜਾਂ ਸਾਵਧਾਨੀ ਵਾਲੀ ਖੁਰਾਕ ਮਿਲਣਾ ਸ਼ੁਰੂ ਹੋ ਰਹੀ ਹੈ। ਕੋਰੋਨਾਵਾਇਰਸ ਦੇ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ, ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਦਾ ਐਲਾਨ ਕੀਤਾ ਸੀ।

ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਸਿਹਤ ਅਤੇ ਫਰੰਟਲਾਈਨ ਕਰਮਚਾਰੀਆਂ ਤੋਂ ਇਲਾਵਾ, 60 ਸਾਲ ਤੋਂ ਵੱਧ ਉਮਰ ਦੇ ਲੋਕ ਜਿਨ੍ਹਾਂ ਨੂੰ ਸ਼ੂਗਰ, ਹਾਈਪਰਟੈਨਸ਼ਨ ਅਤੇ ਹੋਰ ਪੁਰਾਣੀਆਂ ਬਿਮਾਰੀਆਂ ਵਰਗੇ ਰੋਗ ਹਨ, ਉਹ ਵੀ ਆਪਣੇ ਡਾਕਟਰ ਦੀ ਸਲਾਹ ਨਾਲ "ਸਾਵਧਾਨੀ ਵਾਲੀ ਖੁਰਾਕ" ਲੈ ਸਕਦੇ ਹਨ।

ਪੰਜ ਨੁਕਤਿਆਂ ਵਿੱਚ ਜਾਣਦੇ ਹਾਂ ਕਿ ਕਿਵੇਂ ਮਿਲੇਗੀ ਇ ਤੀਜੀ ਖੁਰਾਕ ਅਤੇ ਕੀ ਹੈ ਇਸਦਾ ਫਾਇਦਾ:

1. ਬੂਸਟਰ ਡੋਜ਼, ਕੋਵਿਡ ਵੈਕਸੀਨ ਦੀ ਦੂਜੀ ਖੁਰਾਕ ਪ੍ਰਾਪਤ ਕਰਨ ਮਗਰੋਂ ਸਿਰਫ 9 ਮਹੀਨਿਆਂ ਬਾਅਦ ਪ੍ਰਾਪਤ ਕੀਤੀ ਜਾ ਸਕਦੀ ਹੈ।

2. ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਸਾਵਧਾਨੀ ਵਾਲੇ ਟੀਕੇ ਦੀਆਂ ਖੁਰਾਕਾਂ ਲਈ ਰਜਿਸਟਰ ਕਰਨ ਦੀ ਕੋਈ ਲੋੜ ਨਹੀਂ ਹੈ। ਇਸਨੂੰ ਲੈਣ ਯੋਗ ਵਿਅਕਤੀ ਸਿੱਧੇ ਤੌਰ 'ਤੇ ਅਪਾਇੰਟਮੈਂਟ ਲੈ ਸਕਦੇ ਹਨ ਜਾਂ ਕਿਸੇ ਵੀ ਟੀਕਾਕਰਨ ਕੇਂਦਰ ਵਿੱਚ ਜਾ ਸਕਦੇ ਹਨ। ਸਾਰੇ ਬਾਲਗਾਂ ਲਈ ਬੂਸਟਰ ਖੁਰਾਕਾਂ ਬਾਰੇ ਅਜੇ ਕੋਈ ਫੈਸਲਾ ਨਹੀਂ ਹੋਇਆ ਹੈ।

3. ਤੀਜੀ ਖੁਰਾਕ ਲਈ ਉਹੀ ਵੈਕਸੀਨ ਹੋਵੇਗੀ ਜੋ ਲੋਕਾਂ ਨੂੰ ਉਨ੍ਹਾਂ ਦੀ ਪਹਿਲੀ ਅਤੇ ਦੂਜੀ ਖੁਰਾਕ ਲਈ ਪ੍ਰਾਪਤ ਹੋਈ ਹੈ। ਕੇਂਦਰ ਨੇ ਕਿਹਾ ਹੈ ਕਿ ਕੋਈ ਮਿਕਸ ਐਂਡ ਮੈਚ ਨਹੀਂ ਹੋਵੇਗਾ।

4. ਯੂਕੇ ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਵੈਕਸੀਨ ਦੀ ਤੀਜੀ ਖੁਰਾਕ ਓਮੀਕਰੋਨ ਵੇਰੀਐਂਟ ਦੁਆਰਾ ਹਸਪਤਾਲ ਵਿੱਚ ਦਾਖਲ ਹੋਣ ਦੀ ਸਥਿਤੀ ਤੋਂ 88 ਪ੍ਰਤੀਸ਼ਤ ਤੱਕ ਸੁਰੱਖਿਆ ਪ੍ਰਦਾਨ ਕਰ ਸਕਦੀ ਹੈ।

5. ਇੰਡੀਅਨ ਕਾਉਂਸਿਲ ਆਫ਼ ਮੈਡੀਕਲ ਰਿਸਰਚ ਦੇ ਡਾਇਰੈਕਟਰ ਜਨਰਲ ਡਾਕਟਰ ਬਲਰਾਮ ਭਾਰਗਵ ਨੇ ਕਿਹਾ ਹੈ ਕਿ "ਸਾਰੇ ਕੋਵਿਡ ਟੀਕੇ ਭਾਵੇਂ ਉਹ ਭਾਰਤ, ਇਜ਼ਰਾਈਲ, ਅਮਰੀਕਾ, ਯੂਰਪ, ਯੂਕੇ ਜਾਂ ਚੀਨ ਤੋਂ ਹੋਣ, ਮੁੱਖ ਤੌਰ 'ਤੇ ਬਿਮਾਰੀ ਨੂੰ ਸੋਧਣ ਵਾਲੇ ਹਨ। ਉਹ ਲਾਗ ਨੂੰ ਨਹੀਂ ਰੋਕਦੇ। ਸਾਵਧਾਨੀ ਵਾਲੀ ਖੁਰਾਕ ਮੁੱਖ ਤੌਰ 'ਤੇ ਲਾਗ ਦੀ ਗੰਭੀਰਤਾ, ਹਸਪਤਾਲ ਵਿੱਚ ਦਾਖਲ ਹੋਣ ਅਤੇ ਮੌਤ ਦੇ ਖਤਰੇ ਨੂੰ ਘਟਾਉਣ ਲਈ ਹੈ।''

ਇਹ ਵੀ ਪੜ੍ਹੋ:

ਸੰਯੁਕਤ ਸਮਾਜ ਮੋਰਚਾ ਦੇ ਆਗੂ ਰਾਜੇਵਾਲ ਨੇ 'ਆਪ' ਨਾਲ ਗਠਜੋੜ ਤੋਂ ਕੀਤਾ ਇਨਕਾਰ

ਸੰਯੁਕਤ ਸਮਾਜ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਐਤਵਾਰ ਨੂੰ ਅਗਲੇ ਮਹੀਨੇ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨਾਲ ਗਠਜੋੜ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਇੱਕ ਹਫ਼ਤੇ ਅੰਦਰ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦੇਣਗੇ।

ਕੇਂਦਰ ਦੇ (ਹੁਣ ਵਾਪਸ ਲਏ) ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਵਿੱਚ ਹਿੱਸਾ ਲੈਣ ਵਾਲੀਆਂ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਪਿਛਲੇ ਮਹੀਨੇ ਆਪਣਾ ਸਿਆਸੀ ਮੋਰਚਾ ਖੋਲ੍ਹਿਆ ਸੀ ਅਤੇ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਸੀ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਸੰਯੁਕਤ ਸਮਾਜ ਮੋਰਚਾ (ਐੱਸਐੱਸਐੱਮ) ਦੇ ਆਗੂਆਂ ਨੇ ਐਤਵਾਰ ਨੂੰ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨਾਲ ਗੱਲਬਾਤ ਕੀਤੀ। ਚਢੂਨੀ ਨੇ ਚੋਣਾਂ ਲੜਨ ਲਈ ਸੰਯੁਕਤ ਸੰਘਰਸ਼ ਪਾਰਟੀ ਬਣਾਈ ਹੈ।

ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਮੋਰਚਾ ਆਮ ਆਦਮੀ ਪਾਰਟੀ ਨਾਲ ਗੱਠਜੋੜ ਨਹੀਂ ਕਰੇਗਾ।

ਉਨ੍ਹਾਂ, ਇਨ੍ਹਾਂ ਗੱਲਾਂ ਨੂੰ ਵੀ 'ਬੇਬੁਨਿਆਦ' ਕਰਾਰ ਦਿੱਤਾ ਕਿ ਮੋਰਚਾ ਸਿਆਸੀ ਫਰੰਟ 'ਤੇ 60 ਸੀਟਾਂ ਚਾਹੁੰਦਾ ਹੈ ਜਦਕਿ 'ਆਪ' ਨੇ ਸਿਰਫ਼ 10 ਸੀਟਾਂ ਦੀ ਪੇਸ਼ਕਸ਼ ਕੀਤੀ ਹੈ।

ਕਿਸੇ ਹੋਰ ਪਾਰਟੀ ਨਾਲ ਗੱਠਜੋੜ ਦੇ ਸਵਾਲ 'ਤੇ ਰਾਜੇਵਾਲ ਨੇ ਕਿਹਾ, "ਸਮਾਂ ਆਉਣ 'ਤੇ ਅਸੀਂ ਦੇਖਾਂਗੇ।"

ਚਢੂਨੀ ਨੂੰ ਇਹ ਪੁੱਛੇ ਜਾਣ 'ਤੇ ਕਿ ਕੀ ਉਹ ਆਪਣੇ ਸੰਗਠਨ ਨੂੰ ਐੱਸਐੱਸਐੱਮ ਨਾਲ ਮਿਲਾ ਸਕਦੇ ਹਨ, ਉਨ੍ਹਾਂ ਕਿਹਾ ਕਿ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।

ਨਿਊਯਾਰਕ ਦੀ ਇਮਾਰਤ 'ਚ ਲੱਗੀ ਅੱਗ, 9 ਬੱਚਿਆਂ ਸਮੇਤ 19 ਦੀ ਮੌਤ

ਅਮਰੀਕਾ ਦੇ ਨਿਊਯਾਰਕ ਵਿੱਚ ਇੱਕ ਅਪਾਰਟਮੈਂਟ ਦੀ ਬਿਲਡਿੰਗ ਵਿੱਚ ਅੱਗ ਲੱਗਣ ਕਾਰਨ ਨੌਂ ਬੱਚਿਆਂ ਸਮੇਤ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਹੈ।

ਬੀਬੀਸੀ ਡਾਟ ਕਾਮ ਦੀ ਖ਼ਬਰ ਮੁਤਾਬਕ, ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਦੱਸਿਆ ਕਿ ਇਸ ਘਟਨਾ 'ਚ 32 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ ਜ਼ਿਆਦਾਤਰ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਦਮਕਲ ਵਿਭਾਗ ਦੇ ਕਮਿਸ਼ਨਰ ਡੇਨੀਅਲ ਨਿਗਰੋ ਨੇ ਦੱਸਿਆ ਕਿ ਉਨ੍ਹਾਂ ਨੂੰ 19 ਮੰਜ਼ਿਲਾ ਇਮਾਰਤ ਦੀ ਹਰ ਮੰਜ਼ਿਲ 'ਤੇ ਪੀੜਤ ਮਿਲੇ ਹਨ। ਉਨ੍ਹਾਂ ਦੱਸਿਆ ਕਿ ਅੱਗ ਦੋ ਮੰਜ਼ਿਲਾਂ 'ਤੇ ਲੱਗੀ ਸੀ ਪਰ ਧੂੰਆਂ ਹਰ ਪਾਸੇ ਸੀ।

ਉਨ੍ਹਾਂ ਨੇ ਐੱਨਬੀਸੀ ਨਿਊਜ਼ ਨੂੰ ਦੱਸਿਆ ਕਿ ਪਿਛਲੇ 30 ਸਾਲਾਂ ਵਿੱਚ ਨਿਊਯਾਰਕ ਵਿੱਚ ਅਜਿਹੀ ਘਟਨਾ ਕਾਰਨ ਇਹ ਸਭ ਤੋਂ ਭਿਆਨਕ ਮੌਤਾਂ ਦਾ ਅੰਕੜਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਬ੍ਰੌਂਕਸ ਅਪਾਰਟਮੈਂਟ ਬਲਾਕ ਦੀ ਦੂਜੀ ਅਤੇ ਤੀਜੀ ਮੰਜ਼ਿਲ 'ਤੇ ਅੱਗ ਲੱਗੀ।

ਅੱਗ ਬੁਝਾਉਣ ਲਈ ਕਰੀਬ 200 ਦਮਕਲ ਕਰਮੀਆਂ ਨੂੰ ਭੇਜਿਆ ਗਿਆ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਅੱਗ ਬਿਜਲੀ ਦੇ ਹੀਟਰ 'ਚ ਖਰਾਬੀ ਕਾਰਨ ਲੱਗਣੀ ਸ਼ੁਰੂ ਹੋਈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)